ਜਿਸ ਢੰਗ ਨਾਲ ਬਿੱਲ ਪਾਸ ਹੋਏ ਉਹ ਨਾਇਨਸਾਫੀ ਨਹੀਂ ਕੀ ਹੈ
ਚੰਡੀਗੜ੍ਹ: 26 ਨਵੰਬਰ 2020: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ)::
ਅੱਜ ਲਾਇਰ ਫਾਰ ਹਿਉਮੈਨੇਟੀ ਅਤੇ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਅਦਾਲਤ ਚੰਡੀਗੜ੍ਹ ਵਿਖੇ ਰਵਿੰਦਰ ਸਿੰਘ ਬਸੀ (ਪ੍ਰਧਾਨ ਲਾਇਰ ਫਾਰ ਹਿਉਮੈਨੇਟੀ) ਦੀ ਪ੍ਰਧਾਨਗੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਮਦਦ ਲਈ ਇਕ ਵਿਸ਼ਾਲ ਰੈਲੀ ਅਤੇ ਮੁਜ਼ਾਹਰਾ ਕੀਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਵਿੰਦਰ ਸਿੰਘ ਜੌਲੀ ਨੇ ਭਾਰਤ ਸਰਕਾਰ ਤੋਂ ਫੌਰੀ ਤੌਰ ਉਤੇ ਆਮ ਲੋਕਾਂ ਅਤੇ ਕਿਸਾਨ ਵਿਰੋਧੀ ਤਿੰਨੇ ਬਿਲ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਇਹ ਬਿਲ ਕੋਵਿਡ-19 ਦੇ ਚਲਦੇ ਜਲਦਬਾਜੀ ਵਿਚ ਪੇਸ਼ ਕਰਨ ਦੀ ਕੀ ਲੋੜ ਸੀ ਇਸ ਤੋਂ ਹੀ ਲਗਦਾ ਹੈ ਕਿ ਇਹ ਚੁਪਕੇ ਜਹੇ ਕੋਈ ਚਾਲ ਚੱਲੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਵਿਚ ਪੇਸ਼ ਕਰਨ ਤੋਂ ਪਹਿਲਾਂ ਕਿਸੇ ਵਿਰੋਧੀ ਪਾਰਟੀ ਅਤੇ ਕਿਸਾਨਾਂ ਤੋਂ ਇਸ ਬਾਰੇ ਉਨ੍ਹਾਂ ਦੀ ਰਾਏ ਤਕ ਨਹੀਂ ਲਈ ਗਈ ਜੋ ਨਾਇਨਸਾਫੀ ਨਹੀਂ ਤਾਂ ਹੋਰ ਕੀ ਹੈ?
ਸ਼੍ਰੀ ਅਮਰ ਸਿੰਘ ਚਹਿਲ ਪ੍ਰਧਾਨ ਲਾਇਰ ਫ਼ਾਰ ਹਿਊਮਨ ਰਾਇਟਸ ਇੰਟਰਨੈਸ਼ਨਲ ਨੇ ਕਿਹਾ ਇਹ ਅਫਸੋਸ ਦੀ ਗੱਲ ਹੈ ਕਿ ਦੇਸ਼ ਦੀਆਂ ਅਨੇਕ ਕਿਸਾਨ ਜਥੇਬੰਦੀਆਂ ਨੂੰ ਨਾ ਤਾਂ ਇਨ੍ਹਾਂ ਬਿਲਾਂ ਦਾ ਅਗੇਤਰੇ ਖਰੜਾ ਹੀ ਭੇਜਿਆ ਗਿਆ ਹੈ ਤੇ ਨਾ ਹੀ ਕਿਸੇ ਦੀ ਇਨ੍ਹਾਂ ਬਿਲਾਂ ਪ੍ਰਤੀ ਰਾਏ ਲਈ ਗਈ। ਹੁਣ ਜਦ ਕਿਸਾਨ ਹੱਕੀ ਲੜਾਈ ਲੜ ਰਹੇ ਹਨ ਤਾਂ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਉਨ੍ਹਾਂ ਨੂੰ ਇੱਜਤ ਮਾਣ ਨਾ ਸਮਾਂ ਦੇ ਕੇ ਉਨ੍ਹਾਂ ਦੇ ਨੁਕਤੇ ਵੀ ਨੋਟ ਨਹੀਂ ਕਰਨਾ ਚਾਹੁੰਦੀ। ਇਹ ਸਰਾ-ਸਰ ਕਿਸਾਨੀ ਅਤੇ ਆਮ ਜਨਤਾ ਨਾਲ ਨਾ ਇਨਸਾਫੀ ਹੈ ਜੋ ਕਾਬਿਲ-ਏ-ਬਰਦਾਸ਼ਤ ਨਹੀਂ।
ਮਹਾਨ ਕਲਾਕਾਰ ਅਤੇ ਕ੍ਰਿਕਟਰ ਯੋਗ ਰਾਜ ਇਸ ਮੌਕੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਅਸੀਂ ਕਿਸਾਨਾਂ ਦੇ ਪੁੱਤ ਹਾਂ ਤੇ ਮਾਂ-ਬਾਪ ਨੂੰ ਦੁੱਖ ਕਸ਼ਟ ਵਿਚ ਦੇਖ ਕੇ ਦੂਰ ਕਿੰਵੇਂ ਰਹਿ ਸਕਦੇ ਹਾਂ। ਉਨ੍ਹਾਂ ਭਾਰਤ ਦੀਆਂ ਸਾਰੀਆਂ ਬਾਰ ਐਸੋਸੀਏਸ਼ਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਸੰਘਰਸ਼ ਨੂੰ ਸਫਲ ਕਰਨ ਵਿਚ ਯੋਗ ਮਦਦ ਕਰਨ। ਉਨ੍ਹਾਂ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਹਾਂ ਪੱਖੀ ਨਜ਼ਰੀਏ ਨਾਲ ਵਿਚਾਰਨ ਅਤੇ ਕਿਸਾਨਾਂ ਨੂੰ ਬਣਦਾ ਸਨਮਾਨ ਦੇਣ। ਕਰਮ ਸਿੰਘ ਵਕੀਲ ਪ੍ਰਧਾਨ ਆਲ ਇੰਡੀਆ ਲਾਇਰਜ਼ ਐਸੋਸੀਏਸ਼ਨ ਅਤੇ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਕਿਹਾ ਤਿੰਨ ਲੋਕ ਵਿਰੋਧੀ ਖੇਤੀ ਕਨੂੰਨ ਸਿਰਫ ਕਿਸਾਨਾਂ ਦੇ ਹੀ ਖਿਲਾਫ ਨਹੀਂ ਇਨ੍ਹਾਂ ਨਾਲ ਬੇਰੁਜਗਾਰੀ ਵੱਧੇਗੀ, ਆੜਤ, ਪੱਲੇਦਾਰ, ਸ਼ੈਲਰ, ਕੋਆਪਰੇਟਿਵ ਸੁਸਾਇਟੀਆਂ ਆਦਿ ਉਤੇ ਬਹੁਤ ਮਾਰੂ ਅਸਰ ਪਵੇਗਾ। ਖੇਤੀ ਇਕ ਕਿਤਾ ਸੀ ਪਰ ਹੁਣ ਸਰਕਾਰ ਇਸ ਨੂੰ ਸਿਰਫ ਵਿਉਪਾਰ ਬਣਾਉਣ ਜਾ ਰਹੀ ਹੈ ਤੇ ਵਿਉਪਾਰੀ ਹਮੇਸ਼ਾਂ ਮੁਨਾਫੇ ਨੂੰ ਹੀ ਅੱਗੇ ਰੱਖਦਾ ਹੈ ਜੋ ਭਵਿੱਖ ਵਿਚ ਹੋਰ ਮੰਦਹਾਲੀ ਲਿਆਵੇਗਾ। ਕਾਰਪੋਰੇਟ ਘਰਾਣਿਆਂ ਨੂੰ ਨਵੇਂ ਖੇਤੀ ਕਨੂੰਨਾਂ ਦੇ ਸਹਾਰੇ ਕਿਸਾਨਾਂ ਦੀ ਮਾਂ ਰੂਪੀ ਭੋਇ ਹਥਿਆਉਣ ਦੀ ਕਿਸੇ ਤਰਾਂ ਵੀ ਇਜਾਜਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਲਈ ਤਿਆਰ ਦੋ-ਵਰਕੀ ਵੀ ਹਾਜ਼ਰੀਨ ਨੂੰ ਭੇਂਟ ਕੀਤੀ। ਅੱਜ ਕਿਸਾਨ ਸੰਘਰਸ਼ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।
ਉਪਰੋਕਤ ਤੋਂ ਇਲਾਵਾ ਸਰਵਸ਼੍ਰੀ ਦਵਿੰਦਰ ਸਿੰਘ, ਕੇ.ਪੀ.ਐਸ ਗਿੱਲ, ਨਵਦੀਪ ਸੰਧੂ, ਦਿਲਸ਼ੇਰ ਸਿੰਘ ਜੰਡਿਆਲਾ, ਜੈ ਪਾਲ, ਸੁਖਵਿੰਦਰ ਸਿੰਘ ਸੁੱਖੀ, ਗਗਨਦੀਪ ਸਿੰਘ ਚੀਮਾ, ਨਵਜੋਤ ਸਿੰਘ ਢੋਸ, ਗੁਰਵਿੰਦਰ ਸਿੰਘ, ਗੁਰਇਕਬਾਲ ਸਿੰਘ, ਹਰਦਵਿੰਦਰ ਸਿੰਘ ਹੈਰੀ, ਨਛਤਰ ਸਿੰਘ ਬੈਂਸ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਕਿਸ਼ੋਰ ਕੁਮਾਰ, ਦਵਿੰਦਰ ਸਿੰਘ ਨਿਗਾਹ, ਭੁਪਿੰਦਰ ਰਾਣਾ, ਨਰਿੰਦਰ ਦਲਾਲ, ਡੀ. ਐਸ ਰਾਵਤ, ਕਪਿਲ ਮਿੱਤਲ, ਸਿਮਰਨਜੀਤ ਸਿੰਘ, ਲਵਿਸ਼ ਰਤਨ, ਹਰਮਨ ਸਿੰਘ, ਲਖਵਿੰਦਰ ਸਿੰਘ, ਮੋਹਿੰਦਰਪਾਲ ਸਿੰਘ, ਅਰਵਿੰਦਰ ਸੰਧੂ ਅਤੇ ਵਿਸ਼ਾਲ ਕੁਮਾਰ ਵਕੀਲਾਂ ਨੇ ਵੱਧ-ਚੜ੍ਹ ਕੇ ਰੈਲੀ ਅਤੇ ਧਰਨੇ ਵਿਚ ਹਿਸਾ ਲਿਆ। ਰੈਲੀ ਦੌਰਾਨ ਵਾਰ ਵਾਰ ‘ਵਕੀਲ ਕਿਸਾਨ ਏਕਤਾ ਜ਼ਿੰਦਾਬਾਦ’, ‘ਕਾਲੇ ਕਨੂੰਨ ਵਾਪਸ ਲਵੋ’, ‘ਲੋਕ ਮਾਰੂ ਖੇਤੀ ਕਨੂੰਨ ਰੱਦ ਕਰੋ’ਅਤੇ ਕਿਸਾਨ ਸੰਘਰਸ਼ ਜ਼ਿੰਦਾਬਾਦ’ਬੁਲੰਦ ਨਾਅਰਿਆਂ ਨਾਲ ਵਾਰ ਵਾਰ ਅਕਾਸ਼ ਗੁੰਜਦਾ ਰਿਹਾ। ਅੰਤ ਵਿਚ ਧੰਨਵਾਦ ਮਤਾ ਕਰਮ ਸਿੰਘ ਵਕੀਲ ਨੇ ਪੇਸ਼ ਕੀਤਾ।
ਇਸ ਮੁੱਦੇ ਅਤੇ ਮੁਹਿੰਮ ਸੰਬੰਧੀ ਹੋਰ ਵੇਰਵਾ ਚਾਹੁਣ ਦੇ ਇੱਛੁਕ ਸੰਪਰਕ ਕਰ ਸਕਦੇ ਹਨ ਕਰਮ ਸਿੰਘ ਵਕੀਲ ਹੁਰਾਂ ਨਾਲ ਉਹਨਾਂ ਦੇ ਨੰਬਰ- 98143-44446 ´ਤੇ ਅਤੇ ਰਵਿੰਦਰ ਸਿੰਘ ਜੌਲੀ ਹੁਰਾਂ ਨਾਲ ਉਹਨਾਂ ਦੇ ਨੰਬਰ 998725-66038 ´ਤੇ
No comments:
Post a Comment