Monday: 1st June 2020 at 5:29 PM
ਕੀ ਇਹ ਸੋਨਾ ਅਤੇ ਮਾਇਆ ਲੋਕ ਭਲਾਈ ਵਾਸਤੇ ਸਰਕਾਰ ਨੂੰ ਦੇਣੀ ਚਾਹੀਦੀ ਹੈ?
ਲੁਧਿਆਣਾ: 1 ਜੂਨ 2020: (ਪੰਜਾਬ ਸਕਰੀਨ ਬਿਊਰੋ)::
ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਪਿਛਲੇ ਦਿਨੀਂ ਕੁੱਝ ਸਿਆਸੀ ਆਗੂਆਂ ਵੱਲੋ ਧਰਮ ਅਸਥਾਨਾਂ ਅੰਦਰ ਪਏ ਸੋਨਾ ਅਤੇ ਮਾਇਆ ਨੂੰ ਲੈ ਕੇ ਫੌਕੀ ਸ਼ੋਹਰਤ ਹਾਸਲ ਕਰਨ ਲਈ ਜੋ ਬਿਆਨਬਾਜ਼ੀ ਕੀਤੀ ਹੈ, ਉਸ ਬਾਰੇ ਉਨ੍ਹਾਂ ਕਿਹਾ, ਅੱਜਕਲ ਕੁਝ ਸਮਾਜ ਵਿਰੋਧੀ ਨੇਤਾ, ਆਪਣਾ ਨਾਮ ਮੀਡੀਆ ਵਿੱਚ ਚਮਕਾਉਣ ਵਾਸਤੇ ਬਿਆਨਬਾਜ਼ੀ ਕਰ ਰਹੇ ਹਨ ਕਿ ਜੋ ਵੀ ਧਰਮ ਅਸਥਾਨਾਂ ਕੋਲ ਸੋਨਾ ਆਦਿ ਕੀਮਤੀ ਵਸਤੂਆਂ ਪਈਆਂ ਹਨ ਜਾਂ ਜੋ ਮਾਇਆ ਉੱਥੇ ਇਕੱਠੀ ਕੀਤੀ ਪਈ ਹੈ, ਉਹ ਸਰਕਾਰ ਨੂੰ ਦੇ ਦੇਣੀ ਚਾਹੀਦੀ ਹੈ ਤਾਂ ਕਿ ਸਰਕਾਰ ਕਰੋਨਾ ਵਰਗੇ ਹਾਲਾਤ ਵਿਚ ਲੋਕਾਂ ਦੀ ਸਹਾਇਤਾ ਵਾਸਤੇ ਵਰਤ ਸਕੇ। ਧਰਮ ਅਸਥਾਨਾਂ ਦਾ ਸੋਨਾ ਅਤੇ ਮਾਇਆ ਸਰਕਾਰ ਨੂੰ ਦੇਣ ਵਾਸਤੇ ਸਾਡੇ ਨੇਤਾਵਾਂ ਦੀ ਮਣਸ਼ਾ ਲੋਕ ਭਲਾਈ ਨਹੀਂ ਹੈ। ਸਾਡੇ ਨੇਤਾਵਾਂ ਨੂੰ ਸਰਕਾਰੀ ਸੋਨਾ ਅਤੇ ਮਾਇਆ ਖਾਣ ਦੀ ਬੜੀ ਉਤਮ ਵਿਧੀ ਆਉਂਦੀ ਹੈ। ਇਸ ਕਰਕੇ ਧਰਮ ਅਸਥਾਨਾਂ ਦਾ ਸੋਨਾ ਅਤੇ ਮਾਇਆ ਨੂੰ ਸਰਕਾਰੀ ਖਜਾਨੇ ਵਿਚ ਲਿਆ ਕੇ, ਸੁੰਦਰ ਢੰਗ ਨਾਲ, ਆਪ ਜੀ ਹੜੱਪਣ ਵਾਸਤੇ ਹੀ, ਇਹ ਨੇਤਾ ਐਸਾ ਬਿਆਨ ਦੇ ਰਹੇ ਹਨ ਅਤੇ ਚਾਲਾਂ ਚੱਲ ਰਹੇ ਹਨ। ਧਰਮ ਅਸਥਾਨਾਂ ਦੇ ਸੋਨੇ ਅਤੇ ਮਾਇਆ ਉਤੇ ਅੱਖ ਰੱਖਣ ਵਾਲਿਆਂ ਨੇ ਆਪ ਕਦੇ ਕਿਨੀ ਕੁ ਭੇਟਾ ਦਿਤੀ ਹੈ?
ਇਹ ਬਿਆਨ ਦੇਣ ਵਾਲੇ ਲੋਕ ਵੱਡੇ-ਵੱਡੇ ਸਿਆਸੀ ਨੇਤਾ ਹਨ ਪਰ, ਜਿਹੜੇ ਸਾਡੇ ਨੇਤਾ ਐਸੀ ਬਿਆਨਬਾਜ਼ੀ ਕਰ ਰਹੇ ਹਨ, ਉਹਨਾਂ ਨੂੰ ਬਿਆਨਬਾਜ਼ੀ ਕਰਨ ਦੀ ਬਜਾਇ ਆਪ ਕੁਝ ਮਿਸਾਲਾਂ ਕਾਇਮ ਕਰਨੀਆਂ ਚਾਹੀਦੀਆਂ ਹਨ। ਜਿਵੇਂ ਕਿ: ਆਪ ਸਿਆਸੀ ਕੁਰਸੀਆਂ ਛੱਡ ਕੇ, ਆਪਣਾ ਜੀਵਨ ਲੋਕ ਭਲਾਈ ਵਾਸਤੇ ਅਰਪਿਤ ਕਰਨ, ਆਪਣੀਆਂ ਜਾਇਦਾਦਾਂ ਵੇਚ ਕੇ ਸਰਕਾਰ ਨੂੰ ਦੇਣ ਅਤੇ ਆਪਣੇ ਸਿਆਸੀ ਪਾਰਟੀਆਂ ਦੇ ਫੰਡ ਵੀ ਲੋਕ ਭਲਾਈ ਵਾਸਤੇ ਸਰਕਾਰ ਨੂੰ ਦੇਣ। ਵੋਟਾਂ ਲਈ ਸ਼ਰਾਬਾਂ ਪਿਆਉਣੀਆਂ ਅਤੇ ਝੂਠ ਪ੍ਰਚਾਰ ‘ਤੇ ਜਿਹੜੇ ਅਰਬਾਂ ਰੁਪਈਏ ਲੱਗਦੇ ਹਨ, ਉਹ ਸਾਰੇ ਪੈਸੇ ਲੋਕ ਭਲਾਈ ਵਾਸਤੇ ਦਿੱਤੇ ਜਾਣ, ਬਿਆਨ ਦੇਣ ਵਾਲੇ ਨੇਤਾ ਜੀ ਵੀ ਜਾਇਦਾਦਾਂ ਵੇਚ ਕੇ ਦੇਣ। ਕੀ ਨੇਤਾ ਜੀ ਆਪਣੀ ਜਾਇਦਾਦਾਂ ਵੇਚ ਕੇ ਸਰਕਾਰ ਨੂੰ ਦੇਣਗੇ? ਕੀ ਸਿਆਸੀ ਪਾਰਟੀਆਂ ਗਲਤ ਕੰਮਾਂ ਉੱਤੇ ਲੱਗਣ ਵਾਲਾ ਸਾਰਾ ਪੈਸਾ; ਲੋਕਾਂ ਦੀ ਸਹਾਇਤਾ ਵਾਸਤੇ ਸਰਕਾਰ ਨੂੰ ਦੇਣਗੀਆਂ ਜਾਂ ਆਪਣੀ ਅਗਲੀ ਆਉਣ ਵਾਲੀ ਚੋਣ ਵਾਸਤੇ ਜਮਾਂ ਕਰਕੇ ਰੱਖਣਗੀਆਂ? ਜਦੋਂ ਨੇਤਾ ਜੀ ਉਪਰੋਕਤ ਕੰਮ ਕਰ ਲੈਣ, ਉਸ ਤੋਂ ਬਾਅਦ ਧਰਮ ਅਸਥਾਨਾਂ ਵਾਸਤੇ ਕੋਈ ਗੱਲ ਕਰਨ ਦੀ ਖੇਚਲ ਕਰਨ। ਨੇਤਾ ਅਤੇ ਸਿਆਸੀ ਪਾਰਟੀਆਂ ਅੱਗੇ ਲੱਗਣ, ਪਿੱਛੇ ਧਰਮ ਅਸਥਾਨਾਂ ਵਾਲੇ ਵੀ ਲੱਗ ਜਾਣਗੇ। ਲੱਗ ਜਾਏਗਾ ਪਤਾ, ਕਿ ਕਿੰਨਾਂ-ਕਿੰਨਾਂ ਦਾਨ ਕੌਣ-ਕੌਣ ਦਿੰਦਾ ਹੈ?
ਜੋ ਲੋਕ ਸਿਰਫ਼ ਧਰਮ ਅਸਥਾਨਾਂ ਅਤੇ ਧਰਮ ਨੂੰ ਭੰਡਣ ਉੱਤੇ ਲੱਗੇ ਹੋਏ ਹਨ, ਉਹਨਾਂ ਨੂੰ ਸੋਚਣ ਦੀ ਲੋੜ ਹੈ ਕਿ ਜਿਸ ਦਿਨ ਸਰਕਾਰਾਂ ਵੱਲੋਂ ਲੋਕਾਂ ਨੂੰ ਕੋਈ ਸਹਾਇਤਾ ਨਹੀਂ ਸੀ ਦਿੱਤੀ ਜਾਂਦੀ, ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਲੈ ਕੇ ਸਿਰਫ਼ ਧਰਮ ਅਸਥਾਨ ਹੀ ਸਨ ਜਿਹੜੇ ਦੁਖੀਆਂ-ਗਰੀਬਾਂ ਨੂੰ ਸਦਾ ਹੀ ਸਹਾਇਤਾ ਦਿੰਦੇ ਰਹੇ ਹਨ ਅਤੇ ਦਿੰਦੇ ਰਹਿਣਗੇ। ਪਰ, ਉਹ ਸਹਾਇਤਾ ਤਾਂ ਹੀ ਦੇ ਸਕਣਗੇ ਜੇ ਉਹਨਾਂ ਕੋਲ ਮਾਇਆ ਅਤੇ ਸੋਨੇ ਦੇ ਭੰਡਾਰ ਜਮਾ ਪਏ ਰਹਿਣਗੇ। ਜੇ ਕਿਸੇ ਧਰਮ ਅਸਥਾਨ ਵਾਲੇ ਪ੍ਰਬੰਧਕ, ਬਿਪਤਾ ਸਮੇਂ ਲੋਕਾਂ ਦੀ ਸਹਾਇਤਾ ਨਹੀਂ ਕਰ ਰਹੇ, ਤਾਂ ਉਹਨਾਂ ਨੂੰ ਪ੍ਰੇਰਨਾ ਦਿੱਤੀ ਜਾ ਸਕਦੀ ਹੈ ਕਿ ਲੋਕਾਂ ਦੀ ਸਹਾਇਤਾ ਕਰੋ। ਪਰ, ਇਸ ਦਾ ਇਹ ਮਤਲਬ ਨਹੀਂ ਕਿ ਉਹ ਸਾਰਾ ਸੋਨਾ ਆਦਿ ਸਰਕਾਰਾਂ ਨੂੰ ਹੀ ਦੇ ਦੇਣ।
ਜਿਵੇਂ, ਜਦੋਂ ਪਿਛਲੇ ਦਿਨਾਂ ਵਿੱਚ ਲੌਕ ਡਾਊਨ ਹੋਇਆ, ਉਦੋਂ ਸਾਰੇ ਧਰਮ ਅਸਥਾਨਾਂ ਉੱਤੇ ਮਾਇਆ ਆਉਣੀ ਬੰਦ ਹੋ ਗਈ, ਪਰ ਧਰਮ ਅਸਥਾਨਾਂ ਤੋਂ ਜੋ ਲੋਕਾਂ ਦੀ ਸਹਾਇਤਾ ਵਾਸਤੇ ਦਾਨ, ਰਾਸ਼ਨ ਜਾਂ ਲੰਗਰ ਜਾਂਦਾ ਸੀ, ਉਹ ਤਾਂ ਬੰਦ ਨਹੀਂ ਹੋਇਆ। ਜੇ ਉਹਨਾਂ ਕੋਲ ਮਾਇਆ ਦੇ ਭੰਡਾਰ ਜਮਾਂ ਪਏ ਸਨ ਤਾਂ ਹੀ ਰਾਸ਼ਨ ਜਾਂਦਾ ਰਿਹਾ ਨਹੀਂ ਤਾਂ, ਜੇ ਉਹ ਵੀ ਰੋਜ਼ ਕਮਾਈ ਕਰਕੇ ਰੋਟੀ ਖਾਣ ਵਾਲੇ ਹੁੰਦੇ, ਰੋਜ਼ ਭੇਟਾ ਆਇਆਂ ਤੋਂ ਹੀ ਦਾਨ ਕਰਨ ਵਾਲੇ ਹੁੰਦੇ, ਤਾਂ ਫਿਰ, ਉਹ ਲੋਕਾਂ ਦੀ ਸਹਾਇਤਾ ਕਿਵੇਂ ਕਰ ਸਕਦੇ ਸਨ? ਸਰਕਾਰਾਂ ਨਾਲੋਂ ਤਾਂ ਬਹੁਤਾ ਹੁਣ ਵੀ ਧਰਮ ਅਸਥਾਨਾਂ ਨੇ ਦਾਨ ਕੀਤਾ ਹੈ। ਕਰੋਨਾ ਲੌਕ ਡਾਉਨ ਦੌਰਾਨ ਸਰਕਾਰਾਂ ਨੇ ਧਰਮ ਅਸਥਾਨਾਂ ਤੋਂ ਆਪ ਵੀ ਮੰਗ ਕੇ ਸਹਾਇਤਾ ਲਈ ਹੈ। ਸਰਕਾਰੀ ਰਾਸ਼ਨ ਤੋਂ ਪਹਿਲਾਂ ਲੋਕਾਂ ਨੂੰ ਧਰਮ ਅਸਥਾਨਾਂ ਨੇ ਰਾਸ਼ਨ ਪਹੁੰਚਾਉਣਾ ਸ਼ੁਰੂ ਕਰ ਦਿਤਾ ਗਿਆ ਸੀ।
ਠਾਕੁਰ ਜੀ ਨੇ ਕਿਹਾ ਕਿ ਇਹ ਗੱਲ ਵੀ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਧਰਮ ਅਸਥਾਨਾਂ ਦੁਆਰਾ ਦਿੱਤਾ ਹੋਇਆ ਦਾਨ ਲੋਕਾਂ ਤੱਕ 100% ਪਹੁੰਚਦਾ ਹੈ, ਰਾਹ ਵਿੱਚ ਨਹੀਂ ਖਾਧਾ ਜਾਂਦਾ। ਜਦ ਕਿ, ਸਰਕਾਰ ਦੁਆਰਾ ਦਿੱਤਾ ਹੋਇਆ ਦਾਨ ਲੋਕਾਂ ਤੱਕ 10-20% ਹੀ ਪਹੁੰਚਦਾ ਹੈ, ਇਸ ਕਰਕੇ ਸਰਕਾਰ ਨੂੰ ਧਰਮ ਅਸਥਾਨਾਂ ਦਾ ਸੋਨਾ ਅਤੇ ਮਾਇਆ ਆਦਿ ਦੇਣ ਦਾ ਕੀ ਲਾਭ ਹੈ? ਧਰਮ ਅਸਥਾਨ ਸਿੱਧਾ ਕਿਉਂ ਨਹੀਂ ਲੋਕ ਭਲਾਈ ਵਾਸਤੇ ਖਰਚ ਸਕਦੇ? ਉਹ ਅੱਗੇ ਵੀ ਖਰਚਦੇ ਹਨ ਅਤੇ ਹੁਣ ਵੀ ਖਰਚਣਗੇ।
ਧਰਮ ਅਸਥਾਨਾਂ ਦੀ ਮਾਇਆ ਉੱਪਰ ਕਿਸ ਦਾ ਹੱਕ ਹੈ? ਤਰਕ ਸੰਗਤ, ਯੁਕਤੀ ਸੰਗਤ ਮੈਂ ਸਪੱਸ਼ਟ ਕਰ ਰਿਹਾ ਹਾਂ ਕਿ ਕਿਸੇ ਵੀ ਧਰਮ ਅਸਥਾਨ ਉੱਤੇ ਆਈ ਮਾਇਆ, ਸੋਨਾ ਆਦਿ ਉੱਤੇ, ਸਭ ਤੋਂ ਪਹਿਲਾ ਹੱਕ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਸ਼ਰਧਾ ਨਾਲ ਆਪਣੇ ਧਰਮ ਅਸਥਾਨ ਉੱਤੇ ਭੇਟਾ ਦਿੱਤੀ ਹੈ। ਉੱਥੇ ਪਿਆ ਸੋਨਾ ਅਤੇ ਮਾਇਆ ਸਭ ਤੋਂ ਪਹਿਲਾਂ, ਓਸ ਮਜ਼ਹਬ ਦੇ ਲੋਕਾਂ ਦੀ ਭਲਾਈ ਵਾਸਤੇ ਲੱਗਣੀ ਚਾਹੀਦੀ ਹੈ; ਜਿਹਨਾਂ ਨੇ ਦਿੱਤੀ ਹੈ, ਕਿਉਂਕਿ ਉਹਨਾਂ ਨੇ ਆਪਣੇ ਮਜ਼ਹਬ ਵਾਸਤੇ ਦਿੱਤੀ ਹੈ ਨਾ ਕਿ ਬੇਗਾਨਿਆਂ ਵਾਸਤੇ। ਉਸ ਤੋਂ ਬਾਅਦ ਜੋ ਬਚੇਗੀ, ਫਿਰ ਓਸ ਮਾਇਆ ਵਾਸਤੇ, ਧਰਮ ਅਸਥਾਨ ਵਾਲਿਆਂ ਨੂੰ ਪ੍ਰੇਰਨਾ ਦੇ ਕੇ ਦੂਸਰੇ ਲੋਕਾਂ ਨੂੰ ਵੀ ਦਿਵਾ ਸੱਕਦੇ ਹਾਂ। ਸਾਰੇ ਧਰਮ ਅਸਥਾਨਾਂ ਵਾਲੇ ਪਹਿਲੋਂ ਹੀ ਲੋਕਾਂ ਨੁੰ ਸਹਾਇਤਾ ਦੇ ਰਹੇ ਹਨ ਅਤੇ ਸਦਾ ਦੇਣਗੇ।
No comments:
Post a Comment