22nd July 2021 at 02:52 PM WhatsApp
ਲੁਧਿਆਣਾ ਭਾਜਪਾ ਨੇ ਕੀਤਾ ਪ੍ਰਧਾਨਮੰਤਰੀ ਮੋਦੀ ਦਾ ਧੰਨਵਾਦ
* ਸਿਹਤ ਮੰਤਰੀ ਮਨਸੁਖ ਮੰਡਵੀਆ ਦਾ ਵੀ ਧੰਨਵਾਦ ਕੀਤਾ।
* ਮੈਡੀਕਲ ਅੰਡਰਗ੍ਰੈਜੁਏਟ ਕੋਰਸਾਂ ਵਿਚ ਦਾਖਲੇ ਲਈ ਵੀ ਮਿਲੇਗੀ ਸਹੂਲਤ
ਲੁਧਿਆਣਾ: 22 ਜੁਲਾਈ 2021: (ਪੰਜਾਬ ਸਕਰੀਨ ਬਿਊਰੋ)::
ਭਾਰਤੀ ਜਨਤਾ ਪਾਰਟੀ ਨੇ ਕਿਸਾਨ ਅੰਦੋਲਨ ਤੋਂ ਸਥਿਤੀ ਦਾ ਟਾਕਰਾ ਕਰਦਿਆਂ ਨਾ ਸਿਰਫ ਆਪਣੀਆਂ ਜੱਥੇਬੰਦਕ ਸਰਗਰਮੀਆਂ ਵਧਾਈਆਂ ਹਨ ਬਲਕਿ ਨੀਤੀਆਂ ਵਿੱਚ ਵੀ ਕ੍ਰਾਂਤੀਕਾਰੀ ਤਬਦੀਲੀ ਦੀ ਝਲਕ ਦਿਖਾਉਣੀ ਸ਼ੁਰੂ ਕੀਤੀ ਹੈ। ਪਹਿਲਾਂ ਸਿੱਖਾਂ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਨੇੜਤਾ ਵਾਲੀ ਕਿਤਾਬ ਸਿਆਸੀ ਮਾਰਕੀਟ ਵਿੱਚ ਆਈ ਤੇ ਹੁਣ ਪੰਜਾਬੀ ਨੂੰ ਨੀਟ-2021 ਦੀ ਪ੍ਰੀਖਿਆ ਵਿੱਚ ਸ਼ਾਮਲ ਕਰਨਾ ਸਿਆਸੀ ਅਤੇ ਸੱਭਿਆਚਾਰਕ ਦੋਹਾਂ ਮੋਰਚਿਆਂ ਤੇ ਹੀ ਵੱਡਾ ਕਦਮ ਹੈ। ਜਿਸਦਾ ਲਾਹਾ ਲੈਣ ਲਈ ਭਾਜਪਾ ਪੂਰਾ ਜ਼ੋਰ ਵੀ ਲਾਵੇਗੀ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਸਿਹਤ ਮੰਤਰੀ ਸ੍ਰੀ ਮਨਸੁਖ ਮੰਡਵੀਆ ਦਾ, ਪਹਿਲੀ ਵਾਰ ਮੈਡੀਕਲ ਗ੍ਰੈਜੂਏਟ ਕੋਰਸ ਨੀਟ 2021 ਵਿੱਚ ਦਾਖਲੇ ਲਈ ਪੰਜਾਬੀ ਭਾਸ਼ਾ ਸ਼ਾਮਲ ਕਰਨ ਲਈ ਧੰਨਵਾਦ ਕੀਤਾ।
ਇਸ ਸਬੰਧੀ ਜਾਣਕਾਰੀ ਦੇਂਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਗਲ ਨੇ ਦੱਸਿਆ ਕਿ ਮੈਡੀਕਲ ਅੰਡਰਗ੍ਰੈਜੁਏਟ ਕੋਰਸ ਵਿੱਚ ਦਾਖਲੇ ਲਈ ਨੀਟ ਦੀ ਪ੍ਰੀਖਿਆ 2021 ਪਹਿਲੀ ਵਾਰ ਪੰਜਾਬੀ ਦੇ ਨਾਲ 13 ਭਾਸ਼ਾਵਾਂ ਵਿੱਚ ਕੀਤੀ ਜਾਏਗੀ। ਇਹ 13 ਭਾਸ਼ਾਵਾਂ ਹਿੰਦੀ, ਅੰਗਰੇਜ਼ੀ, ਉਰਦੂ, ਪੰਜਾਬੀ, ਅਸਾਮੀਆ, ਬੰਗਲਾ, ਉੜੀਆ, ਗੁਜਰਾਤੀ, ਮਰਾਠੀ, ਤੇਲਗੂ, ਮਲਿਆਲਮ, ਕੰਨੜ ਅਤੇ ਤਮਿਲ ਹਨ।
ਇਸਦੇ ਬਾਰੇ ਦੱਸਦਿਆਂ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਂ ਸਿੱਖਿਆ ਨੀਤੀ 2020 ਤਹਿਤ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਲਈ ਲਿਆ ਗਿਆ ਫੈਸਲਾ ਬਹੁਤ ਹੀ ਸ਼ਲਾਘਾ ਯੋਗ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪੇਂਦਰ ਸਿੰਘਲ ਨੇ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਉਹਨਾਂ ਦੱਸਿਆ ਕਿ ਐਤਵਾਰ ਨੂੰ ਭਾਜਪਾ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਹੋ ਰਹੀ ਹੈ, ਜਿਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਣਗੇ ਅਤੇ ਕੋਈ ਵੀ ਰਾਸ਼ਟਰੀ ਭਾਜਪਾ ਨੇਤਾ ਵੀ ਜ਼ਿਲ੍ਹਾ ਕਾਰਜਕਾਰਨੀ ਵਿੱਚ ਸ਼ਾਮਲ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਅਤੇ ਹੋਰ ਸੰਗਠਨ ਭਾਜਪਾ ਨੂੰ ਅਕਸਰ ਪੰਜਾਬੀ ਵਿਰੋਧੀ ਅਤੇ ਸਿੱਖ ਵਿਰੋਧੀ ਹੀ ਪ੍ਰਚਾਰਦੇ ਹਨ। ਅਜਿਹਾ ਪ੍ਰਚਾਰ ਜਨਸੰਘ ਦੇ ਵੇਲੇ ਤੋਂ ਤੁਰਿਆ ਆ ਰਿਹਾ ਹੈ। ਹੁਣ ਭਾਜਪਾ ਇਹਨਾਂ ਦੋਸ਼ਾਂ ਦੇ ਦਾਗਾਂ ਨੂੰ ਧੋਣ ਅਤੇ ਸੈਕੂਲਰ ਛਵੀ ਬਣਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਇਸ ਮਕਸਦ ਲਈ ਭਾਜਪਾ ਦੇ ਵਰਕਰ ਬੂਥ ਪੱਧਰ ਤੱਕ ਹੈ ਕਮਾਨ ਦੀ ਨੀਤੀ ਮੁਤਾਬਿਕ ਸਰਗਰਮ ਹਨ ਦੂਜੇ ਪਾਸੇ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਅਜੇ ਵੀ ਨਿੱਬੜਦਾ ਨਜ਼ਰ ਨਹੀਂ ਆ ਰਿਹਾ।
No comments:
Post a Comment