Friday: 25th September 2020 at 2:25 PM
ਨਵੇਂ ਕਾਨੂੰਨ ਸੂਬਿਆਂ/ਕੌਮਾਂ ਦੀ ਖੁਦਮੁਖਤਿਆਰੀ ਉੱਪਰ ਵੀ ਤਿੱਖਾ ਹਮਲਾ
ਲੁਧਿਆਣਾ: 25 ਸਤੰਬਰ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::
ਅੱਜ ਪੰਜਾਬ ਬੰਦ ਦੇ ਸੱਦੇ ਤਹਿਤ ਲੁਧਿਆਣੇ ਦੀਆਂ ਵੱਖ-ਵੱਖ ਜਨਤਕ ਜੱਥੇਬੰਦੀਆਂ ਨੇ ਡੀ.ਸੀ. ਦਫਤਰ ’ਤੇ ਰੋਸ ਮੁਜ਼ਾਹਰਾ ਕਰਕੇ ਨਵੇਂ ਖੇਤੀ, ਕਿਰਤ ਅਤੇ ਬਿਜਲੀ ਕਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਜ਼ਿਲਾ ਸਕੱਤਰੇਤ ਮੂਹਰੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ। ਇਲਾਕੇ ਵਿੱਚ ਪੈਦਲ ਮਾਰਚ ਵੀ ਕੱਢਿਆ ਗਿਆ। ਜੱਥੇਬੰਦੀਆਂ ਨੇ ਰੇਲਵੇ ਸਮੇਤ ਹੋਰ ਸਰਕਾਰੀ ਅਦਾਰਿਆਂ ਦੇ ਨਿੱਜੀਕਰਕਨ, ਨਵੀਂ ਸਿੱਖਿਆ ਨੀਤੀ, ਜਮਹੂਰੀ ਹੱਕਾਂ ਨੂੰ ਦਬਾਉਣ, ਜਮਹੂਰੀ ਹੱਕ ਕਾਰਕੁੰਨਾਂ\ਬੁੱਧੀਜੀਵੀਆਂ ਉੱਤੇ ਜ਼ਬਰ, ਤੇ ਹਾਕਮਾਂ ਦੀਆਂ ਹੋਰ ਲੋਕ ਦੋਖੀ ਨੀਤੀਆਂ ਖਿਲਾਫ਼ ਵੀ ਸਖ਼ਤ ਰੋਸ ਜ਼ਾਹਰ ਕੀਤਾ। ਡੀ.ਸੀ. ਲੁਧਿਆਣਾ ਰਾਹੀਂ ਭਾਰਤ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਜੱਥੇਬੰਦੀਆਂ ਦਾ ਕਹਿਣਾ ਹੈ ਕਿ ਨਵੇਂ ਖੇਤੀ, ਕਿਰਤ ਅਤੇ ਬਿਜਲੀ ਕਨੂੰਨ ਸਰਕਾਰ ਭਾਵੇਂ ਲੋਕ ਭਲਾਈ ਦੇ ਨਾਂ ਉੱਤੇ ਲਿਆਂਦੇ ਗਏ ਹਨ ਪਰ ਅਸਲ ਵਿੱਚ ਇਹ ਘੋਰ ਲੋਕ ਦੋਖੀ ਕਨੂੰਨ ਹਨ ਜੋ ਦੇਸੀ-ਵਿਦੇਸ਼ੀ ਸਰਮਾਏਦਾਰਾਂ ਦੇ ਫਾਇਦੇ ਲਈ ਲਿਆਂਦੇ ਗਏ ਹਨ। ਜੱਥੇਬੰਦੀਆਂ ਨੇ ਇਹਨਾਂ ਕਾਨੂੰਨਾਂ ਨੂੰ ਮਜ਼ਦੂਰਾਂ, ਮੁਲਾਜ਼ਮਾਂ, ਗਰੀਬ ਕਿਸਾਨਾਂ, ਤੇ ਸਮਾਜ ਦੇ ਹੋਰ ਕਿਰਤੀ ਤਬਕਿਆਂ ਖਿਲਾਫ਼ ਅਤੇ ਸੂਬਿਆਂ\ਕੌਮਾਂ ਦੀ ਖੁਦਮੁਖਤਿਆਰੀ ਉੱਪਰ ਤਿੱਖਾ ਹਮਲਾ ਕਰਾਰ ਦਿੱਤਾ ਹੈ।
ਮੁਜ਼ਾਹਰੇ ਨੂੰ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਰਾਜਵਿੰਦਰ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਹਰਜਿੰਦਰ ਸਿੰਘ, ਇਨਕਲਾਬੀ ਮਜ਼ਦੂਰ ਕੇਂਦਰ ਦੇ ਸੁਰਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਨਵਜੋਤ, ਪਲਸ ਮੰਚ ਦੇ ਕਸਤੂਰੀ ਲਾਲ, ਜਮਹੂਰੀ ਅਧਿਕਾਰ ਸਭਾ ਦੇ ਪ੍ਰੋ. ਜਗਮੋਹਣ ਸਿੰਘ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਲਖਵਿੰਦਰ, ਲੋਕ ਏਕਤਾ ਸੰਗਠਨ ਦੇ ਗੱਲਰ ਚੌਹਾਨ, ਡੈਮੋਕ੍ਰੇਟਿਕ ਟੀਚਰਜ ਫਰੰਟ ਦੇ ਦਲਜੀਤ ਸਿੰਘ, ਡੈਮੋਕ੍ਰੇਟਿਕ ਲੌਇਰਜ਼ ਐਸੋਸਿਏਸ਼ਨ ਦੇ ਕੁਲਦੀਪ ਸਿੰਘ, ਮਿਊਂਸੀਪਲ ਕਰਮਚਾਰੀ ਵੇਲਫੇਅਰ ਐਸੋਸਿਏਸ਼ਨ ਦੇ ਦੀਪਕ ਹਾਂਸ, ਡਾ. ਅੰਬੇਡਕਰ ਮਿਸ਼ਨ ਦੇ ਵਿਕਰਾਂਤ ਸਿੱਧੂ, ਮੈਡੀਕਲ ਪ੍ਰੈਕਟੀਸ਼ਨਰ ਐਸੋਸਿਏਸ਼ਨ ਦੇ ਸੁਰਜੀਤ ਸਿੰਘ, ਨੇਪਾਲੀ ਏਕਤਾ ਸਮਾਜ ਦੇ ਮਹੇਂਦਰ ਧਮਾਰੇ, ਪੰਜਾਬ ਰੋਡਵੇਜ ਇੰਪਲਾਈਜ ਯੂਨੀਅਨ (ਅਜ਼ਾਦ) ਦੇ ਅਮਰਜੀਤ ਸਿੰਘ ਆਦਿ ਨੇ ਸੰਬੋਧਿਤ ਕੀਤਾ।
No comments:
Post a Comment