Monday, August 03, 2020

ਕਵੀ ਤੇ ਚਿੰਤਕ ਪ੍ਰੋ. ਰਾਕੇਸ਼ ਰਮਨ ਦਾ ਵਿਛੋੜਾ

 ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ 
ਚੰਡੀਗੜ੍ਹ: 3 ਅਗਸਤ 2020: (ਕਰਮ ਵਕੀਲ//ਪੰਜਾਬ ਸਕਰੀਨ)::
ਉੱਘੇ ਪ੍ਰਗਤੀਸ਼ੀਲ ਕਵੀ, ਨਾਟਕਕਾਰ, ਵਾਰਤਕ ਲੇਖਕ ਅਤੇ ਰਾਜਸੀ ਤਬਸਰਾਨਿਗਾਰ ਪ੍ਰੋ. ਰਾਕੇਸ਼ ਰਮਨ ਕੁਝ ਦਿਨ ਬੀਮਾਰ ਰਹਿ ਕੇ ਅੱਜ ਸਦੀਵੀ ਵਿਛੋੜਾ ਦੇ ਗਏ। ਉਹ ਅੱਸੀਵਿਆਂ ਵਿੱਚ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਮੋਰਚੇ ਤੋਂ ਬਾਹਰ' ਦੀਆਂ ਨਜ਼ਮਾਂ ਨਾਲ ਚਰਚਾ ਵਿੱਚ ਆਏ ਸਨ। ਕਿੱਤੇ ਵਜੋਂ ਪੰਜਾਬੀ ਦੇ ਪ੍ਰਾਧਿਆਪਕ ਪ੍ਰੋ. ਰਮਨ ਨੇ ਸਰਕਾਰੀ ਕਾਲਜ ਢੁੱਡੀਕੇ ਅਤੇ ਸਰਕਾਰੀ ਸਾਇੰਸ ਕਾਲਜ ਜਗਰਾਉਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ ਸੱਤ ਕਾਵਿ-ਸੰਗ੍ਰਹਿ, ਦੋ ਨਾਟਕ, ਇੱਕ ਕਹਾਣੀ ਸੰਗ੍ਰਹਿ ਅਤੇ ਇੱਕ ਮੁਲਾਕਾਤਾਂ ਦੀ ਕਿਤਾਬ - 'ਸੰਵਾਦ ਦੇ ਪਲ' ਸੰਪਾਦਿਤ ਕੀਤੀ। 'ਮੋਰਚੇ ਤੋਂ ਬਾਹਰ', 'ਬੂੰਦ ਬੂੰਦ ਬਰਸਾਤ', 'ਪੁਲਾਂ ਦੇ ਟੁੱਟ ਜਾਣ ਮਗਰੋਂ', 'ਤਾਲਾ', 'ਨਦੀ ਕਿਹਾ', 'ਪ੍ਰਾਬਲਮਮੈਨ' ਅਤੇ 'ਹੱਦਾਂ ਟੱਪ ਆਏ ਜਰਵਾਣੇ' ਉਨ੍ਹਾਂ ਦੇ ਕਾਵਿ-ਸੰਗ੍ਰਹਿਆਂ ਦੇ ਨਾਮ ਹਨ। 'ਰੰਗ ਮਜੀਠੀ' ਉਸ ਦਾ ਕਹਾਣੀ ਸੰਗ੍ਰਹਿ ਹੈ। ਗ਼ਦਰ ਲਹਿਰ ਬਾਰੇ ਲਿਖੇ ਉਸ ਦੇ ਨਾਟਕ ਦਾ ਨਾਮ ਹੈ 'ਗਾਥਾ-ਇ-ਗ਼ਦਰ'। ਆਪਣੀਆਂ ਰਾਜਸੀ ਤਬਸਰਾ-ਨੁਮਾ ਰਚਨਾਵਾਂ ਕਰਕੇ ਉਹ ਪੰਜਾਬੀ ਅਖ਼ਬਾਰਾਂ ਤੇ ਸਾਹਿਤਕ ਰਿਸਾਲਿਆਂ ਵਿੱਚ ਪੇਸ਼ ਪੇਸ਼ ਰਹੇ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਸੀਂ ਬਹੁਤ ਸੰਭਾਵਨਾਵਾਂ ਵਾਲੇ ਚੇਤਨ ਲੇਖਕ ਤੋਂ ਵਾਂਝੇ ਹੋ ਗਏ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਗ਼ਮ ਦੀ ਇਸ ਘੜੀ ਵਿੱਚ ਪ੍ਰੋ. ਰਮਨ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ।
ਉਹਨਾਂ ਦੇ ਦੇਹਾਂਤ ਦੀ ਖਬਰ ਮਿਲਦਿਆਂ  ਉੱਘੇ ਰੂਹਾਨੀ ਸ਼ਾਇਰ ਜਗਮੋਹਨ ਸਿੰਘ ਹੁਰਾਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ:ਪਰਮ ਮਿੱਤਰ, ਪੰਜਾਬੀ ਜ਼ੁਬਾਨ ਦੇ ਸਮਰੱਥ ਲੇਖਕ ਅਤੇ ਚਿੰਤਕ ਪ੍ਰੋਫੈਸਰ ਰਾਕੇਸ਼ ਰਮਨ ਦਾ ਨਿਧਨ ਪੰਜਾਬੀ ਸਾਹਿਤ ਜਗਤ ਨੂੰ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਦੀਆਂ ਵਿਭਿੰਨ ਵਿਧਾਵਾਂ ਵਿਚ ਸਾਹਿਤ ਰਚਨਾ ਕੀਤੀ ਗਈ। ਉਨ੍ਹਾਂ ਵੱਲੋਂ ਚਾਰ ਪੁਸਤਕਾਂ ਕਵਿਤਾ ਦੀਆਂ, ਦੋ ਪੁਸਤਕਾਂ ਆਲੋਚਨਾ ਅਤੇ ਨਿਬੰਧਾਂ ਦੀਆਂ, ਇੱਕ ਪੁਸਤਕ ਡਾਕਟਰ ਤੇਜਵੰਤ ਸਿੰਘ ਗਿੱਲ ਨਾਲ ਸਾਹਿਤ ਦੇ ਵੱਖੋ-ਵੱਖ ਵਿਸ਼ਿਆਂ 'ਤੇ ਸੰਵਾਦ ਦੀ, ਮਾਂ ਬੋਲੀ ਦੀ ਝੋਲੀ ਪਾਈਆਂ ਗਈਆਂ। ਇਨ੍ਹਾਂ ਤੋਂ ਇਲਾਵਾ ਉਹ, ਪੰਜਾਬੀ ਟ੍ਰਿਬਿਊਨ, ਵਾਹਗਾ, ਹੁਣ, ਦੇਸ਼ ਸੇਵਕ, ਨਵਾਂ ਜ਼ਮਾਨਾ ਆਦਿ ਅਖਬਾਰਾਂ ਅਤੇ ਰਿਸਾਲਿਆਂ ਵਿਚ ਰੌਚਿਕ ਅਤੇ ਗਿਆਨ ਭਰਪੂਰ ਕਾਲਮ ਅਕਸਰ ਲਿਖਦੇ ਰਹਿੰਦੇ ਸਨ। ਉਹ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੇ ਨੇੜਲੇ ਮਿੱਤਰਾਂ ਵਿਚੋਂ ਸਨ। ਉਨ੍ਹਾਂ ਦੇ ਪ੍ਰਵਾਰ ਵਿਚ ਦੋ ਸੁਘੜ-ਸਿਆਣੀਆਂ ਧੀਆਂ ਅਤੇ ਇਕ ਪੁੱਤਰ ਹੈ ਜੋ ਸਾਰੇ ਵਿਆਹੇ-ਵਰ੍ਹੇ ਅਤੇ ਸਫ਼ਲ ਜ਼ਿੰਦਗੀ ਜੀ ਰਹੇ ਹਨ।
ਪ੍ਰੋਫੈਸਰ ਰਮਨ ਨੂੰ ਸੱਜਲ ਅੱਖਾਂ ਨਾਲ ਵਿਦਾਇਗੀ
(ਉਹ ਗੁਰਦਾ ਰੋਗ ਤੋਂ ਪੀੜਤ ਸਨ ਅਤੇ ਡਾਇਲਾਇਸਿ ਤੇ ਸਨ, ਉਹ ਅੱਜ ਸਵੇਰੇ ਕਰੀਬ 8.50 ਤੇ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋਏ, ਉਨ੍ਹਾਂ ਦੇ ਪਾਰਥਿਕ ਸਰੀਰ ਨੂੰ ਮੁੱਲਾਂ ਪੁਰ ਦੇ ਸ਼ਮਸ਼ਾਨ ਘਾਟ ਵਿਖੇ, ਅੱਜ ਸ਼ਾਮੀਂ ਚਾਰ ਵਜੇ ਅਗਨੀ ਦਿਖਾਈ ਜਾਵੇਗੀ)
ਇਸੇ ਤਰਾਂ ਕਈ ਹੋਰਨਾਂ ਪਾਸਿਓਂ ਵੀ ਸ਼ਰਧਾਂਜਲੀ ਦੀਆਂ ਲਿਖਤਾਂ ਆਈਆਂ ਹਨ ਜਿਹਨਾਂ ਨੂੰ ਅਸੀਂ ਇਹਨਾਂ ਕਾਲਮਾਂ ਵਿੱਚ ਛਾਪਦੇ ਰਹਾਂਗੇ।
ਪ੍ਰਸਿੱਧ ਲੇਖਕ  ਮੇਕਰ ਸਤਨਾਮ ਚਾਨਾ ਨੇ ਇਸ ਦੁਖਦਾਈ ਵਿਛੋੜੇ ਬਾਰੇ ਕਿਹਾ:ਆਪਣੇ ਬਹੁਤ ਪਿਆਰੇ ਮਿੱਤਰ ਰਾਕੇਸ਼ ਰਮਨ ਨੂੰ ਚਿਖਾ ਹਵਾਲੇ ਕਰਕੇ ਮੁੜਿਆ ਹਾਂ। ਕੁਝ ਵੀ ਹੋਰ ਲਿਖਣ ਦੀ ਹਿੰਮਤ ਨਹੀਂ ਪੈਂ ਰਹੀ।

No comments: