Thursday, February 18, 2021

ਲੁਧਿਆਣਾ ਵਿੱਚ ਵੀ ਰਹੀ ਰੇਲ ਰੋਕੋ ਅੰਦੋਲਨ ਦੀ ਧਮਕ

 ਖੱਬੀਆਂ ਧਿਰਾਂ ਦੇ ਨਾਲ ਹੁਣ ਨਵਾਂ ਕੇਡਰ ਵੀ ਤੇਜ਼ੀ ਨਾਲ ਜੁੜਨ ਲੱਗਾ 


ਲੁਧਿਆਣਾ
: 18 ਫਰਵਰੀ 2021: (*ਪੰਜਾਬ ਸਕਰੀਨ ਟੀਮ)::


ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ
ਰੇਲ ਰੋਕੋ ਅੰਦੋਲਨ ਦਾ ਸੱਦਾ ਦੇਸ਼ ਦੇ ਹੋਰਨਾਂ ਹਿੱਸਿਆਂ ਵਾਂਗ ਲੁਧਿਆਣਾ ਵਿੱਚ ਵੀ ਬਹੁਤ ਕਾਮਯਾਬ ਰਿਹਾ। ਰੇਲ ਰੋਕੋ ਅੰਦੋਲਨ ਨੂੰ ਇਥੇ ਵੀ ਭਰਵਾਂ ਹੁੰਗਾਰਾ ਮਿਲਿਆ। ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਅਤੇ ਦੋ ਦਰਮਿਆਨ ਲੰਘਦੀਆਂ ਲਾਈਨਾਂ ਉੱਤੇ ਧਰਨਾਕਾਰੀਆਂ ਨੇ ਬੜੇ ਜੋਸ਼ੋ ਖਰੋਸ਼ ਨਾਲ ਧਰਨਾ ਲਾਇਆ। ਦੋਹਾਂ ਪਾਸਿਆਂ ਦੇ ਪਲੇਟਫਾਰਮ ਵੀ ਭਰੇ ਹੋਏ ਸਨ। ਅਕਾਸ਼ ਗੁੰਜਾਊ ਨਾਅਰਿਆਂ ਨਾਲ ਸਾਰਾ ਵਾਤਾਵਰਨ ਗੂੰਜ ਰਿਹਾ ਸੀ। ਕਿਸਾਨੀ ਝੰਡਿਆਂ ਵਾਲੇ ਜੱਥੇ ਹਰ ਪਾਸੇ ਨਜ਼ਰ ਆ ਰਹੇ ਸਨ। ਉੱਚੇ ਉੱਚੇ ਪਲੇਟਫਾਰਮਾਂ ਦੇ ਬਾਵਜੂਦ ਬੱਚੇ, ਬਜ਼ੁਰਗ ਅਤੇ ਔਰਤਾਂ ਬਾਕਾਇਦਾ ਪਲੇਟਫਾਰਮਾਂ ਤੋਂ ਹੇਠਾਂ ਉਤਰੇ ਅਤੇ ਲਾਈਨਾਂ 'ਤੇ ਜਾ ਡਟੇ।  ਕਦੇ ਨਾਅਰੇ ਗੂੰਜਦੇ, ਕਦੇ ਭਾਸ਼ਣ ਸੁਣਾਈ ਦੇਂਦਾ ਅਤੇ ਕਦੇ ਕੋਈ ਗੀਤ ਸੁਣਾਈ ਦੇਂਦਾ। ਕੰਵਰ ਗਰੇਵਾਲ ਦਾ ਗਾਇਆ ਗੀਤ-ਪੇਚਾ ਪੈ ਗਿਆ ਸੈਂਟਰ ਨਾਲ ਇਥੇ ਇੱਕ ਛੋਟੇ ਜਿਹੇ ਬੱਚੇ ਨੇ ਬਹੁਤ ਹੀ ਨਿਪੁੰਨਤਾ ਨਾਲ ਗਾਇਆ। 

ਸ਼ਹੀਦ ਭਗਤ ਸਿੰਘ ਹੁਰਾਂ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਇਸ ਧਰਨੇ ਦੀ ਮੁੱਖ ਸ਼ਖ਼ਸੀਅਤ ਸਨ। ਉਹਨਾਂ ਨੇ ਬੜੀ ਹੀ ਬਾਰੀਕੀ ਨਾਲ ਵਿਵਾਦਿਤ ਖੇਤੀ ਕਾਨੂੰਨਾਂ ਦੇ ਇੱਕ ਇੱਕ ਨੁਕਤੇ ਬਾਰੇ ਚਰਚਾ ਕੀਤੀ। ਕਾਮਰੇਡ ਕਸਤੂਰੀ ਲਾਲ, ਕਾਮਰੇਡ ਜਸਵੰਤ ਜੀਰਖ, ਕਾਮਰੇਡ ਸਤੀਸ਼ ਸਚਦੇਵਾ ਅਤੇ ਕਈ ਹੋਰਨਾਂ ਨੇ ਜਿੱਥੇ ਆਪੋ ਆਪਣੇ ਵਿਚਾਰ ਰੱਖੇ ਉੱਥੇ ਮੀਡੀਆ ਵਾਲੀ ਭੂਮਿਕਾ ਵੀ ਨਿਭਾਈ। ਸੱਭਿਆਚਾਰਕ ਗੀਤ ਸੰਗੀਤ ਦੇ ਨਾਲ ਨਾਲ ਸਿਆਸੀ ਤਕਰੀਰਾਂ ਵੀ ਹੋਈਆਂ। ਕਸਤੂਰੀ ਲਾਲ ਨੇ ਸੱਭਿਆਚਾਰਕ ਟੋਲੀਆਂ ਅਤੇ ਕਲਾਕਾਰਾਂ ਨੂੰ ਪੂਰਾ ਸਹਿਯੋਗ ਦਿੱਤਾ। ਇਹਨਾਂ  ਕਲਾਕਾਰਾਂ ਦੀ ਗਿਣਤੀ ਏਨੀ ਵੱਡੀ ਸੀ ਕਿ ਇਹਨਾਂ ਨੂੰ ਕੰਟਰੋਲ ਕਰਨਾ ਸੌਖਾ ਨਹੀਂ ਸੀ। ਬਹੁਤ  ਸਾਰਿਆਂ ਨੂੰ ਮੌਕਾ ਦਿੱਤਾ ਗਿਆ ਅਤੇ ਬਹੁਤ ਸਾਰੇ ਰਹਿ ਵੀ ਗਏ।  


ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ
ਲੁਧਿਆਣਾ ਵਿੱਚ ਵੀ ਰੇਲ ਰੋਕੋ ਅੰਦੋਲਨ ਨੂੰ ਭਰਵਾਂ ਹੁੰਗਾਰਾ ਮਿਲਿਆ। ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਸਰਗਰਮ ਸਹਿਯੋਗ ਸਦਕਾ ਅਟੁੱਟ ਲੰਗਰ ਵੀ ਵਰਤਿਆ। ਕਾਮਰੇਡ ਕਸਤੂਰੀ ਲਾਲ, ਬਾਜ਼ ਅੱਖ ਨਾਲ ਪਲੇਟਫਾਰਮ ਦੋ ਤੇ ਲੱਤਾਂ ਲਮਕਾ ਬੈਠਾ ਚਾਰ ਚੁਫੇਰੇ ਅੱਖ ਰੱਖ ਰਿਹਾ ਸੀ। ਉਸਦੇ ਕਈ ਸਾਥੀ ਹਮੇਸ਼ਾਂ ਵਾਂਗ ਅੱਜ ਆਪੋ ਆਪਣੇ ਪੋਣਿਆਂ ਵਿੱਚ ਰੋਟੀਆਂ ਅਤੇ ਅਚਾਰ ਬਣਨ ਕੇ ਨਾਲ ਲਿਆਏ ਸਨ। ਅਸਲ ਵਿੱਚ ਇਹ ਸਾਰੇ ਲੋਕ ਉਹ ਯੋਧੇ ਹਨ ਜਿਹੜੇ ਘਰੋਂ ਪੂਰੀ ਤਿਆਰੀ ਕਰ ਕੇ ਨਿਕਲਦੇ ਹਨ ਕਿ ਪਤਾ ਨੀ ਕਦੋਂ ਕਿਹੜੇ ਥਾਂ ਸੰਘਰਸ਼ ਸ਼ੁਰੂ ਕਰਨਾ ਪੈ ਜਾਏ। ਆਪੋ ਆਪਣੀ ਰੋਟੀ ਵਿਚੋਂ ਆਲੇ ਦੁਆਲੇ ਵਾਲਿਆਂ ਨੂੰ ਵੀ ਨਾਲ ਬਿਠਾਉਂਦੇ ਹਨ ਅਤੇ ਵੰਡ ਛਕਦੇ ਹਨ। ਜਿੰਨੀ ਜਿੰਨੀ ਵੀ ਆਏ ਵੰਡ ਕੇ ਛਕਦੇ ਹਨ।

ਕਾਮਰੇਡ ਜਸਵੰਤ ਜੀਰਖ ਅਤੇ ਕਾਮਰੇਡ ਸਤੀਸ਼ ਸਚਦੇਵਾ ਨੇ ਜਿੱਥੇ ਆਪੋ ਆਪਣੇ ਵਿਚਾਰ ਰੱਖੇ ਉੱਥੇ ਮੀਡੀਆ ਵਾਲੀ ਭੂਮਿਕਾ ਵੀ ਨਿਭਾਈ। ਜਦੋਂ ਸਬਗਤ ਲੰਗਰ ਛਕ ਰਹੀ ਸੀ ਉਦੋਂ ਜੀਰਖ ਅਤੇ ਸਚਦੇਵਾ ਵਾਲੀ ਜੋੜੀ ਸਪੀਕਰ ਦੀਆਂ ਅਵਾਜ਼ਾਂ ਤੋਂ ਦੂਰ ਜਾ ਕੇ ਰੇਲਵੇ ਦੇ ਬੈਂਚ ਤੇ ਬੈਠੇ ਮੋਬਾਈਲ ਫੋਨ ਤੇ ਖਬਰਾਂ ਲਿਖ ਰਹੇ ਸਨ। ਫੋਨ ਵਾਲੇ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਵਿੱਚ ਸਬੰਧਤ ਫੋਟੋ ਛਾਂਟ ਰਹੇ ਸਨ। ਅਸਲ ਵਿੱਚ ਗੋਦੀ ਮੀਡੀਆ ਨਾਲ ਟਾਕਰੇ ਲਈ ਹੁਣ ਇੱਕ ਪੂਰਾ ਕਾਫ਼ਿਲਾ ਇਹਨਾਂ ਲੋਕਾਂ ਨੇ ਤਿਆਰ ਕਰ ਲਿਆ ਹੈ।

ਇਹਨਾਂ ਦੇ ਹੱਥਾਂ ਵਿੱਚ ਹੀ ਜੰਮੀਪਲੀ ਤੇ ਮੁਟਿਆਰ ਬਣੀ ਸਮਤਾ ਕਦੇ ਦਿੱਲੀ ਦਾ ਗੇੜਾ ਲਾਉਂਦੀ ਹੈ ਤੇ ਕਦੇ ਚੰਡੀਗੜ੍ਹ/ਅੰਬਾਲੇ ਦਾ। ਉਸਨੂੰ ਕੈਮਰਾ ਚਲਾਉਣਾ ਵੀ ਆਗਿਆ ਹੈ ਅਤੇ ਵੀਡਿਓ ਐਡੀਟਿੰਗ ਵੀ। ਆਪਣੇ ਮੋਬਾਈਲ ਫੋਨ ਤੋਂ ਹੀ ਉਹ ਮਹਿੰਗੇ ਮਹਿੰਗੇ ਲੈਪਟੋਪ ਵਾਲਿਆਂ ਨੂੰ ਮਾਤ ਦੇਂਦੀ ਹੈ। ਉਸ ਕੋਲ ਲੋਕਾਂ ਨਾਲ ਜੁੜੀ ਤਕਰੀਬਨ ਹਰ ਖਬਰ ਦੀ ਕਨਸੋਅ ਹੁੰਦੀ ਹੈ।

ਇਸ ਤਰ੍ਹਾਂ ਇਹ ਕਿਸਾਨ ਅੰਦੋਲਨ ਨਵੇਂ ਸਮਾਜ ਦੀ ਸਿਰਜਣਾ ਵਿੱਚ ਵੀ ਯਾਦਗਾਰੀ ਭੂਮਿਕਾ ਨਿਭਾ ਰਿਹਾ ਹੈ। ਅਸ਼ਲੀਲਤਾ, ਲੱਚਰਤਾ ਅਤੇ ਜ਼ਹਿਨੀ ਅਯਾਸ਼ੀ ਤੋਂ ਕੋਹਾਂ ਦੂਰ ਰਹਿਣ ਵਾਲੇ ਨਵੇਂ ਇਨਸਾਨ ਦੀ ਸਿਰਜਣਾ ਗੋਦੀ ਮੀਡੀਆ ਨਾਲ ਮੁਕਾਬਲਾ ਕਰਦਿਆਂ ਤਿਆਰ ਹੋ ਰਹੀ ਹੈ। ਇਹਨਾਂ ਨਵੇਂ ਪੱਤਰਕਾਰਾਂ, ਵੀਡੀਓਗ੍ਰਾਫਰਾਂ, ਗਾਇਕਾਂ, ਗੀਤਕਾਰਾਂ, ਰਿਪੋਰਤੱਰਾਂ ਨੇ ਪੱਲਿਓਂ ਪੈਸੇ ਖਰਚ ਕੇ ਇਹ ਡਿਊਟੀ ਨਿਭਾਉਣੀ ਹੁੰਦੀ ਹੈ ਨਾ ਕਿਸੇ ਲਾਲਚ ਕਾਰਨ।


ਇਸ ਲਈ ਜਿਸ ਦਿਨ ਕਿਸਾਨੀ ਵਾਲੇ ਇਸ ਅੰਦੋਲਨ ਦਾ ਫੈਸਲਾ ਹੋਣਾ ਹੈ
ਉਦੋਂ ਇਸ ਅੰਦੋਲਨ ਦੀਆਂ ਪ੍ਰਾਪਤੀਆਂ ਨੂੰ ਬੜੇ ਹੀ ਵਿਸਥਾਰ ਨਾਲ ਯਾਦ ਕੀਤਾ ਜਾਣਾ ਹੈ। ਉਦੋਂ ਅੱਜ ਦਾ ਸਿੱਖਿਆ ਇਹ ਵਰਗ ਨਵੇਂ ਪੂਰਨੇ ਪਏਗਾ ਅਤੇ ਗੋਦੀ ਮੀਡੀਆ ਨੂੰ ਗਏ ਗੁਜ਼ਰੇ ਸਮਿਆਂ ਦੀ ਗੱਲ ਬਣਾ ਦੇਵੇਗਾ।

(*ਅੱਜ ਦੀ ਇਸ ਕਵਰੇਜ ਵੇਲੇ ਪੰਜਾਬ ਸਕਰੀਨ ਟੀਮ ਵਿੱਚ ਸਹਿਯੋਗੀ ਰਹੇ-ਸਤੀਸ਼ ਸਚਦੇਵਾ, ਜਸਵੰਤ ਜੀਰਖ ਅਤੇ ਮੀਡੀਆ ਲਿੰਕ ਦਾ ਸਟਾਫ ਅਤੇ ਰੈਕਟਰ ਕਥੂਰੀਆ)

No comments: