Saturday, April 03, 2021

ਕਿਸਾਨ ਅੰਦੋਲਨ ਦੌਰਾਨ ਹੋਈਆਂ ਸ਼ਹੀਦੀਆਂ ਬਾਰੇ ਰਿਪੋਰਟ ਦੀ ਤਿਆਰੀ ਸ਼ੁਰੂ

3rd April 2021 at 3:28 PM

ਰਿਪੋਰਟ ਦਾ ਉਪਰਾਲਾ ਜਮਹੂਰੀ ਅਧਿਕਾਰ ਸਭਾ ਵੱਲੋਂ 

ਕਿਸਾਨ ਅੰਦੋਲਨ ਜਾਰੀ ਹੈ--ਸ਼ਿੰਗਾਰਾ ਸਿੰਘ ਢਿੱਲੋਂ ਵੱਲੋਂ ਪੋਸਟ ਕੀਤੀ ਗਈ ਇੱਕ ਤਸਵੀਰ 

ਲੁਧਿਆਣਾ: 3 ਅਪ੍ਰੈਲ 2021: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਪ੍ਰੋ. ਜਗਮੋਹਨ ਸਿੰਘ:File Photo
ਕਿਸਾਨ ਅੰਦੋਲਨ ਦੌਰਾਨ ਹੋਈਆਂ ਸ਼ਹੀਦੀਆਂ ਬਾਰੇ ਰਿਪੋਰਟ ਦੀ ਅਹਿਮ ਤਿਆਰੀ ਸ਼ੁਰੂ ਹੋ ਗਈ ਹੈ। ਇਸ ਵਾਰ ਵੀ ਇਹ ਪਹਿਲ ਕੀਤੀ ਹੈ ਜਮਹੂਰੀ ਅਧਿਕਾਰ ਸਭਾ ਨੇ। ਚੇਤੇ ਰਹੇ ਕਿ ਇਹ ਉਹੀ ਲੋਕ ਪੱਖੀ ਸੰਗਠਨ ਹੈ ਜਿਸ ਨੇ ਨਵੰਬਰ-84 ਦੇ ਬੇਹੱਦ ਨਾਜ਼ੁਕ ਵੇਲਿਆਂ ਸਮੇਂ ਵੀ Who are the Guilty?   (ਹੂ ਆਰ ਦ ਗਿਲਟੀ) ਵਾਲੀ ਇਸ ਬਹੁ ਚਰਚਿਤ ਮਨੁੱਖੀ ਅਧਿਕਾਰ ਜਾਂਚ ਰਿਪੋਰਟ ਨੂੰ ਪੰਜਾਬੀ ਵਿੱਚ "ਦੋਸ਼ੀ ਕੌਣ" ਦੇ ਸਿਰਲੇਖ ਹੇਠਪੰਜਾਬ ਦੇ ਪਾਠਕਾਂ ਸਾਹਮਣੇ  ਲਿਆਂਦਾ ਸੀ ਅਤੇ ਸਰਕਾਰ ਦੀ ਕਰੋਪੀ ਵੀ ਝੱਲੀ ਸੀ। ਜਮਹੂਰੀ ਅਧਿਕਾਰ ਸਭਾ ਨਾਲ ਅਸਹਿਮਤੀ ਰੱਖਣ ਵਾਲਿਆਂ ਨੇ ਵੀ ਇਸ ਰਿਪੋਰਟ ਦੀਆਂ ਫੋਟੋ ਕਾਪੀਆਂ ਕਰਵਾ ਕਰਵਾ ਕੇ ਇਸ ਰਿਪੋਰਟ ਵਾਲੇ ਕਿਤਾਬਚੇ ਨੂੰ ਤੂਫ਼ਾਨੀ ਪੱਧਰ ਤੇ ਵੰਡਿਆ ਸੀ। ਸਰਕਾਰੀ ਰੋਕਾਂ ਦੇ ਬਾਵਜੂਦ ਇਹ ਰਿਪੋਰਟ ਵੱਡੀ ਪੱਧਰ ਤੇ ਹਰ ਇੱਕ ਵਿਅਕਤੀ ਦੇ ਹੱਥਾਂ ਤੱਕ ਪਹੁੰਚ ਹੀ ਗਈ ਸੀ। ਇਸ ਨਾਲ ਜਮਹੂਰੀ ਅਧਿਕਾਰ ਸਭਾ ਹਰ ਦਿਲ ਅਜ਼ੀਜ਼ ਸੰਗਠਨ ਬਣ ਗਿਆ ਸੀ। ਇਸ ਜੱਥੇਬੰਦੀ ਨੇ ਹੋਰ ਕਈ ਜਨਤਕ ਮੁੱਦਿਆਂ ਤੇ ਵੀ ਸਬੰਧਤ ਥਾਂਵਾਂ ਦਾ ਦੌਰਾ ਕਰਕੇ ਆਪਣੀਆਂ ਜਾਂਚ ਰਿਪੋਰਟਾਂ ਸਮਾਜ ਦੇ  ਸਾਹਮਣੇ ਰੱਖੀਆਂ। 

ਦੋ ਕੁ ਸਾਲ ਪਹਿਲਾਂ ਲੁਧਿਆਣਾ ਦੇ ਸੂਫ਼ੀਆਂ ਬਾਗ//ਕਿਦਵਾਈ ਨਗਰ ਵਾਲੇ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਦੇ ਮੁੱਦੇ ਨੂੰ ਵੀ ਸਮਾਜ ਸਾਹ,ਮਨ ਉਭਾਰਿਆ ਸੀ। ਜਮਹੂਰੀ ਅਧਿਕਾਰ ਸਭਾ  ਵੱਲੋਂ ਨਿਯੁਕਤ ਟੀਮ ਦੇ ਮੈਂਬਰਾਂ ਨੇ ਉਸ ਵੇਲੇ ਵੀ ਲਗਾਤਾਰ ਕਈ ਦਿਨ ਅਤੇ ਰਾਤਾਂ ਘਟਨਾ ਵਾਲੀ ਥਾਂ ਤੇ ਮੌਜੂਦ ਰਹਿ ਕੇ ਇਸ ਸਾਰੇ ਮਾਮਲੇ ਵਿੱਚ ਸਰਕਾਰ ਦੇ ਰਵਈਏ ਨੂੰ ਖੁੱਲ ਕੇ ਉਭਾਰਿਆ ਸੀ। ਇਸਦੇ ਨਾਲ ਹੀ ਅਗਨੀਕਾਂਡ ਵਿੱਚ ਪੂੰਜੀਪਤੀਆਂ ਅਤੇ ਸਿਆਸਤਦਾਨਾਂ ਦੇ ਉਸ ਨਾਪਾਕ ਗਠਜੋੜ ਨੂੰ ਵੀ ਬੇਨਕਾਬ ਕੀਤਾ ਗਿਆ ਸੀ ਜਿਹੜਾ ਹਰ ਲੋਕ ਦੋਖੀ ਵਰਤਾਰੇ ਵਿੱਚ ਸਰਗਰਮ ਰਹਿੰਦਾ ਹੈ। 

ਹੁਣ ਉਹੀ ਜਮਹੂਰੀ ਅਧਿਕਾਰ ਸਭਾ ਕਿਸਾਨ ਅੰਦੋਲਨ ਵਿੱਚ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ//ਮਜ਼ਦੂਰਾਂ ਦੇ ਪਰਿਵਾਰਾਂ ਦੀ ਸਾਰ ਲੈਣ ਦੇ ਉਪਰਾਲਿਆਂ ਤੇ ਵੀ ਜ਼ੋਰ ਦੇ ਰਹੀ ਹੈ ਅਤੇ ਉਹਨਾਂ ਸ਼ਹੀਦਾਂ ਦੇ ਵੇਰਵਿਆਂ ਦੀ ਸਾਂਭ ਸੰਭਾਲ ਪ੍ਰਤੀ ਵੀ ਧਿਆਨ ਕੇਂਦਰਿਤ ਕਰਕੇ ਸਰਗਰਮੀ ਨਾਲ ਕੰਮ ਕਰ ਰਹੀ ਹੈ। ਇਹ ਰਿਪੋਰਟ ਦਿੱਲੀ ਦੀ ਸੱਤਾ ਦੇ ਦਰਵਾਜ਼ੇ ਤੇ ਇੱਕ ਨਵੀਂ ਅਤੇ ਜ਼ੋਰਦਾਰ ਦਸਤਕ ਵੀ ਹੋਵੇਗੀ।  

ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਬਰੂਹਾਂ ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਹੁਣ ਤੱਕ ਜੋ ਕਿਸਾਨ//ਮਜ਼ਦੂਰ ਸ਼ਹੀਦ ਹੋ ਚੁੱਕੇ ਹਨ, ਉਹਨਾਂ ਦੇ ਪਰਿਵਾਰਾਂ ਦੀ ਘਰੇਲੂ ,ਸਮਾਜਿਕ ਤੇ ਆਰਥਿਕ ਸਥਿਤੀ ਸੰਬੰਧੀ ਰਿਪੋਰਟ ਜਾਰੀ ਕਰਨ ਲਈ ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਬੀੜਾ ਚੁੱਕਿਆ ਗਿਆ ਹੈ। ਕਿਸਾਨ ਵਿਰੋਧੀਆਂ ਵੱਲੋਂ ਕੀਤੇ ਜਾਂਦੇ ਕੂੜ ਪ੍ਰਚਾਰ ਦੇ ਜ਼ਰੂਰੀ ਟਾਕਰੇ ਲਈ ਇਹ ਬੇਹੱਦ ਲੁੜੀਂਦਾ ਉਪਰਾਲਾ ਇੱਕ ਜ਼ੋਰਦਾਰ ਕਦਮ ਹੋਵੇਗਾ। 

ਅੱਜ ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਲੁਧਿਆਣਾ ਕਮੇਟੀ ਵੱਲੋਂ ਇਸ ਬਾਰੇ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਵੀ ਪਾਸ ਕੀਤਾ ਗਿਆ ਕਿ 4 ਅਪ੍ਰੈਲ ਤੋਂ ਇਸ ਜ਼ਿਲ੍ਹੇ ਨਾਲ ਸਬੰਧਤ ਸ਼ਹੀਦ ਹੋਏ ਕਿਸਾਨਾਂ ਦੇ ਪ੍ਰਵਾਰਾਂ ਨੂੰ ਮਿਲਣ ਦਾ ਕੰਮ ਸ਼ੁਰੂ ਕੀਤਾ ਜਾਵੇ। ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਜੀਰਖ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਸੂਬਾ ਜਨਰਲ ਸਕੱਤਰ ਪ੍ਰੋ. ਜਗਮੋਹਨ ਸਿੰਘ ਦੀ ਅਗਵਾਈ ਵਿੱਚ ਉਪਰੋਕਤ ਜਾਣਕਾਰੀ ਲੈਣ ਦਾ ਕੰਮ ਨੇੜੇ ਪੈਂਦੇ ਪਿੰਡ ਬੱਦੋਵਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। 

ਉਹਨਾਂ ਕਿਹਾ ਕਿ ਮੁੱਢਲੇ ਤੌਰ ਤੇ ਇਸ ਕੰਮ ਲਈ ਸਭਾ ਦੀ ਟੀਮ ਵਿੱਚ ਪ੍ਰੋ ਜਗਮੋਹਨ ਸਿੰਘ, ਜਸਵੰਤ ਜੀਰਖ, ਸਤੀਸ਼ ਸੱਚਦੇਵਾ , ਰਣਜੋਧ ਸਿੰਘ ਲਲਤੋਂ, ਚਰਨ ਸਿੰਘ ਨੂਰਪੁਰਾ, ਮਾ ਸੁਰਜੀਤ ਸਿੰਘ ਸਹਿਯੋਗ ਕਰਨਗੇ।ਜਮਹੂਰੀ ਅਧਿਕਾਰ ਸਭਾ ਦੀਆਂ ਵੱਖ ਵੱਖ ਜ਼ਿਲ੍ਹਾ ਕਮੇਟੀਆਂ ਵੱਲੋਂ ਪੰਜਾਬ ਭਰ ਵਿੱਚੋਂ ਇਹ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।  

ਜਿਉਂ ਜਿਉਂ ਕੰਮ ਦਾ ਵਿਸਥਾਰ ਹੁੰਦਾ ਜਾਵੇਗਾ ਉਸ ਅਨੁਸਾਰ ਹੋਰ ਮੈਂਬਰ ਵੀ ਸ਼ਾਮਲ ਹੁੰਦੇ ਰਹਿਣਗੇ। ਅੰਤ ਵਿੱਚ ਸੂਬਾ ਪੱਧਰੀ ਇਕ ਰਿਪੋਰਟ ਤਿਆਰ ਕਰਕੇ ਜਨਤਕ ਕੀਤੀ ਜਾਵੇਗੀ। ਮੀਟਿੰਗ ਦੌਰਾਨ ਇਸ ਗੱਲ ਤੇ ਵੀ ਚਰਚਾ ਹੋਈ ਕਿ ਜਿੱਥੇ ਵੀ ਸੰਭਵ ਹੋ ਸਕੇ , ਛੋਟੇ ਗਰੀਬ ਸਕੂਲੀ ਬੱਚਿਆਂ  ਨੂੰ ਪੜ੍ਹਨ ਦੀ ਚੇਟਕ ਲਾਉਣ ਲਈ ਉਹਨਾਂ ਨੂੰ ਰੌਚਕ ਕਹਾਣੀਆਂ ਸੁਨਾਉਣ ਤੇ ਸੁਣਨ ਦੀ ਪ੍ਰਕਿਰਿਆ ਸ਼ੁਰੂ ਕਰਕੇ ਅੱਗੇ ਸਮਾਜਿਕ ਤੌਰ ਤੇ ਚੇਤਨ ਕਰਨ ਦਾ ਕੰਮ ਵੀ ਸ਼ੁਰੂ ਕੀਤਾ ਜਾਵੇ । ਇਸ ਤਰ੍ਹਾਂ ਉਹਨਾਂ ਨੂੰ ਆਪਣੀ ਮਾੜੀ ਜ਼ਿੰਦਗੀ ਦੇ ਕਾਰਣਾਂ ਅਤੇ ਉਹਨਾਂ ਨੂੰ ਦੂਰ ਕਰਨ ਦੇ ਰਸਤੇ ਵੱਲ ਟੋਰਨ ਲਈ ਸਿੱਖਿਅਤ ਕੀਤਾ ਜਾ ਸਕੇਗਾ। ਕਿਸਾਨੀ ਸੰਘਰਸ਼ ਦੀ ਪੰਜਾਬ ਦੇ ਪਿੰਡਾਂ ਵਿੱਚ ਕੀ ਸਥਿਤੀ ਹੈ ਤੇ ਇਸ ਦੀਆਂ ਹੋਰ ਕੀ ਸੰਭਾਵਨਾਵਾਂ ਹਨ ਬਾਰੇ ਵੀ ਤੱਥ ਜਾਨਣ ਦੇ ਯਤਨ ਜੁਟਾਏ ਜਾਣਗੇ।

No comments: