21st May 2021 at 8:53 PM
ਕੈਦੀਆਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਰਹਿਣ ਸਹਿਣ ਵੀ ਦੇਖਿਆ
ਲੁਧਿਆਣਾ: 21 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਜੇਲ੍ਹਾਂ ਦੀ ਦੁਨੀਆ ਬਿਲਕੁਲ ਹੀ ਵੱਖਰੀ ਹੁੰਦੀ ਹੈ। ਪਰਿਵਾਰ ਤੋਂ ਦੂਰ, ਆਪਣੇ ਆਲੇ ਦੁਆਲੇ ਤੋਂ ਦੂਰ ਇੱਕ ਨਿਸਚਿਤ ਸਜ਼ਾ ਵੱਜੋਂ ਕੱਟਣਾ ਹੁੰਦਾ ਹੈ ਇਹ ਸਮਾਂ। ਇਸਦਾ ਮਕਸਦ ਹੁੰਦਾ ਹੈ ਕਿ ਕੈਦੀ ਅੰਦਰ ਆਪਣੇ ਆਪ ਬਾਰੇ ਆਪਣੇ ਅਪਰਾਧਾਂ ਬਾਰੇ ਕੁਝ ਚੇਤਨਾ ਜਾਗ ਸਕੇ ਅਤੇ ਔਹ ਆਪਣੇ ਕੁਕਰਮਾਂ ਤੇ ਪਛਤਾਵਾ ਕਰ ਸਕੇ। ਇਸ ਤਰ੍ਹਾਂ ਜਦੋਂ ਉਹ ਬਾਹਰ ਨਿਕਲੇ ਤਾਂ ਉਹ ਪੂਰੀ ਤਰ੍ਹਾਂ ਸੁਧਰਿਆ ਹੋਵੇ। ਉਹ ਬਿਲਕੁਲ ਇੱਕ ਨਵਾਂ ਇਨਸਾਨ ਬਣਾ ਕੇ ਸਮਾਜ ਦਾ ਸਾਹਮਣੇ ਆਏ। ਅਜਿਹਾ ਅਜੇ ਪੂਰੀ ਤਰ੍ਹਾਂ ਹੋ ਨਹੀਂ ਪਾ ਰਿਹਾ ਇਹ ਇੱਕ ਵੱਖਰੀ ਗੱਲ ਹੈ। ਇਸਦੇ ਕਈ ਕਾਰਨ ਹਨ ਜਿਹਨਾਂ ਦੀ ਚਰਚਾ ਕਰਨ ਲਈ ਇੱਕ ਵੱਖਰੀ ਵਿਸਥਾਰਤ ਰਿਪੋਰਟ ਦੀ ਲੋੜ ਹੈ। ਪ੍ਰਸਿੱਧ ਲੇਖਿਕਾ ਅੰਮ੍ਰਿਤਾ ਪ੍ਰੀਤਮ ਹੁਰਾਂ ਨੇ ਇਸ ਸਬੰਧੀ ਨਾਗਮਣੀ ਵਿੱਚ ਸਮੇਂ ਸਮੇਂ ਪ੍ਰਕਾਸ਼ਿਤ ਕਈ ਲਿਖਤਾਂ ਵਿੱਚ ਕਈ ਇਸ਼ਾਰੇ ਵੀ ਕੀਤੇ ਸਨ। ਉੱਘੇ ਲੇਖਕ ਮਿੱਤਰ ਸੈਨ ਮੀਤ ਹੁਰਾਂ ਨੇ ਵੀ ਆਪਣੀਆਂ ਕਿਤਾਬਾਂ ਵਿੱਚ ਇਸ ਬਾਰੇ ਗੱਲ ਕੀਤੀ ਹੈ। ਕਈ ਹੋਰ ਲੇਖਕਾਂ ਨੇ ਵੀ ਕਾਫੀ ਕੁਝ ਲਿਖਿਆ ਹੈ। ਇਹਨਾਂ ਲਿਖਤਾਂ ਨੂੰ ਜਦੋਂ ਵੀ ਸਰਕਾਰ ਦੀਆਂ ਸਮਰੱਥ ਸ਼ਖਸੀਅਤਾਂ ਵੱਲੋਂ ਵਿਚਾਰਿਆ ਜਾਵੇਗਾ ਤਾਂ ਬਹੁਤ ਸਾਰੇ ਕਦਮ ਚੁੱਕਣੇ ਸੌਖੇ ਹੋਣਗੇ। ਫਿਲਹਾਲ ਰੂਟੀਨ ਵਿੱਚ ਵੀ ਇਸ ਸਬੰਧੀ ਉਪਰਾਲੇ ਕੀਤੇ ਜਾਂਦੇ ਹਨ।
ਅੱਜ ਮੁਨੀਸ਼ ਸਿੰੰਘਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ ਲੁਧਿਆਣਾ, ਹਰਸਿਮਰਨਜੀਤ ਸਿੰਘ, ਸਿਵਲ ਜੱਜ (ਸੀਨੀਅਰ ਡਿਵੀਜ਼ਨ), ਪ੍ਰਭਜੋਤ ਸਿੰਘ ਕਾਲੇਕਾ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸੁਮਿਤ ਮੱਕੜ, ਚੀਫ ਜੁਡੀਸ਼ੀਅਲ ਮੈਜਿਸਟਰੇਟ, ਲੁਧਿਆਣਾ, ਡਾ. ਕਿਰਨ ਆਹਲੂਵਾਲੀਆ, ਸਿਵਲ ਸਰਜਨ, ਲੁਧਿਆਣਾ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਕੈਦੀਆਂ ਦੀਆਂ ਡਾਕਟਰੀ ਸਹੂਲਤਾਂ ਅਤੇ ਰਹਿਣ-ਸਹਿਣ ਦੀ ਸਥਿਤੀ ਦੀ ਜਾਂਚ ਕਰਨ ਲਈ ਕੇਂਦਰੀ ਜੇਲ੍ਹ, ਲੁਧਿਆਣਾ ਦਾ ਦੌਰਾ ਕੀਤਾ।
ਜ਼ਿਲ੍ਹਾ ਅਤੇ ਸੈਸ਼ਨ ਜੱਜ, ਲੁਧਿਆਣਾ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਨੂੰ ਤੁਰੰਤ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਉਚਿਤ ਨਿਰਦੇਸ਼ ਵੀ ਜਾਰੀ ਕੀਤੇ।
ਜੇਲ੍ਹ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਜਾਰੀ ਕੀਤੀ ਗਈ ਐਸ.ਓ.ਪੀ. ਦੀ ਪਾਲਣਾ ਕਰਨ ਲਈ ਹੋਰ ਨਿਰਦੇਸ਼ ਜਾਰੀ ਕੀਤੇ ਗਏ ਸਨ. ਸੈਸ਼ਨ ਜੱਜ ਨੇ ਜੇਲ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਲੋੜਵੰਦ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਜਾਵੇ। ਸੈਸ਼ਨ ਜੱਜ ਨੇ ਇਹ ਵੀ ਦੱਸਿਆ ਕਿ ਹਰੇਕ ਕੈਦੀ ਮੁਫਤ ਕਾਨੂੰਨੀ ਸਹਾਇਤਾ ਲਈ ਹੱਕਦਾਰ ਹੈ।
ਅਖੀਰ ਵਿੱਚ ਯਾਦ ਆ ਰਹੇ ਹਨ ਜਨਾਬ ਸਾਹਿਰ ਲੁਧਿਆਣਵੀ ਸਾਹਿਬ ਜਿਹਨਾਂ ਕਦੇ ਆਖਿਆ ਸੀ:
ਜੇਲ੍ਹੋਂ ਕੇ ਬਿਨਾ ਜਬ ਦੁਨੀਆ ਕਿ ਸਰਕਾਰ ਚਲਾਈ ਜਾਏਗੀ
ਵੋ ਸੁਬਹ ਕਭੀ ਤੋਂ ਆਏਗੀ, ਵੋ ਸੁਬਹ ਕਭੀ ਤੋਂ ਆਏਗੀ!
No comments:
Post a Comment