Tuesday, October 05, 2021

ਸਿੱਖਾਂ ਦਾ ਦਾਨ ਕੇਵਲ ਸਿੱਖਾਂ ਨੂੰ

4th October 2021 at 2:50 PM

ਡਾ. ਸਰਬਜਿੰਦਰ ਸਿੰਘ ਵੱਲੋਂ ਠਾਕੁਰ ਦਲੀਪ ਸਿੰਘ ਜੀ ਦੇ ਵਿਚਾਰਾਂ ਦੀ ਪ੍ਰੋੜਤਾ 

ਠਾਕੁਰ ਦਲੀਪ ਸਿੰਘ ਜੀ ਦੇ ਪ੍ਰੇਰਣਾ ਅਨੁਸਾਰ ਸਰਦੇ ਪੁੱਜਦੇ ਸਿੱਖ, ਆਪਣੀ ਵਿੱਤ ਮੁਤਾਬਿਕ 
ਲੋੜਵੰਦ ਗਰੀਬ ਸਿੱਖ ਨੂੰ ਜ਼ਰੂਰੀ ਵਸਤਾਂ ਦਾ ਦਾਨ ਕਰਦੇ ਹੋਏ ਇਹ ਰੁਝਾਨ ਕੋਰੋਨਾ ਦੀ ਮਾਰ ਤੋਂ
ਪਹਿਲਾਂ ਵੀ ਜਾਰੀ ਸੀ, ਹੁਣ ਵੀ ਜਾਰੀ ਹੈ ਭਵਿੱਖ ਵਿੱਚ ਵੀ ਜਾਰੀ ਰਹੇਗਾ 

ਲੁਧਿਆਣਾ: 4 ਅਕਤੂਬਰ 2021:(ਅਰਵਿੰਦਰ ਸਿੰਘ ਲਾਡੀ//ਪੰਜਾਬ ਸਕਰੀਨ)::
ਕੁਝ ਦਹਾਕੇ ਪਹਿਲਾਂ ਇੱਕ ਬਹੁਤ ਹੀ ਸਿਆਣੇ, ਬਜ਼ੁਰਗ ਅਤੇ ਨਾਮੀ ਗਰਾਮੀ ਕਾਰੋਬਾਰੀ ਨੇ ਇੱਕ ਗੈਰ ਰਸਮੀ ਮੁਲਾਕਾਤ ਦੌਰਾਨ ਦੱਸਿਆ ਸੀ ਕਿ ਪਾਰਸੀ ਸਮਾਜ ਦੇ ਅੰਦਾਜ਼ ਆਪਣੇ ਭਾਈਚਾਰੇ ਨੂੰ ਵਧਾਉਣ ਅਤੇ ਖੁਸ਼ਹਾਲ ਕਰਨ ਵਾਲੇ ਹਨ। ਜੇ ਕਿਸੇ ਪਾਰਸੀ ਦੇ ਘਰ ਜਾਂ ਕਾਰੋਬਾਰੀ ਸੰਸਥਾਨ ਨੂੰ ਅਚਾਨਕ ਅੱਗ ਲੱਗ ਜਾਵੇ ਜਾਂ ਕੋਈ ਹੋਰ ਭਾਣਾ ਵਰਤ ਜਾਵੇ ਤਾਂ ਅਤੇ ਦੇਖਦਿਆਂ ਹੀ ਦੇਖਦਿਆਂ ਸਭ ਕੁਝ ਸੁਆਹ ਹੋ ਜਾਵੇ ਤਾਂ ਪਾਰਸੀ ਵੀ ਆਪਣੇ ਭਾਈਚਾਰੇ ਦੇ ਇਸ ਵਿਅਕਤੀ ਦਾ ਦੁੱਖ ਵੰਡਾਉਣ ਜਾਂਦੇ ਹਨ ਪਰ ਆਪਣੇ ਹੀ ਵੱਖਰੇ ਅੰਦਾਜ਼ ਨਾਲ। 
ਇੱਕ ਚਿੱਟੀ ਚਾਦਰ ਭੁੰਜੇ ਹੀ ਵਿਛਾ ਲਈ ਜਾਂਦੀ ਹੈ। ਭਾਵੇਂ ਉਹ ਧਰਤੀ ਵੀ ਅੱਗ ਦੀ ਕਰੋਪੀ ਕਾਰਨ ਕਾਲੀ ਹੋਈ ਹੋਵੇ। ਅਫਸੋਸ ਦਾ ਪ੍ਰਗਟਾਵਾ ਕਰਨ ਵਾਲੇ ਸਾਰੇ ਸੱਜਣ ਉਸ ਚਾਦਰ ਤੇ ਬੈਠ ਜਾਂਦੇ ਹਨ। 
ਰਸਮੀ ਅਫਸੋਸ ਤੋਂ ਬਾਅਦ ਪੁੱਛਦੇ ਹਨ ਦੱਸ ਨੁਕਸਾਨ ਕਿੰਨਾ ਹੋਇਆ ਸੀ? ਜੇ ਉਸ ਨੇ ਆਖ  ਦਿੱਤਾ 25 ਕਰੋੜ ਦਾ ਤਾਂ ਕਿਸੇ ਨੇ ਕਿੰਤੂ ਪ੍ਰੰਤੂ ਨਹੀਂ ਕਰਨਾ। ਝੱਟਪੱਟ ਕਹਿਣਾ ਬਸ ਬੇਇਮਿਆਂ ਵਾਲੀ ਰਸਮੀ ਕਾਗਜ਼ੀ ਕਾਰਵਾਈ ਪੂਰੀ ਕਰ ਤੇ 30 ਕਰੋੜ ਲੈ ਜਾ ਭਾਵੇਂ ਵੱਧ ਲਾਇ ਜਾ ਪਰ ਤੇਰਾ ਕਾਰੋਬਾਰ ਪਹਿਲਾਂ ਨਾਲੋਂ ਜ਼ਿਆਦਾ ਸ਼ਾਨੋ ਸ਼ੌਕਤ ਨਾਲ ਛੇਤੀ ਤੋਂ ਛੇਤੀ ਖੜਾ ਹੋਵੇ। ਕਿਸੇ ਅੱਗੇ ਮਿੰਨਤਾਂ ਨਹੀਂ ਕਰਨੀਆਂ, ਕੋਈ ਰੋਣਾ ਨਹੀਂ ਰੋਣਾ ਅਤੇ ਕਿਸਮਤ ਨਹੀਂ ਕੋਸਣਾ। ਜਦੋਂ ਵੀ ਦੋ ਸਾਲ, ਪੰਜ ਸਾਲ ਜਾਂ ਦਸ ਸਾਲ ਮਗਰੋਂ ਉਸਦਾ ਕਾਰੋਬਾਰ ਫਿਰ ਚੱਲ ਪੈਂਦਾ ਹੈ ਤਾਂ ਉਹ ਇੱਕ ਵਾਰ ਫਿਰ ਆਪਣੀ ਉਸ ਸੰਸਥਾ ਦੇ ਦਫਤਰ ਜਾਂਦਾ ਹੈ। ਨਿਮਾਣਿਆਂ ਵਾਂਗ ਹੇਠ ਜੋੜ ਕੇ ਦੋਬਾਰਾ ਧੰਨਵਾਦ ਕਰਦਾ ਹੈ ਅਤੇ ਜਿੰਨੀ ਰਕਮ ਉਸਨੇ ਅੱਗ ਲੱਗਣ ਵੇਲੇ ਲਈ ਹੁੰਦੀ ਹੈ ਉਸਤੋਂ ਕਿਤੇ ਵੱਧ ਰਕਮ ਵਾਪਿਸ ਮੋੜ ਜਾਂਦਾ ਹੈ। ਇਸ ਤਰ੍ਹਾਂ ਇਹ ਸਾਂਝਾ ਖਜ਼ਾਨਾ ਵਧਦਾ ਫੁੱਲਦਾ ਰਹਿੰਦਾ ਹੈ। ਕਦੇ ਤੋਟ ਨਹੀਂ ਆਉਂਦੀ। ਲੁਧਿਆਣਾ ਵਿੱਚ ਵੱਸਦੇ ਇਸ ਸੱਜਣ ਦਾ ਧਾਰਮਿਕ ਅਕੀਦਾ ਰਾਧਾ ਸੁਆਮੀਆਂ ਨਾਲ ਸਬੰਧਤ ਹੈ ਅਤੇ ਉਸਦੇ ਕਾਰੋਬਾਰੀ ਦਫਤਰ ਘੰਟਾ ਘਰ ਅਤੇ ਸ਼ਿਗਾਰ ਸਿਨੇਮਾ ਰੋਡ ਆਦਿ ਕਈ ਥਾਂਵਾਂ ਤੇ ਫੈਲੇ ਹੋਏ ਹਨ। ਇਸ ਅਦਾਰੇ ਵਿੱਚ ਜੇ ਕਿਸੇ ਪੁਰਾਣੇ ਬਜ਼ੁਰਗ ਮੁਲਾਜ਼ਮ ਦੀ ਮੌਤ ਹੋ ਜਾਵੇ ਤਾਂ ਉਸਦੀ ਔਲਾਦ ਨੂੰ ਝੱਟਪੱਟ ਨੌਕਰੀ ਤੇ ਰੱਖ ਲਿਆ ਜਾਂਦਾ ਹੈ। ਇਹ ਸਾਰੀਆਂ ਗੱਲਾਂ ਯਾਦ ਆਈਆਂ ਹਨ ਠਾਕੁਰ ਦਲੀਪ ਸਿੰਘ ਜੀ ਦੇ ਉਸ ਬਚਨ ਤੋਂ ਜਿਸਦੀ ਪੁਸ਼ਟੀ ਸਿੱਖ ਪੰਥ ਦੇ ਇੱਕ ਮਹਾਨ ਵਿਦਵਾਨ ਨੇ ਹਾਲ ਹੀ ਵਿੱਚ ਕੀਤੀ ਹੈ। 
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਦੇ ਸਿੱਖਾਂ ਵੱਲੋਂ ਕੀਤੇ ਜਾਂਦੇ ਦਾਨ ਪ੍ਰਤੀ ਪ੍ਰਗਟ ਕੀਤੇ ਵਿਚਾਰਾਂ ਦੀ ਪ੍ਰੋੜਤਾ ਕੀਤੀ ਹੈ। ਜ਼ਿਕਰਯੋਗ ਹੈ ਕਿ ਠਾਕੁਰ ਦਲੀਪ ਸਿੰਘ ਜੀ ਨੇ ਆਪਣੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਹੈ ਕਿ ਗੁਰਬਾਣੀ ਅਨੁਸਾਰ ਸਿੱਖਾਂ ਦਾ ਦਾਨ ਕੇਵਲ ਸਿੱਖਾਂ ਲਈ ਹੋਣਾ ਚਾਹੀਦਾ ਹੈ। ਉਨ੍ਹਾਂ “ਸ੍ਰੀ ਦਸਮ ਗ੍ਰੰਥ ” ਦੇ ਹਵਾਲੇ ਨਾਲ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਗ੍ਰੰਥ ਵਿਚ ਲਿਖਿਆ ਹੈ ਕਿ ਸਿੱਖਾਂ ਵੱਲੋਂ ਸਿੱਖਾਂ ਨੂੰ ਕੀਤਾ ਗਿਆ ਦਾਨ ਹੀ ਉਨ੍ਹਾਂ ਨੂੰ ਚੰਗਾ ਲੱਗਦਾ ਹੈ। ਗੁਰਸਿੱਖ ਨੂੰ ਦਿੱਤਾ ਦਾਨ ਹੀ ਅੱਗੇ ਜਾ ਕੇ ਪ੍ਰਲੋਕ ਵਿਚ ਫਲੇਗਾ ਅਤੇ ਗ਼ੈਰ ਸਿੱਖਾਂ ਨੂੰ ਦਿੱਤਾ ਦਾਨ ਨਿਹਫਲ ਹੋਵੇਗਾ।
ਡਾ. ਸਰਬਜਿੰਦਰ ਸਿੰਘ ਨੇ ਕਿਹਾ ਹੈ ਕਿ ਠਾਕੁਰ ਦਲੀਪ ਸਿੰਘ ਜੀ ਦੀ ਇਹ ਵੀਡੀਓ ਧੁਰ ਅੰਦਰ ਤੱਕ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਜੇਕਰ ਸਿੱਖਾਂ ਦੇ ਘਰ ਵਿਚ ਗੁਰਬਤ ਹੈ, ਹਨੇਰਾ ਹੈ, ਭੁੱਖਮਰੀ ਹੈ, ਦਾਣੇ ਦਾਣੇ ਦੀ ਮੁਹਥਾਜੀ ਹੈ, ਪੀੜਾ ਹੈ, ਵਿਰਲਾਪ ਹੈ ਅਤੇ ਅਜਿਹੇ ਹਾਲਾਤ ਵਿਚ ਸਿੱਖਾਂ ਨੇ ਆਪਣੇ ਗਰੀਬ ਸਿੱਖ ਭਾਈਚਾਰੇ ਬਾਰੇ ਨਹੀਂ ਸੋਚਣਾ ਤਾਂ ਫਿਰ ਇਸਾਈ, ਮੁਸਾਈ ਅਤੇ ਹਿੰਦਾਈ ਉਨ੍ਹਾਂ ਗਰੀਬ ਸਿੱਖਾਂ ਨੂੰ ਰੋਟੀ ਦਾ ਲਾਲਚ ਦੇ ਕੇ ਆਪਣੇ ਵੱਲ ਖਿੱਚ ਹੀ ਲੈਣਗੇ। ਅਜਿਹਾ ਹੋਣ ਮਗਰੋਂ ਸਿੱਖਾਂ ਵੱਲੋਂ ਕੀਤੇ ਗ਼ਿਲੇ ਸ਼ਿਕਵੇ ਜਾਂ ਸ਼ਿਕਾਇਤਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਹ ਨਾ ਹੋਵੇ ਕਿ ਸਿੱਖ ਸਰਬੱਤ ਵੱਲ ਵੇਖਦੇ ਰਹਿ ਜਾਣ ਅਤੇ ਸਿੱਖਾਂ ਦੇ ਆਪਣੇ ਘਰ ਨੂੰ ਚੋਰ ਸੰਨ੍ਹ ਲਾ ਲੈਣ। 
ਉਨ੍ਹਾਂ ਕਿਹਾ ਕਿ “ਅਕਲੀ ਕੀਚੈ ਦਾਨ” ਦੇ ਮਹਾਂਵਾਕ ਨੂੰ ਭੁੱਲ ਭੁਲਾ ਕੇ ਜੇ ਕੁਝ ਕਰੋਗੇ ਤਾਂ ਮੂਲੋਂ ਹੀ ਨਿਰਾਰਥਕ ਹੋਵੇਗਾ। ਹੁਣ ਸੋਚਣ ਦਾ ਵੇਲਾ ਹੈ, ਜੇਕਰ ਨਾ ਸੋਚਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਵੱਲੋਂ ਬੇਮੁਖ ਹੋ ਜਾਣਗੇ ਅਤੇ ਜੇਕਰ ਗੁਰੂ ਨਾਨਕ ਜੀ ਨੇ ਸਾਡੀਆਂ ਕੋਤਾਹੀਆਂ ਨੂੰ ਵੇਖ ਕੇ ਸਾਡੇ ਵੱਲੋਂ ਮੁੱਖ ਮੋੜ ਲਿਆ ਤਾਂ ਸਾਡੇ ਪੱਲੇ ਕੁਝ ਨਹੀਂ ਰਹਿਣਾ। ਉਨ੍ਹਾਂ ਸਿੱਖ ਕੌਮ ਲਈ “ਦੀਜੈ ਬੁਧਿ ਬਿਬੇਕਾ” ਦੀ ਅਰਦਾਸ ਕਰਦਿਆਂ ਕਿਹਾ ਹੈ ਕਿ ਸਿੱਖਾਂ ਲਈ ਬੁਧਿ ਬਿਬੇਕ ਦੀ ਲੋੜ ਹੈ।

No comments: