Tuesday, November 17, 2020

ਛੱਠ ਪੂਜਾ ਕਮੇਟੀਆਂ ਨੂੰ ਵੀ ਕੋਵਿਡ-19 ਸਬੰਧੀ ਸਾਵਧਾਨੀਆਂ ਵਰਤਣ ਦੀ ਅਪੀਲ

17th November 2020 at 6:44 PM

 ਦੁਸਹਿਰਾ ਕਮੇਟੀਆਂ ਵਾਂਗ ਛੱਠ ਕਮੇਟੀਆਂ ਵੀ ਸਮਝਦਾਰੀ ਦਿਖਾਉਣ 

ਫਾਈਲ ਫੋਟੋ:ਯੋਗਿੰਦਰ ਪੈਕਸਲਸ ਵੱਲੋਂ ਨਵੰਬਰ 2018 ਵੇਲੇ ਖਿੱਚੀਆਂ ਗਈਆਂ ਇਹ ਤਸਵੀਰਾਂ 
*-ਪੂਜਾ ਨੂੰ ਸੰਖੇਪ ਰੱਖਣ ਲਈ ਵੀ ਕਿਹਾ 

*-ਛੱਠ ਪੂਜ ਕਮੇਟੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ 

ਲੁਧਿਆਣਾ:17 ਨਵੰਬਰ 2020:(ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਵੱਲੋਂ ਅੱਜ ਛੱਠ ਪੂਜਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਛੱਠ ਪੂਜਾ ਸਮਾਗਮ ਨੂੰ ਕੋਵਿਡ-19 ਸਬੰਧੀ ਸਾਵਧਾਨੀਆਂ ਵਰਤਦੇ, ਜ਼ਰੂਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਤਿਉਂਹਾਰ ਨੂੰ ਸੰਖੇਪ ਵਿੱਚ ਮਨਾਉਣ।
ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਛੱਠ ਪੂਜਾ ਕਮੇਟੀਆਂ ਨਾਲ ਸਾਂਝੇ ਤੌਰ 'ਤੇ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੇ ਸੁਝਾਅ ਦੇ ਨਾਲ-ਨਾਲ ਯੋਜਨਾਬੰਦੀ ਵੀ ਕੀਤੀ ਗਈ ਕਿ ਸਾਰੇ ਕੋਵੀਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਛੱਠ ਪੂਜਾ ਸਮਾਗਮ ਕਿਵੇਂ ਮਨਾਇਆ ਜਾਵੇ।
ਡਿਪਟੀ ਕਮਿਸ਼ਨਰ ਵੱਲੋਂ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਗਈ ਕਿ ਪਿਛਲੇ ਮਹੀਨੇ ਦੁਸਹਿਰਾ ਕਮੇਟੀਆਂ ਵੱਲੋਂ ਪਹਿਲਕਦਮੀ ਕਰਦਿਆਂ 70 ਥਾਂਵਾਂ ਦੀ ਬਜਾਏ ਸਿਰਫ 6 ਜਗ੍ਹਾ ਹੀ ਦਸਹਿਰਾ ਮਨਾਇਆ ਗਿਆ ਅਤੇ ਉਨ੍ਹਾਂ ਵੱਲੋਂ ਕੀਤੇ ਪ੍ਰਬੰਧਾ 'ਤੇ ਵੀ ਤਸੱਲੀ ਪ੍ਰਗਟਾਈ। ਉਨ੍ਹਾਂ ਛੱਠ ਪੂਜਾ ਕਮੇਟੀਆਂ ਤੋਂ ਵੀ ਇਸੇ ਤਰ੍ਹਾਂ ਦੀ ਆਸ ਪ੍ਰਗਟਾਈ ਹੈ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਤਹਿਤ ਬੀਤੇ ਕੁਝ ਦਿਨਾਂ ਤੋਂ ਕੋਵਿਡ ਪੋਜ਼ਟਿਵ ਮਰੀਜ਼ਾਂ ਦੇ ਆਂਕੜਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦਿੱਲੀ ਵਿੱਚ ਵੀ ਦੂਜੀ ਲਹਿਰ ਤਹਿਤ ਢਾਈ ਗੁਣਾਂ ਪੋਜਟਿਵ ਕੇਸਾਂ ਵਿੱਚ ਇਜਾਫਾ ਹੋਇਆ ਹੈ, ਜਿਸ ਕਰਕੇ ਸਾਡੇ ਲਈ ਸਾਵਧਾਨੀਆਂ ਵਰਤਣੀਆਂ ਬੇਹੱਦ ਜ਼ਰੂਰੀ ਹੋ ਗਈਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਖੁਸ਼ ਵੇਖਣਾ ਚਾਹੁੰਦੀ ਹੈ ਅਤੇ ਤਿਉਹਾਰ ਮਨਾਏ ਜਾਣੇ ਚਾਹੀਦੇ ਹਨ ਪਰ ਕੋਵਿਡ-19 ਦੇ ਮੱਦੇਨਜਰ ਇਸ ਵਾਰ ਛੱਠ ਪੂਜਾ ਪ੍ਰਬੰਧਕ ਕਮੇਟੀਆਂ ਇਸ ਤਿਉਂਹਾਰ ਨੂੰ ਸੁਰੱਖਿਆ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਸਮਾਗਮ ਨੂੰ ਸੰਖੇਪ ਵਿੱਚ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਇੱਕਠ ਵਿੱਚ ਕਿਸੇ ਨੇ ਮਾਸਕ ਨਹੀਂ ਪਾਇਆ ਤਾਂ ਉਨ੍ਹਾਂਂ ਨੂੰ ਮਾਸਕ ਮੁਹੱਈਆਂ ਕਰਵਾਉਣ, ਸਮਾਜਕ ਦੂਰੀ ਬਣਾਈ ਰੱਖਣ, ਸੈਨੇਟਾਈਜ਼ਰ ਦੇ ਪ੍ਰਬੰਧ ਦੇ ਨਾਲ-ਨਾਲ ਵਲੰਟੀਅਰਾਂ ਦੀ ਸੰਖਿਆ ਦੂਗਣੀ ਕਰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਘੱਟੋ-ਘੱਟ 30 ਬੰਦਿਆਂ ਪਿਛੇ 1 ਵਲੰਟੀਅਰ ਹੋਣਾ ਲਾਜ਼ਮੀ ਹੈ।
ਉਨ੍ਹਾਂ ਛੱਠ ਪੂਜਾ ਕਮੇਟੀਆਂ ਦੀ ਮੰਗ 'ਤੇ ਨਹਿਰੀ ਵਿਭਾਗ ਨੂੰ ਨਹਿਰਾਂ ਵਿੱਚ ਪਾਣੀ ਦਾ ਪੱਧਰ ਵੀ ਢੁੱਕਵਾਂ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਛੱਠ ਤਿਉਂਹਾਰ ਦੀ ਵਧਾਈ ਦਿੰਦਿਆ ਭਰੋਸਾ ਦਿੱਤਾ ਕਿ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਉਨ੍ਹਾਂ ਦੀ ਹਰ ਪੱਖੋਂ ਸਹਾਇਤਾ ਲਈ ਤੱਤਪਰ ਹੈ।
ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਨੇ ਛੱਠ ਪੂਜਾ ਕਮੇਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਮਾਗਮ ਦੌਰਾਨ ਕਿਸੇ ਵੀ ਤਰ੍ਹਾਂ ਦੇ ਸੰਸਕ੍ਰਿਤਿਕ ਪ੍ਰੋਗਰਾਮਾਂ ਦੀ ਪੂਰਨ ਤੌਰ 'ਤੇ ਮਨਾਹੀ ਹੈ। ਉਨ੍ਹਾਂ ਕਿਹਾ ਲੰਗਰ, ਸਟਾਲ ਆਦਿ ਲਗਾਉਣ ਤੋਂ ਪ੍ਰਹੇਜ ਰੱਖਿਆ ਜਾਵੇ, ਸੰਭਵ ਹੋ ਸਕੇ ਤਾਂ ਸਿਰਫ ਪੈਕਡ ਫੂਡ ਹੀ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਕਿ ਛੱਠ ਪੂਜਾ ਸਮਾਗਮ ਵਿੱਚ ਲੋਕਾਂ ਦੀ ਘੱਟ ਤੋਂ ਘੱਟ ਸ਼ਮੂਲੀਅਤ ਹੋਵੇ।
ਇਸ ਮੌਕੇ ਛੱਠ ਪੂਜਾ ਕਮੇਟੀਆਂ ਦੇ ਨੁਮਾਇੰਦਿਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਕਾਰਜਾਂ ਨੂੰ ਛੋਟਾ ਰੱਖਣਗੇ ਅਤੇ ਸਰਕਾਰ ਵੱਲੋਂ ਜਾਰੀ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨਗੇ।

No comments: