Friday, December 18, 2020

ਅਜੋਕਾ ਕਿਸਾਨੀ ਸੰਘਰਸ਼: ਦਸ਼ਾ ਤੇ ਦਿਸ਼ਾ ਬਾਰੇ ਵਿਸ਼ੇਸ਼ ਸੈਮੀਨਾਰ

ਫੈਡਰਲਿਜ਼ਮ ਦੀ ਪ੍ਰਸੰਗਿਕਤਾ ਵੀ ਉਭਰੀ ਚੰਡੀਗੜ੍ਹ ਵਾਲੇ ਸੈਮੀਨਾਰ ਵਿੱਚ


ਚੰਡੀਗੜ੍ਹ
: 18 ਦਸੰਬਰ 2020: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ)::

ਕਿਸਾਨੀ ਦੇ ਅੰਦੋਲਨ ਨੂੰ ਲੈ ਕੇ ਹਰ ਕੋਈ ਚਿੰਤਿਤ ਵੀ ਹੈ ਅਤੇ ਸਰਗਰਮ। ਹਰ ਪਾਸੇ, ਹਰ ਖੇਤਰ ਵਿੱਚ ਕੁਝ ਨਾ ਕੁਝ ਹੋ ਰਿਹਾ ਹੈ। ਕਿਧਰੇ ਧਰਨਾ, ਕਿਧਰੇ ਮੁਜ਼ਾਹਰਾ, ਕਿਧਰੇ ਸੈਮੀਨਾਰ ਤੇ ਕਿਧਰੇ ਕੁਝ ਹੋਰ। ਚੰਡੀਗੜ੍ਹ ਵਾਲਾ ਸੈਮੀਨਾਰ ਵੀ ਇਸੇ ਸਿਲਸਿਲੇ ਦੀ ਹੀ ਕੜੀ ਸੀ। ਇਸ ਸੈਮੀਨਾਰ ਵਿੱਚ ਬੌਧਿਕ ਵਿਚਾਰਾਂ ਖੂਹ ਕੇ ਸਾਹਮਣੇ ਆਈਆਂ। ਸਿਰਫ ਵਰਤਮਾਨ ਨੂੰ ਹੀ ਨਹੀਂ ਅਤੀਤ ਨੂੰ ਵੀ ਪੂਰੀ ਤਰ੍ਹਾਂ ਘੋਖਿਆ ਗਿਆ। ਖੇਤੀ ਕਾਨੂੰਨਾਂ ਤੋਂ ਪੈਦਾ ਹੋਈ ਸਥਿਤੀ ਬਾਰੇ ਡੂੰਘਾ ਵਿਸ਼ਲੇਸ਼ਣ ਵੀ ਸੀ ਇਹ ਸੈਮੀਨਾਰ।

ਅੱਜ ਸੰਵੇਦਨਾ, ਵਲੋਂ ਭਾਈ ਸੰਤੋਖ ਸਿੰਘ ਹਾਲ ਵਿਖੇ 'ਅਜੋਕਾ ਕਿਸਾਨੀ ਸੰਘਰਸ਼: ਦਸ਼ਾ ਤੇ ਦਿਸ਼ਾ' ਵਿਸ਼ੇ ਉਤੇ ਵਿਚਾਰ ਚਰਚਾ ਦਾ ਅਰੰਭ ਕਰਦੇ ਡਾ. ਹਰੀਸ਼ ਪੁਰੀ ਨੇ ਕਿਹਾ ਕਿ ਤਿੰਨੇ ਖੇਤੀ ਕਨੂੰਨਾਂ ਨੂੰ 1991ਦੀ ਸਰਕਾਰ ਵੇਲੇ ਦੀਆਂ ਨੀਤੀਆਂ ਵਿਚੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਚੱਲ ਰਹੇ ਕਿਸਾਨੀ ਸੰਘਰਸ਼ ਦੀਆਂ ਹੋਰ ਪਰਤਾਂ ਨੂੰ ਉਘਾੜਦਿਆਂ ਇਸਦੇ ਸ਼ਾਂਤ ਮਈ ਅਤੇ ਏਕਤਾ ਪੱਖੀ ਸੁਭਾਅ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ।
ਡਾ. ਪਿਆਰਾ ਲਾਲ ਗਰਗ ਨੇ ਇਸ ਸੰਘਰਸ਼ ਤੋਂ ਰਵਾਇਤੀ ਸਿਆਸੀ ਪਾਰਟੀਆਂ ਤੋਂ ਦੂਰੀ ਸਿਰਜੇ ਜਾਣ ਦੇ ਫੈਸਲੇ ਨੂੰ ਹਾਂ ਪੱਖੀ ਨਜ਼ਰੀਆ ਕਿਹਾ। ਸਿਆਸੀ ਪਾਰਟੀਆਂ ਤੋਂ ਦੂਰੀ ਬਾਰੇ ਸ਼ਾਇਦ ਪਹਿਲੀ ਵਾਰ ਖੁੱਲ੍ਹ ਕੇ ਵਿਚਾਰਾਂ ਹੋਈਆਂ ਅਤੇ ਇਸਦਾ ਸਮਰਥਨ ਵੀ ਹੁੰਦਾ ਵੀ ਮਹਿਸੂਸ ਹੋਇਆ।
ਪੱਤਰਕਾਰ ਹਮੀਰ ਸਿੰਘ ਨੇ ਇਸ ਸੰਘਰਸ਼ ਰਾਹੀਂ ਉਠੇ ਫੈਡਰਲਿਜ਼ਮ ਦੇ ਸੁਆਲਾਂ ਦੀ ਪ੍ਰਸੰਗਿਕਤਾ ਨੂੰ ਉਭਾਰਿਆ। ਸਾਥੀ ਕਮਲਜੀਤ ਨੇ ਕਿਸਾਨੀ ਸੰਘਰਸ਼ ਦੀ ਲੀਡਰਸ਼ਿਪ ਦੀ ਜਥੇਬੰਦਕ ਸਾਂਝ ਨੂੰ ਸਪਸ਼ਟ ਕੀਤਾ। ਡਾ.ਮਨਜੀਤ ਸਿੰਘ ਨੇ ਪੰਜਾਬੀ ਕਿਸਾਨਾਂ ਦੀ ਪਹਿਲ, ਸਿਦਕ ਅਤੇ ਲੜਾਕੂ ਵਿਰਸੇ ਉਤੇ ਰੌਸ਼ਨੀ ਪਾਈ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਡਾ.ਰਾਬਿੰਦਰ ਨਾਥ ਸ਼ਰਮਾ, ਸ਼੍ਰੀ ਖੁਸ਼ਹਾਲ ਸਿੰਘ ਨਾਗਾ ਅਤੇ ਸ਼੍ਰੀ ਦਰਬਾਰਾ ਸਿੰਘ ਚਹਿਲ ਸ਼ਾਮਲ ਸਨ। ਫੈਡਰਲਿਜ਼ਮ ਦੇ ਸੁਆਲਾਂ ਦੀ ਪ੍ਰਸੰਗਿਕਤਾ ਅਸਲ ਵਿੱਚ ਮੁੱਖ ਮੁੱਦਾ ਬਣਾ ਰਹੀ ਪ੍ਰਤੀਤ ਹੁੰਦੀ ਹੈ ਅਤੇ ਇਸ ਬਾਰੇ ਆਉਣ ਵਾਲੇ ਸਮੇਂ ਵਿੱਚ ਹੋਰ ਵਿਚਾਰਾਂ ਹੋਣ ਦੀ ਉਮੀਦ ਹੈ।
ਇਸ ਸੈਮੀਨਾਰ ਵਿੱਚ ਉਪਰੋਕਤ ਤੋਂ ਇਲਾਵਾ ਕਰਮ ਸਿੰਘ ਵਕੀਲ, ਡਾ. ਗੁਰਮੇਲ ਸਿੰਘ, ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਸੰਜੀਵਨ ਸਿੰਘ, ਪ੍ਰੀਤਮ ਸਿੰਘ ਹੁੰਦਲ, ਸ. ਕ ਖੋਸਲਾ, ਰਮਿੰਦਰਪਾਲ ਸਿੰਘ, ਦਵਿੰਦਰ ਸਿੰਘ, ਜੋਗਿੰਦਰ ਸ਼ਰਮਾ, ਸੱਜਣ ਸਿੰਘ, ਸਰਦਾਰਾ ਸਿੰਘ ਚੀਮਾ, ਮਨਜੀਤ ਕੌਰ ਮੀਤ, ਬਲਕਾਰ ਸਿਧੂ, ਡਾ. ਅਵਤਾਰ ਪਤੰਗ, ਤਰਲੋਚਨ ਸਿੰਘ, ਦਿਲਬਾਗ ਸਿੰਘ, ਜਸ਼ਨ ਕੌਰ, ਨਵਜੀਤ ਕੌਰ, ਬਲਵਿੰਦਰ ਸਿੰਘ, ਪੁਨੀਤ ਅਤੇ ਕੰਵਲਨੈਨ ਸਿੰਘ ਸੇਖੋਂ ਸਮੇਤ 70 ਨੇੜੇ ਸਾਹਿਤਕਾਰ, ਵਕੀਲ ਤੇ ਬੁਧੀਜੀਵੀ ਸ਼ਾਮਲ ਹੋਏ। ਧੰਨਵਾਦ ਮਤਾ ਦੇਵੀ ਦਿਆਲ ਸ਼ਰਮਾ ਨੇ ਪੇਸ਼ ਕੀਤਾ। ਮੰਚ ਸੰਚਾਲਨ ਡਾ. ਲਾਭ ਸਿੰਘ ਖੀਵਾ ਨੇ ਬਾਖੂਬੀ ਨਿਭਾਇਆ।

No comments: