ਇਪਟਾ ਨੇ ਸਿੰਘੂ ਬਾਰਡਰ ਪਹੁੰਚ ਕੇ ਸਾਬਿਤ ਕੀਤਾ ਕਿ ਕਲਾ ਲੋਕਾਂ ਲਈ ਹੈ
ਸਿੰਘੂ ਬਾਰਡਰ: 1 ਦਸੰਬਰ 2020: (ਪੰਜਾਬ ਸਕਰੀਨ ਬਿਊਰੋ)::
ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਲੱਖ ਤੋਂ ਵੱਧ ਅੰਦਲੋਨਕਾਰੀਆਂ ਵਿਚ ਨੋਜਵਾਨਾਂ ਨੇ ਭਰਵੀਂ ਗਿਣਤੀ ਵਿਚ ਗਰਮਜੋਸ਼ੀ ਤੇ ਦਲੇਰੀ ਨਾਲ ਸ਼ਾਮਿਲ ਹੋ ਕੇ ਆਪਣੇ ਉਪਰ ਲੱਗੇ ਨਸ਼ੇੜੀ ਤੇ ਵਿਹਲੜ ਹੋਣ ਦੇ ਦਾਗ ਧੋਅ ਦਿੱਤੇ ਹਨ। ਬੇਸ਼ਕ ਨੋਜਵਾਨਾਂ ਨੂੰ ਹਰ ਕਿਸਮ ਦੇ ਨਸ਼ਿਆਂ ਅਤੇ ਲੱਚਰ ਗਾਇਕੀ ਵਿਚ ਉਲਝਾ ਕੇ ਗੁਮਰਾਹ ਅਤੇ ਬਦਨਾਮ ਕਰਨ ਦੀਆਂ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਬਥੇਰੀਆਂ ਸਾਜ਼ਿਸ਼ਾਂ ਹੋਈਆਂ ਪਰ ਨੋਜਵਾਨਾਂ ਨੇ ਆਪਣੇ ਆਪ ਨੂੰ ਗੁਰੂਆਂ ਤੇ ਪੀਰਾਂ ਪੈਗੰਬਰਾਂ ਦੀ ਔਲਾਦ ਸਿੱਧ ਕਰ ਦਿੱਤਾ ਹੈ। ਸਰਕਾਰਾਂ ਵੱਲੋਂ ਆਪਣੇ ਜਬਰ ਜ਼ੁਲਮ ਦੇ ਢੰਗ ਤਰੀਕੇ ਇਹਨਾਂ ਨੂੰ ਜ਼ਰਾ ਵੀ ਡਰਾ ਨਹੀਂ ਸਕੇ। ਇਹ ਪੂਰੇ ਜੋਸ਼ੋ ਖਰੋਸ਼ ਨਾਲ ਸਿੰਘੂ ਬਾਰਡਰ ਪਹੁੰਚੇ।
ਇਪਟਾ, ਪੰਜਾਬ ਦੇ ਸੱਕਤਰ ਇੰਦਰਜੀਤ ਮੋਗਾ, ਮੁਕੰਦ ਸਿੰਘ, ਇਪਟਾ, ਪੰਜਾਬ ਦੀ ਮੋਗਾ ਅਤੇ ਰੈਡ ਆਰਟ ਵੱਲੋਂ ਇਕਾਈ ਵੱਲੋਂ ਵਿੱਕੀ ਮਹੇਸਰੀ ਤੇ ਨੀਰਜ ਕੌਸ਼ਲ ਦੀ ਰਹਿਨੁਮਾਈ ਹੇਠ ਰਮਇੰਦਰ ਦੀਪ, ਇਕਬਾਲ ਚੜਕ, ਕਰਨਇੰਦਰ ਸੰਧੂ, ਸੁਖਜਿੰਦਰ ਮਹੇਸਰੀ, ਗੁਰਤੇਜ ਸਫਰੀ, ਪ੍ਰਵੀਨ ਅਵਾਰਾ, ਰਣਜੋਧ ਸਿੰਘ, ਯੂਸਫ, ਗੁਰਜੀਤ ਭੰਗੂ, ਦੀਪਕ ਨਿਆਜ਼, ਬੱਗਾ ਚੀਮਾ ਵਰਗੇ ਬੇਹਤਰੀਨ ਰੰਗਕਰਮੀਆਂ ਵੱਲੋਂ ਅਦਕਾਰੀ ਤੇ ਗਾਇਕੀ ਰਾਹੀਂ ਨੁਕੜ ਨਾਟਕਾਂ ਤੇ ਗਾਇਕੀ ਜ਼ਰੀਏ ਕਿਸਾਨੀ ਮਸਲੇ ਉਜਾਗਰ ਕੀਤੇ ਜਾ ਰਹੇ ਹਨ। ਇਹਨਾਂ ਬਹਾਦਰ ਕਲਾਕਾਰਾਂ ਦੀ ਇਹ ਸਿੰਘੂ ਫੇਰੀ ਬਹੁਤ ਹੀ ਮਹੱਤਵਪੂਰਨ ਹੋ ਨਿਬੜਨੀ ਹੈ। ਇਹਨਾਂ ਕਲਾਕਾਰਾਂ ਨੇ ਆਪਣੇ ਦਿਲ ਅਤੇ ਦਿਮਾਗ ਵਿੱਚ ਉਸ ਦਰਦ ਦੀਆਂ ਤਸਵੀਰਾਂ ਖਿੱਚ ਲਈਆਂ ਹਨ। ਇਹਨਾਂ ਦੇ ਜ਼ਹਿਨ ਵਿੱਚ ਰਿਕਾਰਡ ਹੋਇਆ ਇਹ ਦਰਦ ਹੁਣ ਆਉਣ ਵਾਲਿਆਂ ਨਸਲਾਂ ਨੂੰ ਦਸਿਆ ਕਰੇਗਾ ਕਿ ਕਿੰਝ ਵਕ਼ਤ ਦੀ ਫਾਸ਼ੀ ਸਰਕਾਰ ਪੂੰਜੀਪਤੀਆਂ ਦੇ ਪੈਰਾਂ ਤੇ ਡਿੱਗ ਕੇ ਕਿਸਾਨ ਵਿਰੋਧੀ ਬਣ ਗਈ ਸੀ। ਸਰਕਾਰੀ ਧਿਰ ਦੀ ਇਸ ਸ਼ਰਮਨਾਕ ਗਿਰਾਵਟ ਨੂੰ ਇਹਨਾਂ ਕਲਾਕਾਰਾਂ ਨੇ ਆਪਣੀ ਸ਼ਾਇਰੀ, ਆਪਣੀ ਪੇਂਟਿੰਗ ਅਤੇ ਆਪਣੇ ਨਾਟਕਾਂ ਰਾਹੀਂ ਲੋਕਾਂ ਸਾਹਮਣੇ ਰੱਖਣਾ ਹੈ। ਜਬਰ ਜ਼ੁਲਮ ਦੇ ਇਸ ਦਮਨ ਚੱਕਰ ਬਾਰੇ ਫ਼ਿਲਮਾਂ ਵੀ ਬਣਨੀਆਂ ਹਨ। ਇਹ ਕਲਾਕਾਰ ਇਹਨਾਂ ਅਣਮਨੁੱਖੀ ਜ਼ੁਲਮਾਂ ਦੇ ਗਵਾਹ ਬਣ ਕੇ ਸਾਹਮਣੇ ਆਇਆ ਕਰਨਗੇ।
No comments:
Post a Comment