ਅਤਿ ਨੇੜਲੇ ਸਾਥੀ ਅਤੇ ਚਰਚ ਦੇ ਸਕੱਤਰ ਬੀ ਐਮ ਫਰੈਡਰਿਕ ਨੇ ਕੀਤੀ ਪੁਸ਼ਟੀ
ਲੁਧਿਆਣਾ: 12 ਜੂਨ 2020: (ਪੰਜਾਬ ਸਕਰੀਨ ਬਿਊਰੋ)::
ਯੂਨਾਈਟਿਡ ਚਰਚ ਆਫ ਨਾਰਦਰਨ ਇੰਡੀਆ (ਯੂ ਸੀ ਐਨ ਆਈ) ਦੇ ਸਾਬਕਾ ਮਾਡਰੇਟਰ, ਪਾਦਰੀ ਕਲੇਰੈਂਸ ਬੰਸੀ ਲਾਲ ਹੁਣ ਸਾਡੇ ਦਰਮਿਆਨ ਨਹੀਂ ਰਹੇ। ਉਹ ਪ੍ਰਗਤੀਸ਼ੀਲ ਲਹਿਰ ਦੇ ਸੁਹਿਰਦ ਹਿਤੈਸ਼ੀ ਸਨ ਅਤੇ ਮਨੁੱਖਤਾ ਦੇ ਭਲੇ ਲਈ ਸਰਗਰਮ ਰਹਿੰਦੇ ਸਨ। ਉਹਨਾਂ ਦੀ ਉਮਰ 76 ਸਾਲਾਂ ਦੀ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਚਲੇ ਆ ਰਹੇ ਸਨ। ਉਹਨਾਂ ਦੀ ਯਾਦ ਵਿੱਚ ਲੋਕਾਂ ਵਿੱਚ ਵੱਡੀ ਗਿਣਤੀ ਦੀਆਂ ਅੱਖਾਂ ਨਮ ਰਹੀਆਂ।
ਅੱਜ ਜਦੋਂ ਸਰੀਰਕ ਦੂਰੀ ਦੇ ਨਿਯਮ ਦੀ ਪਾਲਣਾ ਕਰਦਿਆਂ ਉਹਨਾਂ ਦੀ ਦੇਹ ਨੂੰ ਮਸੀਹੀ ਕਬਰਿਸਤਾਨ ਜਮਾਲਪੁਰ ਵਿਖੇ ਦਫ਼ਨਾਇਆ ਗਿਆ ਤਾਂ ਉਦੋਂ ਵੀ ਸਭਨਾਂ ਦੇ ਦਿਲ ਭਰੇ ਹੋਏ ਸਨ।
ਉਹ ਯੂ ਸੀ ਐਨ ਆਈ ਸੰਸਥਾ ਦੇ ਕੌਮੀ ਪੱਧਰ ਦੇ ਸਰਵਉੱਚ ਅਹੁਦੇ "ਮਾਡਰੇਟਰ" 'ਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਇਸ ਅਹੁਦੇ 'ਤੇ ਉਹ ਕਈ ਸਾਲ ਰਹੇ। ਇਸਦੇ ਨਾਲ ਹੀ ਉਹ ਸਥਾਨਕ ਚਰਚ, ਗਿਰਜਾਘਰ ਚੌਂਕ, ਚੌੜਾ ਬਾਜ਼ਾਰ, ਲੁਧਿਆਣਾ ਅਤੇ ਹੋਰਨਾਂ ਕਈ ਥਾਂਵਾਂ ਤੇ ਵੀ ਮੁੱਖ ਪ੍ਰੀਸ਼ਦ ਇੰਚਾਰਜ ਰਹੇ।
ਉਹਨਾਂ ਦੇ ਸਦੀਵੀ ਵਿਛੋੜੇ ਦੀ ਪੁਸ਼ਟੀ ਕਰਦਿਆਂ ਉਹਨਾਂ ਦੇ ਅਤਿ ਨੇੜਲੇ ਸਾਥੀ ਅਤੇ ਯੂਨਾਈਟਿਡ ਚਰਚ ਆਫ ਨਾਰਦਰਨ ਇੰਡੀਆ ਦੇ ਸਕੱਤਰ ਬੀ ਐਮ ਫਰੈਡਰਿਕ ਨੇ ਮੀਡੀਆ ਨੂੰ ਦੱਸਿਆ ਕਿ ਜਦ ਜਦ ਵੀ ਸਮਾਜ ਤੇ ਭੀੜ ਬਣੀ ਤਾਂ ਸਵਰਗੀ ਬੰਸੀ ਲਾਲ ਹਮੇਸ਼ਾਂ ਅਗਾਂਹਵਧੂ ਤਾਕਤਾਂ ਵਾਲੀ ਧਿਰ ਦੇ ਨਾਲ ਆ ਕੇ ਖੜੇ ਹੋਏ। ਜਦ ਜਦ ਵੀ ਫਿਰਕਾਪ੍ਰਸਤੀ ਦੇ ਨਾਗਾਂ ਨੇ ਫੁੰਕਾਰੇ ਮਾਰੇ ਉਸ ਵੇਲੇ ਵੀ ਸਾਥੀ ਬੰਸੀ ਲਾਲ ਨੇ ਸਮਾਜ ਦੀ ਰਾਖੀ ਲਈ ਲੁੜੀਂਦੇ ਕਦਮ ਚੁੱਕੇ।
ਉਹਨਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਉਹਨਾਂ ਨਾਲ ਸਬੰਧਤ ਸਾਰੇ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ। ਲੋਕਾਂ ਨੇ ਬਾਰ ਬਾਰ ਇਸਦੀ ਪੁਸ਼ਟੀ ਲਈ ਵੀ ਫੋਨ ਖੜਕਾਏ। ਅਖੀਰ ਇਸ ਅਫ਼ਸੋਸਨਾਕ ਖਬਰ ਦੀ ਪੁਸ਼ਟੀ ਵੀ ਹੋ ਗਈ। ਉਹਨਾਂ ਦੀ ਯਾਦ ਵਿੱਚ ਰੱਖੇ ਜਾਣ ਵਾਲੇ ਸ਼ਰਧਾਂਜਲੀ ਸਮਾਗਮ ਬਾਰੇ ਵੀ ਅਸੀਂ ਤੁਹਾਨੂੰ ਸੂਚਿਤ ਕਰਾਂਗੇ।
No comments:
Post a Comment