15th February 2021 at 5:05 PM
ਪ੍ਰਿੰਸੀਪਲ ਰਾਜਪਾਲ ਕੌਰ ਯਾਦ ਕਰਾ ਰਹੇ ਹਨ ਇਤਿਹਾਸ ਦੀਆਂ ਗੱਲਾਂ
ਨਾਮਧਾਰੀ ਪੰਥ ਦੇ ਰਹਿਨੁਮਾ ਸਤਿਗੁਰੂ ਰਾਮ ਸਿੰਘ ਜੀ ਦੇ ਅਵਤਾਰ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ;
"ਸਿੱਖੀ ਬਾਗ ਖ਼ਿਜਾਂ ਜਦ ਗ੍ਰਸਿਆ, ਭਯੋ ਪਤ੍ਰ ਬਿਨ ਸਾਯਾ। ਰੂਪ ਬਸੰਤ ਦਾ ਧਾਰ ਕੇ ਬਾਬਾ ਦਿਨ ਬਸੰਤ ਦੇ ਆਯਾ।"
ਸ੍ਰੀ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਬਚਨ ਹੈ :"ਕਲਿਜੁਗ ਮੇਂ ਸਤਿਜੁਗ ਵਰਤਾਉਂ, ਤਬੀ ਬਾਹਰਵਾਂ ਬਪ ਕਹਾਉਂ"
"ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾਕੋ ਰੇ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕਾ ਮਾਈ ਨ ਬਾਪੋ ਰੇ ॥"
ਆਪ ਜੀ ਦੇ ਅਵਤਾਰ ਧਾਰਨ ਕਰਦਿਆਂ ਸਮੁੱਚੀ ਕਾਇਨਾਤ ਦੇ ਨਾਲ ਸਿੱਖ ਪੰਥ ਵਿਚ ਵੀ ਮੁੜ ਬਸੰਤ ਬਹਾਰ ਆ ਗਈ। ਆਪ ਜੀ ਬਚਪਨ ਤੋਂ ਹੀ ਅਲੌਕਿਕ ਅਤੇ ਅਦਭੁੱਤ ਰੂਪ ਵਾਲੇ, ਈਸ਼ਵਰ ਭਗਤੀ ਵਿਚ ਮਗਨ ਰਹਿਣ ਵਾਲੇ ਅਤੇ ਵਿਲੱਖਣ ਸ਼ਕਤੀਆਂ ਦੇ ਮਾਲਕ ਸਨ। ਜਵਾਨੀ ਵਿਚ ਪੈਰ ਧਰਦਿਆਂ ਹੀ ਆਪ ਫੌਜ ਵਿਚ ਭਰਤੀ ਹੋ ਗਏ। .
ਫੌਜ ਵਿਚ ਰਹਿੰਦਿਆਂ ਆਪ ਜੀ ਨੇ ਵੇਖਿਆ ਕਿ ਸਿੱਖ ਨਾਮ ਜੱਪਣਾ ਅਤੇ ਬਾਣੀ ਪੜ੍ਹਨੀ ਛੱਡ ਬੈਠੇ ਸਨ। ਆਪਣੇ ਸੱਚੇ ਅਤੇ ਸੁੱਚੇ ਆਚਰਣ ਨੂੰ ਤਿਆਗ ਕੇ ਕੁਕਰਮ ਕਰਨ ਲੱਗ ਪਏ ਸਨ। ਸਿੱਖਾਂ ਵਿਚੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਸਿੱਖੀ ਅਲੋਪ ਹੋ ਗਈ ਸੀ। ਆਪ ਜੀ ਦੀ ਪ੍ਰੇਰਣਾ ਨਾਲ ਆਪ ਜੀ ਵਾਲੀ ਸਾਰੀ 'ਫੌਜੀ ਪਲਟਨ' ਭਜਨ ਬਾਣੀ ਕਰਨ ਲੱਗ ਪਈ। ਹੌਲੀ-ਹੌਲੀ ਇਸ ਪਲਟਨ ਦਾ ਨਾਮ ਭਗਤਾਂ ਵਾਲੀ ਫੌਜ ਪੈ ਗਿਆ ਸੀ। ਇਸ ਪਲਟਨ ਦੇ ਸੂਬੇਦਾਰ ਸ੍ਰ. ਕਾਹਨ ਸਿੰਘ ਜੀ, ਆਪ ਜੀ ਦੇ ਅਨੇਕ ਕੌਤਕ ਵੇਖ ਸ਼ਰਧਾਲੂ ਬਣ ਗਏ। ਸੰਮਤ 1898 ( ਸੰਨ 1841 ) ਵਿਚ ਇਹ ਭਗਤਾਂ ਵਾਲੀ ਫੌਜ ਸਰਕਾਰੀ ਕੰਮ ਵਾਸਤੇ ਪਸ਼ੌਰ ਗਈ ਤਾਂ ਰਾਹ ਵਿਚ ਜਦੋਂ ਹਜਰੋਂ ਵਿਖੇ ਸਤਿਗੁਰੂ ਬਾਲਕ ਸਿੰਘ ਜੀ ਦੀ ਪ੍ਰਸਿੱਧੀ ਸੁਣੀ ਤਾਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਚਲੇ ਗਏ। ਜਦੋਂ ਸਤਿਗੁਰੂ ਰਾਮ ਸਿੰਘ ਜੀ ਉੱਥੇ ਪੁੱਜੇ ਤਾਂ ਸਤਿਗੁਰੂ ਬਾਲਕ ਸਿੰਘ ਜੀ ਇਸ ਸ਼ਬਦ ਦੀ ਕਥਾ ਕਰ ਰਹੇ ਸਨ :- "ਠਾਕੁਰ ਤੁਮੁ ਸਰਣਾਈ ਆਇਆ॥ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ॥"
ਸਤਿਗੁਰੂ ਬਾਲਕ ਸਿੰਘ ਜੀ ਉੱਠ ਕੇ ਸਤਿਗੁਰੂ ਰਾਮ ਸਿੰਘ ਜੀ ਨੂੰ ਜੱਫੀ ਪਾ ਕੇ ਮਿਲੇ ਅਤੇ ਬੜੇ ਸਤਿਕਾਰ ਨਾਲ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਆਪਣੀ ਗੱਦੀ ਤੇ ਬਿਠਾ ਕੇ ਉਹਨਾਂ ਨੂੰ ਮੱਥਾ ਟੇਕਿਆ ਅਤੇ ਗੁਰਗੱਦੀ ਵਾਲੀ ਅਮਾਨਤ ਆਪ ਜੀ ਨੂੰ ਸੌਂਪ ਦਿੱਤੀ। ਇਸ ਤੋਂ ਉਪਰੰਤ ਆਪ ਜੀ 1845 ਈ. ਵਿਚ ਫੌਜ ਦੀ ਨੌਕਰੀ ਤਿਆਗ ਕੇ ਪਿੰਡ ਰਾਈਆਂ ਵਾਪਿਸ ਆ ਗਏ। ਅੱਧੀ ਰਾਤ ਉੱਠ ਕੇ ਨਾਮ ਸਿਮਰਨ ਵਿਚ ਜੁੜਨਾ, ਦਿਨੇ ਬਾਣੀ ਪੜ੍ਹਨੀ ਅਤੇ ਦੁਪਹਿਰ ਬਾਅਦ ਨਿਤਨੇਮ ਕਰਨਾ ਆਪ ਜੀ ਦਾ ਪ੍ਰਤੀਦਿਨ ਦਾ ਨੇਮ ਸੀ। 1849 ਤੋਂ 1857 ਈ. ਤੱਕ ਆਪ ਜੀ ਨੇ ਭੈਣੀ ਸਾਹਿਬ ਰਹਿ ਕੇ ਖੇਤੀਬਾੜੀ ਅਤੇ ਦੁਕਾਨਦਾਰੀ ਦਾ ਕੰਮ ਵੀ ਕੀਤਾ। ਪਰ ਇਸ ਦੇ ਨਾਲ ਹੀ "ਪੰਥ ਖਾਲਸਾ ਖੇਤੀ ਮੇਰੀ ਕਰਹੌਂ ਸੰਭਾਲਨ ਮੈਂ ਤਿਸ ਬੇਰੀ" ਦੀ ਪ੍ਰਤਿਗਿਆ ਅਨੁਸਾਰ ਸਤਿਗੁਰੂ ਰਾਮ ਸਿੰਘ ਜੀ ਨੇ ਬਿਕ੍ਰਮੀ ਸੰਮਤ 1914 ਦੀ ਵੈਸਾਖੀ ਵਾਲੇ ਦਿਨ ( 12 ਅਪ੍ਰੈਲ ਸੰਨ 1857 ) ਨੂੰ ਸ੍ਰੀ ਭੈਣੀ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ, ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਸੁਧਾਰ ਦਾ ਮੁੱਢ ਬੰਨ੍ਹਿਆ ਅਤੇ ਸਫੈਦ ਰੰਗ ਦਾ ਝੰਡਾ ਲਹਿਰਾਇਆ। ਇਸ ਤਰ੍ਹਾਂ ਆਪ ਜੀ ਨੇ 'ਸੰਤ ਖਾਲਸਾ' ਅਥਵਾ 'ਨਾਮਧਾਰੀ ਪੰਥ' ਦੀ ਸਾਜਨਾ ਕੀਤੀ।
ਆਪ ਜੀ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੱਸੀ ਹੋਈ ਮਰਿਆਦਾ ਨੂੰ ਲੋਕਾਂ ਵਿਚ ਫਿਰ ਤੋਂ ਪ੍ਰਚਲਿਤ ਕੀਤਾ, ਪਿੰਡਾਂ ਅਤੇ ਸ਼ਹਿਰਾਂ ਦਾ ਦੌਰਾ ਕਰਕੇ ਧਰਮ ਦਾ ਪ੍ਰਚਾਰ ਸ਼ੁਰੂ ਕੀਤਾ। ਅਲਮਾਰੀਆਂ ਵਿਚ ਬੰਦ ਪਈਆਂ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਆਪਣੇ ਦਸਤਾਰੇ ਨਾਲ ਸਾਫ ਕਰਕੇ ਧਰਮਸ਼ਾਲਾ ਦੀ ਸਫਾਈ ਕਰਵਾ, ਉਥੇ ਸ੍ਰੀ ਆਦਿ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾਇਆ ਅਤੇ ਲੋਕਾਂ ਨੂੰ ਗੁਰਬਾਣੀ ਪੜ੍ਹ ਕੇ ਉਸ ਅਨੁਸਾਰ ਜੀਵਨ ਜਿਉਣ ਅਤੇ ਨਾਮ ਦਾ ਜਾਪ ਕਰਨ ਲਈ ਕਿਹਾ, ਇਸ ਲਈ ਆਪ ਜੀ ਦੇ ਸੇਵਕ 'ਨਾਮਧਾਰੀ' ਅਖਵਾਏ। ਆਪ ਜੀ ਨੇ 1859 ਈਸਵੀ ਵਿੱਚ ਸਭ ਤੋਂ ਪਹਿਲਾਂ ਦੀਵਾਨ ਬੂਟਾ ਸਿੰਘ ਦੇ ਛਾਪੇਖਾਨੇ ਤੋਂ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਛਪਾਈ ਕਰਵਾਕੇ ਪਵਿੱਤਰ ਬੀੜਾਂ ਵੀ ਪ੍ਰਕਾਸ਼ਿਤ ਕਰਵਾਈਆਂ ਤਾਂ ਕਿ ਲੋਕ ਗੁਰਬਾਣੀ ਪੜ੍ਹ ਕੇ ਗਿਆਨਵਾਨ ਬਣਨ।
ਆਪ ਜੀ ਦਾ ਪ੍ਰਚਾਰ ਇੰਨਾ ਹਰਮਨ ਪਿਆਰਾ ਸੀ ਕਿ ਜਿੱਥੇ ਆਪ ਜੀ ਨੂੰ ਪੁਰਾਤਨ ਸਿੱਖੀ ਵਿਚੋਂ ਕੇਵਲ ਢਾਈ ਸਿੱਖ ਹੀ ਮਿਲੇ ਸੀ ਉਥੇ ਹੁਣ ਆਪ ਜੀ ਦੇ ਜਤਨਾਂ ਨਾਲ ਥੋੜੇ ਹੀ ਸਮੇਂ ਵਿਚ ਲੱਖਾਂ ਹੀ ਇਸਤਰੀਆਂ ਅਤੇ ਪੁਰਸ਼ਾਂ ਨੇ ਭਜਨ ਪੁੱਛ ਕੇ ਅਤੇ ਅੰਮ੍ਰਿਤ ਛੱਕ ਕੇ ਸਿੱਖੀ ਮੰਡਲ ਵਿਚ ਪ੍ਰਵੇਸ਼ ਕਰ ਲਿਆ। ਪੰਜਾਬੀ ਦੇ ਨਿਰਪੱਖ ਅਤੇ ਪ੍ਰਸਿੱਧ ਲਿਖਾਰੀ ਸ੍ਰ. ਗੁਰਬਖਸ਼ ਸਿੰਘ ਜੀ ਪ੍ਰੀਤ ਲੜੀ ਵਾਲੇ ਇਕ ਲੇਖ ਵਿਚ ਸਤਿਗੁਰੂ ਰਾਮ ਸਿੰਘ ਜੀ ਬਾਰੇ ਇਸ ਤਰ੍ਹਾਂ ਲਿਖਦੇ ਹਨ : ਉਨ੍ਹਾਂ ਦੀ ਸ਼ਖ਼ਸੀਅਤ ਵਿਚ ਇਹੋ ਜਿਹਾ ਚਮਤਕਾਰ ਸੀ ਕਿ ਉਨ੍ਹਾਂ ਦੇ ਸ਼ਬਦਾਂ ਉਤੇ ਕੋਈ ਦੁਨੀਆ ਪੱਲਰਦੀ ਦਿਸਦੀ ਸੀ।
ਆਪ ਜੀ ਨੇ ਸਮਾਜ ਅਤੇ ਪੰਥ ਦੇ ਸੁਧਾਰ ਲਈ ਕਈ ਪ੍ਰਕਾਰ ਦੇ ਨਾਮਧਾਰੀ ਅਸੂਲ ਬਣਾਏ ਜਿਨ੍ਹਾਂ ਵਿੱਚ ਸਦਾਚਾਰਕ, ਸਮਾਜਿਕ, ਰਾਜਨੀਤਿਕ, ਧਾਰਮਿਕ ਹਰ ਪੱਖੋਂ ਸੁਧਾਰ ਅਤੇ ਆਜ਼ਾਦੀ ਸੰਗਰਾਮ ਲਈ ਮੁੱਖ ਭੂਮਿਕਾਵਾਂ ਸ਼ਾਮਲ ਸਨ। ਆਪ ਜੀ ਨੇ ਜਿੱਥੇ ਸੰਗਤ ਨੂੰ ਨਾਮ ਜਪਣ, ਬਾਣੀ ਪੜ੍ਹਨ, ਸਫੈਦ ਬਸਤਰ ਧਾਰਨ ਕਰਨ, ਪੰਜ ਕਕਾਰ ਦੀ ਰਹਿਤ ਰੱਖਣ, ਸੁੱਚ-ਸੰਜਮ ਧਾਰਨ ਕਰਨ, ਸਾਕਾਹਾਰੀ ਭੋਜਨ ਕਰਨ, ਗਊ-ਗਰੀਬ ਦੀ ਰੱਖਿਆ ਕਰਨ ਅਤੇ ਬਿਆਜ ਆਦਿ ਨਾ ਲੈਣ ਲਈ ਪ੍ਰੇਰਿਤ ਕੀਤਾ ਉੱਥੇ ਹੀ ਲੜਕੇ-ਲੜਕੀਆਂ ਨੂੰ ਗੁਰਮੁਖੀ ਵਿੱਦਿਆ ਪੜ੍ਹਨ ਲਈ ਆਖਿਆ। ਇਸ ਤੋਂ ਇਲਾਵਾ ਕੁੜੀਆਂ ਮਾਰਨ, ਵੇਚਣ, ਦਾਜ ਲੈਣ ਅਤੇ ਬਾਲ ਵਿਆਹ ਦੀ ਮਨਾਹੀ ਕੀਤੀ। ਆਪ ਜੀ ਨੇ ਇਸਤਰੀਆਂ ਦਾ ਸੋਸ਼ਣ ਅਤੇ ਸਮਾਜਿਕ ਕੁਰੀਤੀਆਂ ਤੇ ਠੱਲ੍ਹ ਪਾਉਣ ਲਈ 1 ਜੂਨ 1863 ਈ. ਵਿਚ ਪਿੰਡ ਸਿਆੜ੍ਹ ਜਿਲਾ ਲੁਧਿਆਣਾ ਵਿਖੇ ਮਾਈਆਂ ਨੂੰ ਵੀ ਖੰਡੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਉਹਨਾਂ ਨੂੰ ਗੁਰਸਿੱਖੀ ਮਰਿਆਦਾ ਵਿਚ ਰਹਿਣ ਦਾ ਹੁਕਮ ਦਿੱਤਾ। ਪੁਰਸ਼ਾਂ ਦੇ ਬਰਾਬਰ ਹੱਕ ਦਿੱਤੇ, ਆਪ ਜੀ ਵਲੋਂ ਬਣਾਈ ਸੂਬਿਆਂ ਦੀ ਸੂਚੀ ਵਿੱਚ 'ਬੀਬੀ ਹੁਕਮੀ' ਦਾ ਨਾਮ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈ।ਆਪ ਜੀ ਨੇ ਇਸਤਰੀ ਜਾਤੀ ਨਾਲ ਜੁੜੀਆਂ ਅਨੇਕ ਕੁਰੀਤੀਆਂ ਤੇ ਠੱਲ੍ਹ ਪਾ ਕੇ ਸਤਿਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੇ, 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਮਹਾਂਵਾਕ ਨੂੰ ਅਮਲੀ ਰੂਪ ਦਿੱਤਾ।
ਆਪ ਜੀ 'ਇਸਤਰੀਆਂ ਦੇ ਮੁਕਤੀ ਦਾਤਾ' ਕਰ ਕੇ ਸਤਿਕਾਰੇ ਜਾਂਦੇ ਹਨ। ਆਪ ਜੀ ਨੇ 3 ਜੂਨ 1863, ਜੇਠ ਸੁਦੀ 11 ਸੰਮਤ 1920 ਨੂੰ 6 ਅੰਤਰਜਾਤੀ ਵਿਆਹ ਕਰਕੇ, ਪਹਿਲੀ ਵਾਰ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਤੋਂ ਲਾਵਾਂ ਪੜ੍ਹ ਕੇ ਸਿੱਖਾਂ ਵਿਚ 'ਅਨੰਦ ਕਾਰਜ' ਮਰਿਆਦਾ ਦੀ ਸਥਾਪਨਾ ਕੀਤੀ, ਸਾਦੇ ਅਤੇ ਸਸਤੇ ਵਿਆਹ ਕੇਵਲ ਸਵਾ ਰੁਪੈ ਵਿਚ ਕਰਵਾ, ਸਮਾਜ ਵਿਚ ਕ੍ਰਾਂਤੀ ਲਿਆ ਦਿੱਤੀ। ਇਸ ਤੋਂ ਪਹਿਲਾਂ ਜੋ ਵੀ ਵਿਆਹ ਹੁੰਦੇ ਸਨ, ਉਹ ਸਨਾਤਨੀ ਮਰਿਆਦਾ ਅਨੁਸਾਰ ਪੰਡਤਾਂ ਦੁਆਰਾ ਕਰਵਾਏ ਜਾਂਦੇ ਸਨ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ :
"ਸ੍ਰੀ ਰਾਮ ਸਿੰਘ ਕੂਕੇ ਪਹਿਲੇ, ਅਨੰਦ ਸੁਛੰਦ ਪੜਾਏ ਸਹਿਲੇ
ਤਿਨਕੋ ਦੋਖ ਔਰ ਸਿਖ ਘਨੇ, ਲਗੇ ਆਨੰਦ ਪੜ੍ਹਾਵਨ ਤਨੇ।"
ਆਪ ਜੀ ਨੂੰ ਸਮਾਜ ਸੁਧਾਰ ਕਰਨ ਵੇਲੇ ਕਈ ਪ੍ਰਕਾਰ ਦੀਆਂ ਔਂਕੜਾਂ ਆਈਆਂ ਅਤੇ ਅੰਗਰੇਜ ਨੇ ਆਪਜੀ ਦੀਆਂ ਗਤੀਵਿਧੀਆਂ ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਪਰ ਆਪ ਜੀ ਨੇ ਸਿੱਖੀ ਅਤੇ ਪੰਥ ਦੇ ਪ੍ਰਚਾਰ ਲਈ 22 ਸੂਬੇ ਥਾਪ ਦਿੱਤੇ, ਜੋ ਬੜੇ ਸੁਡੋਲ ਅਤੇ ਸੁਘੜ ਸਿਆਣੇ ਸਨ, ਜਿਨ੍ਹਾਂ ਨੇ ਪ੍ਰਚਾਰ ਲਈ 'ਕੂਕਾ ਡਾਕ ਪ੍ਰਬੰਧ' ਰਾਹੀਂ ਵਿਦੇਸ਼ਾਂ ਨਾਲ ਵੀ ਰਾਜਨੀਤਿਕ ਸੰਬੰਧ ਸਥਾਪਿਤ ਕੀਤੇ । ਆਪਣੇ ਦੇਸ਼ ਲਈ ਨਾਮਧਾਰੀਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ, ਇਸ ਲਈ ਅੰਗਰੇਜ਼ੀ ਰਿਕਾਰਡ ਵਿਚ ਇਹਨਾਂ ਨੂੰ 'ਕੂਕਾ' ਲਿਖਿਆ ਗਿਆ ਹੈ
ਅਤੇ ਉਹਨਾਂ ਦੁਆਰਾ ਚਲਾਈ ਇਸ ਲਹਿਰ ਨੂੰ "ਕੂਕਾ ਲਹਿਰ" ਦਾ ਨਾਂ ਦਿੱਤਾ ਗਿਆ। ਆਪ ਜੀ ਨੇ ਸਮਾਜ ਵਿਚੋਂ ਉੱਚ-ਨੀਚ ਦੇ ਵਖਰੇਵੇਂ ਨੂੰ ਖਤਮ ਕੀਤਾ ਅਤੇ ਲੋਕਾਂ ਨੂੰ ਜਾਗਰੂਕ ਕੀਤਾ, ਉਹਨਾਂ ਨੂੰ ਸਮਝਾਇਆ ਕਿ ਗੁਲਾਮੀ ਦਾ ਜਿਉਣਾ, ਜਿਉਣਾ ਨਹੀਂ, ਆਜ਼ਾਦੀ ਵਿਚ ਹੀ ਸਭ ਨੇਮਤਾਂ ਹਨ। ਆਪ ਜੀ ਦੁਆਰਾ ਦੇਸ਼ ਦੀ ਆਜ਼ਾਦੀ ਲਈ ਸ਼ੁਰੂ ਕੀਤੀ ਨਾ- ਮਿਲਵਰਤਨ ਅਤੇ ਸਵਦੇਸ਼ੀ ਲਹਿਰ ਨੇ ਭਾਰਤ ਵਿਚੋਂ ਅੰਗਰੇਜ਼ੀ ਰਾਜ ਦੀਆਂ ਜੜਾਂ ਹਿਲਾ ਦਿੱਤੀਆਂ ਸਨ। ਆਪ ਜੀ ਦੀ ਪ੍ਰੇਰਣਾ ਨਾਲ ਦੇਸ਼ਵਾਸੀਆਂ ਨੇ ਸਭ ਤੋਂ ਪਹਿਲਾਂ ਅੰਗਰੇਜ਼ੀ ਵਸਤਾਂ ਨੌਕਰੀਆਂ, ਸਕੂਲਾਂ, ਰੇਲ, ਡਾਕ, ਤਾਰ, ਕਚਹਿਰੀਆਂ ਆਦਿ ਸਭ ਦਾ ਡੱਟ ਕੇ ਬਹਿਸ਼ਕਾਰ ਕੀਤਾ। ਇਨਸਾਈਕਲੋਪੀਡੀਆ ਬ੍ਰਿਟੈਨਿਕਾ ਦੀ ਜਿਲਦ 8 ਪੰਨਾ 142 ਤੇ ਲਿਖਿਆ ਹੈ ਕਿ " Ram Singh, Sikh philospher and reformer and the first Indian to use Non-cooperation and boycott The British merchandise and services as a political weapon."
ਅੰਗਰੇਜਾਂ ਨੇ 'ਪਾੜੋ ਅਤੇ ਰਾਜ ਕਰੋ' ਦੀ ਨੀਤੀ ਨਾਲ ਭਾਰਤੀਆਂ ਨੂੰ ਗੁਲਾਮ ਬਣਾਇਆ ਸੀ, ਆਪ ਜੀ ਨੇ ਇਸ ਦੇ ਮੁਕਾਬਲੇ 'ਜੁੜੋ ਤੇ ਲੜੋ' ਦੀ ਨੀਤੀ ਦਾ ਐਲਾਨ ਕੀਤਾ। ਆਪ ਜੀ ਅੰਗਰੇਜਾਂ ਦੀ ਸਖਤੀਆਂ ਦੇ ਬਾਵਜੂਦ ਪੂਰੀ ਸ਼ਾਨੋ- ਸ਼ੌਕਤ ਨਾਲ ਰਹਿੰਦੇ।
ਇਕ ਵਾਰ ਹਕੂਮਤ ਦੇ ਕਰਮਚਾਰੀ ਪੁੱਛ -ਪੜਤਾਲ ਕਰਨ ਲਈ ਆਏ ਅਤੇ ਕਹਿਣ ਲਗੇ -ਬਾਬਾ ਸਾਹਿਬ ਕਿਆ ਯਹਾਂ ਤੋਪੇਂ ਬਨਤੀ ਹੈਂ ?,ਆਪ ਜੀ ਨੇ ਜਵਾਬ ਦਿੱਤਾ -"ਹਾਂ! ਮੇਰੀ ਤੋਪ ਵਿੱਚ 108 ਗੋਲੀਆਂ ਪਾਈਆਂ ਜਾਂਦੀਆਂ ਹਨ। ਅੰਗਰੇਜ ਕੰਬ ਗਿਆ ਅਤੇ ਪੁੱਛਣ ਲੱਗਾ-ਕੀ ਅਸੀਂ ਦੇਖ ਸਕਦੇ ਹਾਂ ? ਆਪ ਜੀ ਨੇ ਆਪਣੀ ਮਾਲਾ ਵਾਲੀ ਬਾਂਹ ਉਪਰ ਕਰਕੇ ਵਿਖਾਇਆ ਕਿ ਇਹ ਹੈ ਮੇਰੀ 108 ਗੋਲੀਆਂ ਵਾਲੀ ਤੋਪ।" ਆਪ ਜੀ ਦੀ ਬਖਸ਼ੀ ਨਾਮ ਬਾਣੀ ਦੀ ਤਾਕਤ ਅਤੇ ਏਕਤਾ ਦੇ ਬੱਲ ਨਾਲ ਸਿੱਖਾਂ ਦੇ ਹੌਂਸਲੇ ਇੰਨੇਂ ਵੱਧ ਗਏ ਕਿ ਇਹਨਾਂ ਸੂਰਬੀਰਾਂ ਨੇ ਅੰਗਰੇਜ਼ੀ ਹਕੂਮਤ ਨੂੰ ਝਿੰਜੋੜ ਕੇ ਰੱਖ ਦਿੱਤਾ। ਇਹਨਾਂ ਸਿੱਖਾਂ ਨੇ ਬੁੱਚੜਖਾਨੇ ਬੰਦ ਕਰਵਾਏ, ਅੰਗਰੇਜ਼ਾਂ ਦੇ ਜ਼ੁਲਮਾਂ ਨਾਲ ਟੱਕਰ ਲੈ ਕੇ ਦੇਸ਼ ਅਤੇ ਧਰਮ ਖਾਤਰ ਆਪਣੇ ਪ੍ਰਾਣਾਂ ਦੀ ਆਹੂਤੀਆਂ ਦੇ ਕੇ ਸ਼ਹਾਦਤਾਂ ਦੀਆਂ ਅਨੋਖੀਆਂ ਮਿਸਾਲਾਂ ਕਾਇਮ ਕੀਤੀਆਂ।
ਆਪ ਜੀ ਦੀ ਵਧਦੀ ਹੋਈ ਪ੍ਰਸਿੱਧੀ ਅਤੇ ਆਜ਼ਾਦੀ ਦੀ ਲਹਿਰ ਹੋਰ ਤੇਜ ਹੁੰਦੀ ਵੇਖ ਅੰਗਰੇਜ ਡਰ ਗਏ। ਉਹ ਆਪ ਜੀ ਨੂੰ ਦੂਰ ਭੇਜ ਕੇ ਇਹਨਾਂ ਗਤੀਵਿਧੀਆਂ ਨੂੰ ਰੋਕਣਾ ਚਾਹੁੰਦੇ ਸਨ ,ਇਸ ਲਈ ਮਲੇਰਕੋਟਲੇ ਦੇ ਸ਼ਹੀਦੀ ਸਾਕੇ ਤੋਂ ਬਾਅਦ 18 ਜਨਵਰੀ 1872 ਈ ਨੂੰ ਆਪ ਜੀ ਨੂੰ ਬਿਨਾਂ ਕਿਸੇ ਮੁਕਦਮੇ ਤੋਂ ਜਲਾਵਤਨ ਕਰ ਰੰਗੂਨ ਭੇਜਣ ਦਾ ਐਲਾਨ ਕਰ ਦਿੱਤਾ।
ਆਪ ਜੀ ਜਾਂਦੇ ਸਮੇਂ ਸਿੱਖੀ ਦੀ ਵਾਗਡੋਰ ਆਪਣੇ ਛੋਟੇ ਭ੍ਰਾਤਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੂੰ ਸੌਂਪ ਗਏ ਅਤੇ ਰੋਂਦੀ ਵਿਲਖਦੀ ਸੰਗਤ ਨੂੰ ਜਾਂਦੀ ਵਾਰ ਹੌਂਸਲਾ ਦੇ ਕੇ ਗਏ ਕਿ " ਧੀਰਜ ਰੱਖੋ। ਮੈ ਇਸੇ ਦੇਹ ਵਿਚ ਜਰੂਰ ਵਾਪਸ ਆਵਾਂਗਾ ਆਪ ਨੇ ਅੰਗਰੇਜ਼ ਦੀ ਕਿਸੇ ਗੱਲ ਦਾ ਯਕੀਨ ਨਹੀਂ ਕਰਨਾ। ਅੱਗ ਵਿਚ ਮੈ ਸੜਦਾ ਨਹੀਂ ,ਪਾਣੀ ਵਿਚ ਮੈ ਡੁੱਬਦਾ ਨਹੀਂ ਅਤੇ ਕਾਲ ਮੇਰੇ ਵੱਸ ਵਿਚ ਹੈ।"
ਆਪ ਜੀ ਦੇ ਇਸ ਅਟੱਲ ਬਚਨ ਅਨੁਸਾਰ ਨਾਮਧਾਰੀ ਸੰਗਤ ਅੱਜ ਵੀ ਆਪ ਜੀ ਦੀ ਉਡੀਕ ਵਿਚ ਅੱਖਾਂ ਵਿਛਾ ਕੇ ਬੈਠੀ ਹੈ। ਆਪ ਜੀ ਦੇ ਉਪਕਾਰਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਆਪ ਜੀ ਨੇ ਭਾਰਤ ਦੇਸ਼ ਦੀ ਅਜਾਦੀ ਲਈ ਨੀਂਹ ਰੱਖ ਕੇ ਜੋ ਨਵੇਕਲਾ ਰਾਹ ਲੋਕਾਂ ਨੂੰ ਦੱਸਿਆ ਉਸ ਰਾਹ ਤੇ ਚਲਦੇ ਹੋਏ ਹੀ ਅਜ਼ਾਦੀ ਦੇ ਮਹਿਲ ਦੀ ਉਸਾਰੀ ਹੋਈ। ਆਪ ਜੀ ਉਸ ਵੇਲੇ ਦੇ ਮਹਾਨ ਅਵਤਾਰ, ਮਹਾਨ ਸਮਾਜ ਸੁਧਾਰਕ, ਮਹਾਨ ਕ੍ਰਾਂਤੀਕਾਰੀ ਅਤੇ ਸੁਤੰਤਰਤਾ ਸੰਗਰਾਮ ਦੇ ਜਨਕ ਵੀ ਮੰਨੇ ਜਾਂਦੇ ਹਨ।
ਵਰਤਮਾਨ ਸਮੇਂ ਉਹਨਾਂ ਦੇ ਹੀ ਵੰਸ਼ਜ ਸਤਿਗੁਰੂ ਦਲੀਪ ਸਿੰਘ ਜੀ ਉਹਨਾਂ ਦੁਆਰਾ ਦਰਸ਼ਾਏ ਮਾਰਗ ਤੇ ਚਲਦੇ ਹੋਏ, ਜਿੱਥੇ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਦੇ ਮਹਾਨ ਜਤਨ ਕਰ ਰਹੇ ਹਨ ਉੱਥੇ ਹੀ ਅੱਜ ਸਮੇਂ ਦੀ ਲੋੜ ਅਨੁਸਾਰ ਸਵਦੇਸ਼ੀ ਲਹਿਰ, ਇਸਤਰੀ ਜਾਤੀ ਦਾ ਸਨਮਾਨ, ਆਪਸੀ ਇਕਜੁੱਟਤਾ ਅਤੇ ਸਮਾਜ ਨੂੰ ਜਾਤ-ਪਾਤ ਦੇ ਵਖਰੇਵੇਂ ਨੂੰ ਦੂਰ ਰਹਿਣ ਜਿਹੇ ਸਮਾਜਿਕ ਕੰਮਾਂ ਤੇ ਵੀ ਪਹਿਰਾ ਦੇ ਰਹੇ ਹਨ।
ਪ੍ਰਿੰਸੀਪਲ ਰਾਜਪਾਲ ਕੌਰ
ਸੰਪਰਕ :+9190231-50008
No comments:
Post a Comment