Tuesday, March 31, 2020

ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾ ਬਾਕੀ ਸਾਰੇ ਮੂਵਮੈਂਟ ਪਾਸ ਰੱਦ

31st March 2020 at 8:45 PM
-ਨੋਵਲ ਕੋਰੋਨਾ ਵਾਇਰਸ (ਕੋਵਿਡ-19)
ਆਮ ਆਵਾਜਾਈ ਲਈ ਹੁਣ ਸਿਰਫ਼ ਡਿਜੀਟਲ ਪਾਸ ਹੀ ਵੈਲਿਡ ਹੋਣਗੇ
ਲੁਧਿਆਣਾ: 31 ਮਾਰਚ 2020: (ਪੰਜਾਬ ਸਕਰੀਨ ਬਿਊਰੋ)::
ਡਿਪਟੀ ਕਮਿਸ਼ਨਰ 
ਜ਼ਿਲਾ ਲੁਧਿਆਣਾ ਵਿੱਚ ਲੌਕਡਾਊਨ ਦੇ ਚੱਲਦਿਆਂ ਲੋਕਾਂ ਨੂੰ ਨਿੱਤ ਦਿਨ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਅਤੇ ਹੋਰ ਕਾਰਜਾਂ ਲਈ ਮੂਵਮੈਂਟ ਪਾਸ ਜਾਰੀ ਕੀਤੇ ਗਏ ਸਨ, ਜਿਹਨਾਂ ਵਿੱਚ ਕੱਟ ਲਗਾਉਂਦਿਆਂ ਜ਼ਿਲਾ ਪ੍ਰਸਾਸ਼ਨ ਨੇ ਲੋੜੀਂਦੀਆਂ ਜ਼ਰੂਰੀ ਸੇਵਾਵਾਂ ਤੋਂ ਬਿਨਾ ਸਾਰੇ ਮੂਵਮੈਂਟ ਪਾਸ ਮਿਤੀ 1 ਅਪ੍ਰੈੱਲ, 2020 ਤੋਂ ਰੱਦ ਕਰ ਦਿੱਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਰੂਰੀ ਸੇਵਾਵਾਂ ਲਈ ਜ਼ਿਲਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ, ਮੁੱਖ ਖੇਤੀਬਾੜੀ ਅਫ਼ਸਰ, ਜਨਰਲ ਮੈਨੇਜਰ ਜ਼ਿਲਾ  ਉਦਯੋਗ ਕੇਂਦਰ, ਜ਼ੋਨਲ ਲਾਇਸੰਸਿੰਗ ਅਥਾਰਟੀ ਡਰੱਗਜ਼, ਸਿਵਲ ਸਰਜਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਿਪਟੀ ਡਾਇਰੈਕਟਰ ਡੇਅਰੀ, ਜ਼ਿਲਾ ਮੰਡੀ ਅਫ਼ਸਰ, ਨਗਰ ਨਿਗਮ ਲੁਧਿਆਣਾ, ਵਧੀਕ ਕਮਿਸ਼ਨਰ ਨਗਰ ਨਿਗਮ ਵੱਲੋਂ ਜੋ ਪਾਸ ਜਾਰੀ ਕੀਤੇ ਗਏ ਹਨ, ਉਹ ਵੈਲਿਡ ਮੰਨੇ ਜਾਣਗੇ। ਨਵਾਂ ਮੂਵਮੈਂਟ ਕਰਫਿਊ ਪਾਸ ਜਾਰੀ ਕਰਾਉਣ ਲਈ http://epasscovid19.paid.net.in. 'ਤੇ ਆਨਲਾਈਨ ਅਪਲਾਈ ਕਰਨਾ ਪਵੇਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਜਲੰਧਰ ਬਾਈਪਾਸ ਸਥਿਤ ਮੁੱਖ ਸਬਜ਼ੀ ਮੰਡੀ ਵਿੱਚ ਸਬਜ਼ੀ ਅਤੇ ਫਰੂਟ ਵੇਚਣ ਵਾਲੇ ਕਿਸਾਨ ਆਦਿ ਹੁਣ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਸਮਾਨ ਲਿਆ ਸਕਣਗੇ। ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਵੱਡੇ ਵੈਂਡਰ (ਜੋ ਆਪਣੇ ਪੱਧਰ 'ਤੇ ਥਾਂ-ਥਾਂ ਸਮਾਨ ਭਿਜਵਾ ਸਕਣ) ਸਵੇਰੇ 6 ਵਜੇ ਤੋਂ 10 ਵਜੇ ਤੱਕ ਸਮਾਨ ਖਰੀਦ ਸਕਣਗੇ। ਇਹਨਾਂ ਵੈਂਡਰਾਂ ਕੋਲ ਜ਼ਿਲਾ ਮੰਡੀ ਅਫ਼ਸਰ ਕੋਲੋਂ ਪਾਸ ਹੋਣਾ ਲਾਜ਼ਮੀ ਹੋਵੇਗਾ। ਮੰਡੀ ਵਿੱਚ ਰੇਹੜੀ ਵਾਲੇ, ਆਮ ਲੋਕ ਜਾਂ ਹੋਰ ਨਿੱਜੀ ਦੁਕਾਨਦਾਰ ਨਹੀਂ ਆ ਸਕਣਗੇ। ਹਰੇਕ ਐਤਵਾਰ ਨੂੰ ਸਬਜ਼ੀ ਮੰਡੀ ਨੂੰ ਸੈਨੀਟਾਈਜ਼ ਕੀਤਾ ਜਾਇਆ ਕਰੇਗਾ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਲੌਕਡਾਊਨ ਦੇ ਚੱਲਦਿਆਂ ਜੋ ਲੋਕਾਂ ਦੇ ਕੰਮ ਆਦਿ ਬੰਦ ਹੋ ਗਏ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣਾ ਇੱਕ ਬਿਸਤਰਾ ਅਤੇ ਲੋੜੀਂਦੇ ਕੱਪੜੇ ਆਦਿ ਲੈ ਕੇ ਨੇੜਲੇ ਪੁਲਿਸ ਸਟੇਸ਼ਨ ਨਾਲ ਰਾਬਤਾ ਕਰਕੇ ਸ਼ੈਲਟਰ ਹੋਮ ਵਿੱਚ ਚਲੇ ਜਾਣ, ਜਿਥੇ ਉਹਨਾਂ ਨੂੰ ਭੋਜਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਪੰਜਾਬ ਸਰਕਾਰ ਲੋੜਵੰਦ ਮਾਈਗਰੇਟਰੀ ਆਬਾਦੀ ਲਈ ਰਾਸ਼ਨ ਦੇ ਪੈਕੇਟ ਭੇਜੇ ਗਏ ਹਨ, ਜੋ ਕਿ ਜਲਦ ਹੀ ਵੰਡੇ ਜਾਣਗੇ। ਇਸ ਲਈ ਯੋਗ ਵਿਅਕਤੀਆਂ ਪਰਿਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹਨਾਂ  ਦੱਸਿਆ ਕਿ ਪੰਜ ਵਿਅਕਤੀਆਂ ਨੂੰ ਇੱਕ ਭੋਜਨ ਪੈਕੇਟ ਅਤੇ ਇੱਕ ਸਿਲੰਡਰ ਦਿੱਤਾ ਜਾਵੇਗਾ। ਜ਼ਿਲਾ ਲੁਧਿਆਣਾ ਵਿੱਚ ਫਿਲਹਾਲ 1 ਲੱਖ ਭੋਜਨ ਪੈਕੇਟ ਅਤੇ 50 ਹਜ਼ਾਰ ਸਿਲੰਡਰ ਦੇਣ ਦਾ ਟੀਚਾ ਹੈ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ 'ਤੇ ਜ਼ਿਲਾ  ਲੁਧਿਆਣਾ ਵਿੱਚ ਵੀ ਕਰਫਿਊ ਨੂੰ 1 ਅਪ੍ਰੈੱਲ ਤੋਂ ਵਧਾ ਕੇ 14 ਅਪ੍ਰੈੱਲ, 2020 ਤੱਕ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਕਰਫਿਊ ਦੌਰਾਨ ਪਹਿਲਾਂ ਜਾਰੀ ਕੀਤੇ ਹੁਕਮ ਮੁਤਾਬਿਕ ਜ਼ਰੂਰੀ ਸੇਵਾਵਾਂ ਆਦਿ ਲਈ ਖੁੱਲ ਰਹੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੌਰਾਨ ਜ਼ਿਲਾ  ਪ੍ਰਸਾਸ਼ਨ ਦਾ ਸਹਿਯੋਗ ਕਰਨ। ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਕੋਵਿਡ 19 ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

No comments: