Monday, November 30, 2020

ਸ੍ਰੀ ਭੈਣੀ ਸਾਹਿਬ ਵਿਖੇ ਛੇ ਦਿਨ ਚੱਲਿਆ ਪ੍ਰਕਾਸ਼ ਸ਼ਤਾਬਦੀ ਮੇਲਾ

 ਤੰਤੀ ਸਾਜਾਂ ਨਾਲ ਬੱਝਿਆ ਅਲੌਕਿਕ ਆਨੰਦ ਦਾ ਸਮਾਂ   

ਸ੍ਰੀ ਭੈਣੀ ਸਾਹਿਬ (ਲੁਧਿਆਣਾ) ਤੋਂ ਵਿਸ਼ੇਸ਼ ਰਿਪੋਰਟ: (ਪੰਜਾਬ ਸਕਰੀਨ ਬਿਊਰੋ)::

25 ਤੋਂ 30 ਨਵੰਬਰ 2020 ਤੱਕ ਸ੍ਰੀ ਭੈਣੀ ਸਾਹਿਬ ਵਿਖੇ ਆਤਮਰਸ ਵਾਲੇ ਰੂਹਾਨੀ ਰੰਗਾਂ ਦੀ ਵਰਖਾ ਹੁੰਦੀ ਰਹੀ।ਇੱਕ ਵਾਰ ਫੇਰ ਲੰਘਿਆ ਹੋਇਆ ਉਹ ਸਮਾਂ ਮੁੜ ਆਇਆ ਲੱਗਿਆ ਜਿਹੜਾ ਕਦੇ ਸਤਿਗੁਰੂ ਸ੍ਰੀ ਜਗਜੀਤ ਸਿੰਘ ਹੁਰਾਂ ਦੇ ਹੁੰਦਿਆਂ ਹੋਇਆਂ ਮਹਿਸੂਸ ਹੋਇਆ ਕਰਦਾ ਸੀ। ਕਲਾਸੀਕਲ ਸੰਗੀਤ, ਗੁਰਬਾਣੀ ਅਧਾਰਿਤ ਵਿਚਾਰਾਂ, ਗੁਰਮਤਿ ਵਾਲੇ ਰਾਗਾਂ ਵਿੱਚ ਸ਼ਬਦ ਗਾਇਨ, ਤੰਤੀ ਸਾਜਾਂ ਵਾਲਾ ਰੰਗ, ਕਿਸਾਨ ਅੰਦੋਲਨ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕਰਨ ਦੀ ਹਿੰਮਤ, ਇਸ ਸਭ ਕੁਝ ਨੂੰ ਦੇਖਦਿਆਂ ਉਹ ਰੰਗ ਇੱਕ ਵਾਰ ਫੇਰ ਤਾਜ਼ਾ ਹੋ ਰਿਹਾ ਸੀ ਜਿਹੜਾ ਆਜ਼ਾਦੀ ਦੀ ਜੰਗ ਵੇਲੇ ਨਾਮਧਾਰੀਆਂ ਵਿੱਚ ਅਤੇ ਸ੍ਰੀ ਭੈਣੀ ਸਾਹਿਬ ਵਿਖੇ ਹੋਇਆ ਕਰਦਾ ਸੀ। 

ਅੱਜ 30 ਨਵੰਬਰ ਸ੍ਰੀ ਭੈਣੀ ਸਾਹਿਬ ਵਿਖੇ ਸਤਿਗੁਰੂ ਉਦੇ ਸਿੰਘ ਜੀ ਦੀ ਰਹਿਨੁਮਾਈ ਹੇਠ 25 ਨਵੰਬਰ ਤੋਂ ਆਰੰਭ ਹੋਏ ਸਤਿਗੁਰੂ ਜਗਜੀਤ ਸਿੰਘ ਜੀ ਦੀ ਪਹਿਲੀ ਪ੍ਰਕਾਸ਼ ਸ਼ਤਾਬਦੀ ਦਾ ਸਮਾਪਨ ਹੋਇਆ। ਸਮਾਪਨ ਸਮਾਰੋਹ ਸਮੇਂ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਗੁਰਮਤਿ ਮਰਿਯਾਦਾ ਅਨੁਸਾਰ 9 ਸਾਮੂਹਿਕ ਅਨੰਦ ਕਾਰਜ ਹੋਏ। ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦੇ 6400 ਪਾਠਾਂ ਅਤੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਦੇ 35 ਪਾਠਾਂ ਦੇ ਭੋਗ ਸਤਿਗੁਰੂ ਨਾਨਕ ਦੇਵ ਜੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਪਾਏ ਗਏ।

ਛੇ ਦਿਨ ਚੱਲੇ ਸ਼ਤਾਬਦੀ ਮੇਲੇ ਦੌਰਾਨ ਰੋਜ਼ਾਨਾ ਅੰਮ੍ਰਿਤ ਵੇਲੇ ਤੰਤੀ ਸਾਜਾਂ ਨਾਲ ਆਸਾ ਦੀ ਵਾਰ ਦਾ ਕੀਰਤਨ, ਦਿਨੇ ਹੱਲੇ ਦੇ ਦੀਵਾਨ, ਕਵੀਸ਼ਰੀ ਪ੍ਰਸੰਗਾਂ ਦਾ ਗਾਇਨ, ਦੁਪਿਹਰੇ ਨਾਮ ਸਿਮਰਨ, ਸ਼ਾਮ ਦਾ ਕੀਰਤਨ ਹੁੰਦਾ ਰਿਹਾ। ਇਸ ਤੋਂ ਬਿਨਾਂ 25 ਨਵੰਬਰ ਸ਼ਾਮ ਨੂੰ ਨਾਮਧਾਰੀ ਕਲਾ ਕੇਂਦਰ ਦੇ ਸੰਗੀਤ ਸਿਖਿਆਰਥੀਆਂ ਦੇ ਗਾਇਨ ਵਾਦਨ ਦੀ ਪੇਸ਼ਕਾਰੀ ਸਲਾਹੁਣ ਯੋਗ ਸੀ। 
26 ਨਵੰਬਰ ਨੂੰ ਦੁਪਿਹਰੇ 12 ਤੋਂ 2 ਵਜੇ ਤੱਕ ਵਿਸ਼ੇਸ਼ ਕਵੀ ਦਰਬਾਰ ਹੋਇਆ, ਜਿਸ ਵਿੱਚ ਪਦਮ ਸ੍ਰੀ ਸੁਰਜੀਤ ਪਾਤਰ, ਸ. ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸ. ਦਰਸ਼ਨ ਸਿੰਘ ਬੁੱਟਰ, 'ਹੁਣ' ਮੈਗਜ਼ੀਨ ਦੇ ਸੰਪਾਦਕ ਸ੍ਰੀ ਸੁਸ਼ੀਲ ਦੁਸਾਂਝ, ਸ. ਸਤਨਾਮ ਸਿੰਘ ਕੋਮਲ, ਸ. ਰਛਪਾਲ ਸਿੰਘ ਪਾਲ, ਸ੍ਰੀ ਬਲਬੀਰ ਸਿੰਘ ਢਿੱਲੋ, ਮਾ. ਅਮਰੀਕ ਸਿੰਘ, ਰਜਿੰਦਰ ਕੌਰ ਪੰਨੂੰ, ਗੁਰਸੇਵਕ ਸਿੰਘ ਕਵੀਸ਼ਰ ਆਦਿ ਨੇ ਆਪਣੀਆਂ ਕਾਵਿਕ ਰਚਨਾਵਾਂ ਰਾਹੀਂ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਅਕੀਦਤ ਭੇਟ ਕੀਤੀ। ਸ਼ਾਮ ਦੇ ਕੀਰਤਨ ਵਿੱਚ ਡਾ. ਅਲੰਕਾਰ ਸਿੰਘ ਜੀ ਨੇ ਸਾਥੀਆਂ ਸਹਿਤ ਰਸ-ਭਿੰਨਾਂ ਕੀਰਤਨ ਕੀਤਾ।
27 ਨਵੰਬਰ ਨੂੰ ਦੁਪਿਹਰੇ 12 ਤੋਂ 2 ਤੱਕ ਵਿਦਵਾਨ ਸੱਜਣਾਂ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਜੀਵਨ ਅਤੇ ਕੀਤੇ ਮਹਾਨ ਕਾਰਜਾਂ ਬਾਰੇ ਵਿਦਵਤਾ ਭਰਪੂਰ ਵਖਿਆਨ ਕੀਤੇ। ਅੱਜ ਦੇ ਬੁਲਾਰਿਆਂ ਵਿੱਚ ਕਾਮਰੇਡ ਸੁਵਰਨ ਸਿੰਘ ਵਿਰਕ, ਹਰਪਾਲ ਸਿੰਘ ਸੇਵਕ, ਸ. ਬਲਕੌਰ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਸ. ਜਸਵੰਤ ਸਿੰਘ ਜ਼ਫਰ, ਗੁਰਭੇਜ ਸਿੰਘ ਐਡਵੋਕੇਟ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੌਜੂਦਾ ਪ੍ਰਧਾਨ ਸ਼੍ਰੀ ਅਲੋਕ ਕੁਮਾਰ ਨੇ ਬੜੇ ਹੀ ਅਦਬ ਅਤੇ ਸਨੇਹ ਨਾਲ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। 
ਸ਼੍ਰੀ ਅਲੋਕ ਕੁਮਾਰ ਨੇ ਕਿਹਾ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪਿਤਾ ਸਮਾਨ ਮੋਢੀ (ਸੰਸਥਾਪਕ) 8 ਮੈਂਬਰਾਂ ਵਿੱਚੋਂ ਸਤਿਗੁਰੂ ਜਗਜੀਤ ਸਿੰਘ ਜੀ ਇੱਕ ਸਨ। ਆਪ ਨੇ ਹਮੇਸ਼ਾਂ ਸਾਨੂੰ ਸਾਂਝੀਵਾਲਤਾ ਅਤੇ ਅਮਨ ਦੇ ਰਸਤੇ ਤੇ ਚੱਲਨ ਦੀ ਪ੍ਰੇਰਣਾ ਦਿੱਤੀ। ਅਸੀਂ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਸਤਿਗੁਰੂ ਜੀ ਦੀ ਪ੍ਰਕਾਸ਼ ਸ਼ਤਾਬਦੀ ਮਨਾਵਾਂਗੇ। ਉਪਰੰਤ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਨੇ ਉਚੇਚੇ ਤੌਰ 'ਤੇ ਸ਼੍ਰੀ ਅਲੋਕ ਕੁਮਾਰ ਜੀ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਜੀ ਤੱਕ ਸਾਡਾ ਸੰਦੇਸ਼ ਪੁਚਾਓ ਕਿ ਉਹ ਕਿਸਾਨਾਂ ਦੀਆਂ ਮੁਸ਼ਕਲਾਂ ਤੇ ਵਿਚਾਰ ਕਰਨ ਅਤੇ ਉਨ੍ਹਾਂ ਦਾ ਹੱਲ ਕਰਨ। ਕਿਸਾਨਾਂ ਦੀ ਆਰਥਿਕ ਹਾਲਤ ਪਹਿਲੋਂ ਹੀ ਬਹੁਤ ਮਾੜੀ ਹੈ ਪਰ ਨਵੇਂ ਕਾਨੂੰਨਾਂ ਨਾਲ ਕਿਸਾਨ ਰੁਲ ਜਾਣਗੇ।
ਸ਼ਾਮ ਨੂੰ ਨਾਮਧਾਰੀ ਵਿਦਿਆਲੇ, ਸਤਿਗੁਰੂ ਪ੍ਰਤਾਪ ਸਿੰਘ ਅਕੈਡਮੀ (ਸ੍ਰੀ ਭੈਣੀ ਸਾਹਿਬ), ਸ਼ਹੀਦ ਬਿਸ਼ਨ ਸਿੰਘ ਸਕੂਲ (ਦਿੱਲੀ), ਅਤੇ ਐਸ.ਪੀ.ਐਸ. ਇੰਟਰ ਨੈਸ਼ਨਲ ਸਕੂਲ (ਸ੍ਰੀ ਜੀਵਨ ਨਗਰ) ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕੀਤਾ, ਜਿਸ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਭਾਸ਼ਨ, ਕਵੀਸ਼ਰੀ ਅਤੇ ਗਾਇਨ ਕੀਤਾ।
28 ਨਵੰਬਰ ਨੂੰ ਦੁਪਹਿਰੇ ਵਿਸ਼ੇਸ਼ ਸੰਤ ਸਮਾਗਮ ਦਾ ਆਯੋਜਨ ਕੀਤਾ ਗਿਆ। ਅੱਜ ਦੇ ਸੰਤ ਸਮਾਗਮ ਦੇ ਆਯੋਜਕ ਸਨ: ਸੰਤ ਨਿਸ਼ਾਨ ਸਿੰਘ ਕਥਾਵਾਚਕ। ਪ੍ਰਮੁੱਖ ਸਾਧੂ ਜਨ ਸਨ: ਸੁਆਮੀ ਦਰਸ਼ਨ ਸਿੰਘ ਜੀ, ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ, ਗਿਆਨੀ ਪ੍ਰਤਾਪ ਸਿੰਘ ਜੀ ਸਾਬਕਾ ਹੈੱਡ ਗ੍ਰੰਥੀ ਸ੍ਰੀ ਹਜ਼ੂਰ ਸਾਹਿਬ, ਸ੍ਰੀ ਤਨਵੀਰ ਅਹਿਮਦ ਜੀ ਕਾਦੀਆਂ, ਮਹੰਤ ਸ੍ਰੀ ਗਿਆਨ ਦੇਵ ਜੀ ਅਤੇ ਸ੍ਰੀ ਸਾਵਣ ਕਿਰਪਾਲ ਰੁਹਾਨੀ ਮਿਸ਼ਨ ਦੇ ਮਹਾਰਾਜ ਰਜਿੰਦਰ ਸਿੰਘ ਜੀ ਵੱਲੋਂ ਆਏ ਸ. ਗੁਰਦਿਆਲ ਸਿੰਘ ਜੀ ਢਈ।
29 ਨਵੰਬਰ ਦਾ ਦਿਨ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਪ੍ਰੋ. ਅਵਤਾਰ ਸਿੰਘ ਜੀ ਫਗਵਾੜਾ, ਡਾ.ਸੁਰਜੀਤ ਸਿੰਘ ਭੱਟੀ, ਕਾ. ਸੁਵਰਨ ਸਿੰਘ ਵਿਰਕ, ਸੰਤ ਗੁਰੂਬਚਨ ਸਿੰਘ ਅਤੇ ਗਿਆਨੀ ਗੁਰਵਿੰਦਰ ਸਿੰਘ ਤਰਨਾ ਦਲ (ਨੰਗਲੀ) ਨੇ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਜਾਣਕਾਰੀ ਭਰਪੂਰ ਵਖਿਆਨ ਕੀਤੇ। ਉਪਰੰਤ ਸਤਿਗੁਰੂ ਉਦੇ ਸਿੰਘ ਜੀ ਨੇ ਕਿਹਾ ਕਿ ਜੇ ਅਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰੀਏ ਤਾਂ ਫੇਰ ਕੋਈ ਝਗੜਾ ਨਹੀਂ ਰਹਿ ਸਕਦਾ। ਗੁਰੂ ਸਾਹਿਬ ਸਿੱਖਾਂ, ਹਿੰਦੂਆਂ ਜਾਂ ਕੇਵਲ ਭਾਰਤ ਦੇ ਹੀ ਨਹੀਂ ਸਨ ਉਨ੍ਹਾਂ ਤਾਂ 'ਬਾਬੇ ਤਾਰੇ ਚਾਰ ਚੱਕ' ਆਪ ਸਮੁੱਚੀ ਮਾਨਵਤਾ ਦੇ ਰਹਿਨੁਮਾਂ ਸਨ।
ਸ਼ਾਮ ਨੂੰ 6 ਤੋਂ 8:30 ਤੱਕ ਸ਼ਾਸਤ੍ਰੀ ਸੰਗੀਤ ਜਗਤ ਦੀ ਨਾਮਵਰ ਹਸਤੀ, ਪ੍ਰਸਿੱਧ ਗਾਇਕ ਪੰਡਤ ਰਾਜਨ ਮਿਸ਼ਰਾ ਅਤੇ ਪੰ. ਸ਼ਾਜਨ ਮਿਸ਼ਰਾ ਜੀ  ਨੇ ਰਸ ਭਿੰਨਾ ਗਾਇਨ ਪੇਸ਼ ਕੀਤਾ।
ਇਸ ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਸੀ- ਸਾਹਿਬ ਸਤਿਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਸਬੰਧਿਤ ਪ੍ਰਸਿੱਧ ਚਿੱਤਰਕਾਰ ਸ. ਗੁਰਪ੍ਰੀਤ ਸਿੰਘ ਬਠਿੰਡਾ ਦੀਆਂ ਪੇਂਟਿੰਗਜ਼ ਦੀ ਚਿੱਤਰ ਪ੍ਰਦਰਸ਼ਨੀ ਅਤੇ ਸਤਿਗੁਰੂ ਜਗਜੀਤ ਸਿੰਘ ਜੀ ਦੀਆਂ ਕੈਮਰਾ ਫੋਟੋਜ਼ ਦੀ ਪ੍ਰਦਰਸ਼ਨੀ। ਸ. ਗੁਰਪ੍ਰੀਤ ਸਿੰਘ ਜੀ ਨੇ ਹਜ਼ਾਰਾਂ ਸੰਗਤਾਂ ਦੇ ਰੂਬਰੂ 15 ਮਿੰਟਾਂ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਦੀ ਲਾਈਵ ਪੇਂਟਿੰਗ ਬਣਾਈ।  ਇਸ ਤੋਂ ਬਿਨਾਂ 28 ਨਵੰਬਰ ਨੂੰ 130 ਨਾਮਧਾਰੀ ਸੰਗੀਤ ਕਾਰਾਂ ਇਕੱਠਿਆਂ ਨੇ ਆਰਕੈਸਟਾਂ ਅਤੇ ਸ਼ਬਦ ਗਾਇਨ ਪੇਸ਼ ਕੀਤਾ। ਜਿਸ ਵਿੱਚ 60 ਤੋਂ ਵੱਧ ਵੱਖੋਂ ਵੱਖ ਤੰਤੀ ਸਾਜਾਂ ਵਾਲੇ ਅਤੇ 20 ਦੇ ਕਰੀਬ ਤਬਲਾ ਅਤੇ ਮਰਦੰਗ ਵਾਦਕ ਸਨ। ਇਸ ਜਥੇ ਨੇ 'ਗੁਰ ਜੈਸਾ ਨਾਹੀ ਕੋ ਦੇਵ' ਸ਼ਬਦ ਗਾਇਨ ਕੀਤਾ ਅਤੇ ਇੱਕ ਗੀਤ ਸਤਿਗੁਰੂ ਜਗਜੀਤ ਸਿੰਘ ਜੀ ਦੀ ਸੋਭਾ ਵਿੱਚ ਗਾਇਆ।
ਇਸ ਮੌਕੇ ਸ੍ਰੀ ਭੈਣੀ ਸਾਹਿਬ ਕੰਪਲੈਕਸ ਵਿੱਚ ਬੜੇ ਹੀ ਵਿਸਮਾਦੀ ਆਨੰਦ ਵਾਲੀਆਂ ਰੌਣਕਾਂ ਸਨ। ਸਰੋਵਰ ਦੇ  ਪਾਰਕ ਵਿੱਚ ਬੱਚੇ ਬੁੱਢੇ ਜਵਾਨ ਕਿਸੇ ਅਲੌਕਿਕ ਲੋਕ ਤੋਂ ਆਏ ਲੱਗਦੇ ਸਨ। ਕਦੇ ਕਦੇ  ਚਿੱਟੀਆਂ ਪੁਸ਼ਾਕਾਂ ਵਾਲੇ ਨੂਰਾਨੀ ਚੇਹਰੇ ਦੇਖ  ਲੱਗਦਾ ਸੀ ਜਿਵੇਂ ਦੇਵ ਲੋਕ ਉਤਰ ਆਇਆ ਹੋਵੇ। ਕਿਸੇ ਪਾਸੇ ਪੱਤਰਕਾਰਾਂ ਦੀ ਟੋਲੀ ਲਿਖਦੀ ਸੀ ਅਤੇ ਕਿਸੇ ਪਾਸੇ ਲੇਖਕਾਂ ਅਤੇ ਸ਼ਾਇਰਾਂ ਦੀ। 
ਸਾਡੀ ਮੀਡੀਆ ਟੀਮ ਵਿੱਚ ਹੀ ਇਥੇ ਆਏ ਇਪਟਾ ਨਾਲ ਜੁੜੇ ਪ੍ਰਦੀਪ ਸ਼ਰਮਾ ਵੀ ਵੱਖ ਵੱਖ ਥਾਂਵਾਂ ਤੇ ਆਪਣੀਆਂ ਤਸਵੀਰਾਂ ਖਿੱਚ ਅਤੇ  ਖਿਚਵਾ ਰਹੇ ਸਨ।  ਉਹਨਾਂ ਦੇ ਚੇਹਰੇ ਤੇ ਇੱਕ ਡੂੰਘੀ ਸ਼ਾਂਤੀ ਨਜ਼ਰ ਆ ਰਹੀ ਸੀ। ਪੁੱਛਣ ਤੇ ਬੋਲੇ ਇਥੇ ਆ ਕੇ ਬਹੁਤ ਸ਼ਾਂਤੀ ਮਿਲੀ ਹੈ। ਇੰਝ ਲੱਗਦੈ ਜਿਵੇਂ ਹੁਣ ਤੱਕ ਅਸੀਂ ਖਾਹ ਮਖਾਹ ਦੀ ਭੱਜ ਦੌੜ ਵਿੱਚ ਹੀ ਉਲਝੇ ਹੋਏ ਸਾਂ। 
ਤੇਜ਼ੀ ਨਾਲ ਉਭਰ ਰਹੀ ਲੇਖਿਕਾ ਸੁਰਿੰਦਰ ਕੌਰ ਆਪਣੀ ਨਵੀਂ ਆਈ ਕਿਤਾਬ ਬਾਰੇ ਸੰਗਤਾਂ ਵਿੱਚ ਆਏ ਸਾਹਿਤ ਰਸੀਆਂ ਨੂੰ ਦੱਸ ਰਹੀ ਸੀ। ਉੱਤੋੜਿੱਤੀ ਆਈਆਂ ਕਿਤਾਬਾਂ ਬਾਰੇ ਪੁਛੇ ਜਾਣ ਤੇ ਸੁਰਿੰਦਰ ਕੌਰ ਦੱਸਦੀ ਹੈ ਇਹ ਸਭ ਇਸ ਪਾਵਨ ਅਸਥਾਨ ਦੀ ਹੀ ਬਰਕਤ ਹੈ।  
ਇਪਟਾ ਦੇ ਹੀ ਬੇਹੱਦ ਸਰਗਰਮ ਕਾਰਕੁੰਨ ਸੰਜੀਵਨ ਨੂੰ ਵੀ ਕਈ ਮਿੱਤਰ ਲਭਦੇ ਨਜ਼ਰ ਆਏ। ਇਥੇ ਆ ਕੇ ਬੁਧੀਜੀਵੀ ਵੀ ਦਿਲ ਦੇ ਜ਼ਿਆਦਾ ਨੇੜੇ ਹੋ ਜਾਂਦੇ ਹਨ। ਸੰਵੇਦਨਾ ਜ਼ਿਆਦਾ ਹੀ ਜਾਗ ਪੈਂਦੀ ਹੈ। ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਸਾਰੇ ਜਹਾਂ ਕਾ ਦਰਦ ਹਮਾਰੇ ਜਿਗਰ ਮੇਂ ਹੈ। 
ਕਿਸਾਨਾਂ ਦੇ ਹੱਕ ਦੀ ਗੱਲ ਕਰਨ ਤੇ ਸਾਰੇ ਪਾਸੇ ਉਤਸ਼ਾਹ ਸੀ। ਜ਼ਿਕਰਯੋਗ ਹੈ ਕਿ ਸਿਆਸੀ ਚੇਤਨਾ ਸ੍ਰੀ ਭੈਣੀ ਸਾਹਿਬ ਤੋਂ ਹਮੇਸ਼ਾਂ  ਹੀ ਅਗਵਾਈ ਦੇਂਦੀ ਰਹੀ ਹੈ। ਸਿਆਸੀ ਚੇਤਨਾ ਅਤੇ ਸਮਾਜ ਸੁਧਾਰ ਦੇ ਰੌਸ਼ਨੀ ਦੇਣ ਦਾ  ਲੰਮੇ ਸਮਿਆਂ ਤੋਂ ਜਾਰੀ ਹੈ। ਬ੍ਰਿਟਿਸ਼ ਵੇਲਿਆਂ ਤੋਂ ਇਹ ਪਿਰਤ ਤੁਰੀ ਆ ਰਹੀ ਹੈ। ਸਮਾਜ ਸੁਧਾਰ ਦੇ ਬਹੁਤ ਸਾਰੇ ਇਤਿਹਾਸ ਵੀ ਇਥੇ ਹੀ ਰਚੇ ਗਏ। ਕੁਲ ਮਿਲਾ ਕੇ ਇਹ ਸਮਾਗਮ ਵੀ ਯਾਦਗਾਰੀ ਸੀ।  

No comments: