Tuesday, June 29, 2021

ਕੇਜਰੀਵਾਲ ਦੀ ਪਹਿਲੀ ਗਰੰਟੀ//300 ਯੂਨਿਟ ਮੁਫ਼ਤ ਬਿਜਲੀ ਹਰ ਮਹੀਨੇ

 Tuesday: 29th June 2021 at  6:11 pm

ਕੇਜਰੀਵਾਲ ਦੀ ਗਰੰਟੀ ਹੈ, ਕੈਪਟਨ ਦੇ ਝੂਠੇ ਵਾਅਦੇ ਨਹੀਂ:ਅਰਵਿੰਦ

ਚੰਡੀਗੜ੍ਹ: 29 ਜੂਨ 2021: (ਪੰਜਾਬ ਸਕਰੀਨ ਬਿਊਰੋ)::

ਮਹਿੰਗਾਈ ਦੇ ਝੰਬੇ ਹੋਏ ਲੋਕਾਂ ਦਾ ਜੰਗਲ ਵਿੱਚ ਜਾ ਕੇ ਵੀ ਨਹੀਂ ਸਰਦਾ। ਸਨਿਆਸ ਵਰਗੇ ਕੱਪੜੇ ਪਾ ਕੇ ਕੋਈ ਡੇਰਾ ਵੀ ਨਹੀਂ ਬਣਾ ਹੁੰਦਾ। ਵੋਟਾਂ ਵਾਲਾ ਮਾਮਲਾ ਹਰ ਵਾਰ ਮਿਰਗ ਤ੍ਰਿਸ਼ਨਾ ਹੀ ਸਾਬਿਤ ਹੁੰਦਾ ਹੈ। ਇਸ ਦੇ ਬਾਵਜੂਦ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਲੋਕਾਂ ਵਿੱਚ ਇੱਛਾਵਾਂ, ਲੋੜਾਂ ਅਤੇ ਮੰਗਾਂ ਜਾਗ ਪੈਂਦੀਆਂ ਹਨ। ਉਹਨਾਂ ਨੂੰ ਲੱਗਦਾ ਹੈ ਸ਼ਾਇਦ ਇਸ ਵਾਰ ਜ਼ਰੂਰੁ ਕੁਝ ਸੰਵਰ ਜਾਏਗਾ। ਇਥੋਂ ਦੀਆਂ ਵੱਡਿਆਂ ਲੋੜਾਂ ਵਿੱਚੋਂ ਬਿਜਲੀ ਵੀ ਇੱਕ ਹੈ ਜਿਸ ਬਿਨਾ ਸਰਦਾ ਹੀ ਨਹੀਂ। ਇਸ ਸਾਰੀ ਸਥਿਊਟੀ ਨੂੰ ਭਾਂਪਦਿਆਂ ਕੇਜਰੀਵਾਲ ਨੇ ਪੰਜਾਬ ਦੇ ਸਾਰੇ ਵਰਗਾਂ ਲਈ 300 ਯੂਨਿਟ ਪ੍ਰਤੀ ਮਹੀਨੇ ਮੁਫਤ ਬਿਜਲੀ ਦਾ ਦੇਣ ਐਲਾਨ ਕੀਤਾ ਹੈ। ਖੁਦਕੁਸ਼ੀਆਂ ਦੀ ਹਨੇਰੀ ਝੱਲਣ ਵਾਲੇ ਪੰਜਾਬ ਲਈ ਇਹ ਐਲਾਨ ਕਾਫੀ ਅਹਿਮ ਹੋ ਸਕਦਾ ਹੈ। 

ਇਸਦੇ ਨਾਲ ਹੀ ਕੁਝ ਹੋਰ ਨਿੱਕੇ ਮੋਟੇ ਐਲਾਨ ਵੀ ਕੀਤੇ ਗਏ ਹਨ। ਸਾਰੇ ਪੁਰਾਣੇ ਬਿਲ ਅਤੇ ਪਹਿਲਾਂ ਦੀਆਂ ਦੇਣਦਾਰੀਆਂ ਆਪ ਦੀ ਸਰਕਾਰ ਆਉਣ ਤੇ ਮਾਫ ਕੀਤੀਆਂ ਜਾਣਗੀਆਂ। ਵਾਅਦਾ ਇਹ ਵੀ ਕਿ ਪੰਜਾਬ ਦੇ ਵਸਨੀਕਾਂ ਲਈ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਏਗੀ। 

ਨਾਲ ਹੀ ਇਹ ਵੀ ਕਿਹਾ ਹੈ ਕਿ ਪੰਜਾਬ ਵਿੱਚ ਚੱਲ ਰਹੀਆਂ ਮੌਜੂਦਾ ਬਿਜਲੀ ਸਕੀਮਾਂ ਉਸੇ ਤਰ੍ਹਾਂ ਜਾਰੀ ਰਹਿਣਗੀਆਂ। 

ਸਪਸ਼ਟ ਕਰਦਿਆਂ ਕਿਹਾ ਗਿਆ ਹੈ ਕਿ 200 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਾਪਤ ਕਰ ਰਹੇ ਪਰਿਵਾਰ ਹੁਣ 300 ਯੂਨਿਟ ਪ੍ਰਤੀ ਮਹੀਨਾ ਕਰਨਗੇ ਪ੍ਰਾਪਤ, ਸਿਰਫ ਉਸ ਤੋਂ ਵੱਧ ਯੂਨਿਟਾਂ ਦਾ ਹੀ ਬਿਲ ਲਿਆ ਜਾਇਆ ਕਰੇਗਾ। 

ਜ਼ਿਕਰਯੋਗ ਹੈ ਕਿ ਮਹਿੰਗੀ ਬਿਜਲੀ ਦੇ ਮਾਮਲੇ ਵਿੱਚ ਰਾਹਤ ਦੇਣ ਦਾ ਵਾਅਦਾ ਕਾਂਗਰਸ ਸਰਕਾਰ ਦੇ ਸੂਬਾਈ ਮੁਖੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਵੀ ਚੋਣਾਂ ਦੌਰਾਨ ਕੀਤਾ ਸੀ। 
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਪੰਜਾਬੀਆਂ  ਦੀ ਆਰਥਿਕ ਖੁਸ਼ਹਾਲੀ ਦਾ ਮੰਤਰ ਦਿੰਦਿਆਂ ਆਪ ਵੱਲੋਂ ਪਹਿਲੀ  'ਗਾਰੰਟੀ' ਦਾ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸੂਬੇ ਦੇ ਹਰੇਕ ਪਰਿਵਾਰ ਨੂੰ 24 ਘੰਟੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇਗੀ ਅਤੇ ਪੁਰਾਣੇ ਬਿਜਲੀ ਦੇ ਰਹਿੰਦੇ ਬਿੱਲ ਵੀ ਮੁਆਫ ਕੀਤੇ ਜਾਣਗੇ। 
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਦੋ ਸੌ ਯੂਨਿਟ ਮੁਫਤ ਬਿਜਲੀ ਪ੍ਰਾਪਤ ਕਰ ਰਹੇ ਐੱਸ ਸੀ, ਬੀ ਸੀ, ਆਜ਼ਾਦੀ ਘੁਲਾਟੀਏ ਆਦਿ ਵਰਗ ਹੁਣ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਪ੍ਰਾਪਤ ਕਰ ਸਕਣਗੇ। ਇਸ ਦੇ ਨਾਲ ਹੀ ਬਿਜਲੀ ਬਿੱਲ ਨਾ ਭਰਨ ਕਰਕੇ ਕੱਟੇ ਗਏ ਬਿਜਲੀ ਕੁਨੈਕਸਨਾਂ ਨੂੰ ਮੁੜ ਜੋੜ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਵਿਸਵਾਸ ਦਿਵਾਉਂਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਪਹਿਲੀ ਹੀ ਕਲਮ ਦੇ ਨਾਲ ਪਹਿਲੀ ਗਰੰਟੀ ਦੇ ਐਲਾਨਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਸਮੇਂ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਤੇ ਵਿਧਾਇਕ ਰਾਘਵ ਚੱਢਾ, ਸਾਬਕਾ ਆਈ.ਜੀ ਪੰਜਾਬ ਕੁੰਵਰ ਵਿਜੈ ਪ੍ਰਤਾਪ ਹਾਜਰ ਸਨ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਦਾ ਪੰਜਾਬ ਆਉਣ 'ਤੇ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦੇਣ ਲਈ ਆਏ ਹਨ, ਕਿ 2022 ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਨ 'ਤੇ ਪੰਜਾਬ 'ਚ ਇਹ ਕੰਮ ਜ਼ਰੂਰ ਕੀਤੇ ਜਾਣਗੇ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਦਿੱਤੀ ਗਈ ਗਰੰਟੀ ਲਈ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਅਤੇ ਵਰਕਰ ਸਿਰਜੋੜ ਕੇ ਕੰਮ ਕਰਨਗੇ।
ਮੰਗਲਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਰਾਹੀਂ ਪੰਜਾਬ ਦੇ ਲੋਕਾਂ ਅੱਗੇ ਆਪਣੀ ਪਹਿਲੀ ਗਰੰਟੀ ਦਾ ਐਲਾਨ ਕਰਦਿਆਂ ਕਿਹਾ ਕਿ 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸੂਬੇ ਦੇ ਹਰੇਕ ਪਰਿਵਾਰ ਨੂੰ ਬਿਜਲੀ ਦੀਆਂ ਪਹਿਲੀਆਂ 300 ਯੂਨਿਟਾਂ ਮੁਫਤ ਦਿੱਤੀਆਂ ਜਾਣਗੀਆਂ, ਪਰ ਕਿਸੇ ਯੋਜਨਾ ਦਾ ਲਾਭਪਾਤਰੀ ਨਾ ਹੋਣ 'ਤੇ 300 ਤੋਂ ਵੱਧ ਯੂਨਿਟਾਂ ਦੀ ਖਪਤ 'ਤੇ ਪੂਰਾ ਬਿੱਲ ਵਸੂਲ ਕੀਤਾ ਜਾਵੇਗਾ। ਉੁਨ੍ਹਾਂ ਸਪਸਟ ਕੀਤਾ ਕਿ ਪੰਜਾਬ ਵਿੱਚ 200 ਯੂਨਿਟਾਂ ਦੀ ਮੁਆਫੀ ਦਾ ਲਾਭ ਲੈਣ ਵਾਲੇ ਪਰਿਵਾਰਾਂ ਨੂੰ 300 ਯੂਨਿਟਾਂ ਮੁਫਤ ਦਿੱਤੀਆਂ ਜਾਣਗੀਆਂ, ਜੇਕਰ 300 ਯੂਨਿਟਾਂ ਤੋਂ ਵੱਧ ਦੀ ਖਪਤ ਹੋ ਜਾਂਦੀ ਹੈ ਤਾਂ ਕੇਵਲ ਵਾਧੂ ਯੂਨਿਟਾਂ ਦਾ ਹੀ ਬਿੱਲ ਵਸੂਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਦੀ ਗਰੰਟੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦੇ ਨਹੀ, ਜੋ ਪੂਰੇ ਹੀ ਨਾ ਹੋਣ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਭਰ 24 ਘੰਟੇ ਬਿਜਲੀ ਦੇਣ ਲਈ ਸਪਲਾਈ ਵਿਵਸਥਾ ਠੀਕ ਕੀਤੀ ਜਾਵੇਗੀ, ਜਿਸ ਦੇ ਲਈ 3 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਹਿਲੀ ਗਰੰਟੀ ਲਾਗੂ ਹੋ ਜਾਣ ਨਾਲ ਪੰਜਾਬ ਦੇ 80 ਫੀਸਦੀ ਲੋਕਾਂ ਨੂੰ ਬਿਜਲੀ ਦੇ ਭਾਰੀ ਬਿੱਲਾਂ ਤੋਂ ਛੁਟਕਾਰਾ ਮਿਲੇਗਾ । ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬ ਬਿਜਲੀ ਉਤਪਾਦਨ ਕਰਨ ਵਾਲਾ ਸੂਬਾ ਹੈ, ਪਰ ਇੱਥੇ ਹੋਰਨਾਂ ਰਾਜਾਂ ਨਾਲੋਂ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ। ਇੱਕ ਪੱਖੇ ਅਤੇ ਦੋ ਬੱਲਬਾਂ ਵਾਲੇ ਪਰਿਵਾਰ ਨੂੰ 50 ਹਜਾਰ 9 ਸੌ ਰੁਪਿਆਂ ਦਾ ਬਿਜਲੀ ਬਿੱਲ ਭਰਨਾ ਪੈਂਦਾ ਹੈ, ਜਦੋਂ ਕਿ ਆਮ ਆਦਮੀ ਦੀ ਦਿੱਲੀ ਸਰਕਾਰ ਬਿਜਲੀ ਖਰੀਦ ਕੇ ਵੀ ਸਭ ਤੋਂ ਸਸਤੀ ਅਤੇ ਮੁਫਤ ਬਿਜਲੀ ਦੇ ਰਹੀ ਹੈ।
ਕੇਜਰੀਵਾਲ ਨੇ ਪੰਜਾਬ ਦੇ ਸੱਤਾਧਾਰੀਆਂ ਅਤੇ ਬਿਜਲੀ ਕੰਪਨੀਆਂ ਵਿਚਕਾਰ ਮਿਲੀਭੁਗਤ ਹੋਣ ਦਾ ਦੋਸ ਲਾਉਂਦਿਆਂ ਕਿਹਾ ਕਿ ਬਿਜਲੀ ਪੈਦਾ ਕਰਨ ਵਾਲਾ ਸੂਬਾ ਹੋਣ ਦੇ ਬਾਵਜੂਦ ਪੰਜਾਬ ਵਾਸੀਆਂ ਨੂੰ ਮਹਿੰਗੀ ਬਿਜਲੀ ਖਰੀਦਣੀ ਪੈ ਰਹੀ ਹੈ। ਇਹੋ ਹਾਲ ਪਹਿਲਾਂ ਦਿੱਲੀ ਰਾਜ ਵਿੱਚ ਸੀ। ਜਦੋਂ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਸਰਕਾਰ ਬਣੀ ਤਾਂ ਉਥੇ ਬਿਜਲੀ ਕੰਪਨੀਆਂ ਦੇ ਕੰਮਾਂ ਅਤੇ ਖਾਤਿਆਂ ਦੀ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਬਿਜਲੀ ਕੰਪਨੀਆਂ ਦੀ ਸੱਤਾਧਾਰੀਆਂ ਨਾਲ ਮਿਲੀਭੁਗਤ ਨੂੰ ਬੰਦ ਕਰ ਦਿੱਤਾ ਗਿਆ ਅਤੇ ਦਿੱਲੀ ਵਾਸੀਆਂ ਨੂੰ ਮੁਫਤ ਬਿਜਲੀ ਦੇਣ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੈਸੇ ਦੀ ਕੋਈ ਘਾਟ ਨਹੀਂ ਹੈ, ਪਰ ਇੱਥੇ ਮਾਫੀਆ ਰਾਜ ਹੋਣ ਕਾਰਨ ਆਮ ਲੋਕ ਗਰੀਬ ਹੁੰਦੇ ਜਾ ਰਹੇ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ, ਸੀਨੀਅਰ ਆਗੂ ਅਤੇ ਜਿਲਾ ਪ੍ਰਧਾਨ ਵੀ ਮੌਜੂਦ ਸਨ।

No comments: