Sunday, October 03, 2021

ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਤੇ ਗੱਡੀ ਚੜ੍ਹਾਈ ਅਤੇ ਗੋਲੀਆਂ ਚਲਾਈਆਂ

3rd October 2021 at 2021 at 6:25 PM 

ਮੰਤਰੀ ਦੇ ਮੁੰਡੇ ਦੀ ਵਹਿਸ਼ੀ ਕਰਤੂਤ ਮਗਰੋਂ ਹਰ ਪਾਸੇ ਰੋਸ ਅਤੇ ਰੋਹ ਦੀ ਲਹਿਰ  


ਨਵੀਂ ਦਿੱਲੀ: 3 ਅਕਤੂਬਰ 2021: (ਪੰਜਾਬ ਸਕਰੀਨ ਬਿਊਰੋ)::
ਯੂਪੀ ਦੇ ਲਖੀਮਪੁਰ ਖੇੜੀ  ਵਿੱਚ ਮੰਤਰੀ ਦੇ ਮੁੰਡੇ ਵੱਲੋਂ ਕਿਸਾਨਾਂ ਉੱਤੇ ਕਾਤਲਾਨਾ ਹਮਲੇ ਨਾਲ ਕਿਸਾਨ ਅੰਦੋਲਨ ਦੀ ਅੱਗ ਹੋਰ ਭੜਕਦੀ ਨਜ਼ਰ ਆ ਰਹੀ ਹੈ। ਕਿਸਾਨਾਂ ਉੱਤੇ ਆਪਣੇ ਗੁੰਡਿਆਂ ਦੀਆਂ ਗੱਡੀਆਂ ਚੜ੍ਹਾਏ ਜਾਣ ਅਤੇ  ਉਹਨਾਂ ਉੱਤੇ ਗੋਲੀਆਂ ਚਲਾਏ ਜਾਣ ਦੀ ਖਬਰ ਮਗਰੋਂ ਦੇਸ਼ ਅਤੇ ਦੁਨੀਆ ਵਿੱਚ ਤਿੱਖੇ ਰੋਸ ਅਤੇ ਰੋਹ ਦੀ ਲਹਿਰ ਹੈ। ਕਿਸਾਨਾਂ ਦੇ ਜੱਥੇ ਆਪੋ ਆਪਣੇ ਆਗੂਆਂ ਦੀਆਂ ਹਦਾਇਤਾਂ ਮਗਰੋਂ ਯੂਪੀ ਵੱਲ ਜਾ ਰਹੇ ਹਨ। ਘਟੋਘਟ ਅੱਠ ਕਿਸਾਨਾਂ ਦੀ ਮੌਤ ਅਤੇ ਕਈ ਹੋਰ ਕਿਸਾਨਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਮੌਤਾਂ ਅਤੇ ਜ਼ਖਮੀਆਂ ਦਾ ਅੰਕੜਾ ਵੱਧ ਵੀ ਸਕਦਾ ਹੈ। ਮੁਢਲੀਆਂ ਰਿਪੋਰਟਾਂ ਮੁਤਾਬਿਕ ਭੀੜ ਨੇ ਕਿਸਾਨਾਂ ਤੇ ਚੜ੍ਹਨ ਵਾਲੀ ਕਰ ਦੇ ਡਰਾਈਵਰ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਜਦਕਿ ਮੰਤਰੀ ਦਾ ਪੁੱਤਰ ਗੰਨੇ ਦੇ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਘਟਨਾ ਵਾਲੀ ਥਾਂ ਤੋਂ ਭੱਜਣ ਵਿਚ ਸਫਲ ਹੋ ਗਿਆ। ਕਿਸਾਨਾਂ ਤੇ ਗੱਡੀ ਚੜ੍ਹਾਉਣ ਦੀ ਕਰਤੂਤ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰ ਨੇ ਕੀਤੀ। ਅਸ਼ੀਸ਼ ਦੀ ਕਾਰ ਨੂੰ ਗੁੱਸੇ ਵਿਚ ਆਈ ਭੀੜ ਨੇ ਅੱਗ ਦੇ ਹਵਾਲੇ ਕਰ ਦਿੱਤਾ। 

ਪੰਜਾਬ ਕਿਸਾਨ ਯੂਨੀਅਨ ਨੇ ਯੂਪੀ ਦੇ ਜ਼ਿਲ੍ਹਾ ਲਖੀਮਪੁਰ ਖੀਰੀ  ਵਿੱਚ ਅੱਜ ਯੂ ਪੀ ਦੇ ਇਕ ਮੰਤਰੀ ਦੇ ਮੁੰਡੇ ਅਤੇ ਉਸ ਦੇ ਸਾਥੀ ਗੁੰਡਿਆਂ ਵੱਲੋਂ  ਫਾਇਰਿੰਗ ਕਰਕੇ ਅਤੇ ਗੱਡੀਆਂ ਚਾੜ੍ਹ ਕੇ ਕਈ ਅੰਦੋਲਨਕਾਰੀ ਕਿਸਾਨਾਂ ਦੀ ਜਾਨ ਲੈਣ ਦੀ ਅਤਿ ਵਹਿਸ਼ੀ ਕਰਤੂਤ ਦੀ ਸਖ਼ਤ ਨਿੰਦਾ ਕੀਤੀ ਹੈ।

ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਲਖੀਮਪੁਰੀ ਖੀਰੀ ਲਈ ਰਵਾਨਾ ਹੋਣ ਤੋਂ ਪਹਿਲਾਂ   ਜਾਰੀ ਕੀਤੇ ਬਿਆਨ ਵਿਚ ਕਿਹਾ ਹੈ ਕਿ ਸਾਡੇ ਅੰਦੋਲਨਕਾਰੀ ਕਿਸਾਨਾਂ ਦੇ ਇਹ ਵਹਿਸੀਆਨਾ ਕਤਲ ਮੋਦੀ ਯੋਗੀ ਸਰਕਾਰ ਦੇ ਕਫ਼ਨ ਵਿਚ ਅੰਤਮ ਕਿੱਲ ਸਾਬਤ ਹੋਣਗੇ। ਯੂਨੀਅਨ ਦੀ ਸੀਨੀਅਰ ਸੂਬਾਈ ਆਗੂ ਜਸਬੀਰ ਕੌਰ ਨੱਤ ਨੇ ਕਾਤਲਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਕਿਹਾ ਹੈ ਕਿ ਕਿਸਾਨ ਅੰਦੋਲਨ ਵਲੋਂ ਇਸ ਖੂਨੀ ਕਾਂਡ ਖ਼ਿਲਾਫ ਜਲਦੀ ਹੀ ਆਪਣੇ ਅਗਲੇ ਸਖਤ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਬੀਜੇਪੀ ਦੀ ਇਹ ਬੁਖਲਾਹਟ ਸ਼ਾਂਤਮਈ ਕਿਸਾਨ ਅੰਦੋਲਨ ਸਾਹਮਣੇ ਉਸ ਦੀ ਨੈਤਿਕ ਤੇ ਸਿਆਸੀ ਹਾਰ ਹੈ।

ਮੰਤਰੀ ਦੇ ਮੁੰਡੇ ਦੀ ਇਸ ਗੁੰਡਾਗਰਦੀ ਵਾਲੀ ਹਰਕਤ ਨੇ ਕਿਸਾਨਾਂ ਦੇ ਰੋਹ ਅਤੇ ਰੋਸ ਦੀ ਅੱਗ ਹੋਰ ਭੜਕਾ ਦਿੱਤੀ ਹੈ। ਲੱਗਦਾ ਹੈ ਕੇਂਦਰ ਸਰਕਾਰ ਇਸ ਮਸਲੇ ਨੂੰ ਹੱਲ ਹੀ ਨਹੀਂ ਕਰਨਾ ਚਾਹੁੰਦੀ। ਪਿੰਡਾਂ ਵਿੱਚ ਜਿੱਥੇ ਜਿੱਥੇ ਇਹ ਖਬਰ ਪਹੁੰਚ ਰਹੀ ਹੈ ਉੱਥੇ ਰੋਸ ਅਤੇ ਰੋਹ ਤਿੱਖਾ ਹੋ ਰਿਹਾ ਹੈ। ਇਸ ਵਹਿਸ਼ੀਆਨਾ ਘਟਨਾ ਤੋਂ ਬਾਅਦ ਕਈ ਵਾਹਨਾਂ ਨੂੰ ਅੱਗ ਲਗਾਉਣ ਦੀ ਘਟਨਾ ਵੀ ਵਾਪਰੀ। 

ਜਦੋਂ ਤੱਕ ਇਨਸਾਫ ਨਹੀਂ  ਮਿਲਦਾ ਉਦੋਂ ਤੱਕ ਕਿਸਾਨਾਂ ਨੇ ਘਟਨਾ ਵਾਲੀ ਥਾਂ ਤੇ ਹੀ ਡੇਰਾ ਲਾਉਣ ਦਾ ਐਲਾਨ ਕੀਤਾ ਹੈ। ਇਸ ਵਹਿਸ਼ੀ ਕਰੇ ਦੇ ਖਿਲਾਫ ਜ਼ੋਰਦਾਰ ਰੋਸ ਦਾ ਪ੍ਰਗਟਾਵਾ ਕੀਤਾ ਜਾਏਗਾ। ਕਿਸੇ ਵੀ ਵੇਲੇ ਵੱਡੇ ਫੈਸਲੇ ਦਾ ਐਲਾਨ ਸੰਭਵ ਹੈ। ਹੁਣ ਇਹ ਅੰਦੋਲਨ ਹੋਰ ਵੱਧ ਜਾਏਗਾ ਜਿਸ ਨਾਲ ਸੰਪੂਰਨ ਕ੍ਰਾਂਤੀ ਦਾ ਅੰਦੋਲਨ ਸਿਖਰਾਂ ਤੇ ਪੁੱਜ ਜਾਏਗਾ। 

No comments: