Friday, August 23, 2019

ਲੁਧਿਆਣਾ ਵਿੱਚ ਫਿਰ ਭਿਆਨਕ ਅੱਗ:ਤਕਰੀਬਨ 20 ਗੱਡੀਆਂ ਨੇ ਪਾਇਆ ਕਾਬੂ

ਫਾਇਰ ਬ੍ਰਿਗੇਡ ਨੂੰ ਕਰਨੀ ਪਈ ਪੰਜ ਘੰਟੇ ਦੀ ਮੁਸ਼ੱਕਤ
ਲੁਧਿਆਣਾ: 23 ਅਗਸਤ 2019: (ਪੰਜਾਬ ਸਕਰੀਨ ਟੀਮ)::
ਅੱਜ ਅਗਨੀ ਨੇ ਲੁਧਿਆਣਾ ਵਿੱਚ ਫਿਰ ਆਪਣੀ ਕਰੋਪੀ ਦਿਖਾਈ। ਹੜਾਂ ਦੀ ਮਾਰ ਤੋਂ ਬਾਅਦ ਹੁਣ ਅੱਗ ਦੀ ਮਾਰ ਨੇ ਲੋਕਾਂ ਦਾ ਸਾਹ ਸੂਤ ਲਿਆ। ਅੱਗ ਦੀ ਇਹ ਕਰੋਪੀ ਅੱਜ ਲੁਧਿਆਣਾ ਦੇ ਗਿੱਲ ਰੋਡ ਸਥਿਤ ਕ੍ਰਿਸ਼ਨਾ ਨਗਰ 'ਚ ਇਕ ਪਲਾਸਟਿਕ ਦੀ ਫ਼ੈਕਟਰੀ 'ਚ  ਦਿਖਾਈ ਦਿੱਤੀ ਜਿੱਥੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀਆਂ 5 ਅੱਗ ਬੁਝਾਊ ਦਸਤਿਆਂ ਦੀ ਗੱਡੀਆਂ ਵੱਲੋਂ ਅੱਗ 'ਤੇ  ਕਾਬੂ ਪਾਉਣ ਦੀ ਮੁਸ਼ੱਕਤ ਸ਼ੁਰੂ  ਕੀਤੀ ਗਈ।  ਬਾਅਦ ਵਿੱਚ ਫੇਯਰ ਬ੍ਰਿਗੇਡ  ਗੱਡੀਆਂ ਵੀ ਮੰਗਵਾਉਣੀਆਂ ਪਈਆਂ। ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜੰਗੀ ਪੱਧਰ ਤੇ ਕਰਨੀਆਂ ਪਈਆਂ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਦੇਖਦੇ ਹੀ ਦੇਖਦੇ ਪੂਰੀ ਫ਼ੈਕਟਰੀ ਨੂੰ ਆਪਣੀ ਲਪੇਟ 'ਚ ਲੈ ਲਿਆ। ਇਹ ਫੈਕਟਰੀ ਲੁਧਿਆਣਾ ਦੀ  ਰੁੱਝੀ ਹੋਈ ਸੜਕ ਗਿੱਲ ਰੋਡ 'ਤੇ ਦੇ ਨੇੜੇ ਪੈਂਦੀ ਹੈ। ਜੇ ਅੱਗ ਬੁਝਾਉਣ ਵਾਲੀਆਂ ਟੀਮਾਂ ਕੁਝ ਦੇਰ ਨਾਲ ਪਹੁੰਚਦੀਆਂ  ਤਾਂ ਅੱਗ ਆਲੇ ਦੁਆਲੇ ਵੀ ਫੈਲ ਸਕਦੀ ਸੀ। ਖੁਸ਼ਕਿਸਮਤੀ ਇਹ ਰਹੀ ਕਿ ਜਿਸ ਸਮੇਂ ਫੈਕਟਰੀ ’ਚ ਅੱਗ ਲੱਗੀ, ਉਸ ਸਮੇਂ ਕੋਈ ਵੀ ਮਜ਼ਦੂਰ ਫੈਕਟਰੀ ਦੇ ਅੰਦਰ ਕੰਮ ਨਹੀਂ ਕਰ ਰਿਹਾ ਸੀ। ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ, ਪਰ ਹਾਲੇ ਤੱਕ ਸਪਸ਼ਟ ਕਾਰਨ ਪਤਾ ਨਹੀਂ ਲੱਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗਿੱਲ ਰੋਡ ਸੈਂਟਰਲ ਮਾਰਕੀਟ ਦੇ ਪਿੱਛੇ ਕਿਸ਼ਨਪੁਰਾ ਇਲਾਕਾ ਹੈ। ਜਿੱਥੇ ਪਲਾਸਟਿਕ ਨੂੰ ਰੀਸਾਈਕਲ ਕਰਨ ਤੋਂ ਬਾਅਦ ਪਲਾਸਟਿਕ ਦਾ ਦਾਣਾ ਤਿਆਰ ਕੀਤਾ ਜਾਂਦਾ ਹੈ ਤੇ ਦਾਣਾ ਅੱਗੇ ਦੁਕਾਨਾਂ ’ਚ ਸਪਲਾਈ ਕੀਤਾ ਜਾਂਦਾ ਹੈ। ਇਹ ਫੈਕਟਰੀ ਇਲਾਕੇ ’ਚ ਦੋ ਮੰਜ਼ਿਲਾਂ ਸੀ। ਪਹਿਲੀ ਮੰਜ਼ਿਲ ’ਤੇ ਲੈਂਟਰ ਅਤੇ ਦੂਸਰੀ ’ਤੇ ਸ਼ੈਡ ਲੱਗਿਆ ਹੋਇਆ ਸੀ। ਸ਼ੁੱਕਰਵਾਰ ਦੀ ਸਵੇਰੇ ਫੈਕਟਰੀ ’ਚ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਜ਼ਿਆਦਾ ਫੈਲ ਗਈ ਤਾਂ ਅੱਗ ਦਾ ਧੂੰਆਂ ਬਾਹਰ ਦਿਖਾਈ ਦੇਣ ਲੱਗਿਆ। ਜਿਸ ਤੋਂ ਬਾਅਦ ਆਸਪਾਸ ਦੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਇਸੇ ਦੌਰਾਨ ਕਿਸੇ ਨੇ ਇਸਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ। ਇੱਕ ਤੋਂ ਬਾਅਦ ਇੱਕ ਫਾਇਰ ਬ੍ਰਿਗੇਡ ਦੀਆਂ ਕਰੀਬ 10 ਗੱਡੀਆਂ ਮੌਕੇ ’ਤੇ ਪੁੱਜੀਆਂ। ਜਿਨ੍ਹਾਂ ਨੇ ਚੱਕਰ ਲਾ ਕੇ ਲਗਾਤਾਰ ਪਾਣੀ ਅੱਗ ’ਤੇ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਵਿੱਚੋਂ ਨਿਕਲੇ ਸੇਕ ਨਾਲ ਦੂਸਰੀ ਮੰਜ਼ਿਲ ’ਤੇ ਪਿਆ ਸਾਰਾ ਸ਼ੈੱਡ ਥੱਲੇ ਡਿੱਗ ਗਿਆ। ਜਿਸ ਨਾਲ ਆਸਪਾਸ ਖੜ੍ਹੇ ਲੋਕ ਬਾਲ ਬਾਲ ਬਚ ਗਏ। ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਰਿਹਾਇਸ਼ੀ ਇਲਾਕਿਆਂ ’ਚ ਦੋ ਮੰਜ਼ਿਲਾਂ ਨੂੰ ਵੀ ਸ਼ੈੱਡ ਪਾ ਕੇ ਫੈਕਟਰੀ ਬਿਨਾਂ ਮੰਨਜ਼ੂਰੀ ਹੀ ਚਲਾਈ ਜਾ ਰਹੀ ਹੈ। ਲੋਕਾਂ ਨੇ ਪ੍ਰਸ਼ਾਸ਼ਨ ਨੂੰ ਇਸ ਪਾਸੇ ਧਿਆਨ ਦੇਣ ਦੀ ਗੱਲ ਕੀਤੀ ਹੈ। ਫਾਇਰ ਬ੍ਰਿਗੇਡ ਦਾ ਕਹਿਣਾ ਹੈ ਕਿ 30 ਗੱਡੀਆਂ ਨੇ ਪੰਜ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਹੈ। ਫਾਇਰ ਬ੍ਰਿਗੇਡ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ, ਦੇਖਿਆ ਜਾ ਰਿਹਾ ਹੈ ਕਿ ਫੈਕਟਰੀ ਮਾਲਕ ਨੇ ਐਨਓਸੀ ਲਈਆਂ ਸਨ ਜਾ ਨਹੀਂ। ਉਸ ਤੋਂ ਬਾਅਦ ਫੈਕਟਰੀ ਮਾਲਕ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਏਗੀ।

No comments: