Saturday: 27th March 2021 at 06:44 PM
ਸਥਾਨਕ ਨਾਟਕਕਾਰਾਂ ਤੇ ਨਿਰਦੇਸ਼ਕਾਂ ਨੇ ਵੈੱਬਸਾਈਟ ਵੀ ਜਾਰੀ ਕੀਤੀ
ਮੋਹਾਲੀ: 27 ਮਾਰਚ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਹਰ ਸਾਲ ਦਾ 27 ਮਾਰਚ ਵਿਸ਼ਵ ਰੰਗਮੰਚ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮਕਸਦ ਲਈ ਯੂਨੈਸਕੋ ਵੱਲੋਂ ਸਥਾਪਤ ਇੰਟਰਨੈਸ਼ਨਲ ਥੀਏਰਟ ਇੰਸਟੀਚਿਊਟ ਵਿਸ਼ਵ ਪੱਧਰੀ ਨਾਟਕਕਾਰ, ਨਿਰਦੇਸ਼ਕ ਜਾਂ ਰੰਗਮੰਚ ਦੇ ਸੰਗੀਤਕਾਰ ਜਾਂ ਪਰਦੇ ਪਿਛਲੇ ਤਕਨੀਕੀ ਮੁਹਾਰਤ ਵਾਲੀ ਹਸਤੀ ਦਾ ਸੰਦੇਸ਼ ਹਾਸਿਲ ਕਰਦੀ ਹੈ, ਜਿਸਨੂੰ ਵਿਸ਼ਵ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਜਾਰੀ ਕੀਤਾ ਜਾਂਦਾ ਹੈ। ਇਹ ਸੰਦੇਸ਼ ਅਗਾਂਹ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰਕੇ ਸਥਾਨਕ ਨਾਟ ਮੰਡਲੀਆਂ ਰੰਗਕਰਮੀਆਂ ਨਾਲ ਸਾਂਝਾ ਕਰਦੀਆਂ ਹਨ ਅਤੇ ਇਹਦੇ ਨਾਲ ਹਰ ਰੰਗਕਰਮੀ ਆਪਣੇ ਸਿਆਸੀ ਸਮਾਜੀ ਸਰੋਕਾਰਾਂ ਸਬੰਧੀ ਪ੍ਰਤੀਬੱਧਤਾ ਦਾ ਅਹਿਦ ਸਾਂਝਾ ਕਰਦਾ ਹੈ।
ਇਸ ਸਿਲਸਿਲੇ ਵਿੱਚ ਸੁਚੇਤਕ ਸਕੂਲ ਆਫ ਐਕਟਿੰਗ ਮੋਹਾਲ਼ੀ ਵੱਲੋਂ ਕੌਮਾਂਤਰੀ ਰੰਗਮੰਚ ਦਿਵਸ ਮਾਇਆ ਗਿਆ ਅਤੇ ਇਸ ਅਦਾਰੇ ਦੀ ਵੈੱਬਸਾਈਟ ਵੀ ਜਾਰੀ ਕੀਤੀ। ਇਸ ਵਿੱਚ ਸਥਾਨਕ ਰੰਗਕਰਮੀ, ਨਾਟਕਕਾਰ ਤੇ ਨਿਰਦੇਸ਼ਕਾਂ ਤੋਂ ਇਲਾਵਾ ਰੰਗਮੰਚੀ ਸੰਗੀਤ ਤੇ ਗਾਇਨ ਨਾਲ਼ ਜੁੜੇ ਕਲਾਕਾਰਾਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਜਸਵੰਤ ਕੌਰ ਦਮਨ, ਸੰਗੀਤਾ ਗੁਪਤਾ, ਸੰਜੂ ਸੋਲੰਕੀ, ਪ੍ਰਵੀਨ ਜੱਗੀ, ਹਰਮਨਪਾਲ ਸਿੰਘ ਤੇ ਸਲੀਮ ਸਿਕੰਦਰ, ਜਸਬੀਰ ਢਿਲੋਂ ਤੇ ਸਾਗਰ ਪੰਜਾਬੀ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਪੰਜਾਬ ਦੀ ਪਹਿਲੀ ਅਲਗੋਜ਼ਾ ਵਾਦਕ ਅਨੁਰੀਤ ਪਾਲ ਕੌਰ ਨੇ ਕੁਝ ਲੋਕ ਧੁਨਾਂ ਸੁਣਾਈਆਂ, ਜਿਨ੍ਹਾਂ ਦਾ ਬੁਗਚੂ ’ਤੇ ਗਗਨਦੀਪ ਸਿੰਘ ਨੇ ਸਹਿਯੋਗ ਕੀਤਾ। ਸਲੀਮ
ਸੁਚੇਤਕ ਰੰਗਮੰਚ ਮੋਹਾਲੀ ਦੇ ਜਨਰਲ ਸਕੱਤਰ ਸ਼ਬਦੀਸ਼ ਨੇ ਬਰਤਾਨਵੀ ਅਦਾਕਾਰਾ ਹੈਲੇਨ ਮਿਰੇਨ ਦੇ ਵਿਸ਼ਵ ਰੰਗਮੰਚ ਦਿਵਸ ਸੰਦੇਸ਼ ਦਾ ਪੰਜਾਬੀ ਅਨੁਵਾਦ ਸਾਂਝਾ ਕੀਤਾ ਤੇ ਕੁਝ ਗੱਲਾਂ ਮਹਾਨ ਕਲਾਕਾਰ ਦੇ ਜੀਵਨ ਸੰਘਰਸ਼ ਸਬੰਧੀ ਵੀ ਕੀਤੀਆਂ। ਇਨ੍ਹਾਂ ਵਿੱਚ ਉਸਦਾ ਕਰੋਨਾ ਮਹਾਂਮਾਰੀ ਦੌਰਾਨ ਰੰਗਕਰਮੀਆਂ ਦੀ ਸਹਾਇਤਾ ਲਈ ਉਠਾਈ ਆਵਾਜ਼ ਦਾ ਜ਼ਿਕਰ ਉਚੇਚੇ ਤੌਰ ’ਤੇ ਕੀਤਾ ਗਿਆ। ਇਸ ਗੱਲਬਾਤ ਵਿੱਚ ਕਿਸਾਨ ਅੰਦੋਲਨ ਦੇ ਪੱਖ ਤੇ ਵਿਰੋਧ ਵਿੱਚ ਆਏ ਫ਼ਿਲਮ ਜਗਤ ਦੇ ਕਲਾਕਾਰਾਂ ਦੀ ਚਰਚਾ ਵੀ ਸ਼ਾਮਲ ਸੀ।
ਉਨ੍ਹਾਂ ਤੋਂ ਬਾਅਦ ਵੱਖ-ਵੱਖ ਬੁਲਾਰਿਆਂ ਨੇ ਰੰਗਮੰਚ ਦੇ ਸਾਹਮਣੇ ਖੜੀਆਂ ਚੁਣੌਤੀਆਂ ਅਤੇ ਔਖੇ ਹਾਲਾਤ ਵਿੱਚ ਰੰਗਮੰਚੀ ਪ੍ਰਤੀਬੱਧਤਾ ਦੀ ਸ਼ਲਾਘਾ ਕੀਤੀ। ਸੁਚੇਤਕ ਰੰਗਮੰਚ ਤੇ ਐਕਟਿੰਗ ਸਕੂਲ ਦੀ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਾਲ ਅਚਨਚੇਤ ਹੋਏ ਲਾਕਡਾਊਨ ਨੇ ਵਿਸ਼ਵ ਰੰਗਮੰਚ ਦਿਵਸ ਨਾ ਮਨਾਏ ਜਾਣ ਲਈ ਮਜਬੂਰ ਕਰ ਦਿੱਤਾ ਸੀ, ਹਾਲਾਂਕਿ ਅਸੀਂ ਕੌਮਾਂਤਰੀ ਸੰਦੇਸ਼ ਦੇਣ ਪਾਕਿਸਤਾਨੀ ਪੰਜਾਬ ਦੇ ਨਾਟਕਕਾਰ ਸ਼ਾਹਿਦ ਨਦੀਮ ਨਾਲ਼ ਸੋਸ਼ਲ ਮੀਡੀਆ ’ਤੇ ਗੱਲਾਂ ਕਰ ਸਕੇ ਸਾਂ। ਇਸ ਵਾਰ ਹੋਰ ਇੰਤਜ਼ਾਰ ਕਰਨਾ ਸਵੀਕਾਰ ਨਹੀਂ ਸੀ। ਇਸੇ ਲਈ ਜੁੜ ਬੈਠੇ ਹਾਂ ਅਤੇ ਆਸ ਕਰਦੇ ਹਾਂ ਕਿ ਅਗਲੇ ਵਰ੍ਹੇ ਆਮ ਵਾਂਗ ਵਿਸ਼ਾਲ ਪੱਧਰ ’ਤੇ ਸਮਾਗਮ ਕਰ ਸਕਾਂਗੇ।
ਪੋਸਟ ਸਕਰਿਪਟ: ਸ਼ਬਦੀਸ਼, ਉਹਨਾਂ ਦਾ ਪਰਿਵਾਰ ਅਤੇ ਉਹਨਾਂ ਦੇ ਸਾਥੀ ਲਗਾਤਾਰ ਰੰਗਮੰਚ ਨੂੰ ਸਮਰਪਿਤ ਹੋ ਕੇ ਬਹੁਤ ਹੀ ਪ੍ਰਤੀਬੱਧਤਾ ਨਾਲ ਕੰਮ ਕਰ ਰਹੇ ਹਨ ਤਾਂ ਕਿ ਰੰਗਮੰਚ ਨੂੰ ਜਗਾਉਣ ਲਈ ਵਰਤਿਆ ਜਾ ਸਕੇ। ਉਹਨਾਂ ਦੇ ਇਸ ਕਲਾ ਮਿਸ਼ਨ ਨਾਲ ਜੁੜਨ ਦੇ ਚਾਹਵਾਨ ਉਹਨਾਂ ਨਾਲ ਉਹਨਾਂ ਦੇ ਮੋਬਾਈਲ ਨੰਬਰ 9814803773 'ਤੇ ਸੰਪਰਕ ਕਰ ਸਕਦੇ ਹਨ।
No comments:
Post a Comment