ਕਰੀਬ 80 ਲਾਭਪਾਤਰੀਆਂ ਨੇ ਲਗਵਾਈ ਕੋਵਿਡ ਤੋਂ ਬਚਾਓ ਵਾਲੀ ਵੈਕਸਿਨ
ਕੋਵਿਡ ਦਾ ਕਹਿਰ ਜਾਰੀ ਹੈ। ਪੀੜਿਤਾਂ ਦੀ ਗਿਣਤੀ ਵੀ ਹਰ ਰੋਜ਼ ਵੱਧ ਰਹੀ ਹੈ ਅਤੇ ਉਹਨਾਂ ਦੀ ਵੀ ਜਿਹਨਾਂ ਨੂੰ ਕੋਵਿਡ ਨੇ ਨਿਗਲ ਲਿਆ। ਬੁਰੀ ਤਰ੍ਹਾਂ ਭੈਅਭੀਤ ਕਰ ਦੇਣ ਵਾਲੀ ਇਸ ਮੌਜੂਦਾ ਸਥਿਤੀ ਵਿੱਚ ਵੀ ਕੋਵਿਡ ਨਾਲ ਲੜਨ ਵਾਲੇ ਯੋਧਿਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਭਾਰਤ ਨਗਰ ਚੌਂਕ-ਰੱਖ ਬਾਗ ਨੇੜੇ ਸਥਿਤ ਲੜਕੀਆਂ ਦੇ ਸਰਕਾਰੀ ਕਾਲਜ ਵਿਛਕ ਲੱਗੇ ਮੁਫ਼ਤ ਵੈਕਸਨੀਨੇਸ਼ਨ ਕੈਂਪ ਦੌਰਾਨ ਸਰਗਰਮ ਰਹੀ ਟੀਮ ਦੇ ਸਾਰੇ ਮੈਂਬਰਾਂ ਦੇ ਚਿਹਰਿਆਂ ਤੇ ਬਹਾਦਰੀ ਅਤੇ ਉਤਸ਼ਾਹ ਦੀ ਇੱਕ ਝਲਕ ਸੀ। ਕੈਂਪ ਵਿੱਚ ਆਉਣ ਵਾਲੇ ਇੱਛੁਕ ਵਿਅਕਤੀਆਂ ਦੇ ਸ਼ੱਕ ਦੂਰ ਕੀਤੇ ਜਾਂਦੇ ਸਨ। ਅਫਵਾਹਾਂ ਦੀ ਧੁੰਦ ਹਟਾਈ ਜਾਂਦੀ ਸੀ। ਜਦੋਂ ਉੱਥੇ ਪਹੁੰਚਣ ਵਾਲਿਆਂ ਦੇ ਸਾਰੇ ਸ਼ੰਕੇ ਨਿਵਿਰਤ ਹੋ ਜਾਂਦੇ ਸਨ ਉਦੋਂ ਉਹਨਾਂ ਦਾ ਆਧਾਰ ਕਾਰਡ ਦੇਖ ਕੇ ਪਹਿਲਾਂ ਰਜਿਸਟਰੇਸ਼ਨ ਕੀਤੀ ਜਾਂਦੀ ਸੀ ਅਤੇ ਇਸਦੇ ਨਾਲ ਹੀ ਵੈਕਸੀਨੇਸ਼ਨ ਵਾਲਾ ਇੰਜੈਕਸ਼ਨ ਲਗਾ ਦਿੱਤਾ ਜਾਂਦਾ ਸੀ। ਇਸਤੋਂ ਬਾਅਦ ਅੱਧਾ ਕੁ ਘੰਟਾ ਉਹਨਾਂ ਨੂੰ ਅਬਜ਼ਰਵੇਸ਼ਨ ਵਿੱਚ ਵੀ ਰੱਖਿਆ ਜਾਂਦਾ ਤਾਂਕਿ ਜੇ ਕਿਸੇ ਨੂੰ ਘਬਰਾਹਟ ਹੋਵੇ ਜਾਂ ਕੋਈ ਹੋਰ ਸਮੱਸਿਆ ਤਾਂ ਉਸ ਦਾ ਇਲਾਜ ਤੁਰੰਤ ਹੋ ਸਕੇ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਕੌਰ, ਵਾਈਸ ਪ੍ਰਿੰਸੀਪਲ ਡਾਕਟਰ ਕਿਰਪਾਲ ਕੌਰ ਅਤੇ ਕੈਂਪ ਵਿੱਚ ਪੁੱਜੇ ਹੋਏ ਡਾਕਟਰ ਖੁਦ ਸਭਨਾਂ ਨੂੰ ਹੱਲਾ ਸ਼ੇਰੀ ਦੇ ਰਹੇ ਸਨ।
ਹਾਲ ਦੇ ਅੰਦਰ ਇੱਕ ਸੈਮੀਨਾਰ ਵਰਗਾ ਪ੍ਰੋਗਰਾਮ ਵੀ ਚੱਲ ਰਿਹਾ ਸੀ ਜਿਸ ਵਿੱਚ ਆਯੁਰਵੇਦ ਦੇ ਨਾਲ ਜੁੜੇ ਹੋਏ ਡਾਕਟਰ ਅਜੇ ਨਨਚਾਹਲ ਦੱਸ ਰਹੇ ਸਨ ਕਿ ਕਿਸ ਤਰਾਂ ਤੁਲਸੀ, ਹਲਦੀ, ਜਵੈਣ, ਦਾਲਚੀਨੀ, ਲੌਂਗ ਆਦਿ ਵਰਗੀਆਂ 18 ਚੀਜ਼ਾਂ ਨੂੰ ਰਲਾ ਕੇ ਬਣਾਏ ਹੋਏ ਚੂਰਨ ਦੀ ਭਾਫ ਸੁੰਘਣ ਦਾ ਪ੍ਰਬੰਧ ਵੀ ਸੀ ਜਿਸਨੂੰ ਸੁੰਘੜੀਆਂ ਸਾਰ ਦੋ ਚਾਰ ਸਾਹਾਂ ਨਾਲ ਹੀ ਛਾਤੀ ਅਤੇ ਫੇਫੜਿਆਂ ਨੂੰ ਰਾਹਤ ਮਿਲਦੀ ਸੀ। ਹਾਲ ਦੇ ਬਾਹਰ ਵੈਕਸੀਨੇਸ਼ਨ ਦਾ ਕੈਂਪ ਜਾਰੀ ਸੀ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਮੁਫਤ ਕੋਵਿਡ-19 ਵੈਕਸੀਨੇਸ਼ਨ ਕੈਂਪ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ, ਕੌਂਸਲਰ ਸ਼੍ਰੀਮਤੀ ਮਮਤਾ ਆਸ਼ੂ ਜੀ ਅਤੇ ਐਨ.ਜੀ.ਓ ਸਿਟੀ ਨੀਡਜ਼ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਦੀ ਅਗਵਾਈ ਅਧੀਨ ਲਗਵਾਇਆ ਗਿਆ। ਇਸ ਮੌਕੇ ਸਿਟੀ ਨੀਡਜ਼ ਦੇ ਮੁਖੀ ਡਾ. ਮਨੀਤ ਧੀਮਾਨ ਵੀ ਹਾਜ਼ਰ ਸਨ। ਕਾਲਜ ਦੀ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਰਸਮੀ ਤੌਰ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ 45 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਮੁਫਤ ਕੋਵਿਡ-19 ਦੀ ਵੈਕਸੀਨ ਲਗਾਈ ਗਈ। ਕਾਲਜ ਦੇ ਆਡੀਟੋਰੀਅਮ ਵਿੱਚ ਵਿਸ਼ਵ ਸਿਹਤ ਦਿਵਸ ਮਨਾਉਦਿਆਂ ਹੋਇਆਂ, ਅਲਫਾ ਰਿਲੈਕਸ ਸੈਂਟਰ ਦੇ ਪ੍ਰਸਿੱਧ ਡਾਕਟਰ ਸ਼੍ਰੀ ਅਜੈ ਨਨਚਾਹਲ ਜੋ ਸ਼੍ਰੀ ਰਘੂਨਾਥ ਹਸਪਤਾਲ, ਲੁਧਿਆਣਾ ਵਿਖੇ ਐਕਿਊਪੰਕਚਰ ਅਤੇ ਰਿਫਲੈਕਸੋਲੌਜੀ ਵਿਭਾਗ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ ਨੂੰ ਮੁੱਖ ਵਕਤਾ ਦੇ ਤੌਰ ਤੇ ਬੁਲਾਇਆ ਗਿਆ।
ਇਸ ਮੌਕੇ ਤੇ ਬੋਲਦਿਆਂ ਡਾ. ਅਜੈ ਨਨਚਾਹਲ ਨੇ ਆਖਿਆ ਕਿ ਸਾਡਾ ਸਰੀਰ ਆਪਣੇ ਆਪ ਵਿੱਚ ਖੁਦ ਇੱਕ ਡਾਕਟਰ ਹੈ। ਨੈਚੁਰੋਪੈਥਿਕ ਦਵਾਈਆਂ ਅਤੇ ਨੈਚੁਰੋਪੈਥੀ ਦੀ ਮਦਦ ਨਾਲ ਇਸ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਿਆ ਜਾ ਸਕਦਾ ਹੈ। ਉਹਨਾਂ ਆਖਿਆ ਕਿ ਮਾਨਸਿਕ ਸਿਹਤ ਸਰੀਰਕ ਸਿਹਤ ਤੋਂ ਉੱਪਰ ਹੈ, ਜੇ ਮਨੁੱਖ ਮਾਨਸਿਕ ਤੌਰ ਤੇ ਤੰਦਰੁਸਤ ਹੈ ਤਾਂ ਉਹ ਬਿਮਾਰੀ ਦੇ ਸ਼ਿਕੰਜੇ ਵਿੱਚ ਨਹੀਂ ਆਉਂਦਾ। ਐਕਿਊਪ੍ਰੈਸ਼ਰ ਬਿਨਾ ਕਿਸੇ ਸਾਈਡ ਇਫੈਕਟ ਦੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ । ਮਿੱਟੀ, ਪਾਣੀ ਵਰਗੇ ਤੱਤਾਂ ਨਾਲ ਉਹਨਾਂ ਬਿਮਾਰੀਆਂ ਦੇ ਇਲਾਜ ਦੱਸੇ, ਉਹਨਾਂ ਆਖਿਆ ਕਿ ਪੇਟ ਸਾਫ ਨਾ ਹੋਣਾ ਸਰੀਰ ਦੇ ਜ਼ਹਿਰੀਲੇ ਹੋਣ ਦਾ ਮੁੱਖ ਕਾਰਨ ਹੈ। ਸੂਰਜ ਇਸ਼ਨਾਨ ਉੱਤੇ ਵਿਸ਼ੇਸ਼ ਬਲ ਦਿੰਦਿਆਂ ਹੋਇਆਂ, ਉਹਨਾਂ ਆਖਿਆ ਕਿ ਇਸ ਦਾ ਉੱਤਮ ਸਮਾਂ ਸਵੇਰੇ 07:00 ਤੋਂ 09:00 ਵਜੇ ਹੈ ਅਤੇ ਇਸ ਨਾਲ ਵਿਟਾਮਿਨ ਡੀ-3 ਮਿਲਣ ਕਰਕੇ ਹੱਡੀਆਂ ਮਜਬੂਤ ਰਹਿੰਦੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਰਿਫਲੈਕਸੋਲੌਜੀ ਤੇ ਚਾਨਣਾ ਪਾਇਆ। ਸਰੀਰਕ ਦਰਦ ਅਤੇ ਨਾੜੀਤੰਤਰ ਦੀ ਕਾਰਜਸ਼ੀਲਤਾ ਨੂੰ ਐਕਿਊਪ੍ਰੈਸ਼ਰ ਦੀ ਮਦਦ ਨਾਲ ਠੀਕ ਕੀਤਾ ਜਾ ਸਕਦਾ ਹੈ। ਐਕਿਊਪੰਕਚਰ ਕੇਵਲ ਮਨੁੱਖਾਂ ਤੇ ਨਹੀ ਸਗੋਂ ਜਾਨਵਰਾਂ ਤੇ ਵੀ ਕਾਰਗਰ ਹੈ। ਕੋਵਿਡ-19 ਤੋਂ ਬਚਾਅ ਲਈ ਉਹਨਾਂ ਨੇ ਹਲਦੀ, ਦਾਲਚੀਨੀ, ਜਵੈਣ, ਤੁਲਸੀ, ਸਫੈਦੇ ਦੇ ਪੱਤੇ, ਪਿਪਰਮੈਂਟ, ਲੈਵੈਨਡਰ, ਲੈਮਨ ਗਰਾਸ ਆਦਿ ਤੱਤਾਂ ਦੀ ਭਾਫ ਲੈਣ ਲਈ ਆਖਿਆ। ਪ੍ਰੋਗਰਾਮ ਦੇ ਅੰਤ ਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਖਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਸਰੀਰ ਨੂੰ ਨਿਰੋਗ ਰੱਖਣ ਲਈ ਸਾਨੂੰ ਇਹਨਾਂ ਪੱਧਤੀਆਂ ਦਾ ਸਹਾਰਾ ਲੈਣਾ ਚਾਹੀਦਾ ਹੈ।
No comments:
Post a Comment