19th December 2020 at 5:50 PM
ਰੋਜ਼ਗਾਰ ਮੇਲੇ ਦੌਰਾਨ ਮਾਈਕਰੋਸਾਫਟ ਕੰਪਨੀ 'ਚ ਚੱਲਿਆ ਲਗਨ ਦਾ ਜਾਦੂ
ਲੁਧਿਆਣਾ: 19 ਦਸੰਬਰ 2020: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਆਯੋਜਿਤ ਰੋਜ਼ਗਾਰ ਮੇਲੇ ਦੌਰਾਨ ਜੋਤੀ ਗੁਪਤਾ ਵੱਲੋਂ ਮਾਈਕਰੋਸਾਫਟ ਕੰਪਨੀ ਵਿੱਚ ਸਲਾਨਾ ਬਾਰ੍ਹਾਂ ਲੱਖ ਰੁਪਏ ਦੇ ਪੈਕੇਜ ਨਾਲ ਪਲੇਸਮੈਂਟ ਹੋਈ। ਅਜੇ ਬਸ 21 ਸਾਲਾ ਜੋਤੀ ਗੁਪਤਾ ਵੱਲੋਂ ਇਹ ਮੁਕਾਮ ਇੱਕ ਵੱਡੇ ਸੰਘਰਸ਼ ਵਿਚੋਂ ਗੁਜ਼ਰ ਕੇ ਹਾਸਲ ਕੀਤਾ ਗਿਆ ਹੈ। ਉਸਦੀ ਸਖਤ ਮਿਹਨਤ ਅਤੇ ਲਗਨ ਦੀ ਇੱਕ ਪੂਰੀ ਦਿਲਚਸਪ ਅਤੇ ਸੱਚੀ ਕਹਾਣੀ ਹੈ। ਜੂਨ 2014 ਵਿੱਚ ਉਸਦੇ ਰੋਡ ਐਕਸੀਡੈਂਟ ਤੋਂ ਬਾਅਦ ਖੱਬੇ ਹਿੱਸੇ ਨੂੰ ਪੇੈਰਾਲਾਈਜਸ ਹੋ ਗਿਆ ਸੀ ਅਤੇ ਵੱਖ-ਵੱਖ ਹਸਪਤਾਲਾਂ ਵਿੱਚ ਲਗਾਤਾਰ 4 ਮਹੀਨੇ ਇਲਾਜ ਵੀ ਚੱਲਿਆ। ਜੋਤੀ ਗੁਪਤਾ ਨੇ ਐਕਸੀਡੈਂਟ ਤੋਂ ਬਾਅਦ ਆਪਣੀ ਪੜ੍ਹਾਈ ਘਰ ਵਿੱਚ ਬੈਠ ਕੇ ਹੀ ਪੂਰੀ ਕੀਤੀ। ਅਜਿਹੇ ਹਿਲਾ ਦੇਣ ਵਾਲੇ ਮੌਕੇ ਤੇ ਵੀ ਆਪਣੇ ਆਪ ਨੂੰ ਕਾਇਮ ਰੱਖਦਿਆਂ ਸੰਘਰਸ਼ਾਂ ਵਿੱਚ ਜੁੱਟੇ ਰਹਿਣਾ ਕੋਈ ਸੌਖਾ ਨਹੀਂ ਸੀ। ਉਸਨੇ ਆਪਣੇ ਆਪ ਨੂੰ ਕਾਬੂ ਕੀਤਾ ਅਤੇ ਸਿਖਾਇਆ ਕਿ ਵਿੱਦਿਆ ਦੀ ਸ਼ਕਤੀ ਹੀ ਹੁਣ ਉਸਨੂੰ ਕੰਮ ਦੇਵੇਗੀ। ਉਸਦੇ ਆਤਮਵਿਸ਼ਵਾਸ ਨੇ ਇੱਕ ਕ੍ਰਿਸ਼ਮਾ ਹੀ ਕਰ ਦਿਖਾਇਆ।
ਇਸ ਜਾਦੂ ਨੂੰ ਸਭਨਾਂ ਨੇ ਸਵੀਕਾਰ ਵੀ ਕੀਤਾ। ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਸ੍ਰੀ ਸੰਦੀਪ ਕੁਮਾਰ ਦੀ ਰਹਿਨੁਮਾਈ ਅਤੇ ਯੋਗ ਅਗਵਾਈ ਹੇਠ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਜਿਲ੍ਹਾ ਪੱਧਰ ਤੇ ਮੈਗਾ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ।
ਚਾਰੇ ਪਾਸੇ ਜੋਤਿ ਦੇ ਇਸ ਸੰਘਰਸ਼ ਅਤੇ ਪ੍ਰਾਪਤੀ ਦੀ ਹੀ ਚਰਚਾ ਹੈ। ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋਤੀ ਗੁਪਤਾ ਨੇ ਰੋਜ਼ਗਾਰ ਮੇਲੇ ਦੌਰਾਨ ਆਨਲਾਈਨ ਟੈਸਟ ਕਲੀਅਰ ਕੀਤਾ ਅਤੇ ਫਿਰ ਇੰਟਰਵਿਊ ਪਾਸ ਕਰਕੇ ਮਾਈਕਰੋਸਾਫਟ ਨਾਮੀ ਕੰਪਨੀ ਵਿੱਚ ਆਪਣੀ ਜਗ੍ਹਾ ਬਣਾਈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਜੋਤੀ ਗੁਪਤਾ ਜਿਲ੍ਹਾ ਲੁਧਿਆਣਾ ਦੀ ਪਹਿਲੀ ਅਜਿਹੀ ਲੜਕੀ ਹੈ ਜਿਸ ਦੀ ਮਾਈਕਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਸਲਾਨਾ ਬਾਰ੍ਹਾ ਲੱਖ ਰੁਪਏ ਦੇ ਪੈਕੇਜ ਨਾਲ ਪਲੇਸਮੈਂਟ ਹੋਈ। ਅੱਜਕਲ੍ਹ ਚੱਲ ਰਹੇ ਮੰਡੀ ਦੇ ਦੌਰ ਵਿੱਚ ਇਹ ਇੱਕ ਵੱਡੀ ਪ੍ਰਾਪਤੀ ਹੈ।
ਉਸਦੀ ਇਸ ਪ੍ਰਾਪਤੀ ਦਾ ਅਸਰ ਪਰਿਵਾਰ ਤੇ ਵੀ ਬਹੁਤ ਚੰਗਾ ਪਿਆ। ਜੋਤੀ ਗੁਪਤਾ ਦੇ ਪਿਤਾ ਐਡਵੋਕੇਟ ਸ੍ਰੀ ਅਸ਼ਵਨੀ ਗੁਪਤਾ ਅਤੇ ਮਾਤਾ ਸ੍ਰੀਮਤੀ ਮੋਨਿਕਾ ਗੁਪਤਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਜੂਨ 2014 ਵਿੱਚ ਇੱਕ ਰੋਡ ਐਕਸੀਡੈਂਟ ਹੋ ਗਿਆ ਸੀ। ਇਸ ਦੌਰਾਨ ਉਨ੍ਹਾਂ ਦੀ ਲੜਕੀ ਦੇ ਖੱਬੇ ਹਿੱਸੇ ਨੂੰ ਪੇੈਰਾਲਾਈਜਸ ਹੋ ਗਿਆ ਸੀ ਅਤੇ ਐਕਸੀਡੈਂਟ ਦੇ ਤਰੁੰਤ ਬਾਅਦ ਉਨ੍ਹਾ ਨੂੰ ਦੀਪ ਹਸਪਤਾਲ ਲੁਧਿਆਣਾ ਲਿਆਂਦਾ ਗਿਆ ਜਿੱਥੇ ਉਸਦਾ 3 ਮਹੀਨੇ ਲਗਾਤਾਰ ਇਲਾਜ ਚੱਲਦਾ ਰਿਹਾ ਅਤੇ ਫਿਰ ਇੱਕ ਮਹੀਨਾ ਸਿੱਧੂ ਹਸਪਤਾਲ ਦੋਰਾਹਾ ਡਾਕਟਰ ਗੁਰਸ਼ਰਨ ਕੌਰ ਸਿੱਧੂ ਤੋਂ ਇਲਾਜ ਚੱਲਿਆ ਜਿਹਨਾਂ ਨੇ ਲੜਕੀ ਦੀ ਜ਼ਿੰਦਗੀ ਨੂੰ ਬਚਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ। ਉਨ੍ਹਾ ਦੱਸਿਆ ਕਿ ਲੜਕੀ ਦੀ ਅਖੀਰਲੀ ਸਰਜਰੀ ਏਮਜ ਤੋਂ ਹੋਈ ਹੈ। ਅੱਜ ਉਹ ਫਿਰ ਜ਼ਿੰਦਗੀ ਦੇ ਸੰਘਰਸ਼ਾਂ ਦੀ ਨਵੀਂ ਚੁਣੌਤੀ ਸਵੀਕਾਰ ਕਰਨ ਲਈ ਮੈਦਾਨ ਵਿੱਚ ਹੈ।
ਉਨ੍ਹਾਂ ਦੱਸਿਆ ਕਿ ਇਹ ਐਕਸੀਡੈਂਟ ਇੰਨਾ ਖਤਰਨਾਕ ਸੀ ਕਿ ਡਾਕਟਰਾਂ ਵੱਲੋਂ ਲੜਕੀ ਦੇ ਬਚਣ ਦੀ ਉਮੀਦ ਬਹੁਤ ਘੱਟ ਦੱਸੀ ਗਈ ਸੀ ਪਰ ਉਨ੍ਹਾਂ ਵੱਲੋਂ ਡਾਕਟਰਾਂ ਤੇ ਜੋਰ ਪਾਇਆ ਗਿਆ ਤੇ ਅਖੀਰ ਸਾਡੀ ਲੜਕੀ ਜੋਤੀ ਗੁਪਤਾ ਨੇ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰਦੇ ਹੋਏ ਇਹ ਜਿੰਦਗੀ ਦੀ ਜੰਗ ਜਿੱਤ ਲਈ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਅਤੇ ਹੋਰ ਵਿਅਕਤੀਆਂ ਲਈ ਇੱਕ ਬਹੁਤ ਵੱਡੀ ਉਦਾਹਰਣ ਹੈ ਕਿ ਦੁੱਖ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਪਰ ਜੇਕਰ ਤੁਹਾਡੇ ਵਿੱਚ ਹੌਸਲਾ ਹੈ ਤਾਂ ਤੁਸੀ ਉਸਨੂੰ ਹਰਾ ਸਕਦੇ ਹੋ ਜਿਸ ਤਰ੍ਹਾ ਸਾਡੀ ਲੜਕੀ ਜੋਤੀ ਗੁਪਤਾ ਨੇ ਹਰਾਇਆ ਹੈ।
ਪਿਤਾ ਸ੍ਰੀ ਅਸ਼ਵਨੀ ਗੁਪਤਾ ਨੇ ਦੱਸਿਆ ਕਿ ਜੋਤੀ ਗੁਪਤਾ ਨੇ ਐਕਸੀਡੈਂਟ ਤੋਂ ਬਾਅਦ ਆਪਣੀ ਪੜ੍ਹਾਈ ਘਰ ਵਿੱਚ ਬੈਠ ਕੇ ਕੀਤੀ ਅਤੇ ਭਰਾ ਮੋਤੀ ਰਤਨ ਗੁਪਤਾ ਨੇ ਆਪਣੀ ਭੈਣ ਦੀ ਸਾਂਭ ਸੰਭਾਲ ਕਾਰਨ ਇੱਕ ਸਾਲ ਪੜ੍ਹਾਈ ਬੰਦ ਵੀ ਕੀਤੀ। ਫਿਰ ਜੋਤੀ ਗੁਪਤਾ ਨੇ ਆਪਣਾ ਦਾਖਲਾ ਜੀ.ਐਨ.ਈ. ਕਾਲਜ ਲੁਧਿਆਣਾ ਵਿਖੇ ਲਿਆ, ਜਿੱਥੇ ਇਸਦੇ ਮੈਂਟਰਜ ਪ੍ਰੋਫੇੈਸਰ ਸ੍ਰੀ ਕੁਲਵਿੰਦਰ ਸਿੰਘ ਮਾਨ, ਟਰੇਨਿੰਗ ਪਲੇਸਮੈਂਟ ਅਫਸਰ ਸ੍ਰੀ ਗਗਨਦੀਪ ਸੋਢੀ ਦਾ ਬਹੁਤ ਜਿਆਦਾ ਸਹਿਯੋਗ ਰਿਹਾ ਜਿਨ੍ਹਾਂ ਦੀ ਬਦੌਲਤ ਅੱਜ ਜੋਤੀ ਗੁਪਤਾ ਨੇ ਮਾਈਕਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਜੋਤੀ ਗੁਪਤਾ ਦੇ ਮਾਤਾ-ਪਿਤਾ ਵੱਲੋਂ ਰੋਜ਼ਗਾਰ ਵਿਭਾਗ ਪੰਜਾਬ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਵਿਸੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਅੱਜ ਉਨ੍ਹਾਂ ਦੀ ਲੜਕੀ ਮਾਈਕਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਪਲੇਸ ਹੋਈ ਹੈ।
ਜੋਤੀ ਗੁਪਤਾ ਨੇ ਆਪਣੇ ਮਾਤਾ-ਪਿਤਾ, ਨਾਨਕਾ ਪਰਿਵਾਰ, ਡਾ. ਗੁਰਸ਼ਨ ਕੌਰ ਸਿੱਧੂ, ਪ੍ਰੋਫੈਸਰ ਸ੍ਰੀ ਕੁਲਵਿੰਦਰ ਸਿੰਘ ਮਾਨ, ਟਰੇਨਿੰਗ ਵੀ ਰੋਜ਼ਗਾਰ ਵਿਭਾਗ, ਪੰਜਾਬ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦਾ ਧੰਨਵਾਦ ਕਰਦਿਆਂ ਕਿਹਾ ਕੀਤਾ ਕਿ ਮੈਂ ਅੱਜ ਜੋ ਵੀ ਹਾਂ, ਜਿਸ ਵੀ ਮੁਕਾਮ ਤੇ ਹਾਂ, ਇਨ੍ਹਾਂ ਸਭ ਦੀ ਬਦੌਲਤ ਹਾਂ।
ਸ੍ਰੀ ਹਰਪ੍ਰੀਤ ਸਿੰਘ ਸਿੱਧੂ ਰੋਜਗਾਰ ਉਤਪੱਤੀ ਸਿਖਲਾਈ ਅਫਸਰ, ਲੁਧਿਆਣਾ ਅਤੇ ਸ੍ਰੀ ਨਵਦੀਪ ਸਿੰਘ ਡਿਪਟੀ ਸੀ.ਈ.ਓ. ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਵੀ ਜੋਤੀ ਗੁਪਤਾ ਦੇ ਇਸ ਮੁਕਾਮ 'ਤੇ ਪਹੁੰਚਣ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਮਾਈਕਰੋਸਾਫਟ ਵਰਗੀਆ ਨਾਮੀ ਕੰਪਨੀਆਂ ਨਾਲ ਤਾਲਮੇਲ ਬਣਾ ਕੇ ਭਵਿੱਖ ਵਿੱਚ ਹੋਰ ਪ੍ਰਾਰਥੀਆਂ ਨੂੰ ਵੀ ਰੋਜਗਾਰ ਦੇ ਮੌਕੇ ਪ੍ਰਦਾਨ ਕਰਵਾਉਣਗੇ। ਉਨ੍ਹਾਂ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਹਰ ਹਫਤੇ ਸ਼ੁੱਕਰਵਾਰ ਨੂੰ ਰੋਜ਼ਗਾਰ ਕੈਂਪ ਲਗਾਇਆ ਜਾਦਾ ਹੈ ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਇਆ ਜਾ ਸਕੇ।
ਡਿਪਟੀ ਡਾਇਰੈਕਟਰ ਸ੍ਰੀਮਤੀ ਮਿਨਾਕਸ਼ੀ ਸ਼ਰਮਾ ਨੇ ਅੱਗੇ ਦੱਸਿਆ ਕਿ ਜੋਤੀ ਗੁਪਤਾ ਸਾਡੇ ਲਈ ਇੱਕ ਬਹੁਤ ਵੱਡੀ ਮਿਸਾਲ ਹੈ ਜਿਸਨੇ ਆਪਣੀ ਜ਼ਿੰਦਗੀ ਨਾਲ ਸੰਘਰਸ਼ ਕਰਕੇ ਆਪਣੀ ਜਾਨ ਬਚਾਈ ਤੇ ਮਾਈਕਾਰੋਸਾਫਟ ਵਰਗੀ ਨਾਮੀ ਕੰਪਨੀ ਵਿੱਚ ਪਲੇਸ ਹੋ ਕੇ ਆਪਣੇ ਮਾਤਾ-ਪਿਤਾ, ਜਿਲ੍ਹਾ ਲੁਧਿਆਣਾ, ਰੋਜ਼ਗਾਰ ਵਿਭਾਗ, ਪੰਜਾਬ ਅਤੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਦਾ ਨਾਮ ਰੌਸ਼ਨ ਕੀਤਾ, ਜਿਨ੍ਹਾਂ ਦੀ ਬਦੌਲਤ ਅੱਜ ਜੋਤੀ ਗੁਪਤਾ ਇਸ ਮੁਕਾਮ ਤੇ ਪਹੁੰਚੀ ਹੈ।
ਉਨ੍ਹਾਂ ਜਿਲ੍ਹਾ ਲੁਧਿਆਣਾ ਦੇ ਸਮੂਹ ਨੋਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜੋਤੀ ਗੁਪਤਾ ਦੇ ਸੰਘਰਸ਼ਮਈ ਸਫਰ ਤੋਂ ਪ੍ਰੇਰਨਾ ਲੈਣ, ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਨ ਲਈ ਤੱਤਪਰ ਹੈ ਤਾ ਜੋ ਬੱਚਿਆ ਨੂੰ ਵੱਧ ਤੋਂ ਵੱਧ ਆਤਮ ਨਿਰਭਰ ਬਣਾਇਆ ਜਾ ਸਕੇ ਅਤੇ ਰੋਜਗਾਰ ਦਿਵਾ ਕੇ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜਗਾਰ ਨੂੰ ਸਫਲ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਮਹੀਨਾ ਸਤੰਬਰ ਵਿੱਚ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਲੁਧਿਆਣਾ ਵੱਲੋਂ ਮੈਗਾ ਰੋਜਗਾਰ ਮੇਲੇ ਆਯੋਜਿਤ ਕੀਤੇ ਗਏ ਸਨ ਅਤੇ ਰੋਜਗਾਰ ਵਿਭਾਗ, ਪੰਜਾਬ ਵੱਲੋਂ ਨਾਲ-ਨਾਲ ਸਟੇਟ ਪੱਧਰ ਤੇ High End Job Fair ਵੀ ਆਯੋਜਿਤ ਕੀਤੇ ਗਏ ਸਨ ਜਿਸ ਵਿੱਚ ਨਾਮੀ ਕੰਪਨੀਆ ਮਾਈਕਰੋ ਸਾਫਟ, ਬਾਈਯੂਜ, ਅਤੇ ਐਚ.ਸੀ. ਐਲ ਆਦਿ ਨੇ ਹਿੱਸਾ ਲਿਆ ਜਿਨ੍ਹਾਂ ਦਾ ਸਲਾਨਾ ਸੈਲਰੀ ਪੈਕੇਜ ਤਿੰਨ ਲੱਖ ਤੋਂ ਲੈ ਕੇ ਤੀਹ ਲੱਖ ਰੁਪਏ ਤੱਕ ਦੇ ਸਨ।
No comments:
Post a Comment