14th January 2021 at 11:49 AM WhatsApp
ਕਿਸਾਨ ਸੰਘਰਸ਼ ਨਾਲ ਸਬੰਧਤ ਕਵਿਤਾ ਦੀ ਕਿਤਾਬ ਦਾ ਕੀਤਾ ਲੋਕ ਅਰਪਣ
ਫ਼ਿਰੋਜ਼ਪੁਰ: 15 ਜਨਵਰੀ 2021: (ਪੰਜਾਬ ਸਕਰੀਨ ਬਿਊਰੋ)::
ਲੋਹੜੀ ਦਾ ਤਿਉਹਾਰ ਭਾਰਤੀ ਜਨ ਜੀਵਨ ਦਾ ਅਹਿਮ ਹਿੱਸਾ ਹੈ। ਚਾਵਾਂ ਖੁਸ਼ੀਆਂ ਮਲਾਰਾਂ ਨਾਲ ਇਹ ਤਿਉਹਾਰ ਪੂਰੀ ਦੁਨੀਆਂ ਚ ਵੱਸਦੇ ਭਾਰਤੀਆਂ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਵਾਰ ਇਸ ਤਿਉਹਾਰ ਦੀ ਤਾਸੀਰ ਵੱਖਰੀ ਹੈ। ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਹੁਕਮ ਮੁਤਾਬਕ ਇਸ ਦੇਸ਼ ਦੀ ਖੇਤੀ ਨੂੰ ਮਲਟੀਨੈਸ਼ਨਲ ਕੰਪਨੀਆਂ ਦੀ ਜ਼ਰਖਰੀਦ ਬਨਾਉਣ ਲਈ ਲਾਗੂ ਕੀਤੇ ਕਿਸਾਨ ਵਿਰੋਧੀ ਲੋਕ ਮਾਰੂ ਤਿੰਨ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਪੂਰੇ ਦੇਸ਼ ਵਿਸ਼ੇਸ਼ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸੰਘਰਸ਼ ਦੇ ਰਾਹ ਤੇ ਹਨ। ਇਸ ਦੇਸ਼ ਦੀ ਆਜ਼ਾਦੀ ਦੀ ਦੂਜੀ ਲੜਾਈ ਲੜ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਫ਼ਿਰੋਜ਼ਪੁਰ ਦੇ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ, ਮੁਲਾਜ਼ਮਾਂ ਅਤੇ ਲੋਕ ਪੱਖੀ ਸੰਸਥਾਵਾਂ ਵੱਲੋਂ ਕਮੇਟੀ ਘਰ ਪਾਰਕ ਦੇ ਸਾਹਮਣੇ ਲੋਹੜੀ ਬਾਲ ਕੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਤੇ ਬੋਲਦਿਆਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਅੱਜ ਲੋਹੜੀ ਦੇ ਤਿਉਹਾਰ ਤੇ ਤਿੰਨ ਕਾਲੇ ਕਾਨੂੰਨ ਸਾੜ ਕੇ ਅਸੀਂ ਦਿੱਲੀ ਦੇ ਬਾਡਰਾਂ ਤੇ ਬੈਠੇ ਸੰਘਰਸ਼ੀ ਯੋਧਿਆਂ ਨਾਲ ਆਪਣੀ ਇੱਕਮੁੱਠਤਾ ਜਾਹਰ ਕਰਦੇ ਹਾਂ ਅਤੇ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਇਹ ਕਾਨੂੰਨ ਤੁਰੰਤ ਰੱਦ ਕੀਤੇ ਜਾਣ। ਇਸ ਮੌਕੇ ਯੂਨਾਈਟਿਡ ਹਿਊਮੈਨ ਰਾਈਟਸ ਫਰੰਟ ਦੇ ਆਗੂ ਬਲਵਿੰਦਰ ਪਾਲ ਸ਼ਰਮਾ, ਪਟਵਾਰ ਯੂਨੀਅਨ ਵੱਲੋਂ ਸੁਖਦੇਵ ਸਿੰਘ ਢੀਂਡਸਾ, ਪੱਤਰਕਾਰ ਭਾਈਚਾਰੇ ਵੱਲੋਂ ਗੁਰਨਾਮ ਸਿੱਧੂ ਗਾਮਾ ਅਧਿਆਪਕ ਆਗੂ ਅਨਿਲ ਆਦਮ ਨੇ ਸੰਬੋਧਨ ਕਰਦਿਆਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਇਸ ਸੰਘਰਸ਼ੀ ਲੋਹੜੀ ਦੀ ਲੋਅ ਵਿੱਚ ਪ੍ਰੋ.ਕੁਲਦੀਪ ਜਲਾਲਾਬਾਦ, ਡਾ.ਮਨਜੀਤ ਕੌਰ ਆਜ਼ਾਦ ਅਤੇ ਡਾ.ਆਜ਼ਾਦਵਿੰਦਰ ਸਿੰਘ ਵੱਲੋਂ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਵਿਤਾਵਾਂ ਦੀ ਸੰਪਾਦਿਤ ਪੁਸਤਕ "ਬਲਦੀ ਮਿੱਟੀ ਦੇ ਬੋਲ " ਨੂੰ ਲੋਕ ਅਰਪਿਤ ਕੀਤਾ ਗਿਆ।
ਇਸ ਯੱਗ ਵਿੱਚ ਹਿੱਸਾ ਪਾਉਣ ਲਈ ਗੁਰਭੇਜ ਕੰਬੋਜ ਟਿੱਬੀ, ਸੁਖਜਿੰਦਰ ਫ਼ਿਰੋਜ਼ਪੁਰ, ਸੁਰਿੰਦਰ ਕੰਬੋਜ, ਪ੍ਰੋ. ਅਨਿਲ ਧੀਮਾਨ, ਡਾ.ਅਮਨਦੀਪ ਸਿੰਘ, ਅਨਿਲ ਮਛਰਾਲ, ਨਯਨ ਕਪੂਰ, ਅਜੀਤ ਸਿੰਘ, ਬਲਬੀਰ ਸਿੰਘ, ਰਣਧੀਰ ਜੋਸ਼ੀ, ਗੁਰਿੰਦਰ ਸਿੰਘ, ਜੈਲਾ ਸੰਧੂ, ਜਸਕਰਨ ਸਿੰਘ, ਜਤਿੰਦਰ ਸਿੰਘ ਸੰਧੂ, ਜਸਪਾਲ ਹਾਂਡਾ, ਅਵਤਾਰ ਸਿੰਘ, ਜਸਪਾਲ ਸਿੰਘ, ਜਸਵਿੰਦਰ ਸੰਧੂ, ਯਸ਼ਪਾਲ, ਅਸ਼ੋਕ ਕੁਮਾਰ, ਰਾਹੁਲ ਪਾਂਡੇ, ਨਾਰਾਇਣ ਧਮੀਜਾ, ਆਰ.ਕੇ. ਜਸਪਾਲ ਜੋਸਨ, ਗੁਰਦਰਸ਼ਨ ਆਰਿਫ਼ ਕੇ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਨਾਅਰਿਆਂ ਦੀ ਗੂੰਜ ਵਿੱਚ ਸ਼ਾਇਰ ਹਰਮੀਤ ਵਿਦਿਆਰਥੀ ਨੇ ਆਏ ਹੋਏ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਐਲਾਨ ਕੀਤਾ ਕਿ ਕਿਸਾਨ ਜਥੇਬੰਦੀਆਂ ਦੇ ਹਰ ਸੱਦੇ ਨੂੰ ਫ਼ਿਰੋਜ਼ਪੁਰ ਵਿੱਚ ਲਾਗੂ ਕਰਨ ਹਰ ਸੰਭਵ ਯਤਨ ਕੀਤਾ ਜਾਵੇਗਾ।
No comments:
Post a Comment