Tuesday, August 06, 2019

ਸੀਪੀਆਈ ਦੀ ਲੁਧਿਆਣਾ ਮੀਟਿੰਗ ਨੇ ਭਾਜਪਾ ਸਰਕਾਰ ਨੂੰ ਲੰਮੇ ਹੱਥੀਂ ਲਿਆ

Aug 6, 2019, 5:23 PM
ਧਾਰਾ 370 ਹਟਾਉਣਾ ਪੂਰੀ ਤਰਾਂ ਗੈਰ ਸੰਵਿਧਾਨਕ ਅਤੇ ਗੈਰ ਜਮਹੂਰੀ 

ਲੁਧਿਆਣਾ: 6 ਅਗਸਤ 2019: (ਪੰਜਾਬ ਸਕਰੀਨ ਬਿਊਰੋ)::
ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਦੇ ਅਹੁਦੇਦਾਰਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਭਾਜਪਾ ਸਰਕਾਰ ਵੱਲੋਂ ਕਸ਼ਮੀਰ ਵਿੱਚ ਧਾਰਾ 370 ਹਟਾਉਣ ਵਾਲੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਗਈ। ਇਸ ਗੱਲ ਦਾ ਗੰਭੀਰ ਨੋਟਿਸ ਲਿਆ ਗਿਆ ਕਿ ਬੀਜੇਪੀ ਸਰਕਾਰ ਨੇ ਇਸ ਹਰਕਤ ਨਾਲ ਘੱਟ ਗਿਣਤੀਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹਡ਼ੀ ਕਿ ਬੇਹੱਦ ਮੰਦਭਾਗੀ ਹੈ। ਮੀਟਿੰਗ ਵਿੱਚ ਕਿਹਾ ਗਿਆ ਕਿ ਇਹ ਪੂਰੀ ਤਰਾਂ ਗੈਰ ਸੰਵਿਧਾਨਿਕ ਅਤੇ ਗੈਰ ਜਮਹੂਰੀ ਹਰਕਤ ਹੈ ਜਿਸਦੇ ਦੂਰ ਰਸ ਸਿੱਟੇ ਬਹੁਤ ਮਾਡ਼ੇ ਹੀ ਨਿਕਲਦੇ ਹਨ। ਭਾਜਪਾ ਵੱਲੋਂ ਕੀਤੀ ਜਾ ਰਹੀ ਮਾਅਰਕੇਬਾਜ਼ੀ 'ਤੇ ਸਖਤ ਇਤਰਾਜ਼ ਕਰਦਿਆਂ ਕਿਹਾ ਗਿਆ ਕਿ ਆਖਿਰ ਭਾਜਪਾ ਕਿਸ ਗੱਲ ਦਾ ਸਿਹਰਾ ਲੈਣਾ ਚਾਹੁੰਦੀ ਹੈ। ਕੀ ਕਸ਼ਮੀਰ ਪਹਿਲਾ ਭਾਰਤ ਤੋਂ ਬਾਹਰ ਸੀ? ਮੀਟਿੰਗ ਵਿੱਚ ਮੌਜੂਦ ਕਮਿਊਨਿਸਟ ਆਗੂਆਂ ਨੇ ਕਿਹਾ ਕਿ ਕੀ ਹੁਣ ਕਸ਼ਮੀਰੀਆਂ ਦੀ ਜਾਇਦਾਦ, ਉੱਥੋਂ ਦੇ ਕੁਦਰਤੀ ਸੋਮੇ ਅਤੇ ਹੋਰ ਸਾਧਨ ਸਰਮਾਏਦਾਰਾਂ ਨੂੰ ਵੇਚੇ ਜਾਣ ਦੀ ਕੋਈ ਸਾਜ਼ਿਸ਼ ਹੈ? ਕਸ਼ਮੀਰ ਵਿੱਚ ਕਸ਼ਮੀਰੀਆਂ ਦੇ ਨਾਲ ਗੈਰ ਕਸ਼ਮੀਰੀਆਂ ਦਾ ਕਾਰੋਬਾਰ ਅਤੇ ਵਪਾਰ ਪਹਿਲਾਂ ਵੀ ਚੱਲਦਾ ਸੀ ਅਤੇ ਹੁਣ ਵੀ ਚੱਲ ਰਿਹਾ ਸੀ। ਉਹਨਾਂ ਨੇ ਕਿਹਾ ਕਿ ਧਾਰਾ 370 (1) ਤਾਂ ਪਹਿਲਾਂ ਹੀ ਸੋਧ ਕਰਕੇ ਰਾਜੇ ਦੀ ਥਾਂ 'ਤੇ ਚੁਣੀ ਹੋਈ ਸਰਕਾਰ ਬਣਾਉਣ ਦੀ ਵਿਵਸਥਾ ਕੀਤੀ ਗਈ ਸੀ। ਗੈਰ ਕਸ਼ਮੀਰੀਆਂ ਵੱਲੋਂ ਕਸ਼ਮੀਰ ਜਾ ਕੇ ਥਾਂ ਖਰੀਦਣ ਦੀ ਗੱਲ ਵੀ ਹਾਸੋਹੀਣੀ ਹੈ ਕਿਓਂਕਿ ਧਾਰਾ 371 ਅਧੀਨ ਨਾਗਾਲੈਂਡ, ਅਸਾਮ, ਸਿੱਕਮ, ਮੀਜ਼ੋਰਮ, ਆਂਧਰਾ ਪ੍ਰਦੇਸ਼, ਤੇਲੰਗਾਨਾ, ਗੋਆ ਅਤੇ ਕਈ ਹੋਰਨਾਂ ਥਾਂਵਾਂ 'ਤੇ ਵੀ ਬਾਹਰੀ ਵਿਅਕਤੀ ਇਹਨਾਂ ਥਾਂਵਾਂ ਤੇ ਜਾ ਕੇ ਥਾਂ ਨਹੀਂ ਖਰੀਦ ਸਕਦੇ। ਅਸਾਡੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਵੀ ਬਾਹਰੀ ਸੂਬਿਆਂ ਦੇ ਵਿਅਕਤੀ ਜਾਇਦਾਦ ਨਹੀਂ ਖਰੀਦ ਸਕਦੇ। ਭਗਵਾ ਰੰਗ ਵਿੱਚ ਰੰਗੇ ਹੋਏ ਅਜਿਹੇ ਐਕਸ਼ਨ ਅਸਲ ਵਿੱਚ ਨਿੱਘਰ ਰਹੀ ਆਰਥਿਕਤਾ ਅਤੇ ਹੋਰਨਾਂ ਲੋਕ ਮਸਲਿਆਂ ਤੋਂ ਧਿਆਨ ਲਾਂਭੇ ਕਰਨ ਦੀ ਸਾਜ਼ਿਸ਼ ਹੀ ਹੈ। ਪਾਰਟੀ ਆਗੂਆਂ ਨੇ ਕਿਹਾ ਆਉਣ ਵਾਲੇ ਨੇਡ਼ ਭਵਿੱਖ ਵਿੱਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਅੰਦੋਲਨ ਚਲਾਏ ਜਾਣਗੇ। 
ਅੱਜ ਦੀ ਇਸ ਮੀਟਿੰਗ ਵਿੱਚ ਕਾਮਰੇਡ ਡੀ ਪੀ ਮੌਡ਼, ਕਾਮਰੇਡ ਰਮੇਸ਼ ਰਤਨ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਗੁਰਨਾਮ ਸਿੱਧੂ ਅਤੇ ਅਵਤਾਰ ਛਿੱਬਰ ਸ਼ਾਮਲ ਸਨ। 

No comments: