Tuesday, October 19, 2021

ਮਹਿੰਗੇ ਲੰਗਰਾਂ ਦੀ ਥਾਂ ਗਰੀਬ ਬੱਚੀਆਂ ਨੂੰ ਆਤਮਨਿਰਭਰ ਬਣਾਉਣ ਤੇ ਪੈਸਾ ਲਗਾਓ

 Monday  18th October 2021 at 3:18 PM  

ਸਤਿਗੁਰੂ ਦਲੀਪ ਸਿੰਘ ਵੱਲੋਂ ਆਰਥਿਕ ਮੁੱਦਿਆਂ ਨੂੰ ਪਹਿਲ ਦੇਣ ਦੇ ਹੁਕਮ  


ਜੀਵਨ ਨਗਰ
: 18 ਅਕਤੂਬਰ 2021:(ਨਾਮਧਾਰੀ ਟੀਮ//ਰੂਹਾਨੀ ਰਿਪੋਰਟ ਟੀਮ//ਪੰਜਾਬ ਸਕਰੀਨ ਡੈਸਕ)::

ਜਪੁ ਪ੍ਰਯੋਗ ਤੋਂ ਬਾਅਦ ਅੱਸੂ ਦਾ ਮੇਲਾ ਵੀ ਮੁੱਕ ਗਿਆ ਹੈ। ਇਸ ਸਬੰਧੀ ਐਤਕੀਂ ਵੀ ਸ੍ਰੀ ਜੀਵਨ ਨਗਰ ਵਿਖੇ ਵਿਸ਼ੇਸ਼ ਅਧਿਆਤਮਕ ਆਯੋਜਨ ਹੋਏ। ਇਸ ਵਾਰ ਵੀ ਠਾਕੁਰ ਦਲੀਪ ਸਿੰਘ ਹੁਰਾਂ ਨੇ ਆਪਣੇ ਕ੍ਰਾਂਤੀਕਾਰੀ ਪ੍ਰਵਚਨਾਂ ਨੂੰ ਜਾਰੀ ਰੱਖਦਿਆਂ ਕਿਹਾ ਕਿ ਮਹਿੰਗੇ ਲੰਗਰਾਂ ਦੀ ਥਾਂ ਗਰੀਬ ਬੱਚਿਆਂ ਨੂੰ ਪੜ੍ਹਾਉਣ ਵਾਲੇ ਪਾਸੇ ਜ਼ੋਰ ਦਿਓ। ਮਹਿੰਗੇ ਲੰਗਰਾਂ ਵਾਲੀ ਮਾਇਆ ਬਚਾ ਕੇ ਵੀ ਇਸ ਪਾਸੇ ਖਰਚ ਕਰੋ। ਜ਼ਿਕਰਯੋਗ ਹੈ ਕਿ ਹਿੰਦੂਤਵੀ ਸੰਗਠਨਾਂ ਵੱਲੋਂ ਈਸਾਈਆਂ ਦਾ ਅੰਨਾ ਵਿਰੋਧ ਕੀਤਾ ਜਾਂਦਾ ਹੈ ਅਤੇ ਦੋਸ਼ ਲਾਇਆ ਜਾਂਦਾ ਹੈ ਕਿ ਉਹਨਾਂ ਵੱਲੋਂ ਧਰਮ ਪ੍ਰੀਵਰਤਨ ਕਰਾਇਆ ਜਾ ਰਿਹਾ ਹੈ। ਇਸ ਮਕਸਦ ਨੂੰ ਲੈ ਕੇ ਤਿੱਖੇ ਟਕਰਾਓ ਵਾਲੀਆਂ ਸੰਭਾਵਨਾਵਾਂ ਵੀ ਬਣਦੀਆਂ ਰਹੀਆਂ ਹਨ। ਬਜਰੰਗ ਦਲ ਵਾਲਿਆਂ ਨੇ ਆਪਣੇ ਇੱਕ ਕੱਟੜ ਆਗੂ ਦਾਰਾ ਸਿੰਘ ਦੀ ਅਗਵਾਈ ਹੇਠ ਆਸਟ੍ਰੇਲੀਆ ਤੋਂ ਭਾਰਤ ਆ ਕੇ ਪ੍ਰਚਾਰ ਕਰ ਰਹੇ ਈਸਾਈ ਮਿਸ਼ਨਰੀ ਪ੍ਰਚਾਰਕ ਗ੍ਰਾਹਮ ਸਟੇਨਜ਼ ਨੂੰ ਉੜੀਸਾ ਵਿਚ ਜਿਓਂਦਿਆਂ ਸਾਡੀ ਦਿੱਤਾ ਗਿਆ ਸੀ। ਉਸ ਵੇਲੇ ਉਸਦੇ ਨਾਲ ਉਸਦੇ ਦੋ ਬੇਟੇ ਵੀ ਸਨ ਜਿਹਨਾਂ ਵਿੱਚੋਂ ਫਿਲਿਪ ਦੀ ਉਮਰ 10 ਸਾਲ ਦੀ ਸੀ ਅਤੇ ਛੋਟੇ ਤਿਮੋਠੀ ਦੀ ਉਮਰ ਛੇ ਸਾਲਾਂ ਦੀ ਸੀ। ਹਰਾਹਮ ਸਟੇਨਜ਼ 1965 ਤੋਂ ਉੜੀਸਾ ਵਿੱਚ ਆਪਣੇ ਮਿਸ਼ਨ ਦਾ ਪ੍ਰਚਾਰ ਚਲਾ ਰਿਹਾ ਸੀ। ਇਸ ਈਸਾਈ ਪਰਿਵਾਰ ਨੂੰ ਜਿਊਂਦਿਆਂ ਸਾੜਨ ਵਾਲੇ ਦਾਰਾ ਸਿੰਘ ਨੂੰ ਸੰਨ 2003 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। 

ਈਸਾਈ ਸੰਗਠਨ ਅਕਸਰ ਗਰੀਬ ਬਸਤੀਆਂ ਵਿੱਚ ਜਾ ਕੇ ਇਹਨਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰੀਆਂ ਕਰਦੇ ਹਨ। ਇਲਾਜ, ਸਿਹਤ, ਸਿੱਖਿਆ ਅਤੇ ਪੜ੍ਹਾਈ ਵਾਲੇ ਪਾਸੇ ਈਸਾਈਆਂ ਨੇ ਕਾਫੀ ਕੰਮ ਕੀਤਾ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਸ਼ਾਇਦ ਕੁਝ ਲੋਕ ਈਸਾਈ ਧਰਮ ਵੀ ਅਪਨਾ ਲੈਂਦੇ ਹੋਣਗੇ। ਪ੍ਰਚਾਰ ਜੋ ਮਰਜ਼ੀ ਹੁੰਦਾ ਰਹੇ ਪਰ ਅਮਲੀ ਤੌਰ ਤੇ ਸਭ ਤੋਂ ਵੱਡਾ ਧਰਮ ਆਪਣੇ ਅਤੇ ਆਪਣੇ ਪਰਿਵਾਰ ਲਈ ਰੋਜ਼ੀ ਰੋਟੀ ਕਮਾਉਣਾ ਹੀ ਹੁੰਦਾ ਹੈ। ਇਹਨਾਂ ਆਰਥਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਹਿੰਦੂਤਵੀ ਸੰਗਠਨਾਂ ਨੇ ਖੁਦ ਅਜਿਹੇ ਉਪਰਾਲੇ ਕਦੇ ਵੀ ਵੱਡੀ ਪੱਧਰ ਤੇ ਨਹੀਂ ਕੀਤੇ ਜਦਕਿ ਮੰਦਰਾਂ ਵਿਚ ਵੀ ਫ਼ੰਡ ਦੀ ਕਮੀ ਕੋਈ ਨਹੀਂ। ਇਹਨਾਂ ਈਸਾਈ ਵਿਰੋਧੀ ਸੰਗਠਨਾਂ ਨੇ ਆਰਥਿਕ ਲੋੜਾਂ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ ਅੰਨਾ ਵਿਰੋਧ ਹੀ ਕੀਤਾ। ਦੇਸ਼ ਅਤੇ ਸੂਬੇ ਦੀਆਂ ਸਰਕਾਰਾਂ ਵੀ ਆਰਥਿਕ ਮਸਲਿਆਂ ਨੂੰ ਨਜ਼ਰਅੰਦਾਜ਼ ਹੀ ਕਰਦੀਆਂ ਆਈਆਂ। ਆਰਥਿਕ ਮਜਬੂਰੀਆਂ ਮਾਰੇ ਲੋਕਾਂ ਵਿੱਚ ਨਾ ਸਿਰਫ ਧਰਮ ਪਰਿਵਰਤਨ ਬਲਕਿ ਹੋਰ ਬਹੁਤ ਸਾਰੀਆਂ ਬੁਰਾਈਆਂ ਵੀ ਜਨਮ ਲੈਂਦੀਆਂ ਹਨ। 

ਨਾਮਧਾਰੀਆਂ ਨੇ ਇਸ ਹਕੀਕਤ ਨੂੰ ਪਛਾਣਿਆ। ਸਰਬੱਤ ਦਾ ਭਲਾ ਵਾਲੀ ਸੋਚ ਨੂੰ ਸਿਰਫ ਜੈਕਾਰਿਆਂ ਤੱਕ ਸੀਮਿਤ ਨਹੀਂ ਰੱਖਿਆ ਬਲਕਿ ਆਮ ਯਿਨਦਗੀ ਅਤੇ ਆਮ ਲੋਕਾਂ ਤੱਕ ਵੀ ਲੈ ਕੇ ਗਏ। ਨਾਮਧਾਰੀਆਂ ਦੀ ਇੱਕ ਵੱਡੀ ਗਿਣਤੀ ਦੀ ਅਗਵਾਈ ਕਰਨ ਵਾਲੇ ਠਾਕੁਰ ਦਲੀਪ ਸਿੰਘ ਹੁਰਾਂ ਨੇ ਇਹਨਾਂ  ਉਪਰਾਲਿਆਂ ਦਾ ਅੰਨਾ ਵਿਰੋਧ ਕਰਨ ਦੀ ਥਾਂ ਖੁਦ ਇਹਨਾਂ ਉੱਦਮਾਂ ਉਪਰਾਲਿਆਂ ਨੂੰ ਆਪਣਾ ਲਿਆ।  ਇਸ ਪਾਸੇ ਸਰਗਰਮੀ ਨਾਲ ਧਿਆਨ ਦਿੱਤਾ। ਉਹਨਾਂ ਹਰ ਖੇਤਰ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ  ਆਪਣੇ ਪੈਰੋਕਾਰਾਂ ਨੂੰ ਭੇਜਿਆ। ਇਹਨਾਂ ਝੁੱਗੀਆਂ ਅਤੇ ਕੱਚੇ ਮਕਾਨਾਂ ਵਿੱਚ ਰਹਿੰਦੇ ਗਰੀਬ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰਨ ਵਾਲੇ ਪਾਸੇ ਧਿਆਨ ਦਿੱਤਾ। ਲੁਧਿਆਣਾ ਵਿੱਚ ਹਰਪ੍ਰੀਤ ਕੌਰ ਪ੍ਰੀਤ, ਜਲੰਧਰ ਵਿੱਚ ਰਾਜਪਾਲ ਕੌਰ ਅਤੇ ਪਟਿਆਲਾ ਵਿੱਚ ਕੁਲਦੀਪ ਕੌਰ ਨੇ ਇਸ ਪਾਸੇ ਬਹੁਤ ਹੀ ਰਿਕਾਰਡਤੋੜ ਕੰਮ ਕੀਤਾ। ਔਰਤਾਂ ਅਤੇ ਬੱਚਿਆਂ ਨੂੰ ਉਚੇਚ ਨਾਲ ਏਧਰ ਜੋੜਿਆ। 

ਇਹਨਾਂ ਨਾਮਧਾਰੀਆਂ ਨੇ ਆਪਣੇ ਪਰਿਵਾਰਿਕ ਮੈਂਬਰਾਂ ਕੋਲੋਂ ਫ਼ੰਡ ਲੈ ਕੇ ਛੋਟੇ ਛੋਟੇ ਸਕੂਲ ਚਲਾਏ। ਦਿਨ ਤਿਓਹਾਰਾਂ ਤੇ ਇਹਨਾਂ ਗਰੀਬ ਬੱਚਿਆਂ ਨੂੰ ਮਠਿਆਈਆਂ ਅਤੇ ਹੋਰ ਸਬੰਧਤ ਚੀਜ਼ਾਂ ਵੰਡੀਆਂ। ਇਸਦੇ ਨਾਲ ਹੀ ਪੜ੍ਹਨ ਲਿਖਣ ਦੀ ਚੇਟਕ ਵੀ ਲਾਈ।  ਛੋਟੇ ਛੋਟੇ ਬੱਚਿਆਂ ਨੂੰ ਸਾਫ ਸੁਥਰੇ ਕੱਪੜੇ ਅਤੇ ਬੂਟ ਜੁਰਾਬਾਂ ਲੈ ਕੇ ਦਿੱਤੀਆਂ। ਠਾਕੁਰ ਦਲੀਪ ਸਿੰਘ ਦੇ ਵਿਰੋਧੀ ਜੋ ਮਰਜ਼ੀ ਸਮਝੀ ਜਾਣ ਪਰ ਇਹਨਾਂ ਗਰੀਬ ਬਸਤੀਆਂ ਵਿੱਚੋਂ ਨਾਮਧਾਰੀ ਸਿੱਖਾਂ ਦੀ ਇੱਕ ਵੱਡੀ ਜਮਾਤ ਤਿਆਰ ਹੋ ਰਹੀ ਹੈ ਜਿਹੜੀ ਠਾਕੁਰ ਦਲੀਪ ਸਿੰਘ ਨੂੰ ਆਪਣਾ ਸਤਿਗੁਰੂ ਮੰਨਦੀ ਹੈ। ਆਪਣਾ ਰੱਬ ਮੰਨਦੀ ਹੈ। ਛੇਤੀ ਹੀ ਇਹਨਾਂ ਨਵੇਂ ਸਜੇ ਨਾਮਧਾਰੀਆਂ ਦੀ ਵਡੀ ਗਿਣਤੀ ਤੁਹਾਨੂੰ ਆਪਣੀਆਂ ਗਲੀਆਂ ਮੁਹੱਲਿਆਂ ਅਤੇ ਸੜਕਾਂ ਤੇ ਨਜ਼ਰ ਆਏਗੀ। ਇਹਨਾਂ ਨੂੰ ਆਪਣੇ ਸਿੱਖ ਸਜਾਉਣ ਲਈ ਇਹਨਾਂ ਨਾਮਧਾਰੀਆਂ ਨੇ ਯਰਾ ਵੀ ਸਖਤੀ ਨਹੀਂ ਵਰਤੀ। ਪੂਰੇ ਪਿਆਰ ਨਾਪ ਇਹਨਾਂ ਨੂੰ ਆਪਣੇ ਪਰਿਵਾਰ ਵਾਂਗ ਅਪਣਾਇਆ। ਜਿਹੜੇ ਸਕੂਲ ਖੋਲ੍ਹੇ ਗਏ ਉਹਨਾਂ ਸਕੂਲਾਂ ਵਿਚ ਇਹਨਾਂ ਨੂੰ ਪੜ੍ਹਿਆ ਵੀ ਗਿਆ। ਬਿਨਾ ਕਿਸੇ ਸਰਕਾਰੀ ਮਦਦ ਦੇ ਨਾਮਧਾਰੀਆਂ ਨੇ ਬਹੁਤ ਹੀ ਵੱਡਾ ਕੰਮ ਕਰ ਦਿਖਲਾਇਆ। ਦਿਲਚਸਪ ਗੱਲ ਹੈ ਕਿ ਜਿਵੇਂ ਸੂਰਜ ਰੋਜ਼ ਨਿਕਲਦਾ ਹੈ ਪਰ ਢੋਲ ਢਮੱਕੇ ਵਜਾ ਕੇ ਕੋਈ ਸ਼ੋਰ ਨਹੀਂ ਮਚਾਉਂਦਾ, ਚੰਦਰਮਾ ਵੀ ਰੋਜ਼ ਨਿਕਲਦਾ ਹੈ ਪਰ ਕੋਈ ਸ਼ੋਰ ਸ਼ਰਾਬ ਨਹੀਂ ਕਰਦਾ, ਤਾਰੇ ਵੀ ਰੋਜ਼ ਅਸਮਾਨ ਤੇ ਨਜ਼ਰ ਆਉਂਦੇ ਹਨ ਪਰ ਰੌਲਾ ਰੱਪਾ ਕੋਈ ਨੀ ਪਾਉਂਦੇ ਉਸੇ ਤਰ੍ਹਾਂ ਕੁਦਰਤ ਨਾਲ ਇੱਕ ਮਿੱਕ ਹੋਏ ਇਹ ਨਾਮਧਾਰੀ ਦਿਲ ਹੀ ਦਿਲ ਵਿੱਚ ਨਾਮ ਜਪਦੇ ਹੋਏ ਸਰਬੱਤ ਦੇ ਭਲੇ ਵਾਲੇ ਸਿੱਖੀ ਅਸੂਲ ਨੂੰ ਲਾਗੂ ਕਰਦੇ ਜਾ ਰਹੇ ਹਨ। ਇਹੀ ਸੁਨੇਹਾ ਅੱਜਕਲ੍ਹ ਨਾਮਧਾਰੀ ਸਮਾਗਮਾਂ ਵਿਚ ਨਜ਼ਰ ਆਉਂਦਾ ਹੈ। 

ਨਾਮਧਾਰੀ ਸਿੱਖਾਂ ਦੇ ਪਾਵਨ ਅਤੇ ਇਤਿਹਾਸਕ ਸਥਾਨ ਗੁਰੂਦੁਆਰਾ ਸ਼੍ਰੀ ਜੀਵਨ ਨਗਰ (ਸਿਰਸਾ) ਵਿਖੇ ਅੱਜ ਅੱਸੂ ਦਾ ਮੇਲਾ ਬਹੁਤ ਹੀ ਮਹਾਨ ਸੰਦੇਸ਼ ਦਿੰਦਾ ਸੰਪੰਨ ਹੋਇਆ। ਸਤਿਗੁਰੂ ਦਲੀਪ ਸਿੰਘ ਜੀ ਦੀ ਆਗਿਆ ਨਾਲ ਸਾਰੇ ਸਮਾਗਮ ਦੇ ਪ੍ਰਬੰਧਨ ਅਤੇ ਸੇਵਾ ਵਿਚ ਬੀਬੀਆਂ ਨੇ ਭਰਪੂਰ ਯੋਗਦਾਨ ਪਾਇਆ। ਜ਼ਿਕਰਯੋਗ ਹੈ ਕਿ ਨਾਮਧਾਰੀ ਮੁਖੀ ਸਤਿਗੁਰੂ ਦਲੀਪ ਸਿੰਘ ਜੀ ਹਮੇਸ਼ਾ ਇਸਤਰੀ ਜਾਤੀ ਦੇ ਸ਼ਕਤੀਕਰਨ ਦੀ ਗੱਲ ਤਾਂ ਕਰਦੇ ਹੀ ਹਨ ਨਾਲ ਹੀ ਉਹਨਾਂ ਨੂੰ ਧਾਰਮਿਕ ਸਮਾਗਮਾਂ ਵਿਚ, ਜਿੱਥੇ ਅਜੇ ਤਕ ਪੁਰਸ਼ਾਂ ਦੀ ਹੀ ਮੁੱਖ ਭੂਮਿਕਾ ਰਹੀ ਹੈ, ਉੱਥੇ ਵੀ ਇਸਤਰੀਆਂ ਦੀ ਸ਼ਮੂਲੀਅਤ ਨੂੰ ਮੰਜੂਰੀ ਦਿੱਤੀ ਹੈ। ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਦੇ ਸ਼ਲੋਕ ਪੜ੍ਹਨ ਦੇ ਨਾਲ-ਨਾਲ ਅਖੰਡ ਪਾਠਾਂ ਦੀ ਸੇਵਾ ਨਿਭਾਉਣ, ਅੰਮ੍ਰਿਤ ਛਕਾਉਣ, ਆਨੰਦ ਕਾਰਜ ਆਦਿ ਦੀਆਂ ਸਾਰੀਆਂ ਰਸਮਾਂ ਨਿਭਾਉਣ, ਹਵਨ ਕਰਨ, ਵਿਸ਼ਾਲ ਸਮਾਗਮ ਦੀ ਅਰਦਾਸ ਕਰਨ ਅਜਿਹੇ ਸਾਰੇ ਸ਼ੁਭ ਕਾਰਜਾਂ ਦੀ ਹੱਕਦਾਰ ਸਤਿਗੁਰੂ ਦਲੀਪ ਸਿੰਘ ਜੀ ਦੀ ਆਗਿਆ ਨਾਲ ਨਾਮਧਾਰੀ ਇਸਤਰੀਆਂ ਵੀ ਬਣੀਆਂ ਹਨ, ਜੋ ਕਿ ਸਾਡੇ ਸਮਾਜ ਵਾਸਤੇ ਬੜੇ ਮਾਣ ਵਾਲੀ ਅਤੇ ਸਾਰਿਆਂ ਨੂੰ ਸੇਧ ਦੇਣ ਵਾਲੀ ਗੱਲ ਹੈ। 

ਆਰਥਿਕ ਪੱਖੋਂ ਕਮਜ਼ੋਰ ਤਬਕਿਆਂ ਵੱਲ ਇਹਨਾਂ ਨਾਮਧਾਰੀਆਂ ਨੇ ਨਜ਼ਰ ਮਾਰੀ ਤਾਂ ਬਹੁਤ ਹੀ ਨੇੜੇ ਜਾ ਕੇ ਦੇਖਿਆ ਕਿ ਇਹਨਾਂ ਲੋਕਾਂ ਦੇ ਕੰਮਕਾਜ ਬਹੁਤ ਹੀ ਥੋਹੜੇ ਥੋਹੜੇ ਪੈਸਿਆਂ ਕਾਰਨ ਅਟਕੇ ਹੋਏ ਸਨ ਜਿਹੜੇ ਨਾਮਧਾਰੀ ਸਿੰਘਾਂ ਨੇ ਸਮੇਂ ਸਿਰ ਪੁੱਜ ਕੇ ਪੂਰੇ ਕਰਵਾਏ। ਗਰੀਬ ਬੱਚਿਆਂ ਦੇ ਵਿਆਹ ਵੀ ਇਹਨਾਂ ਕੰਮਾਂ ਵਿੱਚ ਸ਼ਾਮਲ ਹਨ। ਲੋਕਾਂ ਨੂੰ ਕੱਚੇ ਘਰਾਂ ਦੀ ਬਜਾਏ ਪੱਕੇ ਘਰ ਬਣਾ ਕੇ ਦੇਣ ਵਾਲੇ ਵੱਡੇ ਮਿਸਾਲੀ ਕੰਮ ਵੀ ਇਹਨਾਂ ਉੱਦਮਾਂ ਵਿਚ ਸ਼ਾਮਲ ਹਨ। ਇਸਦੇ ਨਾਲ ਨਾਲ ਇਹਨਾਂ ਪਰਿਵਾਰਾਂ ਨੂੰ ਰੋਜ਼ੀ ਰੋਟੀ ਕਮਾਉਣ ਵਾਲੇ ਕੰਮ ਧੰਦੇ ਵੀ ਸ਼ੁਰੂ ਕਰਵਾਏ ਗਏ। ਇਹਨਾਂ ਨੂੰ ਆਪਣੇ ਪੈਰਾਂ ਤੇ ਵੀ ਖੜੇ ਕੀਤਾ। ਜਿਹੜਾ ਕੰਮ ਆਜ਼ਾਦੀ ਤੋਂ ਤੁਰੰਤ ਬਾਅਦ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਕੰਮ ਠਾਕੁਰ ਦਲੀਪ ਸਿੰਘ ਦੇ ਨਾਮਧਾਰੀ ਸਿੰਘਾਂ ਵੱਲੋਂ ਲਗਾਤਾਰ ਕੀਤਾ ਜਾ ਰਿਹਾ ਹੈ। ਇਹ ਸਾਰੇ ਉਪਰਾਲੇ ਕਈ ਸਾਲਾਂ ਤੋਂ ਜਾਰੀ ਹਨ। ਫਿਰ ਵੀ ਠਾਕੁਰ ਦਲੀਪ ਸਿੰਘ ਹੁਰਾਂ ਨੂੰ ਇਹ ਘੱਟ ਲੱਗਦੇ ਹਨ ਕਿਓਂਕਿ ਉਹਨਾਂ ਨੂੰ ਪਤਾ ਹੈ ਕਿ ਸਮੱਸਿਆ ਬਹੁਤ ਵੱਡੀ ਹੈ। ਇਹਨਾਂ ਲੋੜਵੰਦਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ। ਇਹ ਸਮੱਸਿਆ ਦਹਾਕਿਆਂ ਤੋਂ ਨਾ ਸਿਰਫ ਚਲੀ ਆ ਰਹੀ ਹੈ ਬਲਕਿ ਗੰਭੀਰ ਵੀ ਹੁੰਦੀ ਆਈ ਹੈ। ਜੇ ਸਰਕਾਰਾਂ ਕੋਈ ਸਕੀਮ ਬਣਾਉਂਦੀਆਂ ਵੀ ਸਨ ਤਾਂ ਉਹਨਾਂ ਦਾ ਫਾਇਦਾ ਵੀ ਰਸਤੇ ਵਿਚ ਆਉਂਦੇ ਦਲਾਲ ਅਤੇ ਵੱਡੇ ਅਮੀਰ ਖੁਦ ਹੀ ਲੈ ਜਾਂਦੇ ਸਨ। ਇਹਨਾਂ ਲੋਕਾਂ ਦੀ ਹਾਲਤ ਨਹੀਂ ਸੀ ਸੁਧਰਦੀ।  

ਇਸ ਲਈ ਅੱਸੂ ਦੇ ਮੇਲੇ ਦੌਰਾਨ ਵੀ ਠਾਕੁਰ ਦਲੀਪ ਸਿੰਘ ਜੀ ਨੇ ਇਸ ਮੁੱਦੇ ਤੇ ਜ਼ੋਰ ਦਿੱਤਾ। ਇਸ ਮੇਲੇ ਦੌਰਾਨ ਜਿੱਥੇ ਗੁਰਬਾਣੀ ਦੇ ਪਾਠਾਂ ਦਾ ਪ੍ਰਵਾਹ ਚੱਲਿਆ, ਕਥਾ ਕੀਰਤਨ ਅਤੇ ਕਵੀ ਦਰਬਾਰ ਸਜਾਏ ਗਏ। ਇਸ ਦੇ ਨਾਲ ਹੀ ਸਤਿਗੁਰੂ ਦਲੀਪ ਸਿੰਘ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਜਿੱਥੇ ਆਪਣੇ ਪ੍ਰਭੂ ਸਤਿਗੁਰੂ ਨਾਲ ਜੁੜਨ ਦੀਆਂ ਵਿਚਾਰਾਂ ਕੀਤੀਆਂ, ਉੱਥੇ ਹੀ ਪਰਿਵਾਰ, ਸਮਾਜ ਅਤੇ ਦੇਸ਼ ਨੂੰ ਹਰ ਪੱਖੋਂ ਸੁਖੀ-ਸੰਪੰਨ ਅਤੇ ਉੱਨਤ ਕਰਨ ਵਾਲੀਆਂ ਵਿਚਾਰਾਂ ਨੂੰ ਅਮਲੀ ਰੂਪ ਦੇਣ ਦਾ ਜਤਨ ਕੀਤਾ ਗਿਆ। 

ਇਸ ਮੌਕੇ ਸਤਿਗੁਰੂ ਦਲੀਪ ਸਿੰਘ ਜੀ ਨੇ ਵਿਦੇਸ਼ ਵਿਚ ਹੋਣ ਦੇ ਬਾਵਜੂਦ ਲਾਈਵ ਵੀਡੀਓ ਕਾਨਫਰੈਂਸ ਰਾਹੀਂ ਸਮੁੱਚੇ ਸਮਾਜ ਦਾ ਜੀਵਨ ਸੁਖੀ ਕਰਨ ਚੰਗੀ ਜੀਵਨ ਜਾਚ ਦੀ ਸਿੱਖਿਆ ਦੇਣ ਵਾਲੇ ਅਨਮੋਲ ਪ੍ਰਵਚਨ ਦਿੱਤੇ। ਆਪ ਜੀ ਦੁਆਰਾ ਕੁਝ ਨਵੀਆਂ ਲੀਹਾਂ ਵੀ ਪਾਈਆਂ ਜਾ ਰਹੀਆਂ ਹਨ ਕਿਉਂਕਿ ਆਪ ਜੀ ਅਨੁਸਾਰ ਪਰਿਵਰਤਨ ਕੁਦਰਤ ਦਾ ਨਿਯਮ ਹੈ। ਜਿਵੇਂ ਕਿ ਪ੍ਰੰਪਰਾ ਅਨੁਸਾਰ ਪਹਿਲਾਂ ਪਤੀ ਨੂੰ ਹੀ ਪਰਮੇਸ਼ਰ ਕਿਹਾ ਜਾਂਦਾ ਸੀ ਪਰ ਆਪ ਜੀ ਨੇ ਦੱਸਿਆ ਕਿ ਕੇਵਲ ਪਤੀ ਹੀ ਨਹੀਂ, ਪਤਨੀ ਵੀ ਪਰਮੇਸ਼ਰ ਅਤੇ ਦੇਵੀ ਦਾ ਰੂਪ ਹੈ। ਜਿਸ ਦਾ ਪ੍ਰਤੱਖ ਪ੍ਰਮਾਣ ਇਸ ਸਮਾਗਮ ਵਿਚ ਵੀ ਅਮਲੀ ਰੂਪ ਵਿਚ ਵੇਖਣ ਨੂੰ ਮਿਲਿਆ। ਅੱਜ ਸਾਰੇ ਮਹਿਲਾ ਸ਼ਕਤੀਕਰਨ ਦੀ ਗੱਲ ਕਰਦੇ ਹਨ ਅਤੇ ਉਹਨਾਂ ਨੂੰ ਉੱਚਾ ਸਥਾਨ ਦੇਣ ਦੀ ਗੱਲ ਕਰਦੇ ਹਾਂ ਪਰ ਇਹ ਸਭ ਕਥਨੀ ਵਿਚ ਹੀ ਰਹਿ ਜਾਂਦਾ ਹੈ। ਪਰ ਸਤਿਗੁਰੂ ਦਲੀਪ ਸਿੰਘ ਜੀ ਨੇ ਇਸਤਰੀਆਂ ਨੂੰ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਹਰ ਖੇਤਰ ਵਿਚ ਅੱਗੇ ਲਿਆਉਣ ਦੀ ਗੱਲ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਕਿਸੇ ਵੀ ਨਾਮਧਾਰੀ ਬੱਚੀ ਨੂੰ ਪੜ੍ਹਾਈ ਪੱਖੋਂ ਪਿਛੇ ਨਹੀਂ ਰਹਿਣ ਦਿੱਤਾ ਜਾਵੇਗਾ। 

ਇਸ ਪ੍ਰਕਾਰ ਆਪ ਜੀ ਧਰਮ ਅਨੁਸਾਰ ਆਪਣਾ ਅਤੇ ਆਪਣੇ ਸਮਾਜ ਦਾ ਜੀਵਨ ਕਿਵੇਂ ਸੁਖੀ ਕਰਨਾ ਹੈ, ਇਸ ਬਾਰੇ ਵੀ ਮਾਰਗਦਰਸ਼ਨ ਕੀਤਾ, ਨਵੀਂ ਪੀੜ੍ਹੀ ਨੂੰ  ਸੰਦੇਸ਼ ਦਿੱਤਾ ਕਿ ਮੋਬਾਈਲ, ਇੰਟਰਨੈੱਟ ਜਿਹੀਆਂ ਆਧੁਨਿਕ ਤਕਨੀਕਾਂ ਦੇ ਗੁਲਾਮ ਨਾ ਬਣੋ, ਉਹਨਾਂ ਦੀ ਸਹੀ ਵਰਤੋਂ ਕਰੋ, ਤਾਕਿ ਮਾਨਸਿਕ ਅਤੇ ਸਰੀਰਕ ਰੂਪ ਨਾਲ ਇੱਕ ਸਵਸਥ ਸਮਾਜ ਤਿਆਰ ਹੋ ਸਕੇ। ਇਸ ਮੌਕੇ ਆਪ ਜੀ ਦੀ ਧਰਮਪਤਨੀ ਬੀਬੀ ਗੁਰਮੀਤ ਕੌਰ ਜੀ ਨੇ ਉਚੇਚਾ ਦਰਸ਼ਨ ਦੇ ਕੇ ਸੰਗਤ ਨੂੰ ਨਿਹਾਲ ਕੀਤਾ, ਉਹਨਾਂ ਦੇ ਦੁੱਖ-ਦਰਦ ਸੁਣੇ ਅਤੇ ਆਪਣਾ ਅਸ਼ੀਰਵਾਦ ਦਿੱਤਾ। 

ਇਸ ਮਹਾਨ ਅਵਸਰ 'ਤੇ ਖਾਸ ਤੌਰ ਤੇ ਸੰਤ ਬ੍ਰਹਮ ਦਾਸ ਜੀ ਸੰਘਰ, ਸਾਧਾਂ ਡੇਰਾ ਭੁੰਮਣ ਸ਼ਾਹ ਜੀ, ਸੰਤ ਤੇਜਾ ਸਿੰਘ ਜੀ ਨਿਰਮਲੇ ਖੁੱਡੇ ਵਾਲੇ, ਸਵਾਮੀ ਵਾਗੀਸ਼ ਸ਼ਾਸ਼ਤਰੀ ਜੀ ਅਤੇ ਗੁਰਦੁਆਰਾ ਸ੍ਰੀ ਜੀਵਨ ਨਗਰ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਜੀ, ਸੂਬਾ ਬਲਜੀਤ ਸਿੰਘ ਜੀ, ਵਕੀਲ ਨਰਿੰਦਰ ਸਿੰਘ, ਜਸਪਾਲ ਸਿੰਘ, ਅੰਗਰੇਜ ਸਿੰਘ, ਅਜੀਤ ਸਿੰਘ ਸੰਤਾਵਾਲੀ, ਮੁਖਤਿਆਰ ਸਿੰਘ, ਮੋਹਨ ਸਿੰਘ ਝੱਬਰ , ਦੇਵ ਸਿੰਘ, ਹਰਭੇਜ ਸਿੰਘ, ਪ੍ਰਿੰਸੀਪਲ ਰਣਬੀਰ ਸਿੰਘ, ਪ੍ਰਿੰਸੀਪਲ ਹਰਮਨਪ੍ਰੀਤ ਸਿੰਘ, ਪਲਵਿੰਦਰ ਸਿੰਘ ਕੁੱਕੀ, ਸਰਬਜੀਤ ਸਿੰਘ ਭਿੰਡਰ, ਨਵਤੇਜ ਸਿੰਘ, ਬੀਬੀ ਸੰਦੀਪ ਕੌਰ, ਭਗਵੰਤ ਕੌਰ, ਗੁਰਵੰਤ ਕੌਰ, ਰੁਪਿੰਦਰ ਕੌਰ, ਰਣਜੀਤ ਕੌਰ, ਦਲਜੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਮਨਜੀਤ ਕੌਰ , ਸਤਨਾਮ ਕੌਰ, ਬਲਵਿੰਦਰ ਕੌਰ, ਰਾਜਪਾਲ ਕੌਰ ਅਤੇ ਵਿਸ਼ਾਲ ਸੰਗਤ ਹਾਜ਼ਰ ਰਹੀ।  

ਨਾਮਧਾਰੀ ਟੀਮ ਵਿੱਚ ਜਾਣਕਾਰੀ ਮੁਹਈਆ ਕਰਾਉਣ ਵਾਲਿਆਂ ਵਿਚ ਸ਼ਾਮਲ ਰਹੇ ਰਾਜਪਾਲ ਕੌਰ//ਗੁਰਮੀਤ ਸੱਗੂ//ਅਰਵਿੰਦਰ ਸਿੰਘ ਲਾਡੀ/ਕੁਲਦੀਪ ਕੌਰ //ਹਰਪ੍ਰੀਤ ਕੌਰ ਪ੍ਰੀਤ। ਰੂਹਾਨੀ ਰਿਪੋਰਟ Online ਦੀ ਟੀਮ ਨੇ ਇਹਨਾਂ ਜਾਣਕਾਰੀਆਂ ਦੀ ਪੁਸ਼ਟੀ ਵੀ ਕੀਤੀ। ਪੰਜਾਬ ਸਕਰੀਨ ਡੈਸਕ ਨੇ ਇਹਨਾਂ ਲੰਮੀਆਂ ਜਾਣਕਾਰੀਆਂ ਵਿੱਚੋਂ ਸੰਖੇਪ ਜਿਹਾ ਵੇਰਵਾ ਇਸ ਲਿਖਤ ਵਿਚ ਤੁਹਾਡੇ ਸਾਹਮਣੇ ਰੱਖਿਆ।  

No comments: