Saturday, October 02, 2021

ਅਜੋਕੇ ਸਮੇਂ ਚ ਪੱਤਰਕਾਰ ਨੂੰ ਆਪਣੀ ਭਰੋਸੇਯੋਗਤਾ ਬਹਾਲ ਰੱਖਣ ਦੀ ਲੋੜ:ਰੁਚਿਕਾ

Saturday 2nd October 2021 at 08:29 PM

ਪੱਤਰਕਾਰਾਂ ਦਾ ਕੰਮ ਦੂਜੇ ਵਰਗਾਂ ਨਾਲੋਂ ਜਿਆਦਾ ਔਖਾ:ਡਾ ਪਿਆਰਾ ਲਾਲ


ਚੰਡੀਗੜ੍ਹ: 2 ਅਕਤੂਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::

ਮੁੱਖ ਧਾਰਾ ਵਾਲੇ ਮੀਡੀਆ ਦੇ ਵੱਡੇ ਹਿੱਸੇ ਵੱਲੋਂ ਗੋਦੀ ਮੀਡੀਆ ਵਾਲਾ ਲੇਬਲ ਲਵਾਉਣ ਵਿੱਚ ਅਸਲੀ ਹੱਥ ਉਹਨਾਂ ਦਾ ਹੈ ਜਿਹੜੇ ਗ਼ੈਰ-ਪੱਤਰਕਾਰ ਹੋਣ ਦੇ ਬਾਵਜੂਦ ਅਕਸਰ ਬੌਸ ਦੀ ਕੁਰਸੀ ਤੇ ਬੈਠੇ ਹੁੰਦੇ। ਕਦੇ ਖੁੱਲ੍ਹ ਕੇ ਅਤੇ ਕਦੇ ਪਰਦੇ ਦੇ ਪਿੱਛੇ। ਜਿਹੜੇ ਵਿਚਾਰੇ ਨੌਕਰੀਆਂ ਬਚਾਉਣ ਲਈ ਉਹਨਾਂ ਦੇ ਕਹੇ ਮੰਨਦੇ ਰਹੇ ਹੁੰਦੇ ਹਨ ਉਹ੍ਹਨਾਂ ਦਾ ਜ਼ਿਆਦਾ ਕਸੂਰ ਨਹੀਂ ਕਿਹਾ ਜਾ ਸਕਦਾ। ਭਰੋਸੇਯੋਗਤਾ ਦੇ ਮਾਮਲੇ ਵਿੱਚ ਵੀ ਇਹ ਪਹਿਲੂ ਅਸਰਦਾਇਕ ਕੰਮ ਕਰਦਾ ਹੈ। ਮਾਮਲਾ ਗੰਭੀਰ ਹੈ ਇਸਦਾ ਹੱਲ ਵੀ ਕੱਢਿਆ ਜਾਣਾ ਚਾਹੀਦਾ ਹੈ। ਕਾਰਪੋਰੇਟ ਵਾਲੇ ਇਸ ਯੁਗ ਵਿੱਚ ਇਹ ਗੱਲਾਂ ਕਰਨੀਆਂ ਤਾਂ ਸੌਖੀਆਂ ਹਨ ਪਰ ਇਹਨਾਂ ਤੇ ਅਮਲ ਬਹੁਤ ਔਖਾ ਹੈ। ਕਾਰਪੋਰੇਟੀਆਂ ਨੇ ਅਜਿਹੀ ਧੁੰਦ ਫੈਲਾ ਰੱਖੀ ਹੈ ਜਿਸ ਵਿੱਚ ਸੱਚ ਲੱਭਣਾ ਹੁਣ ਪਹਿਲਾਂ ਜਿੰਨਾ ਸੌਖਾ ਨਹੀਂ ਰਿਹਾ। ਇਹਨਾਂ ਕੌੜੀਆਂ ਹਕੀਕਤਾਂ ਦੇ ਬਾਵਜੂਦ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਕਰਾਏ ਗਏ ਸੈਮੀਨਾਰ ਵਿੱਚ ਭਰੋਸੇਯੋਗਤਾ ਵਾਲੇ ਇਸ ਗੰਭੀਰ ਮੁੱਦੇ ਤੇ ਵੀ ਵਿਚਾਰਾਂ ਹੋਈਆਂ। ਇਹ ਸੈਮੀਨਾਰ ਵੀ ਸੰਵਾਦ ਦੇ ਅਧੀਨ ਚਲਾਈ ਜਾ ਰਹੀ ਲੜੀ ਦਾ ਹੀ ਇੱਕ ਹਿੱਸਾ ਕਿਹਾ ਜਾ ਸਕਦਾ ਹੈ ਜਿਸ ਅਧੀਨ ਇਹ ਯੂਨੀਅਨ ਮੀਡੀਆ ਸੰਬੰਧੀ ਚੇਤਨਾ ਫੈਲਾਉਣ ਵਿੱਚ ਬਹੁਤ ਹੀ ਸਫਲ ਮੁਹਿੰਮ ਚਲਾ ਰਹੀ ਹੈ। 

ਪੰਜਾਬ ਤੇ ਚੰਡੀਗੜ੍ਹ ਜਰਨਲਿਟਸ ਯੂਨੀਅਨ ਵਲੋਂ ਅੱਜ ਗਾਂਧੀ ਜੈਅੰਤੀ ਦੇ ਮੌਕੇ 'ਤੇ  'ਕਰੋਨਾ ਪੱਤਰਕਾਰ ਤੇ ਸਰਕਾਰ ਦੀ ਭੂਮਿਕਾ' ਵਿਸ਼ੇ 'ਤੇ ਕੇਂਦਰੀ ਸਿੰਘ ਸਭਾ ਵਿਖੇ  ਸੰਵਾਦ ਰਚਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਸੀਨੀਅਰ ਪੱਤਰਕਾਰ ਰੁਚਿਕਾ ਐਮ ਖੰਨਾ, ਬਿੰਦੂ ਸਿੰਘ, ਡਾਕਟਰ ਪਿਆਰਾ ਲਾਲ ਗਰਗ, ਪ੍ਰੋਫੈਸਰ ਖੁਸ਼ਹਾਲ ਸਿੰਘ, ਯੂਨੀਅਨ ਦੇ ਸੂਬਾਈ ਪ੍ਰਧਾਨ ਬਲਵਿੰਦਰ ਜੰਮੂ ਤੇ ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ ਸ਼ਾਮਲ ਸਨ। 

ਇਸ ਮੌਕੇ ਰੁਚਿਕਾ ਐਮ ਖੰਨਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਦੌਰ ਦੌਰਾਨ ਅਖ਼ਬਾਰਾਂ ਤੇ ਪੱਤਰਕਾਰਾਂ ਦਾ ਵੱਡਾ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਸਮਾਜ ਵਿੱਚ ਪੱਤਰਕਾਰ ਦੀ ਵੱਡੀ ਭੂਮਿਕਾ ਹੈ। ਲੋਕ ਅਖ਼ਬਾਰ ਵਿੱਚ ਛਪੀ ਖ਼ਬਰ ਨੂੰ ਸੱਚ ਮੰਨਦੇ ਹੋਏ ਵਿਸ਼ਵਾਸ਼ ਕਰਦੇ ਹਨ। ਉਹਨਾਂ ਇਕ ਖ਼ਬਰ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇਕ ਮੰਤਰੀ ਦਾ ਬੇਟਾ ਕਿਸੇ ਮਾਮਲੇ ਵਿੱਚ ਜੇਲ੍ਹ ਚਲਾ ਗਿਆ ਤੇ ਇਸ ਬਾਰੇ ਖ਼ਬਰ ਇਕ ਅਖ਼ਬਾਰ ਵਿੱਚ ਸਹੀ ਤੇ ਦੂਜੇ ਵਿੱਚ ਤੱਥਾਂ ਤੋ ਉਲਟ  ਪ੍ਰਕਾਸ਼ਿਤ ਹੋ ਗਈ ਪਰ ਉਦੋਂ ਦੇ ਮੁੱਖ ਮੰਤਰੀ ਨੂੰ ਜਦੋਂ ਉਕਤ ਨੇਤਾ ਦੇ ਸਿਆਸੀ ਭਵਿੱਖ ਬਾਰੇ ਸਵਾਲ ਪੁੱਛਿਆ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਤੁਹਾਡੇ ਅਖ਼ਬਾਰ ਨੇ ਤਾਂ ਰਾਹਤ ਮਿਲਣ ਦੀ ਖ਼ਬਰ ਲਗਾਈ ਹੈ। ਇਸ ਲਈ ਪੱਤਰਕਾਰਾਂ ਨੂੰ ਆਪਣੀ ਭਰੋਸੇਯੋਗਤਾ ਨੂੰ ਬਹਾਲ ਰੱਖਣ ਲਈ ਹਮੇਸ਼ਾ ਲੋਕ ਹਿਤ ਚ ਆਵਾਜ਼ ਉਠਾਉਣੀ ਚਾਹੀਦੀ ਹੈ। 

ਬਿੰਦੂ ਸਿੰਘ ਨੇ ਯੂਨੀਅਨ ਦੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਕਰੋਨਾ ਕਾਲ ਦੌਰਾਨ ਪੱਤਰਕਾਰਾਂ, ਫੋਟੋਗ੍ਰਾਫਰਾਂ ਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦਿਆ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਤਨਦੇਹੀ ਨਾਲ ਲੋਕ ਭਲਾਈ ਲਈ ਕੰਮ ਕੀਤਾ। ਇਸ ਦੌਰਾਨ ਕਈ ਪੱਤਰਕਾਰ ਜ਼ਿੰਦਗੀ ਤੋ ਰੁਖ਼ਸਤ ਹੋ ਗਏ ਪਰ ਸਰਕਾਰਾਂ ਨੇ ਪੱਤਰਕਾਰਾਂ ਨੂੰ  ਸਮਾਜ ਦੇ ਦੂਜੇ ਵਰਗਾਂ ਦੇ ਬਰਾਬਰ ਮਾਨ ਸਨਮਾਨ ਨਹੀਂ ਦਿੱਤਾ। 

ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾਕਟਰ ਪਿਆਰਾ ਲਾਲ ਗਰਗ ਨੇ ਕਿਹਾ ਕਿ ਉਹ ਸਮਝਦੇ ਸਨ ਕਿ ਡਾਕਟਰਾਂ ਦੀ ਡਿਊਟੀ ਸਭ ਤੋਂ ਸਖ਼ਤ ਹੈ ਪਰ ਜਦੋਂ ਪੱਤਰਕਾਰਾਂ ਨਾਲ ਵਿਚਰਨ ਤੋ ਪਤਾ ਲੱਗਿਆਂ ਕਿ ਪੱਤਰਕਾਰ ਦੀ ਡਿਊਟੀ ਬਾਕੀਆਂ ਨਾਲੋਂ ਜਿਆਦਾ ਸਖ਼ਤ ਹੈ। ਇਕ ਪੱਤਰਕਾਰ ਜਿੱਥੇ ਮਾਫੀਆ ਸਰਗਨਾ ਦੇ ਖਿਲਾਫ਼ ਲਿਖਦਾ ਉਥੇ ਸਰਕਾਰਾਂ ਦੀਆਂ ਗਲਤ ਨੀਤੀਆਂ ਨੂੰ ਉਧੇੜਦਾ ਹੈ। ਇਹੀ ਨਹੀਂ ਵਿਵਾਦਿਤ ਮੌਕੇ 'ਤੇ ਵੀ ਪੱਤਰਕਾਰ ਮੌਤ ਦੀ ਪਰਵਾਹ ਨਾ ਕਰਦਾ ਹੋਇਆ ਘਟਨਾ ਸਥਾਨ 'ਤੇ ਪੁੱਜਦਾ ਹੈ। ਉੱਥੇ ਜਾ ਕੇ ਖਤਰੇ ਉਠਾਉਂਦਾ ਹੈ।  

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਖੁਸ਼ਹਾਲ ਸਿੰਘ ਨੇ ਕਿਹਾ ਕਿ ਪੱਤਰਕਾਰਾਂ ਨੂੰ ਇਕਪਾਸੜ ਜਾਂ ਪੁਲਿਸ ਕਾਰਵਾਈ ਦੇ ਆਧਾਰ ਤੇ ਰਿਪੋਰਟਿੰਗ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਤੇ ਖੋਜੀ ਪੱਤਰਕਾਰਤਾ ਨੂੰ ਤਰਜੀਹ ਦੇਣੀ ਚਾਹੀਦੀ ਹੈ।

ਯੂਨੀਅਨ ਦੇ ਸੂਬਾਈ  ਪ੍ਰਧਾਨ  ਬਲਵਿੰਦਰ ਜੰਮੂ ਨੇ ਚੰਡੀਗੜ੍ਹ ਯੂਨਿਟ ਵਲੋ ਕੀਤੇ ਕਾਰਜਾਂ ਦੀ ਪ੍ਰਸੰਸ਼ਾਂ ਕਰਦਿਆਂ ਕਿਹਾ ਕਿ ਲੋਕ ਹਿਤ ਅਤੇ ਪੱਤਰਕਾਰਾਂ ਦੇ ਹਿਤ ਵਿੱਚ ਕਾਰਜ ਜਾਰੀ ਰਹਿਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਯੂਨੀਅਨ ਪੱਤਰਕਾਰਾਂ ਦੀ ਅਵਾਜ਼ ਬਣ ਰਹੀ ਹੈ ਤੇ ਭਵਿੱਖ ਵਿੱਚ ਪੱਤਰਕਾਰਾਂ ਦੀਆਂ ਮੁਸ਼ਕਲਾਂ ਤੇ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨ ਜਾਰੀ ਰਹਿਣਗੇ। 

ਪਰ ਕੁਝ ਹੋਰ ਗੱਲਾਂ ਤੇ ਵੀ ਵਿਚਾਰ ਜ਼ਰੂਰੀ ਹੈ। ਜਦੋਂ ਮੀਡੀਆ ਅਦਾਰਿਆਂ ਦੇ ਮਾਲਕ ਹੀ ਇਹ ਸਮਝ ਰਹੇ ਹੋਣ ਕਿ ਸੱਚ ਦਾ ਸਿਰਫ ਇਹੀ ਹਿੱਸਾ ਲੱਭਣਾਂ ਜਾਂ ਦਿਖਾਉਣਾ ਹੈ ਜਿਹੜਾ ਉਹਨਾਂ ਨੂੰ ਠੀਕ ਬੈਠਦਾ ਹੈ ਤਾਂ ਉਦੋਂ ਇਹ ਗੱਲ ਸੋਚਣ ਵਾਲੀ ਹੋ ਜਾਂਦੀ ਹੈ ਕਿ ਪੱਤਰਕਾਰੀ ਵਿੱਚ ਕੌਣ ਅਤੇ ਕਿਵੇਂ ਰੱਖੇ ਭਰੋਸੇਯੋਗਤਾ ਦੀ ਬਹਾਲੀ? ਕੌਣ ਬਣਾਏ ਬੈਰੀਅਰ? ਕੌਣ ਕਰੇ ਨਿਰਪੱਖਤਾ ਦੀ ਗੱਲ? ਜੇ ਫੀਲਡ ਵਾਲੇ ਪੱਤਰਕਾਰਾਂ ਪ੍ਰਤੀ ਬਹੁਤ ਸਾਰੀਆਂ ਸ਼ਿਕਾਇਤਾਂ ਲੱਭੀਆਂ ਜਾ ਸਕਦੀਆਂ ਹਨ ਤਾਂ ਮੀਡੀਆ ਅਦਾਰਿਆਂ ਦੇ ਮਾਲਕਾਂ ਨੇ ਵੀ ਜ਼ਮੀਨ ਜਾਇਦਾਦਾਂ ਬਣਾਈਆਂ ਅਤੇ ਵੱਡੇ ਵੱਡੇ ਅਹੁਦੇ ਹਾਸਲ ਕਰ ਕੇ ਸੱਤਾ ਦੇ ਨੇੜੇ ਪਹੁੰਚਦੇ ਰਹੇ। 

ਇਸੇ ਤਰ੍ਹਾਂ ਪ੍ਰੋਫੈਸਰ ਖੁਸ਼ਹਾਲ ਸਿੰਘ ਵੱਲੋਂ ਦਿੱਤੀ ਸਲਾਹ ਵੀ ਅਨਮੋਲ ਹੈ। ਪੱਤਰਕਾਰਾਂ ਨੂੰ ਇਕਪਾਸੜ ਜਾਂ ਪੁਲਿਸ ਕਾਰਵਾਈ ਦੇ ਆਧਾਰ ਤੇ ਰਿਪੋਰਟਿੰਗ ਕਰਨ ਦੀ ਬਜਾਏ ਜ਼ਮੀਨੀ ਹਕੀਕਤ ਤੇ ਖੋਜੀ ਪੱਤਰਕਾਰਤਾ ਨੂੰ ਤਰਜੀਹ ਦੇਣ ਵਾਲੀ ਗੱਲ ਵੀ ਚੰਗੀ ਹੈ ਪਰ ਇਸ ਤੇ ਅਮਲ ਕਰਨ ਵਾਲਾ ਮਾਹੌਲ ਦਿਨੋ ਦਿਨ ਘਟਦਾ ਜਾ ਰਿਹਾ ਹੈ। ਸੁਆਲ ਪੁੱਛਣ ਦੇ ਮੇਲ ਮੌਕੇ ਹੋਲੀ ਹੋਲੀ ਖਤਮ ਕੀਤੇ ਜਾ ਰਹੇ ਹਨ। ਹਰ ਮਾਮਲੇ ਬਾਰੇ ਪ੍ਰੈਸ ਨੋਟ ਜਾਰੀ ਕਰਕੇ ਦੱਸਣ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ। ਮੌਜੂਦਾ ਸਿਸਟਮ ਅਤੇ ਮਾਹੌਲ ਪੱਤਰਕਾਰਾਂ ਨੂੰ ਖੋਜੀ ਨਹੀਂ ਕਲਰਕ ਬਣਾਉਣ ਵੱਲ ਜਾ ਰਿਹਾ ਹੈ। ਇਸ ਸਾਰੀ ਗਿਰਾਵਟ ਅਤੇ ਖਤਰਨਾਕ ਵਰਤਾਰੇ ਲਈ ਸੋਸਾਇਟੀ ਵੀ ਜ਼ਿੰਮੇਵਾਰ ਹੈ। ਆਰਥਿਕ ਪੱਖੋਂ ਕਮਜ਼ੋਰ ਮੀਡੀਆ ਵਾਲਿਆਂ ਨੂੰ ਆਪਣੇ ਹਥਿਆਰ ਬਣਾ ਲਿਆ ਜਾਂਦਾ ਹੈ। 

ਡਾਕਟਰ ਪਿਆਰਾ ਲਾਲ ਗਰਗ ਹੁਰਾਂ ਨੇ ਵੀ ਸੱਚੀ ਗੱਲ ਕੀਤੀ ਹੈ ਕਿ ਪੱਤਰਕਾਰ ਦੀ ਡਿਊਟੀ ਬਾਕੀਆਂ ਨਾਲੋਂ ਜਿਆਦਾ ਸਖ਼ਤ ਹੈ।ਕੀ ਇਸ ਸਖਤੀ ਸੰਬੰਧੀ ਸਾਡੀ ਸੋਸਾਇਟੀ ਮੀਡੀਆ ਵਾਲਿਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਲਈ ਕੁਝ ਕਰਦੀ ਹੈ? ਜੇ ਮੀਡੀਆ ਕਿਰਤੀਆਂ ਦੇ ਖਿਲਾ ਕੋਈ ਐਕਸ਼ਨ ਹੋ ਜਾਂਦਾ ਹੈ ਤਾਂ ਸੋਸਾਇਟੀ ਆਮ ਤੌਰ ਤੇ ਮੀਡੀਆ ਵੱਲ ਹੀ ਸ਼ੱਕ ਦੀ ਨਜ਼ਰ ਨਾਲ ਦੇਖਦੀ ਹੈ। ਉਹਨਾਂ ਦੀ ਸਹਾਇਤਾ ਲਈ ਸੋਸਾਇਟੀ ਕਿੰਨੀ ਕੁ ਵਾਰ ਅੱਗੇ ਆਉਂਦੀ ਹੈ?

ਯੂਨੀਅਨ ਦੇ ਚੰਡੀਗੜ੍ਹ ਯੂਨਿਟ ਦੇ ਸਰਪ੍ਰਸਤ ਤਰਲੋਚਨ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਸੰਵਾਦ ਦਾ ਸਿਲਸਿਲਾ ਜਾਰੀ ਰਹੇਗਾ। ਮੰਚ ਸੰਚਾਲਨ ਭੁਪਿੰਦਰ ਮਲਿਕ ਨੇ ਬਾਖੂਬੀ ਕੀਤਾ।  ਇਸ ਮੌਕੇ ਆਰ ਐਸ ਲਿਬਰੇਟ, ਬਲਵਿੰਦਰ ਸਿਪਰੇ, ਸੰਤੋਸ਼ ਗੁਪਤਾ, ਮੇਜਰ ਸਿੰਘ, ਬਲਵੀਰ ਸਿੰਘ, ਇੰਦਰਪ੍ਰੀਤ ਸਿੰਘ, ਦਿਆ ਸ਼ਰਮਾ, ਕੁਲਵਿੰਦਰ ਸੂਦ, ਜੈ ਪ੍ਰਕਾਸ਼ ਜੇਪੀ, ਸੂਰਜ, ਸੁਧੀਰ ਤੰਵਰ ਸਮੇਤ ਵੱਡੀ ਗਿਣਤੀ ਵਿੱਚ ਪੱਤਰਕਾਰ ਹਾਜ਼ਰ ਸਨ। 

ਇਹ ਸੋਸਾਇਟੀ ਡਾਕਟਰ ਨੂੰ ਤਾਂ ਮੂੰਹ ਮੰਗੀ ਫੀਸ ਦੇਂਦੀ ਹੈ। ਵਕੀਲ ਨੂੰ ਵੀ ਮੂੰਹ ਮੰਗੀ ਫੀਸ ਦੇਂਦੀ ਹੈ। ਵਿਆਹ ਸ਼ਾਦੀ ਤੇ ਬੁਲਾਏ ਵੀਡਿਓਗ੍ਰਾਫਰ ਨੂੰ ਵੀ ਮੋਟੇ ਪੈਸੇ ਦੇਂਦੀ ਹੈ ਪਰ ਜਦੋਂ ਗੱਲ ਪੱਤਰਕਾਰ ਦੀ ਆਏ ਤਾਂ ਹੱਸ ਕੇ ਦਿਖਾ ਦੇਂਦੀ ਹੈ ਅਤੇ ਧੰਨਵਾਦ ਨਾਲ ਹੀ ਕੰਮ ਸਾਰਦੀ ਹੈ। ਉਸਦੇ ਪੈਟ੍ਰੋਲਪਾਣੀ ਦੀ ਹਾਲਤ ਕਦੇ ਨਹੀਂ ਦੇਖਦੀ ਰਸੋਈ ਦੀ ਤਾਂ ਕੀ ਦੇਖੀ ਹੈ। ਇਸ ਸੋਸਾਇਟੀ ਨੂੰ ਮੀਡੀਆ ਵਾਲਿਆਂ ਕੋਲੋਂ ਕੁਰਬਾਨੀਆਂ ਦੀ ਗੱਲ ਸੋਭਦੀ ਹੀ ਨਹੀਂ। ਉਹਨਾਂ ਨੂੰ ਕੁਰਪਟ ਵੀ ਇਹੀ ਸੋਸਾਇਟੀ ਕਰ ਰਹੀ ਹੈ। 

No comments: