SCD ਕਾਲਜ ਵਿੱਚ ਵਪਾਰ ਦੀ ਅਹਿਮੀਅਤ ਬਾਰੇ ਵਿਸ਼ੇਸ਼ ਵਿਚਾਰ ਗੋਸ਼ਠੀ
ਲੁਧਿਆਣਾ: 15 ਨਵੰਬਰ 2019: (ਪੰਜਾਬ ਸਕਰੀਨ ਬਿਊਰੋ)::
100 ਸਾਲਾਂ ਦੀ ਸਮਾਗਮੀ ਲੜੀ ਨੂੰ ਅੱਗੇ ਵਧਾਉਦਿਆਂ ਅੱਜ ਸਥਾਨਕ ਸਤੀਸ਼ ਚੰਦਰ ਧਵਨ, ਸਰਕਾਰੀ ਕਾਲਜ, ਲੁਧਿਆਣਾ ਵਿਖੇ ਇੱਕ ਰੋਜ਼ਾ ਸਿਮਪੋਜ਼ੀਅਮ ਕਰਵਾਇਆ ਗਿਆ ਜਿਸਦਾ ਵਿਸ਼ਾ ਤਕਨੀਕੀ ਸੂਚਨਾ, ਵਪਾਰ ਅਤੇ ਉਦਯੋਗਿਕ ਉੱਨਤੀ ਰਿਹਾ। ਸਮਾਗਮ ਦਾ ਆਰੰਭ ਕਾਲਜ ਦੇ ਮੁੱਖ ਹਾਲ ਸਾਹਿਰ ਆਡੀਟੋਰੀਅਮ ਵਿਖੇ ਹੋਇਆ। ਇਸ ਆਯੋਜਨ ਦੇ ਪ੍ਰਮੁੱਖ ਮਹਿਮਾਨ ਡਾ. ਸੁਖਵਿੰਦਰ ਸਿੰਘ ਬਿੰਦਰਾ (ਚੇਅਰਮੈਨ, ਯੂਥ ਡਿਵੈੱਲਪਮੈਂਟ ਬੋਰਡ, ਪੰਜਾਬ, ਸ਼੍ਰੀ ਐਮ.ਪੀ. ਅਰੋੜਾ (ਵਿਸ਼ੇਸ਼ ਸਕੱਤਰ, ਉਚੇਰੀ ਸਿੱਖਿਆ ਵਿਭਾਗ(ਆਈ.ਏ.ਐਸ), ਸ਼੍ਰੀ ਜੇ.ਆਰ ਸਿੰਗਲ ਪ੍ਰਮੁੱਖ ਉਦਯੋਗਪਤੀ, ਡਾ. ਐਸ.ਸੀ. ਵੈਦਯ ਵਿਸ਼ੇਸ਼ ਮਹਿਮਾਨ ਡਾ. ਸੰਜੇ ਕੋਸ਼ਿਕ ਡੀਨ, ਕਾਲਜ ਡਿਵੈਲਪਮੈਂਟ ਕੋਂਸਲ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਪ੍ਰਮੁੱਖ ਰੂਪ ਵਿੱਚ ਪਹੁੰਚੇ। ਸਮਾਗਮ ਦਾ ਆਗਾਜ਼ ਕਾਲਜ ਦੇ ਸ਼ਬਦ ਗਾਇਨ ਨਾਲ ਹੋਇਆ। ਉਪਰੰਤ ਯੂਨੀਵਰਸਿਟੀ ਦਾ ਐਨਥਮ ਚੱਲਿਆ।
ਆਏ ਹੋਏ ਮਹਿਮਾਨਾਂ ਅਤੇ ਪ੍ਰਮੁੱਖ ਮੇਜ਼ਬਾਨਾਂ ਨੇ ਸਮਾਗਮ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਕੇ ਕੀਤੀ। ਕਾਲਜ ਦੇ ਪ੍ਰਿੰਸੀਪਲ ਡਾ. ਧਰਮ ਸਿੰਘ ਸੰਧੂ ਨੇ ਆਏ ਮਹਿਮਾਨਾਂ ਨੂੰ ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਨਾਲ ਰੁਬਰੂ ਕਰਵਾਇਆ ਅਤੇ ਕਾਲਜ ਦਾ 100 ਸਾਲਾ ਇਤਿਹਾਸ ਦੱਸਦਿਆਂ ਆਏ ਮਹਿਮਾਨਾਂ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ। ਉਹਨਾਂ ਆਪਣੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਵਪਾਰ ਅਤੇ ਆਰਥਿਕਤਾ ਅੱਜ ਦੇ ਸਮੇਂ ਦੀ ਮੰਗ ਹੈ।
ਇਸ ਸਮਾਗਮ ਦੇ ਇੰਚਾਰਜ ਅਤੇ ਕੋ ਆਰਡੀਨੇਟਰ ਡਾ. ਅਸ਼ਵਨੀ ਭੱਲਾ ਨੇ ਸਿੰਮਪੋਜ਼ੀਅਮ ਦੇ ਵਿਸ਼ੇ ਨਾਲ ਜਾਣੂ ਕਰਵਾਇਆ ਅਤੇ ਦੱਸਿਆ ਕਿ ਆਧੁਨਿਕ ਯੁੱਗ ਵਪਾਰ ਦਾ ਯੁੱਗ ਹੈ। ਵਪਾਰਕ ਅਤੇ ਤਕਨੀਕੀ ਨੁੱਕਤਿਆਂ ਨਾਲ ਹੀ ਸਾਡਾ ਸਮਾਜ ਵਿਸ਼ਵ ਪੱਧਰ ਤੇ ਜੁੜ ਸਕਦਾ ਹੈ। ਸਿੰਮਪੋਜ਼ੀਅਮ ਵਿੱਚ ਕੁੰਜੀਵਤ ਭਾਸ਼ਣ ਡਾ. ਐਸ.ਸੀ. ਵੈਦਯ ਵੱਲੋਂ ਪੇਸ਼ ਕੀਤਾ ਗਿਆ।
ਵਿਸ਼ੇਸ਼ ਮਹਿਮਾਨਾਂ ਦੁਆਰਾ ਇਸ ਵਿਸ਼ੇ ਉੱਪਰ ਆਪਣੇ ਯੋਗ ਵਿਚਾਰ ਪ੍ਰਸਤੁੱਤ ਕੀਤੇ ਗਏ। ਸੈਸ਼ਨ ਓਪਨ ਕਰਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਪ੍ਰਸ਼ਨਾਂ ਦੇ ਹੱਲ ਦਿੱਤੇ ਗਏ। ਪ੍ਰਮੁੱਖ ਮਹਿਮਾਨ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਆਪਣੇ ਵਿਸ਼ੇਸ਼ ਵਿਚਾਰ ਪ੍ਰਗਟ ਕੀਤੇ। ਅੰਤ ਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਉਹਨਾਂ ਦਾ ਦਿਲੀ ਧੰਨਵਾਦ ਡਾ. ਹਰਬੰਸ ਸਿੰਘ ਦੁਆਰਾ ਨਿੱਘੇ ਸ਼ਬਦਾਂ ਨਾਲ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਰੂਪ ਵਿੱਚ ਡਾ. ਗੁਰਸ਼ਰਨ ਜੀਤ ਸਿੰਘ ਸੰਧੂ ਨੇ ਆਪਣੀ ਭੂਮਿਕਾ ਨਿਭਾਈ। ਸਮੂਹ ਅਧਿਆਪਕ ਅਤੇ ਵਿਦਿਆਰਥੀਆਂ ਨੇ ਇਸ ਵਿਸ਼ੇ ਤੋਂ ਯੋਗ ਜਾਣਕਾਰੀ ਹਾਸਲ ਕੀਤੀ ਅਤੇ ਸਮਾਗਮ ਦਾ ਅੰਤ ਰਾਸ਼ਟਰੀ ਗਾਣ ਨਾਲ ਕੀਤਾ ਗਿਆ।
No comments:
Post a Comment