Monday, June 08, 2020

ਜਮਹੂਰੀ ਅਧਿਕਾਰ ਸਭਾ ਨੇ ਕਿਹਾ ਇਹ ਕਾਲੇ ਕਨੂੰਨ ਹਨ ਅਤੇ ਅਸੀਂ ਨਹੀਂ ਸਹਾਂਗੇ

8th June  2020 at 2:25 PM
 ਵੱਖ ਵੱਖ ਵਰਗਾਂ 'ਤੇ ਪਾਏ ਝੂਠੇ ਕੇਸ ਰੱਦ ਕਰਾਉਣ ਦੀ ਮੁਹਿੰਮ ਕੀਤੀ ਹੋਰ ਤੇਜ਼ 
ਲੁਧਿਆਣਾ: 8 ਜੂਨ 2020:(ਜਸਵੰਤ ਜੀਰਖ//ਪੰਜਾਬ ਸਕਰੀਨ ਬਿਊਰੋ):: 
ਵੱਖ ਵੱਖ ਜੰਤਕ , ਜਮਹੂਰੀ, ਇਨਕਲਾਬੀ ਜੱਥੇਬੰਦੀਆਂ ਵੱਲੋਂ ਅੱਜ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ ਪ੍ਰੋ ਜਗਮੋਹਨ ਸਿੰਘ  ਦੀ ਅਗਵਾਈ ਹੇਠ ਰਾਸ਼ਟਰ ਪਤੀ ਦੇ ਨਾਂ  ਇਕ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਭੇਜਿਆ ਗਿਆ। ਡੀ ਸੀ ਦੇ ਕਿਸੇ ਮੀਟਿੰਗ ਵਿੱਚ ਰੁਝੇ ਹੋਣ ਕਰਕੇ ਇਹ ਪੱਤਰ ਮੌਕੇ ਤੇ ਬੈਠੇ ਜ਼ੁੰਮੇਵਾਰ ਅਧਿਕਾਰੀ ਨੂੰ ਸੌਪਿਆ ਗਿਆ। ਇਸ ਪੱਤਰ ਵਿੱਚ ਭੀਮਾ ਕੋਰੇ ਗਾਓਂ (ਮਹਾਰਾਸ਼ਟਰ) ਵਿੱਖੇ ਹੋਈ ਹਿੰਸਾ ਦੇ ਬਹਾਨੇ ਦੇਸ਼ ਦੇ 11 ਬੁੱਧੀਜੀਵੀਆਂ  ਸਮੇਤ ਕਈ ਹੋਰ ਟਰੇਡ ਯੂਨੀਅਨ ਕਾਰਕੁਨਾ ਤੇ ਪਾਏ ਝੂਠੇ ਕੇਸ ਦਰਜ ਰੱਦ ਕਰਨ  ਅਤੇ ਜੇ ਐਨ ਯੂ , ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਪੱਤਰ ਕਾਰਾਂ ਆਦਿ ਤੇ ਮੜ੍ਹੇ ਝੂਠੇ ਕੇਸ ਰੱਦ ਕਰਨ ਅਤੇ ਸਾਰੇ ਕਾਲੇ ਕਾਨੂੰਨ ਰੱਦ ਕਰਨ ਦੀਆਂ ਮੰਗਾਂ ਨੂੰ ਉਭਾਰਿਆ ਗਿਆ ਹੈ। ਨਾਗਰਿਕਤਾ ਕਾਨੂੰਨ ਵਿੱਚ ਸੋਧ ਕਰਨ ਵਿਰੁੱਧ ਉੱਠੇ ਦੇਸ਼ ਵਿਆਪੀ ਅੰਦੋਲਨ ਦੇ ਬਹਾਨੇ ਹੱਕੀ ਆਵਾਜ਼ ਉਠਾ ਰਹੇ ਗ੍ਰਿਫਤਾਰ ਕੀਤੇ ਕਾਰਕੁੰਨਾਂ ਨੂੰ ਰਿਹਾ ਕਰਨ ਅਤੇ ਦਿੱਲੀ ਹਿੰਸਾ ਦੀ ਨਿਰਪੱਖ ਜਾਂਚ ਕਰਵਾਉਣ ਸਮੇਤ ਬੀਜੇਪੀ ਆਗੂਆਂ ਅਨੁਰਾਗ ਠਾਕੁਰ ਅਤੇ ਕਪਿਲ ਮਿਸ਼ਰਾ ਵਿਰੁੱਧ ਭੜਕਾਊ ਭਾਸ਼ਣ ਦੇਣ ਦੇਕੇ ਲੋਕਾਂ ਨੂੰ ਹਿੰਸਾ ਲਈ ਉਤੇਜਤ ਕਰਨ ਦੇ ਕੇਸ ਦਰਜ ਕੀਤੇ ਜਾਣ। 
    ਇਸੇ ਤਰ੍ਹਾਂ ਕਰੋਨਾ ਦੀ ਆੜ ਵਿੱਚ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ, ਕਿਸਾਨਾਂ ਅਤੇ ਹੋਰ ਵਰਗਾਂ ਦੀ ਰੋਟੀ ਰੋਜ਼ੀ ਨੂੰ ਪ੍ਰਭਾਵਿਤ ਕਰਦੇ ਨੀਤੀਗਤ ਫ਼ੈਸਲੇ ਵਾਪਸ ਲਏ ਜਾਣ। ਲਾਕਡਾਊਨ ਕਾਰਨ ਲੋਕਾਂ ਨਾਲ ਕੀਤੇ ਵਾਇਦੇ ਕਿ ਕਿਸੇ ਦੀ ਨੌਕਰੀ ਨਹੀਂ ਜਾਵੇਗੀ, ਪੂਰੀ ਤਨਖ਼ਾਹ ਤੇ ਮਕਾਨ ਕਰਾਏ ਵੀ ਦਿੱਤੇ ਜਾਣਗੇ ਆਦਿ ਦਿਆਨਤਦਾਰੀ ਨਾਲ ਪੂਰੇ ਕੀਤੇ ਜਾਣ। ਪਬਲਿਕ ਅਦਾਰਿਆਂ ਦਾ ਨਿੱਜੀਕਰਨ ਬੰਦ ਕਰਕੇ ਸਿਹਤ, ਸਿੱਖਿਆ ਤੇ ਜੰਤਕ ਵੰਡ ਪ੍ਰਣਾਲੀ ਆਦਿ ਕੌਮੀਕਰਨ ਕੀਤਾ ਜਾਵੇ। ਸਿਹਤ ਸੇਵਾਵਾਂ ਵਿੱਚ ਬੱਜਟ ਦਾ 12% ਨਿਵੇਸ਼ ਕੀਤਾ ਜਾਵੇ ਆਦਿ ਮੰਗਾਂ ਦਾ ਹਵਾਲਾ ਮੰਗ ਪੱਤਰ ਵਿੱਚ ਦਿੱਤਾ। ਇਸ ਮੌਕੇ ਡੀਸੀ ਦਫਤਰ ਅੱਗੇ ਮੰਗਾਂ ਦੇ ਹੱਕ ਵਿੱਚ ਨਾਹਰੇਬਾਜ਼ੀ ਵੀ ਕੀਤੀ ਗਈ।  
ਇਸ ਸਮੇਂ ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਐਮ ਐਸ ਭਾਟੀਆ, ਮਾਸਟਰ ਜਰਨੈਲ ਸਿੰਘ, ਬਲਵਿੰਦਰ ਸਿੰਘ, ਮਾਸਟਰ ਹਰਦੇਵ ਮੁੱਲਾਪੁਰ, ਮਾਸਟਰ ਮਨਜਿੰਦਰ ਸਿੰਘ ਸਿੱਧੂ, ਐਡਵੋਕੇਟ ਹਰਪ੍ਰੀਤ ਜੀਰਖ, ਅਰੁਣ ਕੁਮਾਰ, ਗੱਲਰ ਚੌਹਾਨ, ਸੁਖਵਿੰਦਰ ਲੀਲ, ਮਾਸਟਰ  ਰੁਪਿੰਦਰਪਾਲ ਸਿੰਘ ਗਿੱਲ, ਮਾਸਟਰ ਰਾਜਿੰਦਰ ਜੰਡਿਆਲੀ, ਲੈਕਚਰਾਰ ਜਸਵੀਰ ਸਿੰਘ, ਹਰਸ਼ਾ ਸਿੰਘ, ਅਵਤਾਰ ਸਿੰਘ ਸਮੇਤ ਬਹੁਤ ਸਾਰੇ ਹੋਰ ਕਾਰਕੁੰਨ ਸ਼ਾਮਲ ਸਨ।
ਡੀਸੀ ਦਫਤਰ ਦੇ ਬਾਹਰ ਮਾਟੋ ਫੜਕੇ ਨਾਹਰੇਬਾਜ਼ੀ ਕਰਨ ਸਮੇਂ ਜੱਥੇਬੰਦੀਆਂ ਦੇ ਕਾਰਕੁੰਨ


ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੰਦੇ ਹੋਏ ਪ੍ਰੋ ਜਗਮੋਹਨ ਸਿੰਘ ਨਾਲ ਜਸਵੰਤ ਜੀਰਖ , ਐਮ ਐਸ ਭਾਟੀਆ

No comments: