Friday, November 27, 2020

ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੇ

27th November 2020: 7:42 PM

 ਕਿਹਾ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਨੇ 

ਸ੍ਰੀ ਭੈਣੀ ਸਾਹਿਬ (ਲੁਧਿਆਣਾ) 27 ਨਵੰੰਬਰ 2020: (
ਕਾਮਰੇਡ ਸੁਵਰਨ ਸਿੰਘ ਵਿਰਕ//ਪੰਜਾਬ ਸਕਰੀਨ)::
"ਕੇਂਦਰ ਸਰਕਾਰ ਨੂੰ ਪੰਜਾਬ ਅਤੇ ਦੇਸ਼ ਦੇ ਕਿਸਾਨਾਂ ਦੀਆਂ ਭਾਵਨਾਵਾਂ ਦਾ ਆਦਰ ਕਰਦਿਆਂ, ਦੇਸ਼ ਦੀ ਰਾਜਧਾਨੀ ਵਿੱਚ ਚੱਲ ਰਹੇ ਕਿਸਾਨ ਅੰਦੋਕਨ ਨੂੰ ਸ਼ਾਂਤ ਕਰਨ ਲਈ ਗੱਲ ਬਾਤ ਦਾ ਰਾਹ ਖੋਹਲਣਾ ਚਾਹੀਦਾ ਹੈ। ਖੇਤੀਬਾੜੀ ਨਾਲ ਸੰਬੰਧਿਤ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ, ਸਰਕਾਰੀ ਖਰੀਦ ਅਤੇ ਮੰਡੀ ਕਰਨ ਨੂੰ ਚੱਲਦਾ ਰੱਖਣ ਲਈ, ਕਿਸਾਨਾਂ ਨੂੰ ਠੋਸ ਭਰੋਸਾ ਦੇਣਾ ਚਾਹੀਦਾ ਹੈ ਅਤੇ ਕਿਸਾਨਾਂ ਨੂੰ ਅਣਗੌਲੇਪਨ ਅਤੇ ਬੇਗਾਨਗੀ ਦੇ ਅਹਿਸਾਸ ਤੋਂ ਬਚਾਉਣਾ ਜ਼ਰੂਰੀ ਹੈ।" ਇਹ ਸ਼ਬਦ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪ੍ਰਥਮ ਪਰਕਾਸ਼ ਸ਼ਤਾਬਦੀ ਸਮੇਂ ਹੋਏ ਇੱਕ ਸੈਮੀਨਾਰ ਵਿੱਚ ਪ੍ਰਵਚਨ ਕਰਦਿਆਂ, ਸਤਿਗੁਰੂ ਉਦੇ ਸਿੰਘ ਜੀ ਨੇ ਕਹੇ। ਸਤਿਗੁਰੂ ਜੀ ਦੇ ਬੇਅੰਤ ਪਰਉਪਕਾਰਾਂ ਦਾ ਵਰਣਨ ਕਰਦਿਆਂ ਆਪ ਨੇ ਕਿਹਾ- ਸਤਿਗੁਰੂ ਜੀ ਨੇ ਸਾਨੂੰ ਹਮੇਸ਼ਾਂ ਹੰਕਾਰ ਅਤੇ ਕਰੋਧ ਤੋਂ ਬਚਣ ਦੇ ਰਾਹ ਵਿਖਾਏ, ਸੱਚੀ ਅਤੇ ਨਿਸ਼ਕਾਮ ਸੇਵਾ ਲਈ ਪਰੇਰਿਆ। ਸ਼ਤਾਬਦੀ ਮੇਲੇ ਦੇ ਤੀਸਰੇ ਦਿਨ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆ। ਅੰਮ੍ਰਿਤ ਵੇਲੇ ਰਾਗੀ ਬਲਵੰਤ ਸਿੰਘ ਹੋਰਾਂ ਦੇ ਜਥੇ ਨੇ ਆਸਾ ਦੀ ਵਾਰ ਦਾ ਰਸ ਭਿੰਨਾ ਕੀਰਤਨ ਕੀਤਾ।ਉਪਰੰਤ ਜਥੇਦਾਰ ਜਸਵਿੰਦਰ ਸਿੰਘ ਭਿੰਡਰ ਅਤੇ ਦਵਿੰਦਰ ਸਿੰਘ ਖੁਹਾਲੀ ਨੇ ਦੀਵਾਨ ਸਜਾਏ। ਬਾਅਦ ਵਿੱਚ ਸਤਿਗੁਰੂ ਜਗਜੀਤ ਸਿੰਘ ਜੀ ਦੀ ਮਹਾਨ ਸ਼ਖ਼ਸੀਅਤ ਦੇ ਵਿਭਿੰਨ ਪਸਾਰਾਂ ਬਾਰੇ ਵਿਦਵਾਨ ਸੱਜਣਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਨਾਗਪੁਰ ਤੋਂ ਉਚੇਚੇ ਆਏ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਧਾਨ ਸ਼੍ਰੀ ਅਲੋਕ ਕੁਮਾਰ ਨੇ ਸਤਿਗੁਰੂ ਜਗਜੀਤ ਸਿੰਘ ਜੀ ਨੂੰ ਸ਼ਰਧਾ ਪੁਸ਼ਪ ਭੇਟ ਕਰਦਿਆਂ ਨਾਮਧਾਰੀ ਦਰਬਾਰ ਨਾਲ ਆਪਣੇ ਪੁਰਾਣੇ ਸੰਬੰਧਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਵਿਸ਼ਵ ਹਿੰਦੂ ਪਰਿਸ਼ਦ ਦੇ ਪਿਤਾ ਸਮਾਨ ਅੱਠ ਮੋਢੀ ਮੈਂਬਰਾਂ ਵਿੱਚੋਂ ਸਤਿਗੁਰੂ ਜਗਜੀਤ ਸਿੰਘ ਜੀ ਇੱਕ ਸਨ। ਇਸ ਲਈ ਨਿਕਟ ਭਵਿੱਖ ਵਿੱਚ ਅਸੀਂ ਵੀ ਸਤਿਗੁਰੂ ਜੀ ਦਾ ਪ੍ਰਕਾਸ਼ ਸ਼ਤਾਬਦੀ ਸਮਾਗਮ ਮਨਾਵਾਂਗੇ। 
ਡਾ. ਸੁਖਦੇਵ ਸਿੰਘ ਸਿਰਸਾ, ਜਸਵੰਤ ਸਿੰਘ ਜ਼ਫਰ, ਡਾ. ਗੁਲਜਾਰ ਸਿੰਘ ਪੰਧੇਰ, ਸ੍ਰ. ਬਲਕੌਰ ਸਿੰਘ ਗਿੱਲ, ਹਰਪਾਲ ਸਿੰਘ ਸੇਵਕ ਅਤੇ ਕਾ. ਸੁਵਰਨ ਸਿੰਘ ਵਿਰਕ ਇਸ ਮੌਕੇ ਸੰਗਤ ਨੂੰ ਸੰਬੋਧਿਤ ਹੋਏ। ਵਕਤਿਆਂ ਨੇ ਵਿਸ਼ਵ ਅਮਨ, ਸ਼ਾਕਾਹਾਰ, ਨੈਤਿਕ ਕਦਰਾਂ ਕੀਮਤਾਂ, ਸਾਦਾ ਜੀਵਨ, ਗੁਰਬਾਣੀ ਦਾ ਪਰਚਾਰ ਪਰਸਾਰ ਅਤੇ ਲੋੜਵੰਦਾਂ ਦੀ ਸਹਾਇਤਾ ਆਦਿਕ ਸਤਿਗੁਰੂ ਜਗਜੀਤ ਸਿੰਘ ਜੀ ਦੇ ਵੱਡੇ ਕਾਰਜਾਂ ਦਾ ਉਲੇਖ ਕੀਤਾ। ਇਸ ਮੌਕੇ ਕਵੀ ਪ੍ਰੀਤਮ ਸਿੰਘ ਹੋਰਾਂ ਦੁਆਰਾ ਲ਼ਿਖਤ ਵੱਡ-ਅਕਾਰੀ ਪੁਸਤਕ ਲੜੀ, ਬੀਤੇ ਦੀਆਂ ਪੈੜਾਂ ਵਿੱਚੋਂ ਸਤਿਗੁਰੂ-ਜੀਵਨ ਨਾਲ ਸੰਬੰਧਿਤ ਘਟਨਾਵਾਂ ਦੀ ਸੰਖੇਪ ਪੋਥੀ- "ਸੁਖ਼ਨ ਏ ਬੇਅੰਤ" ਇਸ ਦੇ ਸੰਪਾਦਕਾਂ ਗੁਰਲਾਲ ਸਿੰਘ, ਜਸਵੰਤ ਸਿੰਘ ਮਸਤ ਅਤੇ ਭਜਨ ਸਿੰਘ ਨੇ, ਸਤਿਗੁਰੂ ਜੀ ਦੁਆਰਾ ਲੋਕ ਅਰਪਿਤ ਕਰਵਾਈ। ਇਸ ਸਮੇਂ ਤ੍ਰੈ ਮਾਸਿਕ ਨਜ਼ਰੀਆ ਅਤੇ ਦਿੱਲੀ ਤੋਂ ਛਪਦੇ ਮਾਸਿਕ 'ਵਰਤਮਾਨ ਹਿੰਦੁਸਤਾਨ' ਦਾ ਸਤਿਗੁਰੂ ਜਗਜੀਤ ਸਿੰਘ ਅੰਕ ਅਤੇ ਬੀਬੀ ਸੁਰਿੰਦਰ ਦੀਪ ਦੁਆਰਾ ਪ੍ਰਿੰ. ਪ੍ਰੇਮ ਸਿੰਘ ਬਜਾਜ ਬਾਰੇ ਲਿਖੀ ਕਿਤਾਬ ਵੀ ਸਤਿਗੁਰੂ ਜੀ ਨੂੰ ਭੇਟ ਕੀਤੀ ਗਈ। ਸਤਿਗੁਰੂ ਜੀ ਵੱਲੋਂ ਸ਼੍ਰੀ ਅਲੋਕ ਕੁਮਾਰ, ਵਿਦਵਾਨ ਵਕਤਿਆਂ ਅਤੇ ਪਤਵੰਤੇ ਸੱਜਣਾਂ ਨੂੰ ਸਰੋਪੇ ਦਿੱਤੇ ਗਏ।
ਇਸ ਮੌਕੇ ਤੇ ਸੂਬਾ ਹਰਭਜਨ ਸਿੰਘ, ਗੁਰਭੇਜ ਸਿੰਘ ਗੁਰਾਇਆ,  ਸੰਤ ਨਿਸ਼ਾਨ ਸਿੰਘ, ਮਹਿੰਦਰ ਸਿੰਘ ਕੂਕਾ, ਤਿਰਲੋਚਨ ਝਾਂਡੇ, ਹਰਬੰਸ ਮਾਲਵਾ, ਗੁਰਸੇਵਕ ਕਵੀਸ਼ਰ, ਸੁਖਮਿੰਦਰ ਪਾਲ ਗਰੇਵਾਲ, ਅਮਰਦੀਪ ਸਿੰਘ ਧਾਰਨੀ, ਜਤਿੰਦਰ ਪਾਲ ਸਿੰਘ ਮਨਚੰਦਾ, ਸੇਵਕ ਕਰਤਾਰ ਸਿੰਘ, ਆਸਾ ਸਿੰਘ ਤੇ ਸਤਨਾਮ ਸਿੰਘ ਆਦਿ ਹਾਜ਼ਰ ਸਨ।
-ਰਿਪੋਰਟ ਕਰਤਾ (ਕਾ. ਸੁਵਰਨ ਸਿੰਘ ਵਿਰਕ) 

No comments: