Wednesday, October 20, 2021

ਕਾਂਗਰਸ: ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ ਸੇ

20th  October 2021 at o3:45 PM

ਮੋਰਾਰਜੀ 92 ਸਾਲ ਦੇ ਪ੍ਰਧਾਨ ਮੰਤਰੀ ਬਣੇ ਮੈਂ ਤਾਂ ਬਹੁਤ ਹੀ ਛੋਟਾ ਹਾਂ 

ਬਾਦਲ ਵੀ ਮੇਰੇ ਤੋਂ 15 ਸਾਲ ਵੱਡੇ ਤਾਂ ਮੈਂ ਕਿਉਂ ਹਟਾਂ ਪਿੱਛੇ: ਕੈਪਟਨ


ਨਵੀਂ ਦਿੱਲੀ
: 20 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::

ਸਵਰਗੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਹਰਮਨਪਿਆਰਤਾ ਦੀ ਸਿਖਰ ਵੇਲੇ ਇੱਕ ਦੌਰ ਆਇਆ ਸੀ ਜਦੋਂ ਇੰਦਰਾ ਇਸ ਇੰਡੀਆ ਅਤੇ ਇੰਡੀਆ ਇਸ ਇੰਦਰਾ ਵਾਲਾ ਨਾਅਰਾ ਪ੍ਰਚੱਲਿਤ ਹੋ ਗਿਆ ਸੀ। ਇੰਦਰਾ ਗਾਂਧੀ ਤੋਂ ਬਿਨਾ ਇੰਡੀਆ ਦੀ ਕਲਪਨਾ ਵੀ ਅਸੰਭਵ ਜਿਹੀ ਲੱਗਦੀ ਸੀ। ਉਦੋਂ ਕਾਂਗਰਸ ਦੜੇ ਭਾਰੋ ਧੜੇ ਨੂੰ ਵੀ ਇੰਦਰਾ ਕਾਂਗਰਸ ਕਿਹਾ ਜਾਂਦਾ ਸੀ। ਕਿ ਲੋਕ ਹੁਣ ਵੀ ਇੰਕਾ ਜਾਂ ਇੰਦਰਾਂ ਕਾਂਗਰਸ ਦੀ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ। ਅਜਿਹੀ ਲੋਕਪ੍ਰਿਯਤਾ ਕਿਸੇ ਹੋਰ ਲੀਡਰ ਨੂੰ ਸ਼ਾਇਦ ਕਦੇ ਵੀ ਨਸੀਬ ਨਹੀਂ ਸੀ ਹੋਈ। ਸ਼ਖ਼ਸੀਅਤ ਪ੍ਰਸਤੀ ਦੀ ਉਸ ਸਿਖਰ ਨੂੰ ਹੁਣ ਵੀ ਮਹਿਸੂਸ ਕੀਤਾ ਜਾ ਸਕਦਾ ਹੈ ਪਰ ਪੰਜਾਬ ਕਾਂਗਰਸ ਦੇ ਕਾੰਟੋ ਕਲੇਸ਼ ਵੇਲੇ ਵੀ ਜਿਹੜੇ ਨਾਮ ਉਭਰੇ ਉਹਨਾਂ ਵਿੱਚੋਂ ਕੋਈ ਵੀ ਨਾਮ ਏਨਾ ਭਾਰੂ ਹੋ ਕੇ ਸਾਹਮਣੇ ਨਹੀਂ ਆ ਸਕਿਆ। 

ਹੁਣ ਕੈਪਟਨ ਅਮਰਿੰਦਰ ਸਿੰਘ ਸ਼ਾਇਦ ਇਸ ਗੱਲ ਨੂੰ ਸਾਬਿਤ ਕਰਨ ਲਈ ਬਜ਼ਿੱਦ ਹਨ ਕਿ ਕੈਪਨ ਬਿਨ ਪੰਜਾਬ ਨਹੀਂ। ਉਹਨਾਂ ਇਸ ਮਾਮਲੇ ਵਿੱਚ ਆਪਣਾ ਕੁਝ ਸਾਲ ਪਹਿਲਾਂ ਦਾ ਉਹ ਐਲਾਨ ਵੀ ਭੁਲਾ ਦਿੱਤਾ ਹੈ ਕਿ ਇਹ ਮੇਰੀ ਆਖਰੀ ਟਰਮ ਹੈ ਅਤੇ ਇਸ ਤੋਂ ਬਾਅਦ ਮੈਂ ਕੋਈ ਚੋਣ ਨਹੀਂ ਲੜਾਂਗਾ। ਹੁਣ ਜਿਸ ਢੰਗ ਤਰੀਕੇ ਨਾਲ ਉਹਨਾਂ ਆਪਣੇ ਸਿਆਸੀ ਇਰਾਦੇ ਜ਼ਾਹਰ ਕੀਤੇ ਹਨ ਉਸਤੋਂ ਸਾਫ ਲੱਗਦਾ ਹੈ ਕਿ ਇੱਕ ਵਾਰ ਤਾਂ ਕੈਪਟਨ ਆਪਣਾ ਲੋਹਾ ਮਨਵਾਉਣਗੇ। ਫੌਜ ਵਿੱਚ ਰਹਿ ਚੁੱਕੇ ਲੋਕ ਜਦੋਂ ਜ਼ਿੰਦਗੀ ਦੀਆਂ ਲੜਾਈਆਂ ਲੜਦੇ ਹਨ ਤਾਂ ਉਦੋਂ ਵੀ ਜੰਗ ਵਾਂਗ ਹੀ ਲੜਦੇ ਹਨ। ਫੌਜ ਵਾਲੇ ਇਸ ਤਜਰਬੇ ਨੇ ਕੈਪਟਨ ਸਾਹਿਬ ਨੰ ਵੀ ਫਾਇਦਾ ਦੇਣਾ ਹੈ।  

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕਾਂਗਰਸ ਛੱਡਣ ਤੋਂ ਬਾਅਦ ਜਾਂ ਤਾਂ ਨਵੀਂ ਪਾਰਟੀ ਬਣਾ ਸਕਦੇ ਹਨ ਜਾਂ ਫਿਰ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਨਿਸਚੇ ਹੀ ਉਹਨਾਂ ਸਾਹਮਣੇ ਕਿ ਰਸਤੇ ਖੁੱਲ ਗਏ ਹਨ।  ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਵੀ ਉਹ ਹੱਥ 'ਤੇ ਹੱਥ ਧਰ ਕੇ ਘਰ ਨਹੀਂ ਬੈਠ ਸਕਦੇ, ਉਹ ਅਜੇ ਵੀ ਪੰਜਾਬ ਲਈ ਬਹੁਤ ਕੁਝ ਕਰ ਸਕਦੇ ਹਨ।  

ਮੌਜੂਦਾ ਹਾਲਤਾਂ ਵਿੱਚ ਛੇਤੀ ਹੀ ਆਪਣੀ ਰਾਜਨੀਤਕ ਪਾਰਟੀ ਸ਼ੁਰੂ ਕਰਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਟੀ ਵੀ ਚੈਨਲਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ, 'ਕਾਂਗਰਸ ਨੇ ਫੈਸਲਾ ਕੀਤਾ ਕਿ ਮੈਨੂੰ ਜਾਣਾ ਚਾਹੀਦਾ ਹੈ, ਇਸ ਲਈ ਮੈਂ ਪਾਰਟੀ ਛੱਡ ਦਿੱਤੀ, ਪਰ ਮੈਨੂੰ ਨਹੀਂ ਲਗਦਾ ਕਿ ਮੈਂ ਘਰ ਬੈਠਾਂਗਾ, ਮੈਂ ਹੁਣ ਵੀ ਪੰਜਾਬ ਲਈ ਬਹੁਤ ਕੁਝ ਕਰ ਸਕਦਾ ਹਾਂ। ਉਹਨਾ ਕਿਹਾ, 'ਮੋਰਾਰਜੀ ਦੇਸਾਈ 92 ਸਾਲ ਦੀ ਉਮਰ ਵਿੱਚ ਪ੍ਰਧਾਨ ਮੰਤਰੀ ਬਣੇ ਸਨ। ਪ੍ਰਕਾਸ਼ ਸਿੰਘ ਬਾਦਲ ਮੇਰੇ ਤੋਂ 15 ਸਾਲ ਵੱਡੇ ਹਨ ਤਾਂ ਮੈਂ ਕਿਉਂ ਨਹੀਂ ਸਿਆਸਤ 'ਚ ਰਹਿ ਸਕਦਾ?  

ਸਿੱਧੂ ਨਾਲ ਤਲਖ਼ੀ ਉੱਥੇ ਬੋਲਦਿਆਂ ਕੈਪਟਨ ਨੇ ਕਿਹਾ, 'ਮੁੱਖ ਮੰਤਰੀ ਵਜੋਂ  ਉਹਨਾਂ  ਕਦੇ ਵੀ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਦਾ ਕੌੜਾ ਕੁਸੈਲਾ ਅਨੁਭਵ ਨਹੀਂ ਕੀਤਾ। ਉਹਨਾਂ ਇਹ ਵੀ ਕਿਹਾ ਕਿ ਉਹ ਨਹੀਂ ਜਾਣਦੇ ਕਿ ਗਾਂਧੀ ਪਰਵਾਰ ਇਸ ਫੈਸਲੇ 'ਤੇ ਕਿਉਂ ਆਇਆ, ਮੇਰਾ ਰਾਜੀਵ ਗਾਂਧੀ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ। ਮੈਨੂੰ ਨਹੀਂ ਪਤਾ ਕਿ ਗਾਂਧੀ ਪਰਵਾਰ ਨੇ ਉਨ੍ਹਾ ਨਾਲ ਅਜਿਹਾ ਕਿਉਂ ਕੀਤਾ। ਉਹਨਾਂ ਕਿਹਾ, 'ਸਭ ਕੁਝ ਹੋ ਸਕਦਾ ਹੈ, ਪਰ ਦਿੱਲੀ ਵਿੱਚ ਇਸ ਬਾਰੇ ਫੈਸਲਾ ਨਹੀਂ ਕੀਤਾ ਜਾ ਸਕਦਾ। ਮੈਨੂੰ ਪਾਰਟੀ ਪ੍ਰਧਾਨ (ਸੋਨੀਆ ਗਾਂਧੀ) ਤੋਂ ਅਸਤੀਫਾ ਦੇਣ ਲਈ ਫੋਨ ਆਇਆ, ਉਹਨਾਂ ਸਿਰਫ ਏਨਾ ਹੀ ਕਿਹਾ ਕਿ ਅਮਰਿੰਦਰ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ। ਪੰਜਾਬ ਦੀ ਵਿਗੜਦੀ ਸੁਰੱਖਿਆ ਸਥਿਤੀ 'ਤੇ ਚਿੰਤਾ ਜਤਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਉਹਨਾਂ ਦਾ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਇਸ ਮੁੱਦੇ ਨਾਲ ਜੁੜਿਆ ਹੋਇਆ ਹੈ ਕਿ ਪੰਜਾਬ ਦੇ ਹਾਲਾਤ ਬਦਲ ਗਏ ਹਨ। ਇੱਥੇ ਅੱਤਵਾਦੀ ਅਤੇ ਗੈਂਗਸਟਰ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਹਥਿਆਰਾਂ ਅਤੇ ਬਾਰੂਦ ਦੀ ਤਸਕਰੀ ਹੋ ਰਹੀ ਹੈ, ਮੈਂ ਪਿਛਲੇ ਸਾਲਾਂ ਵਿੱਚ ਅਜਿਹਾ ਹੁੰਦਾ ਵੇਖਿਆ ਹੈ ਅਤੇ ਇਸੇ ਲਈ ਮੈਂ ਦੁਬਾਰਾ ਚੋਣ ਲੜਨ ਦਾ ਫੈਸਲਾ ਕੀਤਾ ਹੈ। ਸਥਿਤੀ ਬੇਹੱਦ ਗੰਭੀਰ ਹੋ ਚੁੱਕੀ ਹੈ। 

ਉਨ੍ਹਾ ਕਿਹਾ, 'ਮੈਂ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਮੈਂ ਪੰਜਾਬ ਚੋਣਾਂ 'ਚ ਕਾਂਗਰਸ ਦੀ ਅਗਵਾਈ ਕਰਾਂਗਾ। ਇੱਕ ਵਾਰ ਜਦੋਂ ਅਸੀਂ ਜਿੱਤ ਜਾਂਦੇ ਹਾਂ, ਮੈਂ ਅਹੁਦਾ ਛੱਡ ਦਿਆਂਗਾ ਅਤੇ ਤੁਸੀਂ ਮੁੱਖ ਮੰਤਰੀ ਚੁਣ ਸਕਦੇ ਹੋ, ਉਸ ਸਮੇਂ ਸੋਨੀਆ ਗਾਂਧੀ ਨੂੰ ਚਿੱਠੀ ਚੰਗੀ ਤਰ੍ਹਾਂ ਮਿਲ ਗਈ ਸੀ।"

ਕੈਪਟਨ ਨੇ ਪੁਰਾਣੀ ਪਾਰਟੀ ਵਿਰੁੱਧ ਹਮਲੇ ਵਿੱਚ ਕਿਹਾ, 'ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ, ਇਹ ਖਤਮ ਹੋ ਗਈ ਹੈ। ਮੈਂ ਚਰਾਗਾਹ ਵਿੱਚੋਂ ਬਾਹਰ ਨਿਕਲਣ ਵਾਲਾ ਘੋੜਾ ਨਹੀਂ ਹਾਂ। ਕੈਪਟਨ ਨੇ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਸੀ ਤੇ ਉਨ੍ਹਾ ਕਾਂਗਰਸ ਤੋਂ ਬਾਹਰ ਹੋਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਨੂੰ ਜਨਮ ਦਿੱਤਾ ਸੀ। ਅਫਵਾਹਾਂ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਬਹੁਤ ਹੀ ਗੂੜ੍ਹਾ ਰਿਸ਼ਤਾ ਸੀ ਅਤੇ ਉਹਨਾਂ ਨੇ ਸ਼ਾਹ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੇ ਸੰਘਰਸ਼ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਹਨਾਂ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਇਸ ਸੰਕਟ ਨੂੰ ਤੁਰੰਤ ਹੱਲ ਕਰਨ। 

No comments: