Monday, August 03, 2020

ਲੋਕਪੱਖੀ ਪੱਤਰਕਾਰ ਸਤੀਸ਼ ਸਚਦੇਵਾ ਦੇ ਮਾਤਾ ਜੀ ਦਾ ਦੇਹਾਂਤ

 ਅੰਤਿਮ ਸੰਸਕਾਰ ਸਮੇਂ ਕਾਮਰੇਡ ਡੀਪੀ ਮੌੜ ਸਮੇਤ ਕਈ ਸ਼ਖਸੀਅਤਾਂ ਪੁੱਜੀਆਂ  
ਲੁਧਿਆਣਾ: 3 ਅਗਸਤ 2020: (ਪੰਜਾਬ ਸਕਰੀਨ ਬਿਊਰੋ)::
ਪੱਤਰਕਾਰ ਅਤੇ ਖੱਬੇ ਪੱਖੀ ਚਿੰਤਕ ਸਤੀਸ਼ ਸਚਦੇਵਾ ਦੇ ਮਾਤਾ ਪ੍ਰਕਾਸ਼ਵਤੀ ਜੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 95 ਸਾਲਾਂ ਦੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।  ਇਸ ਮੌਕੇ ਸੀਪੀਆਈ ਦੇ ਜ਼ਿਲਾ ਸਕੱਤਰ ਡੀ ਪੀ ਮੌੜ, ਕਿਸਾਨ ਆਗੂ ਚਮਕੌਰ ਸਿੰਘ, ਜਮਹੂਰੀ ਅਧਿਕਾਰ ਸਭਾ ਵੱਲੋਂ ਜਸਵੰਤ ਜੀਰਖ, ਮੈਡੀਕਲ ਲਿਬਾਰਟਰੀ ਮਾਹਰ ਅਜੀਤ ਜਵੱਦੀ, ਪੱਤਰਕਾਰਾਂ ਵੱਲੋਂ ਐਮ ਐਸ ਭਾਟੀਆ ਅਤੇ ਰੈਕਟਰ ਕਥੂਰੀਆ ਸਮੇਤ ਕਈ ਲੋਕ ਪੁੱਜੇ। ਸੋਸ਼ਲ ਡਿਸਟੈਨਸਿੰਗ ਦੇ ਕਾਰਨ ਕਈਆਂ ਨੇ ਖੁਦ ਨਾ ਪਹੁੰਚ ਕੇ ਆਪਣੇ ਸੋਗ ਸੁਨੇਹੇ ਵੀ ਭੇਜੇ। ਪੀਪਲਜ਼ ਮੀਡੀਆ ਲਿੰਕ ਦੇ ਮੈਂਬਰਾਂ ਨੇ ਵੀ ਉਹਨਾਂ ਨੂੰ ਹਾਰਦਿਕ ਸ਼ਰਧਾਂਜਲੀ ਦਿੱਤੀ।
ਮੁੱਢ ਤੋਂ ਹੀ ਲੋਕ ਪੱਖੀ ਪੱਤਰਕਾਰੀ ਨੂੰ ਪ੍ਰਣਾਏ ਹੋਏ ਸਤੀਸ਼ ਸਚਦੇਵਾ ਦੇ ਮਾਤਾ ਜੀ ਆਪਣੇ ਪੁੱਤ ਦੇ ਕੰਮਾਂ ਤੋਂ ਬਹੁਤ ਖੁਸ਼ ਸਨ ਅਤੇ ਹਰ ਵੇਲੇ ਇਹੀ ਪ੍ਰੇਰਨਾ ਦੇਂਦੇ ਕਿ ਵੇਖੀਂ ਕਦੇ ਔਖਿਆਈਆਂ ਤੋਂ ਘਬਰਾ ਕੇ ਲੋਕਾਂ ਦੀ ਹਮਦਰਦੀ ਵਾਲਾ ਰਸਤਾ ਨਾ ਛੱਡੀਂ। ਜਦ ਜਦ ਵੀ ਇਸ ਰਾਹ ਤੇ ਚਲਦਿਆਂ ਮੁਸ਼ਕਲਾਂ ਆਈਆਂ ਤਾਂ ਮਾਤਾ ਜੀ ਨੇ ਬੜੇ ਹੀ ਹੌਂਸਲੇ ਨਾਲ ਇਹਨਾਂ ਔਕੜਾਂ ਦਾ ਸਾਹਮਣਾ ਕੀਤਾ। 
ਇਹਨਾਂ ਮੁਸ਼ਕਲਾਂ ਵਾਲੇ ਰਸਤੇ ਤੇ ਚਲਦਿਆਂ ਹੀ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਜ਼ਿੰਦਗੀ ਵਿੱਚ ਨੇਕ ਕਮਾਈ ਵਾਲੇ ਰਸਤੇ ਤੇ ਸੈਟਲ ਵੀ ਕੀਤਾ। ਕਿਰਤ ਕਰਨੀ ਅਤੇ ਵੰਡ ਛਕਣ ਵਾਲਾ ਅਸੂਲ ਉਹਨਾਂ ਆਪਣੇ ਸਾਰੇ ਬੱਚਿਆਂ ਨੂੰ ਦ੍ਰਿੜ ਕਰਾਇਆ। ਪੰਜਾਬ ਮਾਤਾ ਨਗਰ ਦੇ ਸਾਰੇ ਇਲਾਕੇ ਵਿੱਚ ਜਿਥੇ ਕਿ ਉਹ ਆਪਣੇ ਪੁੱਤਰ ਸਤੀਸ਼ ਸਚਦੇਵਾ ਕੋਲ ਰਹਿੰਦੇ ਸਨ ਉੱਥੇ ਵੀ ਉਹਨਾਂ ਦੀ ਬੜੀ ਭੱਲ ਸੀ। ਇਲਾਕੇ ਦੇ ਲੋਕ ਘਰੇਲੂ ਮੁਸ਼ਕਲਾਂ ਵੇਲੇ ਵੀ ਉਹਨਾਂ ਦੀ ਸਲਾਹ ਲੈਣ ਲਈ ਆਇਆ ਕਰਦੇ ਸਨ। ਉਹ ਹਰ ਆਏ ਗਏ  ਨੂੰ ਬੜੇ ਹੀ ਪਿਆਰ ਨਾਲ ਮਿਲਿਆ ਕਰਦੇ ਸਨ। 
ਅੱਜ ਸੋਸ਼ਲ ਡਿਸਟੈਨਸਿੰਗ ਵਾਲੇ ਸਖਤੀ ਦੇ ਬਾਵਜੂਦ ਲੋਕ ਭਾਰੀ ਗਿਣਤੀ ਵਿੱਚ ਸ਼ਮਸ਼ਾਨ ਘਾਟ ਪੁੱਜੇ। ਜਿਹੜੇ ਅੰਦਰ ਅਗਨੀ ਦੇਣ ਲਈ ਨਹੀਂ ਆ ਸਕੇ ਉਹਨਾਂ ਨੇ ਬਾਹਰਲੇ ਗੇਟ ਤੇ ਖੜੋ ਕੇ ਸਤੀਸ਼ ਸਚਦੇਵਾ ਅਤੇ ਉਹਨਾਂ ਦੇ ਭਰਾਵਾਂ ਨਾਲ ਇਸ ਦੁੱਖ ਦੀ ਘੜੀ ਸ਼ਰਧਾ ਦੇ ਫੁਲ ਅਰਪਿਤ ਕੀਤੇ।
ਮਾਤਾ ਜੀ ਦੇ ਦੇਹਾਂਤ ਨਾਲ ਲੋਕ ਪੱਖੀ ਹਲਕਿਆਂ ਵਿੱਚ ਬਹੁਤ ਸੋਗ ਦੀ ਲਹਿਰ ਪੈਦਾ ਹੋ ਗਈ ਹੈ। ਕੰਵਲਜੀਤ ਖੰਨਾ, ਅਮੋਲਕ ਸਿੰਘ, ਹਰਜਿੰਦਰ ਸਿੰਘ, ਜਸਪਾਲ ਜੱਸੀ, ਆਜ਼ਾਦ ਫਿਲਮ ਮੇਕਰ ਸੰਦੀਪ ਕੁਮਾਰ ਦਰਦੀ, ਇਪਟਾ ਵੱਲੋਂ ਪ੍ਰਦੀਪ ਸ਼ਰਮਾ, ਪੰਜਾਬ ਸਕਰੀਨ ਵੱਲੋਂ ਪੁਸ਼ਪਿੰਦਰ ਕੌਰ ਅਤੇ ਯੁਵਾ ਸ਼ਾਇਰਾ ਕਾਰਤਿਕਾ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।  ਕਈ ਹੋਰਾਂ ਨੇ ਵੀ ਇਸ ਦੁੱਖ ਦੀ ਘੜੀ ਮੌਕੇ ਸਤੀਸ਼ ਸਚਦੇਵਾ ਅਤੇ ਬਾਕੀ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਵੰਡਾਇਆ। 

No comments: