Dec 8, 2019, 3:53 PM
ਅਗਲੇ ਸੰਘਰਸ਼ ਦਾ ਹੋਵੇਗਾ ਐਲਾਨ:ਇਸ ਵਾਰ ਹੋ ਸਕਦੈ ਹੋਰ ਤਿੱਖਾ ਅੰਦੋਲਨ
ਫਾਈਲ ਫੋਟੋ |
ਲੁਧਿਆਣਾ: 08 ਦਸੰਬਰ 2019: (ਪੰਜਾਬ ਸਕਰੀਨ ਬਿਊਰੋ)::
ਵੀਹ ਦਿਨਾਂ ਤੋਂ ਝੂਠੇ ਪੁਲਿਸ ਕੇਸ ਵਿੱਚ ਜੇਲ੍ਹ ਵਿੱਚ ਡੱਕੇ ਬੇਗੁਨਾਹ ਆਗੂਆਂ-ਕਾਰਕੁੰਨਾਂ ਦੀ ਬਿਨਾਂ ਸ਼ਰਤ ਰਿਹਾਈ ਤੇ ਹੋਰ ਮੰਗਾਂ ਮਨਵਾਉਣ ਲਈ ਅਗਲਾ ਸੰਘਰਸ਼ ਉਲੀਕਣ ਲਈ ਹੰਬੜਾਂ ਕਤਲ ਕਾਂਡ ਜਬਰ ਵਿਰੋਧੀ ਸੰਘਰਸ਼ ਕਮੇਟੀ ਵਿੱਚ ਸ਼ਾਮਲ ਜੱਥੇਬੰਦੀਆਂ ਦੀ ਵਿਸ਼ੇਸ਼ ਮੀਟਿੰਗ ਭਲਕੇ 9 ਦਸੰਬਰ ਨੂੰ ਬਾਅਦ ਦੁਪਹਿਰ 2 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਵੱਲੋਂ ਇਹਨਾਂ ਆਗੂਆਂ-ਕਾਰਕੁੰਨਾਂ ਦੀ ਜਲਦ ਰਿਹਾਈ ਵਾਲੇ ਵਾਅਦੇ ਦੇ ਬਾਵਜੂਦ ਤਿੰਨ ਹਫਤਿਆਂ ਤੋਂ 10 ਆਗੂ-ਕਾਰਕੁੰਨ ਜੇਲ੍ਹ ਵਿੱਚ ਬੰਦ ਹਨ ਜਿਹਨਾਂ ਵਿੱਚ ਕਈ ਬਜ਼ੁਰਗ ਵੀ ਹਨ। ਏਸੀਪੀ (ਪੱਛਮੀ) ਸਮੀਰ ਵਰਮਾ ਨੇ ਭਾਵੇਂ ਕਿਹਾ ਹੈ ਕਿ ਪੁਲਿਸ ਦੀ ਹੁਣ ਤੱਕ ਦੀ ਜਾਂਚ ਵਿੱਚ ਗਿਰਫਤਾਰ ਆਗੂ-ਕਾਰਕੁੰਨ ਬੇਗੁਨਾਹ ਪਾਏ ਗਏ ਹਨ ਪਰ ਇਸਦੇ ਬਾਵਜੂਦ ਵੀ ਉਨ੍ਹਾਂ ਦੀ ਰਿਹਾਈ ਨੂੰ ਲਟਕਾਇਆ ਜਾ ਰਿਹਾ ਹੈ। ਪੁਲਿਸ ਦੇ ਇਸ ਲੋਕ ਦੋਖੀ ਅਤੇ ਗੈਰਜਮਹੂਰੀ ਰਵੱਈਏ ਦੇ ਖਿਲਾਫ਼ ਇਹਨਾਂ ਜਨਤਕ ਜੱਥੇਬੰਦੀਆਂ ਵਿੱਚ ਤਿੱਖਾ ਰੋਸ ਹੈ। ਸੰਘਰਸ਼ ਕਮੇਟੀ ਵੱਲੋਂ ਪੁਲਿਸ ਨੂੰ ਕਾਫੀ ਸਮਾਂ ਦਿੱਤਾ ਜਾ ਚੁੱਕਾ ਹੈ। ਹੁਣ ਇਹਨਾਂ ਖੱਬੇਪੱਖੀ ਜੱਥੇਬੰਦੀਆਂ ਨੂੰ ਫਿਰ ਤੋਂ ਮਜ਼ਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਇਸ ਲਈ 9 ਦਸੰਬਰ ਦੀ ਮੀਟਿੰਗ ਵਿੱਚ ਸੰਘਰਸ਼ ਕਮੇਟੀ ਵੱਲੋਂ ਏ.ਸੀ.ਪੀ. (ਪੱਛਮੀ) ਸਮੀਰ ਵਰਮਾ ਖਿਲਾਫ਼ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਸੰਘਰਸ਼ ਕਮੇਟੀ ਵੱਲੋਂ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਕਿ ਹੰਬੜਾਂ ਵਿਖੇ ਪਲਾਈਵੁੱਡ ਕਾਰਖਾਨੇ ਵਿੱਚ ਠੇਕੇਦਾਰ ਰਘਬੀਰ ਸਿੰਘ ਵੱਲੋਂ ਪੰਦਰਾਂ ਸਾਲਾ ਨਾਬਾਲਗ ਮਜ਼ਦੂਰ ਦੀ ਭਿਆਨਕ ਕੁੱਟਮਾਰ ਕਰਕੇ ਕੀਤੇ ਗਏ ਕਤਲ ਦੀ ਦਰਦਨਾਕ ਘਟਨਾ ਤੋਂ ਬਾਅਦ ਕਾਤਲ ਨੂੰ ਗਿਰਫਤਾਰ ਕਰ ਦੀ ਥਾਂ ਪੁਲਿਸ ਨੇ ਇਨਸਾਫ਼ ਲਈ ਸੰਘਰਸ਼ਸ਼ੀਲ ਜਨਤਕ ਜੱਥੇਬੰਦੀਆਂ-ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂਆਂ ਨੂੰ ਗਿਰਫਤਾਰ ਕਰਕੇ ਝੂਠਾ ਕੇਸ ਪਾ ਕੇ ਜੇਲ੍ਹ ਵਿੱਚ ਡੱਕ ਦਿੱਤਾ ਹੈ। ਲੁਧਿਆਣਾ ਪੁਲਿਸ ਅਤੇ ਪ੍ਰਸ਼ਾਸਨ ਅਸਲ ਵਿੱਚ ਲੋਕਾਂ ਦੀ ਹੱਕੀ ਅਵਾਜ਼ ਦੀ ਸੰਘੀ ਘੁੱਟ ਰਹੇ ਹਨ।
ਇਥੇ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਜਨਤਕ ਜੱਥੇਬੰਦੀਆਂ ਵੱਲੋਂ ਗਠਿਤ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਹੋਏ ਸੰਘਰਸ਼ ਦੇ ਦਬਾਅ ਹੇਠ ਕਾਤਲ ਠੇਕੇਦਾਰ ਰਘਬੀਰ ਪਾਸਵਾਨ ਦੀ ਗਿਰਫਤਾਰੀ ਹੋਈ ਹੈ। ਏ.ਸੀ.ਪੀ.(ਪੱਛਮੀ) ਸਮੀਰ ਵਰਮਾ ਵੱਲੋਂ ਆਗੂਆਂ ਦੀ ਰਿਹਾਈ ਸਬੰਧੀ ਕੀਤੀ ਜਾ ਰਹੀ ਕਾਰਵਾਈ ਦੇ ਭਰੋਸੇ ਕਾਰਨ 5 ਦਸੰਬਰ ਦਾ ਰੱਖਿਆ ਮੁਜ਼ਾਹਰਾ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਏਨੇ ਦਿਨ ਲੰਘਣ ਤੋਂ ਬਾਅਦ ਵੀ ਇਹ ਵਾਅਦਾ ਨਹੀਂ ਨਿਭਾਇਆ ਗਿਆ। ਐਤਵਾਰ ਨੂੰ ਵੀ ਵੱਖ-ਵੱਖ ਜੱਥੇਬੰਦੀਆਂ ਨੇ ਆਪਣੀ ਮੀਟਿੰਗ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੇ ਸੰਘਰਸ਼ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਦੀ ਮੀਟਿੰਗ ਦੌਰਾਨ ਸੰਘਰਸ਼ ਕਮੇਟੀ ਨੇ ਕੱਲ ਫਰੀਦਕੋਟ ਵਿਖੇ ਡਾਕਟਰ ਮਹਿਲਾ ਦੇ ਜਿਨਸੀ ਸ਼ੋਸਣ ਖਿਲਾਫ਼ ਡੀ.ਸੀ. ਦਫਤਰ ਸਾਹਮਣੇ ਮੁਜ਼ਾਹਰਾ ਕਰ ਰਹੇ ਲੋਕਾਂ ਉੱਤੇ ਪੁਲਿਸ ਵੱਲੋਂ ਜਬਰ ਢਾਹੁਣ ਦੀ ਵੀ ਸਖਤ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਜਿਨਸੀ ਸ਼ੋਸ਼ਣ ਵਿਰੁੱਧ ਸੰਘਰਸ਼ ਕਮੇਟੀ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਅਤੇ ਮੁਜ਼ਾਹਰਾਕਾਰੀਆਂ ਉੱਪਰ ਜਬਰ ਢਾਹੁਣ ਵਾਲੇ ਪੁਲਿਸ ਅਫਸਰਾਂ ਤੇ ਹੋਰ ਦੋਸ਼ੀ ਅਫਸਰਾਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।
ਸੰਘਰਸ਼ ਕਮੇਟੀ ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਏਕਤਾ-ਡਕੌਂਦਾ), ਏਟਕ, ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਜਮਹੂਰੀ ਕਿਸਾਨ ਸਭਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ, ਸੀਟੂ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਸੀਟੀਯੂ, ਉਸਾਰੀ ਮਜ਼ਦੂਰ ਯੂਨੀਅਨ, ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ, ਲੋਕ ਏਕਤਾ ਸੰਗਠਨ, ਰੇੜੀਫੜੀ ਯੂਨੀਅਨ, ਇਨਕਲਾਬੀ ਮਜ਼ਦੂਰ ਕੇਂਦਰ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰੀ ਕਮੇਟੀ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ, ਡੈਮੋਕ੍ਰੇਟਿਕ ਮੁਲਾਜ਼ਮ ਫਰੰਟ, ਡੀਟੀਐਫ ਤੇ ਹੋਰ ਅਨੇਕਾਂ ਜੱਥੇਬੰਦੀਆਂ ਸ਼ਾਮਲ ਹਨ। ਇਸ ਮੌਕੇ ਹੋਰਨਾਂ ਜੱਥੇਬੰਦੀਆਂ ਨੂੰ ਵੀ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ ਹੈ। ਇਸ ਸੱਦੇ ਦੇ ਹੁੰਗਾਰੇ ਵਿੱਚ ਕੌਣ ਕੌਣ ਸ਼ਾਮਲ ਹੁੰਦਾ ਹੈ ਇਸਦਾ ਪਤਾ ਤਾਂ ਹੁਣ ਕੱਲ ਦੀ ਮੀਟਿੰਗ ਅਤੇ ਅਗਲੇ ਐਕਸ਼ਨ ਦੌਰਾਨ ਹੀ ਲੱਗੇਗਾ ਪਰ ਮਹਿਸੂਸ ਹੋ ਰਿਹਾ ਹੈ ਕਿ ਇੱਕ ਵਾਰ ਫਿਰ ਇਹਨਾਂ ਜਨਤਕ ਜੱਥੇਬੰਦੀਆਂ ਦੇ ਤੇਵਰ ਤਿੱਖੇ ਹੋ ਗਏ ਹਨ। ਇਹਨਾਂ ਦੇ ਆਗੂ ਅਤੇ ਵਰਕਰ ਗੁੱਸੇ ਵਿੱਚ ਹਨ। ਫਰੀਦਕੋਟ ਵਾਲੇ ਪੁਲਿਸ ਐਕਸ਼ਨ ਨੂੰ ਵੀ ਇਹਨਾਂ ਨੇ ਆਪਣੇ ਲਈ ਹੀ ਇੱਕ ਸੁਨੇਹਾ ਸਮਝਿਆ ਹੈ ਅਤੇ ਹੁਣ ਇਹ ਬਰਫੀਲੇ ਪਾਣੀ ਦੀਆਂ ਬੁਛਾਰਾਂ ਅਤੇ ਲਾਠੀਚਾਰਜ ਲਈ ਬਾਕਾਇਦਾ ਤਿਆਰੀਆਂ ਕਰਕੇ ਜਾਣਗੇ। ਇਹਨਾਂ ਜੱਥੇਬੰਦੀਆਂ ਦੇ ਵਰਕਰਾਂ ਤੇ ਵੀ ਪੁਲਿਸ ਬਰਫੀਲੇ ਪਾਣੀ ਦੀਆਂ ਬੁਛਾੜਾਂ ਛੱਡ ਸਕਦੀ ਹੈ ਤੇ ਲਾਠੀਚਾਰਜ ਕਰ ਸਕਦੀ ਹੈ ਇਸ ਮਕਸਦ ਲਈ ਵੀ ਇਹ ਅੰਦੋਲਨਕਾਰੀ ਤਿਆਰ ਹਨ। ਸਮਝਿਆ ਜਾਂਦਾ ਹੈ ਕਿ ਇਸ ਵਾਰ ਦਾ ਇਕੱਠ ਪਹਿਲੇ ਸਾਰੇ ਇਕੱਠਾਂ ਨਾਲੋਂ ਕਿਤੇ ਜ਼ਿਆਦਾ ਵੱਡਾ ਹੋਵੇਗਾ। ਜੇ ਪੁਲਿਸ ਪਹਿਲਾਂ ਤੋਂ ਹੀ ਗ੍ਰਿਫਤਾਰ ਆਗੂਆਂ ਨੂੰ ਰਿਹਾ ਕਰਨ ਦੀ ਬਜਾਏ ਇਹਨਾਂ ਦੇ ਹੋਰ ਆਗੂਆਂ ਅਤੇ ਵਰਕਰਾਂ ਨੂੰ ਵੀ ਗ੍ਰਿਫਤਾਰ ਕਰਦੀ ਹੈ ਤਾਂ ਅੰਦੋਲਨਕਾਰੀਆਂ ਨੇ ਇਸ ਸੰਬੰਧੀ ਵੀ ਪੂਰੀ ਤਿਆਰੀ ਕਰ ਲਈ ਲੱਗਦੀ ਹੈ।
---------0--------
No comments:
Post a Comment