Thursday, April 02, 2020

ਭਾਈ ਨਿਰਮਲ ਸਿੰਘ ਖਾਲਸਾ ਦੇ ਦੇਹਾਂਤ ਤੇ ਸੋਗ ਦੀ ਲਹਿਰ

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ//ਲੁਧਿਆਣਾ: 2 ਅਪ੍ਰੈਲ 2020: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ)::
ਗੁਰਬਾਣੀ ਦੇ ਗਾਇਨ ਵਿੱਚ ਨਵਾਂ ਇਤਿਹਾਸ ਰਚਣ ਵਾਲੇ ਭਾਈ ਨਿਰਮਿਲ ਸਿੰਘ ਖਾਲਸਾ ਨਹੀਂ ਰਹੇ। ਕੋਰੋਨਾ ਦੇ ਕਹਿਰ ਨੇ ਸਾਥੋਂ ਇੱਕ ਅਨਮੋਲ ਹੀਰਾ ਖੋਹ ਲਿਆ। ਸ਼ਬਦ ਗਾਇਨ  ਕਰਦਿਆਂ ਇੱਕ ਖਾਸ ਕਸ਼ਿਸ਼ ਸਿਰਜਣ ਵਾਲੇ ਭਾਈ ਨਿਰਮਲ ਸਿੰਘ ਖਾਲਸਾ ਦੇ ਗਾਏ ਬਹੁਤ ਸਾਰੇ ਸ਼ਬਦ ਹਰਮਨ ਪਿਆਰੇ ਹੋਏ। ਉਹਨਾਂ ਦੇ ਗਾਇਨ ਦਾ ਅੰਦਾਜ਼ ਏਨਾ ਸ਼ਾਨਦਾਰ ਸੀ ਕਿ ਗੁਰਬਾਣੀ ਸਬਦ ਦੇ ਇੱਕ ਸ਼ਬਦ ਸ਼ਬਦ ਦਾ ਅਰਥ ਦਿਲ ਵਿੱਚ ਉਤਰਦਾ ਜਾਂਦਾ ਸੀ। ਉਹਨਾਂ ਦੇ ਤੁਰ ਜਾਣ ਨਾਲ ਗੁਰਬਾਣੀ ਸੰਗੀਤ ਵਿੱਚ ਦਿਲਚਸਪੀ ਰੱਖਣ ਵਾਲਿਆਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 
ਜ਼ਿਕਰਯੋਗ ਹੈ ਕਿ ਪੰਜਾਬੀ ਸਭਿਆਚਾਰ ਵਿੱਚ ਵੱਡੇ ਨਾਮਣੇ ਵਾਲੇ ਸੰਗੀਤਕਾਰ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਹਜ਼ੂਰੀ ਰਾਗੀ ਵੀ ਸਨ।  ਉਹਨਾਂ  ਦੇ  ਬੇਵਕ਼ਤ ਵਿਛੋੜੇ ਨਾਲ  ਸੰਗੀਤ ਅਤੇ ਸਾਹਿਤ ਨਾਲ ਜੁੜੇ ਸਾਰੇ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ  ਹੈ। ਜ਼ਿਕਰਯੋਗ ਹੈ ਕਿ ਉਹ ਵੀ ਕਰੋਨਾ ਤੋਂ ਪ੍ਰਭਾਵਿਤ ਪਾਏ ਗਏ ਸਨ। ਕੋਰੋਨਾ ਨਾਲ ਉਹਨਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਬੜੇ ਤੇਜ਼ੀ ਨਾਲ ਵਧਣ ਲੱਗ ਪਈਆਂ ਸਨ। ਕੋਰੋਨਾ ਕਾਰਨ ਵਧੀਆਂ ਹੋਈਆਂ ਇਹਨਾਂ ਉਲਝਣਾਂ ਦੇ ਸਿੱਟੇ ਵੱਜੋਂ ਹੀ ਉਹਨਾਂ ਦੇ ਦਿਲ ਦੀ ਧੜਕਣ ਅਚਾਨਕ ਰੁਕ ਗਈ। ਜਦੋਂ ਉਹਨਾਂ ਦੇ ਚਾਹੁਣ ਵਾਲੇ ਉਹਨਾਂ ਦੇ ਲੰਮੇ ਜੀਵਨ ਦੀਆਂ ਅਰਦਾਸਾਂ ਕਰ ਰਹੇ ਸਨ ਉਦੋਂ ਉਹਨਾਂ ਪਰਮਾਤਮਾ ਦਾ ਭਾਣਾ ਮੰਨਣ ਵਾਲਾ ਰਾਹ ਚੁਣ  ਲਿਆ। ਜਿਸ   ਪ੍ਰਗਤੀਸ਼ੀਲ ਲੇਖਕ ਸੰਘ ਦੀ ਪੰਜਾਬ ਅਤੇ ਚੰਡੀਗੜ੍ਹ  ਇਕਾਈ ਦੇ ਕ੍ਰਮਵਾਰ ਪ੍ਰਧਾਨ ਅਤੇ ਜਨਰਲ ਸਕੱਤਰ ਡਾ.ਤੇਜਵੱਤ ਗਿੱਲ, ਸੁਰਜੀਤ ਜੱਜ ਅਤੇ ਕਾਰਜਕਾਰੀ ਪ੍ਰਧਾਨ ਡਾ.ਸੁਰਜੀਤ ਬਰਾੜ੍ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਰਨਣਯੋਗ ਹੇੈ ਕਿ ਭਾਈ ਸਾਹਿਬ ਫਿਰੋਜ਼ਪੁਰ ਜਿਲ੍ਹੇ ਦੇ ਮਿਹਨਤਕਸ਼ ਪਰਿਵਾਰ ਵਿੱਚੋਂ ਉਠ ਕੇ ਇੰਨੇ ਉੱਚੇ ਰੁਤਬੇ ਤੇ ਪਹੁੰਚੇ ਸਨ। ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ.ਸੁਖਦੇਵ ਸਿੰਘ ਸਿਰਸਾ, ਡਾ ਸਰਬਜੀਤ ਸਿੰਘ, ਡਾ ਗੁਰਮੇਲ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ, ਡਾ.ਲਾਭ ਸਿੰਘ ਖੀਵਾ, ਡਾ.ਗੁਲਜ਼ਾਰ ਸਿੰਘ ਪੰਧੇਰ, ਡਾ.ਕੁਲਦੀਪ ਸਿੰਘ ਗੁਰਨਾਮ ਕੰਵਰ, ਰਮੇਸ਼ ਯਾਦਵ, ਸੁਰਿੰਦਰ ਕੈਲੇ, ਬਲਕਾਰ ਸਿੱਧੂ, ਬਲਵਿੰਦਰ ਸਿੰਘ ਸ਼ਾਮਿਲ ਹਨ।

No comments: