Monday, January 18, 2021

ਤੇਜ਼ੀ ਨਾਲ ਵੱਧ ਰਿਹਾ ਹੈ ਕਿਸਾਨ ਅੰਦੋਲਨ ਦਾ ਕੌਮਾਂਤਰੀ ਪ੍ਰਭਾਵ

Monday: 18th  January  2021: 05:54 PM: WhatsApp

 ਅੰਦੋਲਨਕਾਰੀ ਔਰਤਾਂ ਨੇ ਸਾੜਿਆ IMF ਦਾ ਪੁਤਲਾ 


ਟਿਕਰੀ
: 18 ਜਨਵਰੀ 2021: (ਪੰਜਾਬ ਸਕਰੀਨ ਬਿਊਰੋ)::

ਸਭਨਾਂ ਦੀਆਂ ਨਜ਼ਰਾਂ ਦਾ ਕੇਂਦਰ ਬਣੇ ਕਿਸਾਨ ਅੰਦੋਲਨ ਨੂੰ  ਸੱਤਾ ਦੇ ਸਮਰਥਕ ਸਿਰਫ ਪੰਜਾਬ ਦਾ ਅੰਦੋਲਨ ਅੱਖ ਕੇ ਛੁਟਿਆਇਆ ਕਰਦੇ ਸਨ। ਉਹੀ ਅੰਦੋਲਨ ਫੈਲਦਾ ਫੈਲਦਾ ਪਹਿਲਾਂ ਦੇਸ਼ ਭਰ ਦੇ ਦੂਜੇ ਸੂਬਿਆਂ ਵਿਛਕ ਫੈਲਿਆ ਅਤੇ ਫਿਰ ਵਿਦੇਸ਼ਾਂ ਵਿਚਕ ਵੀ ਜਾ ਪਹੁੰਚਿਆ। ਇਸ ਅੰਦੋਲਨ ਨੂੰ ਵੱਖ ਵੱਖ ਨਾਮ ਦੇ ਕੇ ਭੰਡਣ ਦੇ ਮਨਸੂਬੇ ਵੀ ਕਾਰਗਰ ਨਹੀਂ ਹੋ ਸਕੇ। ਦੁਨੀਆ ਨੇ ਕਿਸਾਨ ਅੰਦੋਲਨ ਦੇ ਸਿਦਕ ਅਤੇ ਸਬਰ ਨੂੰ ਸਿਖਰਾਂ ਛੂੰਹਦਿਆਂ ਦੇਖਿਆ। ਹੁਣ ਉਹੀ ਅੰਦੋਲਨ ਕਿਸਾਨੀ ਦੇ ਉੱਤੇ ਹਮਲਾਵਰ ਹੋਈ ਖਤਰਨਾਕ ਸੋਚ ਦੀਆਂ ਜੜ੍ਹਾਂ ਵੱਲ ਵੀ ਸੇਧਿਤ ਹੈ ਕਿਓਂਕਿ ਇਹ ਸੋਚ WTO ਅਰਥਾਤ ਵਰਲਡ ਟਰੇਡ ਆਰਗੇਨਾਈਜ਼ੇਸ਼ਨ ਅਤੇ IMF ਅਰਥਾਤ ਇੰਟਰਨੈਸ਼ਨਲ ਮੋਨਿਟਰੀ ਫ਼ੰਡ ਵਰਗੀਆਂ ਸੰਸਥਾਵਾਂ ਚੋਂ ਹੀ ਨਿਕਲੀ ਹੈ। ਆਖਣ ਨੂੰ ਤਾਂ ਇਹ ਸੰਸਥਾਵਾਂ ਆਪਣੇ ਮੈਂਬਰ ਦੇਸ਼ਾਂ ਦੀ ਆਰਥਿਕਤਾ ਨੂੰ ਵਿਕਸਿਤ ਕਰਨਾ, ਗਰੀਬੀ ਖਤਮ ਕਰਨਾ ਅਤੇ ਰੋਜ਼ਗਾਰ ਦੇ ਮੌਕਿਆਂ ਨੂੰ ਵਧਾਉਣਾ ਹੈ ਪਰ ਇਹਨਾਂ ਸੰਸਥਾਵਾਂ ਦੀਆਂ ਨੀਤੀਆਂ ਦੇ ਸਿੱਟੇ ਲਗਾਤਾਰ ਹੋਰ ਹੀ ਨਿਕਲਦੇ ਰਹੇ। ਖੱਬੀਆਂ ਧਿਰਾਂ ਨੇ ਦਹਾਕਿਆਂ ਪਹਿਲਾਂ ਹੀ ਇਹਨਾਂ ਬਾਰੇ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਸੀ ਪਰ ਪੂੰਜੀਵਾਦ ਦੇ ਹਿਤ ਪੂਰਦੀ ਸਿਆਸਤ ਨੇ ਕਦੇ ਵੀ ਲਾਲ ਝੰਡੇ ਵਾਲਿਆਂ ਦੀਆਂ ਇਹਨਾਂ ਗੱਲਾਂ ਨੂੰ ਆਮ ਲੋਕਾਂ ਦੇ ਦਿਲਾਂ ਤੱਕ ਨਾ ਉਤਰਨ ਦਿੱਤਾ। ਫਿਰਕੂ ਪਾੜਿਆਂ ਦੀਆਂ ਸਾਜ਼ਿਸ਼ਾਂ ਨੂੰ ਤੇਜ਼ ਕਰਕੇ ਇਹਨਾਂ ਦੀ ਹਮਾਇਤੀ ਸਿਆਸਤ ਨੇ ਆਰਥਿਕ ਸਾਜ਼ਿਸ਼ਾਂ ਦਾ ਕਦੇ ਵੀ ਥਹੁ ਪਤਾ ਨਾ ਲੱਗਣ ਦਿੱਤਾ। ਦਹਾਕਿਆਂ ਤੀਕ ਇਹਨਾਂ ਖਿਲਾਫ ਬੁਲੰਦ ਹੁੰਦੀ ਹਰ ਆਵਾਜ਼ ਗੁੰਮ ਕਰ ਦਿੱਤੀ ਜਾਂਦੀ। ਕਿਸਾਨੀ ਅੰਦੋਲਨ ਨੇ ਅਚਾਨਕ ਇਹਨਾਂ ਸਾਰੀਆਂ ਧੁੰਦਾਂ ਨੂੰ ਚੀਰ ਕੇ ਅਸਲੀ ਗੱਲ ਲੋਕਾਂ ਸਾਹਮਣੇ ਲਿਆ ਰੱਖੀ ਕਿ ਅਸਲੀਅਤ ਵਿੱਚ ਨੇ ਦੋ ਵਿੱਥਾਂ-ਬਾਕੀ ਸਭ ਕੂੜੀਆ ਪਾੜਾਂ ਨੇ। 

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਮਨਾਏ ਗਏ ਕਿਸਾਨ ਔਰਤ ਦਿਵਸ ਮੌਕੇ ਅੱਜ ਇਥੇ ਹਜ਼ਾਰਾਂ ਔਰਤਾਂ ਵਲੋਂ ਮੋਦੀ ਸਰਕਾਰ ਖ਼ਿਲਾਫ਼ ਰੋਹ ਭਰਿਆ ਮੁਜ਼ਾਹਰਾ ਕੀਤਾ ਗਿਆ ਅਤੇ ਆਈਐਮਐਫ-ਡਬਲਿਊਟੀਓ ਦਾ ਪੁਤਲਾ ਸਾੜਿਆ ਗਿਆ। ਇਸ ਇੱਕਠ ਵਿੱਚ ਪੰਜਾਬ, ਹਰਿਆਣਾ, ਬਿਹਾਰ, ਕਰਨਾਟਕ, ਮਹਾਂਰਾਸ਼ਟਰ, ਰਾਜਸਥਾਨ, ਦਿੱਲੀ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਤੋਂ ਪਹੁੰਚੀਆਂ ਔਰਤਾਂ ਸ਼ਾਮਲ ਹੋਈਆਂ।

ਪੁਤਲਾ ਸਾੜਨ ਮੌਕੇ ਕੀਤੀ ਗਈ ਰੈਲੀ ਨੂੰ ਪੰਜਾਬ ਕਿਸਾਨ ਯੂਨੀਅਨ ਦੀ ਪ੍ਰਮੁੱਖ ਆਗੂ ਜਸਬੀਰ ਕੌਰ ਨੱਤ, ਕੁਲ ਹਿੰਦ ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਕੌਮੀ ਜਨਰਲ ਸਕੱਤਰ ਮੀਨਾ ਤਿਵਾੜੀ, ਕੌਮੀ ਕਾਰਜਕਾਰਨੀ ਦੀ ਮੈਂਬਰ ਪ੍ਰੋਫੈਸਰ ਸੁਧਾ ਚੌਧਰੀ (ਰਾਜਸਥਾਨ), ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਆਗੂ ਗੀਤਾ ਕੁਮਾਰੀ (ਹਰਿਆਣਾ), ਟ੍ਰੇਡ ਯੂਨੀਅਨ ਆਗੂ ਕਾਮਰੇਡ ਲੇਖਾ ਆਡੁਵੀ (ਕਰਨਾਟਕ), ਪੰਜਾਬੀ ਥੇਟਰ ਤੇ ਫਿਲਮਾਂ ਦੀ ਜਾਣੀ ਪਛਾਣੀ ਅਦਾਕਾਰਾ ਅਨੀਤਾ ਸ਼ਬਦੀਸ਼, ਲੋਕਾਇਤ ਆਗੂ  (ਕਰਨਾਟਕ) ਨੇ ਸੰਬੋਧਨ ਕੀਤਾ। ਇੰਨਾਂ ਔਰਤ ਆਗੂਆਂ ਦਾ ਕਹਿਣਾ ਸੀ ਕਿ ਜਦੋਂ ਕਨੈਡਾ ਦਾ ਪ੍ਰਧਾਨ ਮੰਤਰੀ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਨੇਕ ਸਲਾਹ ਦਿੰਦਾ ਹੈ, ਤਾਂ ਮੋਦੀ ਸਰਕਾਰ ਇਸ ਨੂੰ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਨਜ਼ਾਇਜ਼ ਦਖਲ ਕਰਾਰ ਦਿੰਦੀ ਹੈ, ਪਰ ਜਦੋਂ ਆਈਐਮਐਫ ਦਾ ਬੁਲਾਰਾ ਇੰਨਾਂ ਕਿਸਾਨ ਦੋਖੀ ਖੇਤੀ ਕਾਨੂੰਨਾਂ ਨੂੰ ਬਹੁਤ ਲਾਹੇਵੰਦ ਕਰਾਰ ਦੇ ਕੇ ਇੰਨਾਂ ਦਾ ਖੁੱਲ੍ਹਾ ਸਮਰਥਨ ਕਰਦਾ ਹੈ, ਤਾਂ ਮੋਦੀ ਸਰਕਾਰ ਇਸ ਦਖ਼ਲ 'ਤੇ ਬੜੀ ਖੁਸ਼ ਹੁੰਦੀ ਹੈ। ਪਰ ਅਸੀਂ ਭਾਰਤ ਦੀਆਂ ਕਿਸਾਨ ਔਰਤਾਂ ਅੱਜ ਪੁਤਲਾ ਫੂਕ ਕੇ ਆਈਐਮਐਫ, ਡਬਲਿਊਟੀਓ ਅਤੇ ਸੰਸਾਰ ਬੈਂਕ ਵਰਗੀਆਂ ਬਹੁਕੌਮੀ ਕਾਰਪੋਰੇਟ ਕੰਪਨੀਆਂ ਦੀਆਂ ਕੱਠਪੁਤਲੀਆਂ ਸੰਸਥਾਵਾਂ ਨੂੰ ਚੇਤਾਵਨੀ ਦਿੰਦੀਆਂ ਹਾਂ ਕਿ ਅਗਰ ਉਨ੍ਹਾਂ ਭਾਰਤ ਦੇ ਅੰਦਰੂਨੀ ਤੇ ਨੀਤੀਗਤ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਬੰਦ ਨਾ ਕੀਤੀ, ਤਾਂ ਅੰਬਾਨੀ ਅਡਾਨੀ ਦੇ ਅਦਾਰਿਆਂ ਵਾਂਗ ਇੰਨਾਂ ਸੰਸਥਾਵਾਂ ਦੇ ਦਫਤਰਾਂ ਦੇ ਘਿਰਾਓ ਕਰਨ ਦਾ ਵੀ ਫੈਸਲਾ ਲਿਆ ਜਾ ਸਕਦਾ ਹੈ।

 ਅੱਜ ਦੀ ਰੈਲੀ ਨੂੰ ਸੰਬੋਧਨ ਕਰਨ ਵਾਲੇ ਹੋਰ ਬੁਲਾਰੇ ਸਨ ਕਾਮਰੇਡ ਐਨੀ ਰਾਜ ਕੌਮੀ ਜਨ. ਸਕੱਤਰ ਆਲ ਇੰਡੀਆ ਇਸਤਰੀ ਸਭਾ, ਅਮਰਜੀਤ ਕੌਰ ਆਗੂ ਬੀਕੇਯੂ ਡਕੌਂਦਾ, ਛਿੰਦਰਪਾਲ ਕੌਰ ਆਗੂ ਆਂਗਨਵਾੜੀ ਵਰਕਰ ਯੂਨੀਅਨ, ਡਾ. ਭਵਨੀਤ ਕੌਰ (ਜੰਮੂ), ਪਰਮਜੀਤ ਕੌਰ ਮੁੱਦਕੀ ਆਗੂ ਮਜ਼ਦੂਰ ਮੁਕਤੀ ਮੋਰਚਾ, ਨੀਰਜ ਸੰਗਮਾ, ਜਗਮਤੀ ਸਾਂਗਵਾਨ, ਕੁਸ਼ਲ ਭੌਰਾ, ਡਾਕਟਰ ਅਨੁਪਮਾ ਪੰਜਾਬੀ ਯੂਨੀਵਰਸਿਟੀ, ਡਾਕਟਰ ਸ਼ਾਲਨੀ ਯਾਦਵ, ਸੁਦੇਸ਼ ਘੋਸ਼ਿਤ, ਡਾਕਟਰ ਚਰਨਜੀਤ ਕੌਰ, ਬਲਵਿੰਦਰ ਕੌਰ ਖਾਰਾ।

 ਪ੍ਰਦਰਸ਼ਨਕਾਰੀ ਔਰਤਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੋਦੀ ਸਰਕਾਰ ਵਲੋਂ ਅਪਣੀ ਹੈਂਕੜ ਤੇ ਜ਼ਿਦ ਨੂੰ ਛੱਡ ਕੇ ਇੰਨਾਂ ਕਾਰਪੋਰੇਟ ਘਰਾਣਿਆਂ ਪੱਖੀ ਖੇਤੀ ਕਾਨੂੰਨਾਂ ਨੂੰ ਜਲਦੀ ਰੱਦ ਨਾ ਕੀਤਾ ਗਿਆ, ਤਾਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਸਮੇਤ ਦੇਸ਼ ਦੀ ਲੱਖਾਂ ਔਰਤਾਂ ਦੇਸ਼ ਦੇ ਸਾਰੇ ਪਿੰਡਾਂ ਸ਼ਹਿਰਾਂ ਤੇ ਗਲੀ ਮੁਹੱਲਿਆਂ ਵਿੱਚ ਹਰ ਘਰ ਤੱਕ ਪਹੁੰਚ ਕਰਕੇ ਬੀਜੇਪੀ - ਆਰ ਐੱਸਐੱਸ ਦਾ ਪਰਦਾਫਾਸ਼ ਮੁਹਿੰਮ ਆਰੰਭ ਕਰਨਗੀਆਂ।

ਇਸ ਅੰਦੋਲਨ ਨਾਲ ਜੁੜਨ ਦੇ ਚਾਹਵਾਨ ਜਾਂ ਇਸ ਅੰਦੋਲਨ ਬਾਰੇ ਆਪਣੇ ਸ਼ੰਕੇ ਨਵਿਰਤ ਕਰਨ ਦੇ ਇੱਛਕ ਇਸ ਬਾਰੇ ਹੋਰਨਾਂ ਨ ਲੀਡਰਾਂ ਦੇ ਨਾਲ ਨਾਲ ਜਸਬੀਰ ਕੌਰ ਨੱਤ ਹੁਰਾਂ ਨਾਲ ਵੀ ਸੰਪਰਕ ਕਰ ਸਜਦੇ ਹਨ ਜਿਹੜੇ ਆਪਣੇ ਪੂਰੇ ਪਰਿਵਾਰ ਸਮੇਤ ਟਿੱਕਰੀ ਬਾਰਡਰ ਤੇ ਪੂਰੇ ਜਿਸ਼ੋਂ ਖਰੋਸ਼ ਨਾਲ ਜੁੜੇ ਹੋਏ ਹਨ। ਉਹਨਾਂ ਦਾ ਮੋਬਾਈਲ ਨੰਬਰ ਹੈ-9463079494 ਅਤੇ ਉੱਥੇ ਸਭਨਾਂ ਨੂੰ ਯਕੀਨ ਹੈ ਕਿ ਅਸੀਂ ਜਿੱਤ ਕੇ ਮੁੜਾਂਗੇ। 

No comments: