10th July 2021 at 11:34 AM
ਸੰਯੁਕਤ ਕਿਸਾਨ ਮੋਰਚੇ ਵੱਲੋਂ ਨਵੀਂ ਤਿਆਰੀ ਜ਼ੋਰਾਂ ਤੇ
ਲੁਧਿਆਣਾ: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਗੱਲ ਹੱਕ ਦੀ ਹੋਵੇ ਤਾਂ ਵੀ ਨਿਸ਼ਾਨੇ ਤੇ ਖੱਬੇ ਪੱਖੀ। ਗੱਲ ਸੱਚ ਦੀ ਹੋਵੇ ਤਾਂ ਵੀ ਨਿਸ਼ਾਨੇ ਤੇ ਖੱਬੇ ਪੱਖੀ। ਇਹ ਸੋਚ ਸੱਤਾ ਦੀ ਸੋਚ ਬਣ ਗਈ ਹੈ। ਹੁਣ ਕਿਸਾਨ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਹਨ ਤਾਂ ਉਦੋਂ ਵੀ ਸੱਤਾ ਦੇ ਨਿਸ਼ਾਨੇ ਤੇ ਖੱਬੇ ਪੱਖੀ ਹੀ ਹਨ। ਜੇ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਮੁੱਦੇ ਨੂੰ ਨਜ਼ਰ ਅੰਦਰ ਕਰਨ ਕਰਾਉਣ ਲਈ ਤਰ੍ਹਾਂ ਤਰ੍ਹਾਂ ਦੇ ਗੈਰ ਕਿਸਾਨੀ ਮੁੱਦੇ ਵੀ ਚੁੱਕ ਰਹੀ ਹੈ ਤਾਂ ਮਾਮਲਾ ਕਿੱਧਰ ਨੂੰ ਜਾ ਰਿਹਾ ਹੈ ਸਮਝਣਾ ਮੁਸ਼ਕਲ ਨਹੀਂ ਹੋਣਾ ਚਾਹੀਦਾ। ਪੰਜਾਬ ਵਿੱਚ ਆਪਣੀ ਹੋਂਦ ਨੂੰ ਬਚਾਓਣ ਲਈ ਸੰਘਰਸ਼ ਕਰ ਰਹੀ ਹੈ ਭਾਜਪਾ ਪਰ ਆਪਣੀ ਅੜੀ ਨਹੀਂ ਛੱਡ ਰਹੀ। ਪੰਜਾਬ ਭਾਜਪਾ ਨੇ ਜਿੰਨੇ ਮੁੱਦੇ ਪੰਜਾਬ ਵਿਚ ਇਹਨਾਂ ਦਿਨਾਂ ਦੌਰਾਨ ਚੁੱਕੇ ਹਨ ਸ਼ਾਇਦ ਪਹਿਲਾਂ ਕਦੇ ਨਹੀਂ ਚੁੱਕੇ ਹੋਣੇ। ਮੋਦੀ ਸਰਕਾਰ ਦੀ ਮਹਿੰਗਾਈ ਅਤੇ ਬੇਰੋਜ਼ਗਾਰ ਵੱਲ ਅੱਖਾਂ ਮੀਚ ਕੇ ਬੈਠੀ ਭਾਜਪਾ ਕਦੇ ਸੀਵਰੇਜ ਦਾ ਮਸਲਾ ਚੁੱਕਦੀ ਹੈ, ਕਦੇ ਪਾਣੀ ਦੇ ਟੈਕਸਾਂ ਦਾ ਤੇ ਕਦੇ ਬਿਜਲੀ ਦਾ। ਚੋਣਾਂ ਦੀ ਜੰਗ ਲੜਨ ਲਈ ਕਿਸਾਨਾਂ ਦੇ ਮੁੱਦੇ ਨੂੰ ਭੁਲਾਉਣ ਵਾਸਤੇ ਬਹੁਤ ਕੁਝ ਕੀਤਾ ਜਾ ਰਿਹਾ ਹੈ ਭਾਜਪਾ ਵੱਲੋਂ। ਗੱਲ ਫਿਰ ਵੀ ਬਣਦੀ ਨਜ਼ਰ ਨਹੀਂ ਆ ਰਹੀ। ਨਾ ਕਿਸਾਨ ਸੰਘਰਸ਼ ਮੱਥਾ ਪਾ ਰਿਹਾ ਹੈ ਤੇ ਨਾ ਹੀ ਲੋਕਾਂ ਦੀ ਆਪ ਮੁਹਾਰੇ ਕਿਸਾਨਾਂ ਨਾਲ ਹਮਦਰਦੀ ਦੀ ਲਹਿਰ ਰੁਕ ਰਹੀ ਹੈ।
ਗੱਲ ਸਿਰਫ ਸੱਤਾ ਪੱਖ ਦੀ ਵੀ ਨਹੀਂ। ਅਪੋਜੀਸ਼ਨ ਵਾਲੇ ਵੀ ਚੋਣਾਂ ਚੋਣਾਂ ਖੇਡਣ ਲੱਗੇ ਹੋਏ ਹਨ। ਇਰਾਦੇ ਉਹਨਾਂ ਦੇ ਵੀ ਕਿਸਾਨਾਂ ਦੇ ਮੁੱਦੇ ਨੂੰ ਭੁਲਾ ਕੇ ਆਪਣੀ ਹੋਂਦ ਦਰਸਾਉਣਾ ਵਾਲੇ ਹੀ ਹੋ ਗਏ ਹਨ। ਬਹਾਨਾ ਕਦੇ ਕੇਜਰੀਵਾਲ ਬਣ ਜਾਂਦਾ ਹੈ, ਕਦੇ ਸਿੱਧੂ, ਕਦੇ ਬੈਂਸ ਤੇ ਕਦੇ ਕੁਝ ਹੋਰ।
ਇਸੇ ਦੌਰਾਨ ਆਲ ਇੰਡੀਆ ਕਿਸਾਨ ਸਭਾ (ਪੰਜਾਬ) ਦੀ ਇਕ ਹੰਗਾਮੀ ਮੀਟਿੰਗ ਅੱਜ ਲੁਧਿਆਣਾ ਸਥਿੱਤ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਕਾਰਜਕਾਰੀ ਸੂਬਾ ਪ੍ਰਧਾਨ ਕਾਮਰੇਡ ਬਲਕਰਨ ਬਰਾੜ ਨੇ ਕੀਤੀ।
ਮੀਟਿੰਗ ਦੇ ਸ਼ੁਰੂ ਵਿੱਚ ਦੋ ਮਿੰਟ ਦਾ ਮੌਨ ਰੱਖ ਕੇ ਪਿਛਲੇ ਸਮੇਂ ਵਿੱਚ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਸਾਥੀ ਅਤੇ ਫਾਦਰ ਸਟੈਨ ਸਵਾਮੀ ਉੱਘੇ ਅਦਾਕਾਰ ਦਲੀਪ ਕੁਮਾਰ ਮਿਲਖਾ ਸਿੰਘ ਅਤੇ ਉਨ੍ਹਾਂ ਦੀ ਪਤਨੀ ਅਤੇ ਕਿਸਾਨ ਸਭਾ ਦੇ ਹੋਰ ਸਾਥੀਆਂ ਦੇ ਵਿਛੋੜੇ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।
ਸਾਰੇ ਜ਼ਿਲ੍ਹਿਆਂ ਤੋਂ ਕਿਸਾਨ ਸਭਾ ਦੇ ਆਗੂ ਸਾਥੀਆਂ ਨੇ ਇਸ ਮੀਟਿੰਗ ਵਿਚ ਸ਼ਿਰਕਤ ਕੀਤੀ। ਜਨਰਲ ਸਕੱਤਰ ਸਾਥੀ ਬਲਦੇਵ ਸਿੰਘ ਨਿਹਾਲਗੜ੍ਹ ਨੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲ ਰਹੇ ਅੰਦੋਲਨ ਬਾਰੇ ਬਹੁਤ ਹੀ ਵਿਸਥਾਰ ਨਾਲ ਦੱਸਿਆ ਅਤੇ ਆਉਣ ਵਾਲੇ ਪ੍ਰੋਗਰਾਮ ਬਾਰੇ ਵੀ ਵਿਚਾਰ ਚਰਚਾ ਹੋਈ। ਜਥੇਬੰਦੀ ਵੱਲੋਂ ਪੂਰੀ ਤਨਦੇਹੀ ਨਾਲ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲ ਕਰਨ ਦਾ ਅਹਿਦ ਲਿਆ ਗਿਆ।
ਮੀਟਿੰਗ ਵਿੱਚ ਦੱਸਿਆ ਗਿਆ ਕਿ 17 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੂੰ ਚੇਤਾਵਨੀ ਪੱਤਰ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਕਿਹਾ ਜਾਵੇਗਾ ਕਿ ਉਹ ਕਿਸੇ ਵੀ ਹਾਲਤ ਵਿੱਚ ਸੰਸਦ ਦਾ ਬਾਈਕਾਟ ਨਾ ਕਰਨ ਅਤੇ ਸੰਸਦ ਦੇ ਅੰਦਰ ਇਹਨਾਂ ਤਿੰਨੇ ਕਾਲੇ ਕਾਨੂੰਨਾਂ ਦੀ ਵਿਰੋਧਤਾ ਕਰਨ। ਇਸਦੇ ਨਾਲ ਹੀ ਐਮ ਐਸ ਪੀ ਬਾਰੇ ਕਾਨੂੰਨ ਬਣਾਉਣ ਦੀ ਮੰਗ ਕਰਨ ਅਤੇ ਜ਼ੋਰਦਾਰ ਢੰਗ ਨਾਲ ਕਰਨ।
ਇਸ ਤੋਂ ਇਲਾਵਾ ਬਿਜਲੀ ਬਿੱਲ 2020 ਅਤੇ ਦਿੱਲੀ ਅਤੇ ਇਸ ਦੇ ਆਲੇ ਦੁਆਲੇ ਲਈ ਪਰਾਲੀ ਦੇ ਬਿਲ ਦੀ ਵਿਰੋਧਤਾ ਕਰਨ। ਜ਼ਿਕਰਯੋਗ ਹੈ ਕਿ 19 ਜੁਲਾਈ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਸੈਸ਼ਨ ਦੌਰਾਨ ਪਾਰਲੀਮੈਂਟ ਵੱਲ ਮਾਰਚ ਵੀ ਕੀਤਾ ਜਾਵੇਗਾ। ਪਹਿਲਾ ਜਥਾ 22 ਜੁਲਾਈ ਨੂੰ ਮਾਰਚ ਕਰੇਗਾ ਅਤੇ ਧਰਨੇ ਤੇ ਬੈਠੇਗਾ।
ਇਸ ਦੇ ਨਾਲ ਹੀ ਹਰ ਰੋਜ਼ ਜੱਥੇ ਵੱਖ ਵੱਖ ਬਾਰਡਰਾਂ ਤੋਂ ਸੰਸਦ ਵੱਲ ਮਾਰਚ ਕਰਨਗੇ। ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਕਿਸਾਨ ਆਗੂਆਂ ਨੇ ਪੂਰੇ ਜੋਸ਼ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ਵਿਚ ਆਪਣੇ ਜਿਲ੍ਹੇ ਵੱਲੋਂ ਪੂਰੇ ਜ਼ਾਬਤੇ ਵਿੱਚ ਰਹਿ ਕੇ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ।
ਮੀਟਿੰਗ ਨੂੰ ਏਟਕ ਦੇ ਪ੍ਰਧਾਨ ਸਾਥੀ ਬੰਤ ਬਰਾੜ, ਕਿਸਾਨ ਆਗੂ ਸਾਥੀ ਹਰਦੇਵ ਅਰਸ਼ੀ, ਖੇਤ ਮਜ਼ਦੂਰ ਸਭਾ ਦੇ ਆਲ ਇੰਡੀਆ ਜਨਰਲ ਸਕੱਤਰ ਸਾਥੀ ਗੁਲਜ਼ਾਰ ਗੋਰੀਆ ਤੋਂ ਇਲਾਵਾ ਬਹੁਤ ਸਾਰੇ ਸਾਥੀਆਂ ਨੇ ਸੰਬੋਧਨ ਕੀਤਾ। ਸਾਥੀ ਬਲਕਰਨ ਬਰਾੜ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।
ਹੁਣ ਦੇਖਣਾ ਹੈ ਕਿ ਚੁੱਪੀ ਤੋੜੋ ਜਾਂ ਕੁਰਸੀ ਛੋੜੋ ਦੇ ਇਸ ਮਰਦੇ ਦਾ ਕਿ ਅਸਰ ਪੈਂਦਾ ਹੈ। ਚੂਪ ਰਹਿਣਾ ਸਿੱਖ ਗਏ ਲੋਕ ਹੁਣ ਵੀ ਬੋਲਦੇ ਹਨ ਜਾਂ ਨਹੀਂ? ਕਿ ਉਹ ਵੀ ਆਪੋ ਆਪਣੇ ਸੰਸਦ ਮੈਂਬਰਾਂ ਨੂੰ ਇਹੀ ਨਾਅਰਾ ਯਾਦ ਦੁਆਉਣਗੇ? ਇਸ ਮਕਸਦ ਲਈ ਘਰਾਂ ਤੋਂ ਬਾਹਰ ਨਿਕਲਣਗੇ?
No comments:
Post a Comment