19th November 2020 at 12:36 PM
ਜਨਮ ਸ਼ਤਾਬਦੀ ਦੇ ਸੰਦਰਭ ਵਿਚ ਜੈਤੇਗ ਸਿੰਘ ਅਨੰਤ
ਬਾਬਾ ਜਗਜੀਤ ਸਿੰਘ ਜੀ ਨੇ ਨਾਮਧਾਰੀ ਸੰਪਰਦਾ ਦੇ ਮੁਖੀ ਵਜੋਂ ਆਪਣੇ ਪਿਤਾ ਬਾਬਾ ਪ੍ਰਤਾਪ ਸਿੰਘ ਦੇ ਦਿਹਾਂਤ ਤੋਂ ਬਾਅਦ ਸੰਨ 1959 ਵਿਚ ਗੱਦੀ ਸੰਭਾਲੀ ਸੀ। ਉਨ੍ਹਾਂ ਆਪਣੇ ਜੀਵਨ ਕਾਲ ਵਿਚ 53 ਸਾਲ ਨਿਰੰਤਰ ਨਾਮਧਾਰੀ ਸੰਪਰਦਾ ਦੀ ਸਰਪ੍ਰਸਤੀ ਤੇ ਸੇਵਾ ਕੀਤੀ। ਉਨ੍ਹਾਂ ਦੇ ਕਾਰਜਕਾਲ ਦੇ ਦੌਰਾਨ ਜਿੱਥੇ ਭੈਣੀ ਸਾਹਿਬ ਅੰਤਰਰਾਸ਼ਟਰੀ ਮੁਕਾਮ ਤੇ ਪੁੱਜਾ, ਉੱਥੇ ਇਸ ਇਤਿਹਾਸਿਕ ਨਗਰ ਦੇ ਵਿਕਾਸ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਬੱਝਦਾ ਹੈ। ਉਨ੍ਹਾਂ ਦੇ ਯਤਨਾਂ, ਦੂਰਅੰਦੇਸ਼ੀ ਤੇ ਸਿਆਣਪ ਨਾਲ ਨਾਮਧਾਰੀ ਸ਼ਹੀਦਾਂ ਨਾਲ ਜੁੜੀਆਂ ਯਾਦਗਾਰਾਂ ਤੇ ਸਮਾਰਕ ਮਲੇਰਕੋਟਲਾ, ਪੁਰਾਣੀ ਜੇਲ੍ਹ ਲੁਧਿਆਣਾ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਉਸਾਰੀਆਂ ਗਈਆਂ। ਲੁਧਿਆਣੇ ਦਾ 'ਸਤਿਗੁਰੂ ਪ੍ਰਤਾਪ ਸਿੰਘ ਅਪੋਲੋ ਹਸਪਤਾਲ' ਵੀ ਉਨ੍ਹਾਂ ਦੀ ਦੂਰਅੰਦੇਸ਼ੀ ਅਤੇ ਯਤਨਾਂ ਨਾਲ ਹੀ ਸਾਕਾਰ ਹੋਇਆ ਹੈ। ਬਾਬਾ ਜਗਜੀਤ ਸਿੰਘ ਜੀ ਇੱਕ ਬੇਨਿਆਜ਼ ਹਸਤੀ ਹੋਏ ਹਨ। ਉਹ ਦੈਵੀ ਗੁਣਾਂ ਦੇ ਮਾਲਿਕ, ਬਹੁਪੱਖੀ, ਬਹੁਪਰਤੀ, ਬਹੁਰੰਗੀ ਤੇ ਪਰਉਪਕਾਰੀ ਪ੍ਰਤਿਭਾ ਦੀ ਮੂਰਤ ਸਨ। ਉਹ ਸੁਰ ਤੇ ਸੰਗੀਤ ਦਾ ਮੁਜੱਸਮਾ ਸਨ। ਉਨ੍ਹਾਂ ਸਾਰੀ ਜਿੰਦਗੀ ਇਕ ਸਮਾਜ ਸੁਧਾਰਕ, ਸਮਾਜ ਸੇਵੀ ਤੇ ਲੋਕ ਭਲਾਈ ਦੇ ਕਾਰਜਾਂ ਵਿਚ ਬਿਤਾਈ। ਉਹ ਹਰ ਇੱਕ ਲਈ ਰੋਸ਼ਨ ਮੀਨਾਰ ਤੇ ਮਾਰਗਦਰਸ਼ਕ ਸਨ। ਮੇਰੀ ਉਹਨਾਂ ਨਾਲ ਪਹਿਲੀ ਭੇਂਟ ਚੰਡੀਗਡ਼੍ਹ ਸੰਨ 1985 ਵਿਚ ਹੋਈ ਸੀ ਅਤੇ ਅੰਤਲੀ ਭੇਂਟ ਉਨ੍ਹਾਂ ਦੀ ਕੋਠੀ ਭੈਣੀ ਸਾਹਿਬ ਸੰਨ 2009 ਵਿਚ ਹੋਈ। ਉਸ ਸਮੇਂ ਉਨ੍ਹਾਂ ਦਾ ਸ਼ਰੀਰ ਬੇਹੱਦ ਕਮਜ਼ੋਰ ਅਤੇ ਯਾਦ ਸ਼ਕਤੀ ਵੀ ਘੱਟ ਚੁੱਕੀ ਸੀ। ਇਨ੍ਹਾਂ 24 ਸਾਲਾਂ ਦੇ ਦੌਰਾਨ ਭੈਣੀ ਸਾਹਿਬ ਤੋਂ ਇਲਾਵਾ ਮਲੇਰਕੋਟਲਾ, ਲੁਧਿਆਣਾ ਦੇ ਅਨੇਕ ਨਾਮਧਾਰੀ ਸ਼ਹੀਦੀ ਸਮਾਗਮ, ਚੰਡੀਗਡ਼੍ਹ ਵਿਚ ਭਗਤੀ ਸੰਗੀਤ ਸੰਮੇਲਨ, ਵਿੱਦਿਅਕ ਸਮਾਗਮ ਤੋਂ ਇਲਾਵਾ ਇੰਗਲੈਂਡ, ਥਾਈਲੈਂਡ ਤੇ ਕੈਨੇਡਾ ਦੀ ਧਰਤੀ ਤੇ ਵੀ ਅਨੇਕ ਵਾਰ ਖੁੱਲੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਅੱਜ ਆਲਮੀ ਜਗਤ ਵਿਚ ਉਨ੍ਹਾਂ ਦੀ ਪਹਿਲੀ ਜਨਮ ਸ਼ਤਾਬਦੀ 22 ਨਵੰਬਰ 2020 ਤੋਂ ਮਨਾਈ ਜਾ ਰਹੀ ਹੈ। ਮੇਰਾ ਦਿਲ ਕਰਦਾ ਹੈ ਕਿ ਯਾਦਾਂ ਦੇ ਝਰੋਖੇ ਵਿਚੋਂ ਕੁੱਝ ਪਲ ਪਾਠਕਾਂ ਨਾਲ ਸਾਂਝੇ ਕਰਾਂ। ਸਾਲ 1983 ਸਰਦ ਰੁੱਤ, ਮਾਡਰਨ ਸਕੂਲ ਨਵੀਂ ਦਿੱਲੀ ਵਿਖੇ ਹਿੰਦੁਸਤਾਨ ਭਰ 'ਚੋਂ ਪੰਜਾਹ-ਸੱਠ ਫੋਟੋਗ੍ਰਾਫਰ ਪੁੱਜੇ ਸਨ। ਜਿੱਥੇ ਫੋਟੋਗ੍ਰਾਫੀ ਦੀ ਇੱਕ ਅੰਤਰਰਾਸ਼ਟਰੀ ਸੰਸਥਾ ਦੀ ਸਥਾਪਨਾ ਕਰਨ ਦਾ ਸੰਕਲਪ ਸੀ। ਪੰਜਾਬ/ਚੰਡੀਗੜ੍ਹ ਤੋਂ ਮੈਂ ਇਕੱਲਾ ਹੀ ਪ੍ਰਤੀਨਿਧਤਾ ਕਰ ਰਿਹਾ ਸੀ। ਜੀਵਨ ਨਗਰ, ਹਰਿਆਣਾ ਤੋਂ ਠਾਕੁਰ ਦਲੀਪ ਸਿੰਘ ਜੀ (ਜੋ ਬਾਬਾ ਜਗਜੀਤ ਸਿੰਘ ਜੀ ਦੇ ਭਤੀਜੇ ਤੇ ਭਾਈ ਬੀਰ ਸਿੰਘ ਜੀ ਦੇ ਸਪੁੱਤਰ ਹਨ),ਵੀ ਵਿਸ਼ੇਸ਼ ਤੌਰ ਤੇ ਪੁੱਜੇ ਸਨ। ਦੋ ਦਿਨਾਂ ਦੀ ਹੋਈ ਮੀਟਿੰਗ ਵਿਚ ਸੰਸਥਾ ਦਾ ਨਾਂ "ਇੰਡੀਆ ਇੰਟਰਨੈਸ਼ਨਲ ਫੋਟੋਗ੍ਰਾਫਿਕ ਕੌਂਸਲ ਰੱਖਿਆ ਗਿਆ। ਜਿਸ ਦੇ ਪਹਿਲੇ ਪ੍ਰਧਾਨ ਨਾਮਵਰ ਸਨਅਤਕਾਰ ਕੇ.ਜੀ. ਮਹੇਸ਼ਵਰੀ, ਮੀਤ ਪ੍ਰਧਾਨ ਪਦਮ ਸ੍ਰੀ ਟੀ. ਕਾਸੀ ਨਾਥ ਦਿੱਲੀ ਤੋਂ, ਬੇਨੂ ਸੇਨ ਕਲਕੱਤਾ ਤੋਂ, ਜਨਰਲ ਸਕੱਤਰ ਓ.ਪੀ ਸ਼ਰਮਾ ਦਿੱਲੀ ਤੋਂ ਲਏ ਗਏ। ਇੱਥੇ ਇਹ ਵੀ ਫੈਸਲਾ ਕੀਤਾ ਗਿਆ ਕਿ ਕੁੱਝ ਇਕ ਸਰਪ੍ਰਸਤ ਤੇ ਪੈਟਰਨ ਲਏ ਜਾਣ ਤਾਂ ਜੋ ਉਹਨਾਂ ਦੀ ਸਰਪ੍ਰਸਤੀ ਹੇਠ ਸੰਸਥਾ ਨੂੰ ਸਹੀ ਮਾਰਗਦਰਸ਼ਨ ਮਿਲ ਸਕੇ। ਇੰਨੀ ਗੱਲ ਸੁਣਦੇ ਸਾਰ ਠਾਕੁਰ ਦਲੀਪ ਸਿੰਘ ਆਪਣੀ ਸੀਟ ਤੋਂ ਉੱਠ ਖੜ੍ਹੇ ਹੋਏ ਤੇ ਬੇਨਤੀ ਕੀਤੀ ਕਿ ਪਹਿਲੇ ਮੁੱਖ ਸਰਪ੍ਰਸਤ ਸਤਿਗੁਰੂ ਜਗਜੀਤ ਸਿੰਘ ਜੀ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਬਾਬਾ ਜਗਜੀਤ ਸਿੰਘ ਜੀ ਨੂੰ ਫੋਟੋਗ੍ਰਾਫੀ ਦਾ ਬੇਹੱਦ ਸੌਂਕ ਹੈ ਤੇ ਉਹ ਫੋਟੋ ਕਲਾ ਦੇ ਵੱਡੇ ਪ੍ਰੇਮੀ ਅਤੇ ਹਿਤੈਸ਼ੀ ਹਨ। ਉਨ੍ਹਾਂ ਭਾਰਤ ਤੋਂ ਆਏ ਨਾਮਵਰ ਤੇ ਚੋਟੀ ਦੇ ਫੋਟੋਗ੍ਰਾਫਰਾਂ ਨੂੰ ਬਾਬਾ ਜਗਜੀਤ ਸਿੰਘ ਜੀ ਦੇ ਜੀਵਨ ਅਤੇ ਸ਼ਖ਼ਸੀਅਤ ਪ੍ਰਤੀ ਜਾਣਕਾਰੀ ਨੂੰ ਕੁੱਜੇ ਅੰਦਰ ਸਮੁੰਦਰ ਭਰ ਦਿੱਤਾ। ਮੇਰਾ ਤੇ ਠਾਕੁਰ ਦਲੀਪ ਸਿੰਘ ਜੀ ਦੀ ਦੋਸਤੀ ਦਾ ਆਗਾਜ਼ ਵੀ ਇੱਥੋਂ ਸ਼ੁਰੂ ਹੋਇਆ। ਇੱਥੋਂ ਹੀ ਮੇਰੇ ਮਨ ਵਿਚ ਕੂਕਾ ਅੰਦੋਲਨ ਅਤੇ ਭੈਣੀ ਸਾਹਿਬ ਪ੍ਰਤੀ ਜਾਣਕਾਰੀ ਲੈਣ ਦੀ ਜਿਗਿਆਸਾ ਨੇ ਜਨਮ ਲਿਆ।
ਠਾਕੁਰ ਦਲੀਪ ਸਿੰਘ ਜੀ ਅਕਸਰ ਮੇਰੇ ਗ੍ਰਹਿ ਚੰਡੀਗੜ੍ਹ ਆਉਣ ਲੱਗੇ। ਫੋਟੋਗ੍ਰਾਫੀ ਦੇ ਹਰ ਕਾਰਜ ਵਿਚ ਮੇਰੀ ਸਲਾਹ ਲਏ ਬਿਨਾ ਕੋਈ ਕੰਮ ਨੂੰ ਹੱਥ ਨਹੀਂ ਪਾਉਂਦੇ ਸਨ। ਸੰਨ 1985 ਵਿਚ ਠਾਕੁਰ ਦਲੀਪ ਸਿੰਘ ਨੇ ਚੰਡੀਗੜ੍ਹ ਵਿਚ ਆਪਣੀ ਪਹਿਲੀ "ਇੱਕ ਪੁਰਖੀ ਫੋਟੋ ਪ੍ਰਦਰਸ਼ਨੀ ONE MAN SHOW" ਦਾ ਆਯੋਜਨ ਕਰਨਾ ਸੀ। ਉਦਘਾਟਨ ਦੀ ਰਸਮ ਸ਼ਾਮ ਨੂੰ 'ਸ੍ਰੀ ਸਿਧਾਰਥ ਸ਼ੰਕਰ ਰੇਅ' ਗਵਰਨਰ ਪੰਜਾਬ ਨੇ ਕਰਨੀ ਸੀ। ਠਾਕੁਰ ਜੀ ਨੇ ਮੇਰੀ ਸਲਾਹ ਲਈ ਕਿ ਉਦਘਾਟਨ ਤੋਂ ਪਹਿਲਾਂ ਕਿਉਂ ਨਾ ਪ੍ਰਦਰਸ਼ਨੀ ਦਾ ਟੱਕ ਸਤਿਗੁਰੂ ਜਗਜੀਤ ਸਿੰਘ ਜੀ ਤੋਂ ਲੁਆ ਲਵਾਂ। ਮੇਰੀ ਸਹਿਮਤੀ ਤੇ ਸਵੇਰੇ ਕਾਰਾਂ ਦੇ ਕਾਫਲੇ ਵਿਚ ਬਾਬਾ ਜਗਜੀਤ ਸਿੰਘ ਜੀ ਆਰਟ ਗੈਲਰੀ ਸੈਕਟਰ 10 ਪੁੱਜਦੇ ਹਨ। ਵੱਡੀ ਗਿਣਤੀ ਵਿਚ ਲੀਡਰ, ਸੇਵਕ, ਕਲਾ ਪ੍ਰੇਮੀ ਤੇ ਫੋਟੋਗ੍ਰਾਫਰ ਆਏ ਹੋਏ ਸਨ। ਜਦੋਂ ਬਾਬਾ ਜੀ ਪ੍ਰਦਰਸ਼ਨੀ ਵੇਖ ਕੇ ਜਾਣ ਲਗਦੇ ਹਨ ਤਾਂ ਬਾਹਰ ਆ ਕੇ ਠਾਕੁਰ ਦਲੀਪ ਸਿੰਘ ਜੀ ਨੇ ਬੜੇ ਹੀ ਢੁਕਵੇਂ ਸ਼ਬਦਾਂ ਨਾਲ ਮੇਰਾ ਤੁਆਰਫ ਕਰਵਾਇਆ। ਉਨ੍ਹਾਂ ਇਹ ਵੀ ਦੱਸਿਆ ਕਿ "ਅੰਮ੍ਰਿਤ ਕੀਰਤਨ" ਪੋਥੀ ਦੀ ਸੰਪਾਦਨਾ ਮੇਰੇ ਪਿਤਾ ਜੀ ਨੇ ਕੀਤੀ ਹੈ ਜਿਨ੍ਹਾਂ ਵਿਚ ਉਹਨਾਂ ਆਪਣਾ ਨਾਮ ਵੀ ਨਹੀਂ ਲਿਖਿਆ। ਇਹ ਸੁਣ ਕੇ ਉਹ ਬਹੁਤ ਖੁਸ਼ ਹੋਏ। ਉਹਨਾਂ ਦਾ ਚਿਹਰਾ ਦਗ ਦਗ ਕਰਨ ਲੱਗ ਪਿਆ। ਉਨ੍ਹਾਂ ਨੂੰ ਮੇਰਾ ਨਾਂ ਇੰਨਾ ਪਸੰਦ ਆਇਆ ਕਿ ਬਾਰ ਬਾਰ ਜੈ ਤੇਗੰ ਜੈ ਤੇਗੰ ਉਚਾਰਨ ਲੱਗ ਪਏ। ਉਨ੍ਹਾਂ ਕਿਹਾ ਕਿ ਮੈਂ ਛੇਤੀ ਤੁਹਾਡੇ ਪਿਤਾ ਜੀ ਦੇ ਦਰਸ਼ਨ ਕਰਨ ਦਾ ਯਤਨ ਕਰਾਂਗਾ। ਮੇਰੇ ਧੰਨ ਭਾਗ ਹੋਣਗੇ ਕਿ ਅਜਿਹੇ ਗੁਰਮੁਖਾਂ ਦੀ ਧੂੜ ਆਪਣੇ ਮਸਤਕ ਤੇ ਲਾਵਾਂ। ਉਨ੍ਹਾਂ ਦੀ ਅੰਤਾਂ ਦੀ ਨਿਮਰਤਾ ਤੇ ਉਨ੍ਹਾਂ ਦੇ ਉੱਚੇ ਤੇ ਸੁੱਚੇ ਆਚਰਣ ਦੀ ਤਸਵੀਰ ਮੈਂ ਆਪਣੀ ਪਹਿਲੀ ਮੁਲਾਕਾਤ ਤੋਂ ਪ੍ਰਾਪਤ ਕੀਤੀ। ਉਨ੍ਹਾਂ ਦਾ ਡੁੱਲ੍ਹ-ਡੁੱਲ੍ਹ ਪਿਆਰ ਯਾਦਾਂ ਦੇ ਝਰੋਖੇ ਵਿਚ ਸਾਂਭਿਆ ਹੋਇਆ ਹੈ।
ਫਿਰ ਕੁੱਝ ਹੀ ਦਿਨਾਂ ਬਾਅਦ ਠਾਕੁਰ ਦਲੀਪ ਸਿੰਘ ਜੀ ਮੇਰੇ ਘਰ ਚੰਡੀਗੜ੍ਹ ਆਏ ਤਾਂ ਮੈਂ ਨਿਝੱਕ ਹੋ ਸਵਾਲ ਕਰ ਦਿੱਤਾ ਕਿ ਠਾਕੁਰ ਜੀ ਦਸੰਬਰ ਦੇ ਅੰਤ ਤੇ ਜਨਵਰੀ ਦੇ ਸ਼ੁਰੂ ਵਿਚ ਆਪਣੀ ਮਿਸਜ ਨਾਲ ਥਾਈਲੈਂਡ, ਮਲੇਸ਼ੀਆ ਤੇ ਸਿੰਘਾਗਾਪੁਰ ਜਾਣ ਦਾ ਪ੍ਰੋਗਰਾਮ ਬਣਾਇਆ ਹੈ। ਥਾਈਲੈਂਡ ਵਿਚ ਤੁਹਾਡੇ ਸੇਵਕਾਂ ਦੀ ਬੜੀ ਵੱਡੀ ਗਿਣਤੀ ਹੈ ਜੇਕਰ ਪੰਜ-ਛੇ ਦਿਨਾਂ ਲਈ ਕੋਈ ਰੈਣ ਬਸੇਰਾ ਹੋ ਜਾਵੇ ਤਾਂ ਚੰਗੀ ਗੱਲ ਹੈ। ਉਨ੍ਹਾਂ ਹੱਸ ਕੇ ਕਿਹਾ ਕੋਈ ਗੱਲ ਨਹੀਂ, ਮੈਂ ਸਤਿਗੁਰੂ ਜੀ ਅੱਗੇ ਅਰਜ਼ ਕਰਾਂਗਾ, ਉਹ ਆਪ ਹੀ ਕਿਰਪਾ ਕਰਨਗੇ।
ਥਾਈਲੈਂਡ ਉਡਾਨ ਭਰਨ ਤੋਂ ਇੱਕ ਦਿਨ ਪਹਿਲਾਂ ਇੱਕ ਨਾਮਧਾਰੀ ਸੇਵਕ ਭੈਣੀ ਸਾਹਿਬ ਤੋਂ ਚਿੱਠੀ ਦੇ ਜਾਂਦਾ ਹੈ ਜਿਸ ਵਿਚ ਥਾਈਲੈਂਡ ਦੇ ਸਾਡੇ ਮੇਜਬਾਨ ਦਾ ਸਿਰਨਾਵਾਂ ਤੇ ਫੋਨ ਨੰਬਰ ਦਰਜ ਸੀ। ਉਨ੍ਹਾਂ ਨੇ ਹੀ ਹਵਾਈ ਅੱਡੇ ਤੋਂ ਸਾਨੂੰ ਲੈਣ ਆਉਣਾ ਸੀ। ਜਦੋਂ ਅਸੀਂ ਥਾਈਲੈਂਡ ਬੈਂਕਾਕ ਏਅਰ ਪੋਰਟ ਤੋਂ ਬਾਹਰ ਆਉਂਦੇ ਹਾਂ ਤਾਂ ਇੱਕ ਨਾਮਧਾਰੀ ਜੋੜਾ, ਗੁਲਾਬ ਦੇ ਫੁੱਲ ਵਾਂਗ ਖਿੜਿਆ ਨਿੰਮੀ ਨਿੰਮੀ ਮੁਸਕਾਨ ਨਾਲ ਸਾਡਾ ਸੁਆਗਤ ਕਰ ਰਿਹਾ ਸੀ। ਅਸੀਂ ਉਹਨਾਂ ਦੀ ਗੱਡੀ ਵਿਚ ਸਮਾਨ ਰੱਖਿਆ। ਮੈਂ ਸੇਠ ਚਾਵਲਾ ਸਾਹਿਬ ਦੇ ਨਾਲ ਅੱਗੇ ਬੈਠਾ ਤੇ ਮੇਰੀ ਮਿਸਜ ਪਿੱਛੇ ਸੇਠ ਚਾਵਲਾ ਸਾਹਿਬ ਦੀ ਮਿਸਜ ਨਾਲ ਬੈਠੇ ਗੱਲਾਂ ਕਰਦੇ ਬੈਂਕਾਕ ਸ਼ਹਿਰ ਵੱਲ ਜਾ ਰਹੇ ਹਾਂ। ਮੇਰੀ ਪਤਨੀ ਨਾਲ ਗੱਲ ਕਰਦੇ ਦੱਸਿਆ ਕਿ ਸੇਠ ਸਾਹਿਬ ਕਦੇ ਵੀ ਕਿਸੇ ਮਹਿਮਾਨ ਨੂੰ ਲੈਣ ਏਅਰਪੋਰਟ ਨਹੀਂ ਆਏ। ਹਮੇਸ਼ਾਂ ਸਾਡਾ ਕੋਈ ਨਾ ਕੋਈ ਡਰਾਈਵਰ ਹੀ ਆਉਂਦਾ ਹੈ। ਇਸ ਵਾਰ ਵਿਸ਼ੇਸ਼ ਤੌਰ ਤੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਤੁਹਾਨੂੰ ਲੈਣ ਲਈ ਖੁਦ ਫੋਨ ਕੀਤਾ ਹੈ ਤੇ ਕਿਹਾ ਹੈ ਕਿ ਇਹ ਠਾਕੁਰ ਦਲੀਪ ਸਿੰਘ ਜੀ ਦੇ ਗੂਡ਼੍ਹੇ ਮਿੱਤਰ ਹਨ। ਇਹ ਗੱਲ ਸੁਣ ਮੈਂ ਸ਼ਰਮਸਾਰ ਹੋ ਗਿਆ ਕਿ ਬਾਬਾ ਜਗਜੀਤ ਸਿੰਘ ਜੀ ਆਪਣੇ ਅੰਗੀ ਸੰਗੀ ਸਾਥੀਆਂ, ਹਿਤੈਸ਼ੀਆਂ ਦਾ ਕਿੰਨਾ ਕਦਰ ਖਿਆਲ ਰੱਖਦੇ ਹਨ। ਉਨ੍ਹਾਂ ਵਲੋਂ ਵਖਾਈ ਸਦਭਾਵਨਾ, ਅਪਣੱਤ ਤੇ ਮੁਹੱਬਤ ਨੇ ਮੈਨੂੰ ਕਾਇਲ ਕਰ ਦਿੱਤਾ।
ਅਸੀਂ ਕਰੀਬ ਇੱਕ ਹਫ਼ਤਾ ਬੈਂਕਾਕ ਆਪਣੇ ਮੇਜ਼ਬਾਨ ਘਰ ਠਹਿਰੇ। ਥਾਈਲੈਂਡ ਦਾ ਉਹ ਸਭ ਤੋਂ ਅਮੀਰ ਕਾਰੋਬਾਰੀ ਨਾਮਧਾਰੀ ਸੀ। ਸੋਲਾਂ ਮੰਜਿਲਾ ਘਰ, ਨੌਕਰ ਚਾਕਰ, ਹਰ ਸ਼ੈ, ਹਰ ਸਹੂਲਤ ਪਰ ਉਸ ਘਰ ਦੇ ਮੈਂਬਰ ਨਿਮਰਤਾ ਦੇ ਪੁੰਜ, ਪਰਉਪਕਾਰੀ, ਹਮਦਰਦ ਤੇ ਦਰਿਆ ਦਿਲ ਸੀ। ਜਿੰਨੀ ਉਨ੍ਹਾਂ ਮੇਰੀ ਸੇਵਾ ਕੀਤੀ, ਪਿਆਰ ਦਿੱਤਾ ਉਹ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਇੱਥੋਂ ਮੈਂ ਠਾਕੁਰ ਦਲੀਪ ਸਿੰਘ ਜੀ ਨੂੰ ਇੱਕ ਚਿੱਠੀ ਲਿਖੀ "ਲੋਕ ਤਾਂ ਮਰ ਕੇ ਸਵਰਗ ਜਾਂਦੇ ਹਨ, ਤੁਸੀਂ ਸਾਨੂੰ ਜਿਉਂਦੇ ਜੀ ਸਵਰਗ ਦਾ ਨਜ਼ਾਰਾ ਵਿਖਾ ਦਿੱਤਾ ਹੈ। ਮੈਂ ਆਪ ਦਾ ਕੋਟ ਕੋਟ ਧੰਨਵਾਦੀ ਹਾਂ। ਇਹ ਸਭ ਕੁੱਝ ਤੁਹਾਡੀ ਹੀ ਕਿਰਪਾ ਨਾਲ ਹੋ ਸਕਿਆ ਹੈ।" ਮੇਰੀ ਚਿੱਠੀ ਮਿਲਦੇ ਹੀ ਠਾਕੁਰ ਦਲੀਪ ਸਿੰਘ ਜੀ ਮੈਨੂੰ ਮੋੜਵੀਂ ਚਿੱਠੀ ਰਾਹੀਂ ਸੁਨੇਹਾ ਭੇਜਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਧੰਨਵਾਦ ਦਾ ਪਾਤਰ ਨਹੀਂ, ਜੇਕਰ ਤੁਸੀਂ ਸੱਚੇ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਭੈਣੀ ਸਾਹਿਬ ਜਾ ਕੇ ਸਤਿਗੁਰੂ ਜਗਜੀਤ ਸਿੰਘ ਜੀ ਦਾ ਧੰਨਵਾਦ ਕਰੋ।
ਮੈਂ ਕਦੇ ਵੀ ਭੈਣੀ ਸਾਹਿਬ ਨਹੀਂ ਗਿਆ ਸੀ, ਪਰ ਠਾਕੁਰ ਦਲੀਪ ਸਿੰਘ ਜੀ ਦੀ ਇੱਛਾ ਨੂੰ ਵੀ ਤਾਂ ਨਹੀਂ ਮੋੜਿਆ ਜਾ ਸਕਦਾ ਸੀ। ਇਸ ਤਰ੍ਹਾਂ ਸੰਨ 1986 ਵਿਚ ਇੱਕ ਦਿਨ ਮੈਂ ਆਪਣੀ ਮਿਸਜ ਨਾਲ ਭੈਣੀ ਸਾਹਿਬ ਪੁੱਜ ਗਿਆ। ਅੱਗੇ ਬਾਬਾ ਜੀ ਕਿਸੇ ਦੇ ਪਰਿਵਾਰਿਕ ਸਮਾਗਮ ਤੇ ਬਾਹਰ ਗਏ ਹੋਏ ਸਨ। ਪ੍ਰਬੰਧਕ ਸੇਵਾਦਾਰ ਨੇ ਅਰਾਮ ਕਰਨ ਲਈ ਇੱਕ ਕਮਰਾ ਦੇ ਦਿੱਤਾ ਤੇ ਕਿਹਾ ਜਦੋਂ ਵੀ ਬਾਬਾ ਜੀ ਆਏ ਤਾਂ ਤੁਹਾਨੂੰ ਸੂਚਿਤ ਕਰ ਦਿਆਂਗੇ। ਇਸ ਤਰ੍ਹਾਂ ਕੁੱਝ ਸਮੇਂ ਬਾਅਦ ਇੱਕ ਸੇਵਕ ਆਇਆ ਤੇ ਕਿਹਾ ਕਿ ਬਾਬਾ ਜੀ ਆ ਚੁੱਕੇ ਹਨ ਤੇ ਆਪ ਨੂੰ ਯਾਦ ਕਰ ਰਹੇ ਹਨ। ਮੈਂ ਤੇ ਮੇਰੀ ਧਰਮ ਪਤਨੀ ਦੀਵਾਨ ਦੇ ਵਿਚ ਉਨ੍ਹਾਂ ਨੂੰ ਦੂਰੋਂ ਨਮਸਕਾਰ ਕਰ ਆਪਣੀ ਥਾਂ ਲੈ ਲੈਂਦੇ ਹਾਂ । ਪੂਰਾ ਸੰਨਾਟਾ ਛਾਇਆ ਹੋਇਆ ਸੀ, ਨਾਮ-ਸਿਮਰਨ ਤੇ ਸੁਰਤਿ ਸ਼ਬਦ ਗੁਰੂ ਨਾਲ ਜੁਡ਼ੀ ਹੋਈ ਸੀ। ਸਿਮਰਨ ਖਤਮ ਹੋਣ ਸਾਰ ਉਹ ਆਪਣੇ ਨਿਜੀ ਸੇਵਕ ਤੋਂ ਮੇਰੇ ਬਾਰੇ ਪੁੱਛਦੇ ਹਨ ਤੇ ਸੇਵਕ ਨੂੰ ਆਪਣੇ ਬਿਲਕੁਲ ਸਾਹਮਣੇ ਇਕ ਨਵੀਂ ਚਟਾਈ ਵਛਾਉਣ ਦੀ ਤਾਕੀਦ ਕਰਦੇ ਹਨ। ਤੱਦ ਤੱਕ ਉਹ ਆਪਣਾ ਤਾਨਪੁਰਾ ਜਾਂ ਦਿਲਰੁਬਾ ਸੈੱਟ ਕਰ ਲੈਂਦੇ ਹਨ ਤਾਂ ਮੈਨੂੰ ਆਪਣੇ ਕੋਲ ਸੱਦਿਆ ਜਾਂਦਾ ਹੈ। ਜਦੋਂ ਮੈਂ ਨਮਸਕਾਰ ਕਰ ਉਨ੍ਹਾਂ ਦੇ ਸਾਹਮਣੇ ਚਟਾਈ ਤੇ ਬੈਠ ਜਾਂਦਾ ਹਾਂ ਤਾਂ ਉਹ ਸ਼ਬਦ ਸੁਰ 'ਚ ਸਵਾਰ, ਵਿਸਮਾਦੀ ਰੰਗਾਂ ਵਿਚ ਰੰਗੇ ਤਾਨਪੁਰੇ ਤੇ ਉਚਾਰਨ ਕਰਨਾ ਸ਼ੁਰੂ ਕਰ ਦਿੰਦੇ ਹਨ:-
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰ ਬੰਡੰ ||
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ ||
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸਿ ਸਰਣੰ ||
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ ||2||
ਇਸ ਤਰਾਂ ਉਨ੍ਹਾਂ ਇਸ ਸ਼ਬਦ ਦਾ ਕਰੀਬ ਦੱਸ ਮਿੰਟ ਸਾਜ ਤੇ ਮੈਨੂੰ ਸੰਬੋਧਨ ਕਰਦੇ ਹੋਏ ਉਚਾਰਨ ਕੀਤਾ। ਅਸੀਂ ਇੱਕ ਦੂਜੇ ਦੇ ਆਹਮੋ-ਸਾਹਮਣੇ ਦੋ-ਤਿੰਨ ਫੁੱਟ ਦੇ ਫਾਸਲੇ ਤੇ ਬੈਠੇ ਸੀ। ਬਾਅਦ ਵਿਚ ਉਨ੍ਹਾਂ ਮੇਰੀ ਬੈਂਕਾਕ ਯਾਤਰਾ ਬਾਰੇ ਕੁੱਝ ਇੱਕ ਫੁਟਕਲ ਗੱਲਾਂ ਸਾਂਝੀਆਂ ਕੀਤੀਆਂ। ਇਹ ਵੀ ਕਿਹਾ ਕਿ ਕਿਸੇ ਗੱਲ ਦੀ ਤਕਲੀਫ ਤਾਂ ਨਹੀਂ ਹੋਈ। ਮੈਂ ਅਰਜ ਕੀਤੀ ਕਿ ਜਿੰਨੀ ਤੁਸੀਂ ਸਾਡੇ ਤੇ ਕ੍ਰਿਪਾ ਕੀਤੀ ਹੈ, ਮੇਰੇ ਪਾਸ ਧੰਨਵਾਦ ਦੇ ਸ਼ਬਦ ਥੁਡ਼ ਜਾਣਗੇ। ਜੋ ਪਿਆਰ ਤੇ ਨਿੱਘ ਸਾਨੂੰ ਮਿਲਿਆ ਉਹ ਬਿਆਨ ਕਰਨਾ ਮੁਸ਼ਕਿਲ ਹੈ। ਫਿਰ ਉਨ੍ਹਾਂ ਸਾਨੂੰ ਵਾਪਸੀ ਦੀ ਗੱਡੀ ਦਾ ਪ੍ਰਬੰਧ ਕਰਨ ਲਈ ਹਜ਼ੂਰੀ ਸੇਵਕ ਦੀ ਡਿਯੂਟੀ ਲਾਈ। ਇਹ ਮੇਰੀ ਉਨ੍ਹਾਂ ਨਾਲ ਦੂਜੀ ਮੁਲਾਕਾਤ ਜਾਂ ਦਰਸ਼ਨ ਕਹੇ ਜਾ ਸਕਦੇ ਹਨ ਜਿਨ੍ਹਾਂ ਦੇ ਪਿਛੇ ਠਾਕੁਰ ਦਲੀਪ ਸਿੰਘ ਜੀ ਦੀ ਦੂਰਅੰਦੇਸ਼ੀ ਤੇ ਸਿਆਣਪ ਸੀ ਜਿਨ੍ਹਾਂ ਸਾਨੂੰ ਭੈਣੀ ਸਾਹਿਬ ਦਾ ਰਸਤਾ ਵਖਾਇਆ।
ਮੈਨੂੰ ਉਨ੍ਹਾਂ ਦੇ ਦਰਜਨ ਤੋਂ ਉੱਤੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਅਵਸਰ ਮਿਲਿਆ ਹੈ। ਇਕ ਵਾਰ ਸੰਨ 1996-97 ਦੀ ਰਾਤ ਨੂੰ ਹਜ਼ੂਰੀ ਸੇਵਕ ਦਾ ਫੋਨ ਆਇਆ ਕਿ ਫਲਾਣੀ ਐਲਬਮ ਜੇ ਤਿਆਰ ਹੋ ਗਈ ਹੈ ਤਾ ਕੱਲ ਸਵੇਰੇ ਭੈਣੀ ਸਾਹਿਬ ਪੁੱਜ ਜਾਵੋ, ਬਾਬਾ ਜਗਜੀਤ ਸਿੰਘ ਜੀ ਨੇ ਯਾਦ ਕੀਤਾ ਹੈ। ਮੈਂ ਦੁਚਿੱਤੀ ਵਿਚ ਪੈ ਗਿਆ, ਕੀ ਕੀਤਾ ਜਾਵੇ ?
-ਦਰਅਸਲ ਉਨ੍ਹਾਂ ਦਿਨਾਂ ਵਿਚ ਮੈਂ ਦਾੜੀ ਨੂੰ ਰੰਗ ਲਾਉਂਦਾ ਸੀ ਤੇ ਜੜ੍ਹਾਂ ਫਿਰ ਚਿੱਟੀਆਂ ਹੋ ਗਈਆਂ ਸਨ। ਸਰਦੀਆਂ ਦੇ ਦਿਨ ਸਨ ਤੇ ਮੁੜ ਕਲਫ਼ ਲਾਉਣਾ ਮੇਰੇ ਵੱਸ ਵਿਚ ਨਹੀਂ ਸੀ। ਜਦੋਂ ਮੈਂ ਭੈਣੀ ਸਾਹਿਬ ਪੁੱਜਾ ਹੀ ਸੀ ਤੇ ਉਹ ਕਾਰ ਤੇ ਸਵਾਰ ਹੋ ਚੁੱਕੇ ਸਨ। ਮੈਂ ਨਮਸਕਾਰ ਕੀਤੀ ਤੇ ਬਾਰੀ ਵਿਚੋਂ ਐਲਬਮ ਭੇਂਟ ਕਰ ਦਿੱਤੀ ਤੇ ਫਿਰ ਥੋੜੀ ਵਿੱਥ ਤੇ ਖੜਾ ਹੋ ਗਿਆ। ਉਨ੍ਹਾਂ ਫਿਰ ਮੇਰੇ ਨਾਲ ਨਜ਼ਰ ਮਿਲਾਈ ਤੇ ਨੇੜੇ ਆਉਣ ਲਈ ਸੰਕੇਤ ਦਿੱਤਾ। ਜਿਵੇਂ ਹੀ ਥੋੜ੍ਹਾ ਨੇੜੇ ਪੁੱਜਾ ਤਾਂ ਉਨ੍ਹਾਂ ਮੁੜ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਿਆ ਕੀ ਤੁਸੀਂ ਦਾੜ੍ਹੇ ਨੂੰ ਰੰਗ ਲਾਉਂਦੇ ਹੋ? ਮੈਂ ਹਾਂ ਵਿਚ ਉੱਤਰ ਦਿੱਤਾ। ਉਨ੍ਹਾਂ ਥੋੜ੍ਹੀ ਮੁਸਕਾਨ ਤੇ ਸਹਿਜ ਨਾਲ ਕਿਹਾ, "ਜੇ ਕਰ ਹਟ ਸਕਦੇ ਹੋ, ਯਤਨ ਕਰੋ", ਕਲਫ ਨਾ ਲਈ ਜਾਵੇ। ਮੈਂ ਸਤਿ ਬਚਨ ਕਿਹਾ ਕਿ ਯਤਨ ਕਰਾਂਗਾ। ਉਸ ਦਿਨ ਤੋਂ ਮਗਰੋਂ ਮੈਂ ਦਾੜ੍ਹੀ ਨੂੰ ਕਲਫ ਲਾਉਣੀ ਬੰਦ ਕਰ ਦਿੱਤੀ। ਜੇਕਰ ਉਨ੍ਹਾਂ ਦੀ ਦਇਆ ਦ੍ਰਿਸ਼ਟੀ ਕ੍ਰਿਪਾ ਨਾ ਹੁੰਦੀ ਤਾਂ ਸ਼ਾਇਦ ਕਿੰਨੇ ਹੋਰ ਸਾਲ ਕੁਕਰਮ ਕਰ ਲਏ ਜਾਂਦੇ।
ਇਸ ਤਰ੍ਹਾਂ ਕੁਝ ਸਮਾਂ ਬਾਅਦ ਚੰਡੀਗੜ੍ਹ ਦੇ ਕਿਸਾਨ ਭਵਨ ਤੇ ਸਮਾਗਮ ਚਲ ਰਿਹਾ ਸੀ। ਦੇਸ਼ਾਂ ਵਿਦੇਸ਼ਾਂ ਦੇ ਪਤਵੰਤੇ ਸਟੇਜ ਤੇ ਬਿਰਾਜਮਾਨ ਸਨ। ਪੰਜਾਬ ਦੇ ਕਈ ਮੰਤਰੀ ਤੇ ਮੁੱਖ ਮੰਤਰੀ ਵੀ ਬੈਠੇ ਹੋਏ ਸੀ। ਮੈਂ ਫੰਕਸ਼ਨ ਦੀ ਫੋਟੋ ਕਵਰੇਜ ਕਰ ਰਿਹਾ ਸੀ। ਬਾਬਾ ਜਗਜੀਤ ਸਿੰਘ ਜੀ ਦਾ ਧਿਆਨ ਮੇਰੇ ਵੱਲ ਸੀ। ਅਚਾਨਕ ਉਨ੍ਹਾਂ ਇਸ਼ਾਰਾ ਕੀਤਾ ਮੈਂ ਨੇੜਿਓਂ ਪ੍ਰਣਾਮ ਕੀਤਾ। ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ, ਅੱਜ ਤੁਸੀਂ ਕਿੰਨੇ 'ਸਮਾਰਟ' ਲੱਗ ਰਹੇ ਹੋ।
ਇਹ ਹਨ ਕੁੱਝ ਉਨ੍ਹਾਂ ਦੀ ਨਿੱਘੀ ਯਾਦਾਂ ਦੀਆਂ ਝਰੋਖੇ ਵਿਚੋਂ ਗੱਲਾਂ। ਉਨ੍ਹਾਂ ਦਾ ਦਗ ਦਗ ਕਰਦਾ ਰੂਹਾਨੀ ਚਿਹਰਾ, ਸਰਬੱਤ ਦਾ ਭਲਾ ਲੋਚਨ ਵਾਲੇ, ਦੈਵੀ ਗੁਣਾਂ ਦੇ ਮਾਲਿਕ, ਮੁਹੱਬਤ ਦੇ ਰੰਗ ਵਿਚ ਰੰਗੇ, ਹਰ ਪਲ ਅਕਾਲ ਪੁਰਖ ਨੂੰ ਆਪਣੇ ਅੰਗ-ਸੰਗ ਸਮਝਣ ਵਾਲੇ ਨਾਮਧਾਰੀਆਂ ਦੇ ਸਤਿਗੁਰੂ, ਮੇਰੇ ਬਾਬਾ ਜਗਜੀਤ ਸਿੰਘ ਇੱਕ ਨਿਆਰੀ ਤੇ ਬੇਨਿਆਜ਼ ਹਸਤੀ ਸਨ। ਮੈਂ ਜੋ ਕੁੱਝ ਵੀ ਉਨ੍ਹਾਂ ਦੀ ਸੰਗਤ ਕੀਤੀ ਉਸ ਪਿੱਛੋਂ ਠਾਕੁਰ ਦਲੀਪ ਸਿੰਘ ਜੀ ਨੂੰ ਵੀ ਕਦੇ ਵਿਸਾਰਿਆ ਨਹੀਂ ਜਾ ਸਕਦਾ। ਅੰਤ ਵਿਚ ਮੈਂ ਇਹ ਕਹਾਂਗਾ-"ਹਜ਼ਾਰੋਂ ਸਾਲ ਨਰਗਿਸ ਅਪਨੀ ਬੇ ਨੂਰੀ ਪੇ ਰੋਤੀ ਹੈ। ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ।"
ਸੰਪਰਕ ਨੰਬਰ : 778-585-8141
No comments:
Post a Comment