Friday, September 25, 2020

ਮੋਦੀ ਸਰਕਾਰ ਵਿਰੁੱਧ ਲੁਧਿਆਣਾ ਵਿੱਚ ਵੀ ਰੋਹ ਅਤੇ ਰੋਸ ਦੀ ਤਿੱਖੀ ਲਹਿਰ

 Friday: 25th September 2020 at 4:15 PM

 ਟ੍ਰੇਡ ਯੂਨੀਅਨਾਂ ਵਲੋਂ ਕਿਸਾਨਾਂ ਵਲੋਂ ਦਿੱਤੀ ਗਈ ਬੰਦ ਦੀ ਕਾਲ ਦਾ ਸਮਰਥਨ 


ਲੁਧਿਆਣਾ
: 25 ਸਤੰਬਰ 2020: (ਐਮ ਐਸ  ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::

ਇਹ ਤਸਵੀਰ ਪ੍ਰਦੀਪ ਸ਼ਰਮਾ ਇਪਟਾ ਨੇ ਕਲਿੱਕ ਕੀਤੀ 
ਅੱਜ ਲੁਧਿਆਣਾ ਵਿਖੇ ਇੰਟਕ, ਏਟਕ ਅਤੇ ਸੀਟੀਯੂ ਵੱਲੋਂ ਸਾਂਝੇ ਤੌਰ ਤੇ ਖੇਤੀਬਾੜੀ ਨਾਲ ਸਬੰਧਿਤ  ਕਿਸਾਨ ਵਿਰੋਧੀ ਕਾਨੂੰਨ, ਜੋ ਕਿ ਸੰਸਦ ਵਿੱਚ ਬਿਨਾਂ ਕਿਸੇ ਬਹਿਸ ਦੇ ਪਾਸ ਕਰਾਏ ਗਏ ਹਨ, ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਾ ਸਮਰਥਨ ਕੀਤਾ ਗਿਆ। ਇਸਦੇ ਸੰਬੰਧ ਵਿੱਚ ਸ਼ਹੀਦ ਭਗਤ ਸਿੰਘ- ਰਾਜਗੁਰੂ- ਸੁਖਦੇਵ ਦੇ ਬੁੱਤ ਜਗਰਾਓਂ ਪੁਲ ਵਿਖੇ ਸ਼ਹੀਦਾਂ ਨੂੰ ਫੁੱਲ ਅਰਪਿਤ ਕਰਕੇ ਤੇ ਦੇਸ਼ ਦੀ ਲੋਕਤੰਤਰ ਪ੍ਰਣਾਲੀ ਦੀ ਰੱਖਿਆ ਕਰਨ ਦਾ ਪ੍ਰਣ ਲੈ ਕੇ ਰੈਲੀ ਕੀਤੀ ਗਈ । ਰੈਲੀ ਉਪਰੰਤ ਜਗਰਾਉਂ ਪੁਲ ਤੋਂ ਲੈ ਕੇ ਭਾਰਤ ਨਗਰ ਚੌਕ ਤਕ ਪ੍ਰਦਰਸ਼ਨ ਤੇ ਜਾਮ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਦੇ ਵਿੱਚ ਜਲਦਬਾਜੀ ਵਿੱਚ  ਲੋਕ ਵਿਰੋਧੀ ਕਾਨੂੰਨ ਬਣਾਈ ਜਾ ਰਹੀ ਹੈ ਅਤੇ ਲੋਕਤੰਤਰਿਕ ਕਿਰਿਆਵਾਂ ਦਾ ਪੂਰੀ ਤਰ੍ਹਾਂ ਘਾਣ ਕਰ ਦਿੱਤਾ ਗਿਆ ਹੈ । ਖੇਤੀਬਾੜੀ ਨਾਲ ਸਬੰਧਤ ਜਿਹੜੇ ਤਿੰਨ ਆਰਡੀਨੈਂਸ ਲਿਆ ਕੇ ਕਾਨੂੰਨ ਪਾਸ ਕਰਵਾਏ ਗਏ ਉਸ ਦੇ ਨਾਲ ਨਾ ਕੇਵਲ ਕਿਸਾਨ ਲੁੱਟੇ ਜਾਣਗੇ ਬਲਕਿ ਖਪਤਕਾਰਾਂ ਨੂੰ ਵੀ ਮਹਿੰਗੇ ਭਾਅ ਤੇ ਖੇਤੀ ਬਾੜੀ ਦੀਆਂ ਪੈਦਾਵਾਰ ਮਿਲਣਗੀਆਂ । ਇਸ ਦਾ ਨੁਕਸਾਨ ਫਸਲ ਪੈਦਾ ਕਰਨ ਵਾਲਿਆਂ ਨੂੰ ਅਤੇ  ਫਸਲ ਦੀ ਖਪਤ ਕਰਨ ਵਾਲਿਆਂ ਦੋਨਾਂ ਨੂੰ  ਹੋਵੇਗਾ । ਸਰਕਾਰ ਦਾ ਇਹ ਕਹਿਣਾ ਕਿ ਹੁਣ ਕੋਈ ਵੀ ਕਿਸਾਨ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਾ ਕੇ ਫਸਲ ਵੇਚ ਸਕੇਗਾ, ਬੜੀ ਹਾਸੋਹੀਣੀ ਗੱਲ ਹੈ । ਇਹ ਆਮ ਸਧਾਰਣ ਆਦਮੀ  ਨੂੰ ਵੀ ਸਮਝ ਆਉਂਦੀ ਹੈ ਕਿ ਛੋਟਾ ਕਿਸਾਨ ਤਾਂ ਆਪਣੇ ਪਿੰਡ ਤੋਂ ਮੰਡੀ ਤੱਕ ਜਾਣ ਲਈ ਵੀ ਔਖਾ ਹੁੰਦਾ ਹੈ, ਦੂਜੇ ਸੂਬਿਆਂ ਵਿੱਚ ਜਾਣ ਦੀ ਗੱਲ ਤਾਂ ਛੱਡੋ । ਇਸ ਦੇ ਨਾਲ ਕਿਉਂਕਿ ਮੰਡੀਆਂ ਸਮਾਪਤ ਹੋ ਜਾਣਗੀਆਂ ਤੇ ਐਮ ਐਸ ਪੀ ਸਮਾਪਤ ਹੋ ਜਾਏਗਾ, ਕਿਸਾਨ ਕਾਰਪੋਰੇਟ ਖੇਤਰ ਦੇ ਰਹਿਮੋ ਕਰਮ ਤੇ ਰਹਿ ਜਾਣਗੇ । ਉਨ੍ਹਾਂ ਦੇ ਕਰਿੰਦੇ ਕਿਸਾਨਾਂ ਨੂੰ ਮਨਮਰਜੀ ਦੇ ਭਾਅ ਦੇ ਕੇ ਉਨ੍ਹਾਂ ਦੀਆਂ ਜਿਨਸਾਂ ਖਰੀਦਣਗੇ। ਜਿਨਸ ਨੂੰ ਵੇਚਣ ਲਈ ਕਿਸਾਨ ਮਜਬੂਰ ਹੋਣਗੇ, ਕਿਉਂਕਿ ਕਿਸਾਨਾਂ ਕੋਲ ਉਨ੍ਹਾਂ ਦੀ ਸੰਭਾਲ ਦੇ ਸਾਧਨ ਨਹੀਂ  ਹੁੰਦੇ ਅਤੇ ਨਾਲ ਹੀ ਉਨ੍ਹਾਂ ਨੂੰ ਜਿਣਸਾਂ ਵੇਚ ਕੇ ਆਪਣੇ ਖਰਚੇ ਪੂਰੇ ਕਰਨੇ ਹੁੰਦੇ ਹਨ । ਇਸ ਕਦਮ ਦੇ ਨਾਲ ਸਰਕਾਰ ਦਾ ਚਰਿੱਤਰ  ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ, ਕਿ ਉਹ ਕਾਰਪੋਰੇਟ ਜਗਤ ਦੇ ਕਹਿਣ ਤੇ ਇਹ ਸਭ ਕੁੱਝ ਕਰ ਰਹੀ ਹੈ । ਇਸ ਦੌਰਾਨ ਹੀ ਸੰਸਦ ਵਿੱਚ ਸਰਕਾਰ ਨੇ ਮਜ਼ਦੂਰ ਵਿਰੋਧੀ ਕਾਨੂੰਨ ਲਿਆ ਕੇ ਤੇ ਵੇਜ ਕੋਡ ਬਿੱਲ ਲਿਆ ਕੇ ਮਜਦੂਰਾਂ ਦੇ ਹੱਕ ਖੋਹ ਲਏ ਹਨ। ਸਾਰੀਆਂ  ਧਿਰਾਂ ਨੇ ਮੰਗ ਕੀਤੀ ਕਿ ਇਨ੍ਹਾਂ ਬਿੱਲਾਂ ਨੂੰ ਵੀ ਵਾਪਸ ਲਿਆ ਜਾਏ । ਇਹ ਗੱਲ ਹੁਣ ਚਿੱਟੇ ਦਿਨ ਵਾਂਗ  ਸਾਫ਼ ਹੈ ਕਿ ਸਰਕਾਰ ਹਰ ਖੇਤਰ ਵਿੱਚ ਅਸਫ਼ਲ ਹੋ ਗਈ ਹੈ, ਜਿਸ ਕਾਰਨ ਬੇਰੁਜ਼ਗਾਰੀ ਇੰਨੀ ਜ਼ਿਆਦਾ ਵਧ ਗਈ ਹੈ ਕਿ ਭੁੱਖੇ ਲੋਕ ਦਾਣੇ ਦਾਣੇ ਨੂੰ ਮੋਹਤਾਜ ਹੋ ਰਹੇ ਹਨ । ਦੇਸ਼ ਦੀ ਜੀ ਡੀ ਪੀ ਦੇ ਵਿੱਚ ਇੰਨੀ ਗਿਰਾਵਟ ਕਦੇ ਵੀ ਨਹੀਂ ਆਈ ਅਤੇ ਇਹ ਚੌਵੀ ਪ੍ਰਤੀਸ਼ਤ ਦੀ ਗਿਰਾਵਟ ਦੁਨੀਆਂ ਵਿੱਚ ਸਭ ਨਾਲੋਂ ਵੱਧ ਹੈ। ਪਰ ਇਨ੍ਹਾਂ ਹਾਲਾਤਾਂ ਵਿੱਚ ਜਦੋਂ ਕਿ ਲੋਕ ਭੁੱਖੇ ਮਰ ਰਹੇ ਹਨ, ਪ੍ਰਧਾਨ ਮੰਤਰੀ ਝੂਠ ਤੇ ਝੂਠ ਬੋਲੀ ਜਾ ਰਹੇ ਹਨ ਤੇ ਮੋਰਾਂ ਨਾਲ ਖੇਡ ਰਹੇ ਹਨ ।

ਆਪਣੀ ਸੱਤਾ ਨੂੰ ਕਾਇਮ ਰੱਖਣ ਦੇ ਲਈ ਸਮਾਜ ਨੂੰ ਫਿਰਕੂ ਲੀਹਾਂ ਤੇ ਵੰਡਣ ਦੀਆਂ ਕੋਝੀਆਂ ਚਾਲਾਂ ਚਲਾਈਆਂ ਜਾ ਰਹੀਆਂ ਹਨ । ਵੱਖਰੇ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧ੍ਰੋਹੀ ਕਹਿ ਕੇ ਕੇਸ ਚਲਾ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ । ਸੰਵਿਧਾਨਿਕ ਅਦਾਰਿਆਂ ਦਾ ਘਾਣ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਅੱਜ ਸਮਾਂ ਲੰਬੀ ਲੜਾਈ ਦਾ ਹੈ ਅਤੇ ਮਜਦੂਰ ਕਿਸਾਨ ਤੇ ਹੋਰ ਵਰਗਾਂ ਦਾ ਏਕਾ ਬਣਾ ਕੇ ਵਿਸ਼ਾਲ ਸੰਘਰਸ਼ ਦੀ ਲੋੜ ਹੈ । ਰੈਲੀ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡੀ ਪੀ ਮੌੜ, ਸਰਬਜੀਤ ਸਿੰਘ ਸਰਹਾਲੀ, ਰਮੇਸ ਰਤਨ, ਚਰਨ ਸਰਾਭਾ, ਵਿਜੈ ਕੁਮਾਰ,  ਮਾਸਟਰ ਫ਼ਿਰੋਜ਼, ਬਲਦੇਵ ਮੌਦਗਿਲ, ਜਗਦੀਸ਼ ਚੰਦ, ਅਤੇ ਪਰਮਜੀਤ ਸਿੰਘ ਸ਼ਾਮਿਲ ਸਨ। ਹੋਰ ਆਗੂ ਜਿਨ੍ਹਾਂ ਨੇ ਰੈਲੀ ਨੂੰ ਸੰਬੋਧਨ ਕੀਤਾ  ਉਹ ਸਨ ਗੁਰਜੀਤ ਸਿੰਘ ਜਗਪਾਲ, ਮਹੀਪਾਲ, ਬਲਰਾਮ ਸਿੰਘ, ਕੇਵਲ ਸਿੰਘ ਬਨਵੈਤ, ਚਮਕੌਰ ਸਿੰਘ, ਕਾਮੇਸ਼ਵਰ, ਸਰੋਜ, ਲੱਡੂ ਸ਼ਾ, ਮੰਨਾ ਸਿੰਘ, ਨਿਰਭੈ ਸਿੰਘ, ਘਨਸ਼ਾਮ ਸ਼ਾਮਿਲ ਸਨ।  

ਲੁਧਿਆਣਾ ਦੇ ਭਾਰਤ ਨਗਰ ਚੌਂਕ ਤੋਂ  ਬਸ ਅੱਡੇ ਵੱਲ ਜਾਂਦਿਆਂ ਤਸਵੀਰ ਰੈਕਟਰ ਕਥੂਰੀਆ ਨੇ ਕਲਿੱਕ ਕੀਤੀ 

No comments: