13th November 2021 at 06:38 PM
ਮੋਰਿੰਡਾ ਮੋਰਚੇ ਵੱਲੋਂ ਅਗਲੇ ਸੰਘਰਸ਼ਾਂ ਦਾ ਵੀ ਐਲਾਨ
ਮੋਰਿੰਡਾ: 13 ਨਵੰਬਰ 2021: (ਪੰਜਾਬ ਸਕਰੀਨ ਬਿਊਰੋ)::
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਵਿਭਾਗਾਂ ਵਿੱਚ ਰੈਗੂਲਰ ਕਰਨ ਦੀ ਮੰਗ ਨੂੰ ਲੈਕੇ ਮੋਰਿੰਡਾ-ਸਰਹਿੰਦ ਬਾਈਪਾਸ ਤੇ ਲਾਇਆ ਪੱਕਾ ਮੋਰਚਾ ਅੱਜ 67 ਵੇਂ ਦਿਨ ਵੀ ਲਗਾਤਾਰ ਜਾਰੀ ਰਿਹਾ,ਅੱਜ ਮੋਰਚੇ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ ਕਰਨ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ,ਗੁਰਵਿੰਦਰ ਸਿੰਘ ਪੰਨੂੰ, ਜਗਸੀਰ ਸਿੰਘ ਭੰਗੂ,ਕੁਲਦੀਪ ਸਿੰਘ ਬੁੱਢੇਵਾਲ,ਗੁਰਪ੍ਰੀਤ ਸਿੰਘ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵਿਧਾਨ ਸਭਾ ਵਿੱਚ ਪਾਸ ਕੀਤਾ ਗਿਆ ਨਵਾਂ ਐਕਟ "ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਰਾਈਜੇਸ਼ਨ ਆਫ਼ ਕੰਟਰੈਕਚੂਅਲ ਬਿੱਲ 2021" ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਦੇ ਹਿੱਤਾਂ ਨੂੰ ਨਜਰ-ਅੰਦਾਜ ਕਰਕੇ ਕਾਰਪੋਰੇਟੀ ਲੁੱਟ ਅਤੇ ਮੁਨਾਫੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਇਸ ਨਵੇਂ ਕਾਨੂੰਨ ਰਾਹੀਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਠੇਕਾ ਪ੍ਰਣਾਲੀ ਰਾਹੀਂ ਠੇਕੇਦਾਰਾਂ,ਕੰਪਨੀਆਂ, ਇੰਨਲਿਟਸਮੈਂਟ,ਸੁਸਾਇਟੀਆਂ,ਕੇਂਦਰੀ ਸਕੀਮਾਂ ਸਮੇਤ ਹੋਰ ਕੈਟਾਗਿਰੀਆਂ ਅਧੀਨ ਪਿਛਲੇ 15-20 ਸਾਲਾਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਸਵਾ ਲੱਖ ਦੇ ਕਰੀਬ ਆਊਟਸੋਰਸ਼ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਘੇਰੇ ਤੋਂ ਬਾਹਰ ਕਰ ਦਿੱਤਾ ਗਿਆ ਹੈ ਅਤੇ ਸਰਕਾਰ ਦਾ ਦੰਭ ਹੈ ਕਿ ਜਦੋਂ ਅਸੀਂ ਇਹਨਾਂ ਆਊਟਸੋਰਸ਼ ਠੇਕਾ ਮੁਲਾਜ਼ਮਾਂ ਨੂੰ ਭਰਤੀ ਹੀ ਨਹੀਂ ਕੀਤਾ ਤਾਂ ਅਸੀਂ ਇਹਨਾਂ ਨੂੰ ਰੈਗੂਲਰ ਕਿਵੇਂ ਕਰ ਸਕਦੇ ਹਾਂ, ਜਿੰਨਾਂ ਸਿੱਧੀ ਭਰਤੀ ਠੇਕਾ ਮੁਲਾਜਮਾਂ ਨੂੰ ਇਹ ਕਾਨੂੰਨ ਰੈਗੂਲਰ ਕਰਨ ਦੀ ਵਕਾਲਤ ਕਰਦਾ ਹੈ ਉਹਨਾਂ ਵਿੱਚੋਂ ਵੀ ਬੋਰਡਾਂ ਅਤੇ ਕਾਰਪੋਰੇਸਨਾਂ ਵਿੱਚ ਕੰਮ ਕਰਦੇ ਠੇਕਾ ਮੁਲਾਜਮਾਂ ਨੂੰ ਵੀ ਰੈਗੂਲਰ ਕਰਨ ਦੇ ਘੇਰੇ ਤੋਂ ਬਾਹਰ ਕਰਦਾ ਹੈ।
ਇਹ ਨਵਾਂ ਕਾਨੂੰਨ ਜੋ ਨਾ-ਮਾਤਰ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਵਕਾਲਤ ਕਰਦਾ ਹੈ,ਉਹਨਾਂ ਠੇਕਾ ਮੁਲਾਜ਼ਮਾਂ ਵਿੱਚੋਂ ਵੀ ਉਹਨਾਂ ਨੂੰ ਹੀ ਰੈਗੂਲਰ ਕੀਤਾ ਜਾਣਾ ਹੈ,ਜਿੰਨਾਂ ਦੀ ਸੇਵਾ ਦੇ 10 ਸਾਲ ਪੂਰੇ ਹੋ ਚੁੱਕੇ ਹਨ,ਇਸ ਤੋਂ ਸਾਫ ਹੈ ਕਿ ਸੇਵਾ ਦੇ ਜਿੰਨਾਂ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਘਰਾਣਿਆਂ ਅੱਗੇ ਪਰੋਸਿਆ ਜਾ ਰਿਹਾ ਹੈ,ਉਹਨਾਂ ਵਿੱਚ ਪੱਕਾ ਰੁਜਗਾਰ ਨਹੀਂ ਦਿੱਤਾ ਜਾਵੇਗਾ,ਇਸੇ ਤਰ੍ਹਾਂ ਇਹ ਕਾਨੂੰਨ ਸੂਬੇ ਦੇ ਲੋਕਾਂ,ਇੱਥੋਂ ਦੇ ਪੈਦਾਵਾਰੀ ਸਰੋਤਾਂ ਦੇ ਹਿੱਤਾਂ ਅਤੇ ਠੇਕਾ ਮੁਲਾਜਮਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਨਹੀਂ ਸਗੋਂ ਕਾਰਪੋਰੇਟੀ ਹਿੱਤਾਂ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ,ਪੰਜਾਬ ਸਰਕਾਰ ਇਸ ਕਾਨੂੰਨ ਉੱਪਰ ਲੋਕ ਭਲਾਈ ਦਾ ਲੇਪ ਕਰਕੇ ਪੰਜਾਬ ਦੇ ਲੋਕਾਂ ਅਤੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨਾਲ ਇੱਕ ਵੱਡਾ ਧੋਖਾ ਕੀਤਾ ਹੈ ਜਿਸ ਦੇ ਵਿਰੋਧ ਵਜੋਂ
ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕਰਨ ਲਈ 14-15-16 ਨਵੰਬਰ ਨੂੰ ਸਮੁੱਚੇ ਪੰਜਾਬ ਵਿੱਚ ਠੇਕਾ ਮੁਲਾਜ਼ਮਾਂ ਅਤੇ ਪਰਿਵਾਰਾਂ ਦੀਆਂ ਜ਼ਿਲਾ ਪੱਧਰੀ ਸਾਂਝੀਆਂ ਮੀਟਿੰਗਾਂ ਕਰਵਾਉਣ ਉਪਰੰਤ 17 ਨਵੰਬਰ ਨੂੰ ਪੱਕੇ ਮੋਰਚੇ ਦੀ ਸਟੇਜ਼ ਤੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰਨ ਉਪਰੰਤ ਭਵਿੱਖ ਦੇ ਸਾਂਝੇ ਅਤੇ ਤਿੱਖੇ ਸੰਘਰਸ਼ ਪ੍ਰੋ.ਦਾ ਫ਼ੈਸਲਾ ਕੀਤਾ ਜਾਵੇਗਾ ਅਤੇ 19 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ (ਭਾਈ ਲਾਲੋਆਂ) ਵੱਲੋਂ ਮਲਕ ਭਾਗੋਆਂ ਦੀ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ,ਮੋਰਚੇ ਦੇ ਆਗੂਆਂ ਨੇ ਸਮੁੱਚੇ ਪੰਜਾਬ ਦੇ ਮਿਹਨਤਕਸ਼ ਇਨਸਾਫ-ਪਸੰਦ ਲੋਕਾਂ ਅਤੇ ਸਮੂਹ ਕੈਟਾਗਿਰੀਆਂ ਦੇ ਠੇਕਾ ਮੁਲਾਜ਼ਮਾਂ ਨੂੰ ਸਰਕਾਰੀ ਚਾਲਾਂ ਤੋਂ ਸੁਚੇਤ ਹੋਕੇ ਵਿਭਾਗਾਂ ਨੂੰ ਬਚਾਉਣ ਦੀ ਇਸ ਸਾਂਝੀ ਲੜਾਈ ਵਿੱਚ ਹਰ ਤਰਾਂ ਦਾ ਸਹਿਯੋਗ ਅਤੇ ਸਮਰਥਨ ਦੇਣ ਦੀ ਪੁਰਜੋਰ ਅਪੀਲ ਕੀਤੀ ਗਈ।

No comments:
Post a Comment