Jul 25, 2019, 4:33 PM
15 ਅਗਸਤ ਨੂੰ ਈਸੜੂ ਵਿਖੇ ਵਿਸ਼ਾਲ ਕਾਨਫਰੰਸ ਦਾ ਸੱਦਾ
ਲੁਧਿਆਣਾ: 25 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਸੀਪੀਆਈ ਇੱਕ ਵਾਰ ਫੇਰ ਤਿੱਖੇ ਲੋਕ ਘੋਲਾਂ ਵੱਲ ਪਰਤ ਰਹੀ ਹੈ। ਇਸਦਾ ਸੰਕੇਤ ਸੀਪੀਆਈ ਦੀ ਜ਼ਿਲਾ ਐਗਜ਼ੈਕੁਟੀਵ ਮੀਟਿੰਗ ਦੇ ਅੱਜ ਜਾਰੀ ਕੀਤੇ ਫੈਸਲਿਆਂ ਤੋਂ ਮਿਲਦਾ ਹੈ। ਕੱਲ੍ਹ 24 ਜੁਲਾਈ ਨੂੰ ਕਰੀਬ ਚਾਰ ਘੰਟਿਆਂ ਤੱਕ ਚੱਲੀ ਇਸ ਮੀਟਿੰਗ ਵਿੱਚ ਹੋਈਆਂ ਲੰਮੀਆਂ ਵਿਚਾਰਾਂ ਮਗਰੋਂ ਜੋ ਅਹਿਮ ਫੈਸਲੇ ਲਏ ਗਏ ਉਹ ਇਹੀ ਸੰਕੇਤ ਦੇਂਦੇ ਹਨ ਕਿ ਆਉਂਦੇ ਦਿਨਾਂ ਵਿੱਚ ਪਾਰਟੀ ਦੀ ਸੁਰ ਇੱਕ ਵਾਰ ਫੇਰ ਪੁਰਾਣੇ ਸਮਿਆਂ ਵਾਂਗ ਤਿੱਖੀ ਹੋਣ ਵਾਲੀ ਹੈ। ਜ਼ਿਕਰਯੋਗ ਹੈ ਕਿ ਇਹ ਮੀਟਿੰਗ ਬਸ ਅੱਡੇ ਕੋਲ ਅਬਦੁੱਲਾਪੁਰ ਬਸਤੀ ਨੇੜੇ ਸਥਿਤ ਸੀਪੀਆਈ ਦਫਤਰ ਵਿਖੇ ਹੋਈ ਸੀ। ਪਾਰਟੀ ਵੱਲੋਂ ਇਸ ਦਫਤਰ ਦੀ ਇਮਾਰਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਕਿਹਾ ਜਾਂਦਾ ਹੈ। ਇਸ ਮੀਟਿੰਗ ਵਿੱਚ ਪਾਰਟੀ ਦੇ ਸਾਰੇ ਵਿੰਗਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ।
ਕਾਮਰੇਡ ਗੁਰਨਾਮ ਸਿੱਧੂ ਦੀ ਪਰਧਾਨਗੀ ਹੇਠ ਹੋਈ ਭਾਰਤੀ ਕਮਿਊਨਿਸਟ ਪਾਰਟੀ ਦੀ ਇਸ ਜ਼ਿਲਾ ਕਾਰਜਕਾਰਨੀ ਦੀ ਮੀਟਿੰਗ ਨੇ ਇੱਕ ਫੈਸਲਾ ਕਰਕੇ ਬਿਜਲੀ ਦੀਆਂ ਮਹਿੰਗੀਆਂ ਦਰਾਂ ਵਿਰੁੱਧ ਸੰਘਰਸ਼ ਕਰਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਇਹ ਉਹੀ ਗੁਰਨਾਮ ਸਿੰਘ ਸਿੱਧੂ ਹਨ ਜਿਹਨਾਂ ਦੇ ਖਾੜਕੂ ਸੁਭਾਅ ਕਾਰਨ ਪਿਛਲੇ ਇੱਕ ਡੇੜ ਮਹੀਨੇ ਦੌਰਾਨ ਕਈ ਵਾਰ ਤਿੱਖੇ ਟਕਰਾਓ ਹੁੰਦੇ ਹੁੰਦੇ ਟਲੇ। ਕਦੇ ਗੁੰਡਿਆਂ ਨਾਲ, ਕਦੇ ਪੁਲਿਸ ਨਾਲ ਅਤੇ ਕਦੇ ਨਗਰਨਿਗਮ ਨਾਲ। ਅੱਜ ਜਦੋਂ ਬਿਜਲੀ ਦੀਆਂ ਵਧੀਆਂ ਦਰਾਂ ਦੀ ਗੱਲ ਹੋਈ ਤਾਂ ਇਸ ਸਬੰਧੀ ਵਿਸਥਾਰਤ ਚਰਚਾ ਵੀ ਹੋਈ। ਇਸ ਚਰਚਾ ਦੌਰਾਨ ਪਾਰਟੀ ਦੇ ਸਹਾਇੱਕ ਸਕੱਤਰ ਤੇ ਬਿਜਲੀ ਬੋਰਡ ਮੁਲਾਜ਼ਮਾਂ ਦੇ ਸਾਬਕਾ ਆਗੂ ਕਾਮਰੇਡ ਚਮਕੌਰ ਸਿੰਘ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਪਿਛਲੇ ਸਮੇਂ ਦੌਰਾਨ ਨਿਜੀ ਖੇਤਰ ਦੇ ਨਾਲ ਠੇਕਾ ਕਰ ਲਿਆ ਗਿਆ ਸੀ ਤੇ ਬਿਨਾ ਬਿਜਲੀ ਖਰੀਦੇ ਨਿਜੀ ਖੇਤਰ ਨੂੰ 2700 ਕਰੋੜ ਰੁਪਏ ਦੇ ਦਿੱਤੇ ਗਏ ਸਨ। ਇਸਦੇ ਨਾਲ ਹੀ ਸਰਕਾਰ ਨੇ ਆਪਣੇ ਪਲਾਂਟ ਬੰਦ ਕਰ ਦਿੱਤੇ ਸਨ। ਮੀਟਿੰਗ ਵਿੱਚ ਇਹ ਖੁਲਾਸਾ ਹੋਣ ਮਗਰੋਂ ਕਿਹਾ ਗਿਆ ਇਹ ਲੋਕਾਂ ਦੀਆਂ ਜੇਬਾਂ ਤੇ ਸਰਾਸਰ ਡਾਕਾ ਹੈ ਤੇ ਧੋਖਾਧੜੀ ਹੈ। ਇਸਤੋ ਇਲਾਵਾ ਬਿਜਲੀ ਉੱਪਰ ਚੁੰਗੀ ਜਾਂ ਨਗਰ ਨਿਗਮ ਟੈਕਸ, ਗਊ ਸੈੱਸ, ਫ਼ਿਕਸਡ ਦਰਾਂ ਆਦਿ ਵਰਗੇ ਬੇਲੋੜੇ ਟੈਕਸ ਲਗਾਏ ਹੋਏ ਹਨ। ਇਹਨਾਂ ਦੇ ਕਾਰਨ ਹੀ ਪੰਜਾਬ ਵਿੱਚ ਬਿਜਲੀ ਬਾਕੀ ਸਭ ਸੂਬਿਆਂ ਤੋਂ ਮਹਿੰਗੀ ਹੈ। ਇਹ ਅਜਿਹੇ ਮੁੱਦੇ ਹਨ ਜਿਹਨਾਂ ਨੇ ਆਮ ਲੋਕਾਂ ਦਾ ਜਿਊਣਾ ਮੁਹਾਲ ਕਰ ਰੱਖਿਆ ਹੈ। ਮਹਿੰਗੀ ਬਿਜਲੀ ਅਤੇ ਅਮਨ ਕਾਨੂੰਨ ਦੀ ਮਾੜੀ ਹਾਲਤ ਵਰਗੇ ਮਸਲਿਆਂ ਕਾਰਨ ਹੀ ਲੋਕਾਂ ਦਾ ਇੱਕ ਹਿੱਸਾ ਇਹ ਵੀ ਕਹਿਣ ਲੱਗ ਪਿਆ ਕਿ ਇਹਨਾਂ (ਕਾਂਗਰਸੀਆਂ) ਨਾਲੋਂ ਤਾਂ ਅਕਾਲੀ ਹੀ ਚੰਗੇ ਸਨ। ਲੋਕ ਤੰਗ ਹਨ ਕਿ ਏਨੀ ਮਹਿੰਗੀ ਬਿਜਲੀ ਖਰੀਦ ਕੇ ਵੀ ਉਹਨਾਂ ਨੂੰ ਹਰ ਰੋਜ਼ ਬਾਰ ਬਾਰ ਲੰਮੇ ਲੰਮੇ ਕੱਟ ਦੇਖਣੇ ਪੈ ਰਹੇ ਹਨ। ਸਵੇਰੇ ਵੀ ਬਿਜਲੀ ਬੰਦ, ਰਾਤ ਨੂੰ ਵੀ ਬਿਜਲੀ ਬੰਦ, ਦੁਪਹਿਰ ਨੂੰ ਵੀ ਬਿਜਲੀ ਬੰਦ। ਸੀਪੀਆਈ ਨੇ ਪੰਜਾਬ ਲੋਕਾਂ ਦੀ ਨਬਜ਼ ਫੜੀ ਹੈ ਭਾਵੇਂ ਦੇਰ ਨਾਲ ਹੀ ਸਹੀ। ਪਰ ਇਸਦੇ ਬਾਵਜੂਦ ਪਾਰਟੀ ਦੀ ਲੁਧਿਆਣਾ ਇਕਾਈ ਇਸ ਗੱਲ ਨੂੰ ਲੈ ਕੇ ਦੁਚਿੱਤੀ ਵਿੱਚ ਲੱਗਦੀ ਹੈ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਦਾ ਮੁੱਖ ਦੁਸ਼ਮਣ ਕੌਣ ਹੈ? ਪੰਜਾਬ ਦੀ ਸੱਤਾ 'ਤੇ ਬੈਠੀ ਕਾਂਗਰਸ ਸਰਕਾਰ ਜਾਂ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ? ਉਮੀਦ ਹੈ ਕਿ ਇਸ ਸਥਿਤੀ ਵਿੱਚੋਂ ਪਾਰਟੀ ਦਾ ਇੱਕ ਦੁਚਿੱਤੀ ਗ੍ਰਸਤ ਹਿੱਸਾ ਜਲਦੀ ਹੀ ਬਾਹਰ ਨਿਕਲ ਆਏਗਾ ਕਿਓਂਕਿ ਆਉਂਦੇ ਸਮੇਂ ਦੌਰਾਨ ਸੀਪੀਆਈ ਸਮੇਤ ਸਾਰੀਆਂ ਖੱਬੀਆਂ ਪਾਰਟੀਆਂ ਨੂੰ ਸਿਰਫ ਆਪਣੇ ਹੀ ਨਹੀਂ ਬਲਕਿ ਲੋਕਾਂ ਦੇ ਦੁਸ਼ਮਣਾਂ ਬਾਰੇ ਵੀ ਬੜੀ ਸਪਸ਼ਟ ਪਹੁੰਚ ਅਪਨਾਉਣੀ ਪਵੇਗੀ। ਸੀਪੀਆਈ ਨੇ ਕਿਹਾ ਹੈ ਕਿ ਪਾਰਟੀ ਨੇ 15 ਅਗਸਤ ਨੂੰ ਈਸੜੂ ਵਿਖੇ ਦੇਸ਼ ਨੂੰ ਦਰਪੇਸ਼ ਮਸਲਿਆਂ ਨੂੰ ਲੈ ਕੇ ਰਾਜਨੀਤਿਕ ਕਾਨਫਰੰਸ ਕਰਨ ਦਾ ਨਿਰਣਾ ਲਿਆ। ਇਸ ਵਿੱਚ ਸਪਸ਼ਟ ਨਹੀਂ ਕੀਤਾ ਗਿਆ ਕਿ ਦੇਸ਼ ਨੂੰ ਦਰਪੇਸ਼ ਮਸਲਿਆਂ ਦੀ ਗੱਲ ਕਰਦਿਆਂ ਪੰਜਾਬ ਦੇ ਮਸਲਿਆਂ ਬਾਰੇ ਵੀ ਦੋ ਟੁੱਕ ਗੱਲ ਹੋਵੇਗੀ ਜਾਂ ਨਹੀਂ?
ਇਸ ਮੀਟਿੰਗ ਵਿੱਚ ਪਾਰਟੀ ਨੇ ਰੇਹੜੀ ਫੜੀ ਵਾਲਿਆਂ ਦੇ ਮਸਲਿਆਂ ਦੀ ਗੱਲ ਵੀ ਕੀਤੀ। ਪਾਰਟੀ ਆਗੂਆਂ ਨੇ ਮੀਟਿੰਗ ਵਿੱਚ ਕਿਹਾ ਕਿ ਨਗਰ ਨਿਗਮ ਅਧਿਕਾਰੀ, ਕੁੱਝ ਕੌਂਸਲਰ ਤੇ ਐਮ ਐਲ ਏ, ਕੁੱਝ ਪੁਲਿਸ ਵਾਲਿਆਂ ਤੇ ਗੁੰਡਿਆਂ ਦੇ ਮਾਫ਼ੀਆਂ ਵਲੋਂ ਰੇਹੜੀਫੜੀ ਵਲਿਆਂ ਨੂੰ ਨਾਜਾਇਜ਼ ਤੰਗ ਕੀਤਾ ਜਾਂਦਾ ਹੈ ਤੇ ਉਹਨਾਂ ਦੀਆਂ ਰੇਹੜੀਆਂ ਫੜੀਆਂ ਬਿਨਾ ਕਿਸੇ ਨੋਟਿਸ ਦੇ ਚੁੱਕ ਲਈਆਂ ਜਾਂਦੀਆਂ ਹਨ। ਇਸਦੇ ਨਾਲ ਹੀ ਰੇਹੜੀਆਂ ਵਾਲਿਆਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ । ਇੰਝ ਸਰਕਾਰ ਵੱਲੋਂ ਬਣਾਏ ਆਪਣੇ ਹੀ ਕਾਨੂੰਨ ਦੀਆਂ ਸਰਕਾਰ ਖੁਦ ਵੀ ਧੱਜੀਆਂ ਉਡਾ ਰਹੀ ਹੈ। ਇਹ ਸਭ ਗੈਰ ਕਾਨੂੰਨੀ ਹੈ। ਇਸਦੇ ਖਿਲਾਫ਼ ਵੀ ਅਵਾਜ਼ ਬੁਲੰਦ ਕੀਤੀ ਜਾਏਗੀ। ਹੁਣ ਦੇਖਣਾ ਹੈ ਕਿ ਵੱਖ ਵੱਖ ਸਿਆਸੀ ਪਾਰਟੀਆਂ ਦੇ ਚਕਰਵਿਊਹ ਵਿੱਚ ਘਿਰੇ ਰੇਹੜੀਆਂ ਫੜੀਆਂ ਵਾਲਿਆਂ ਨੂੰ ਬਚਾਉਣ ਵਿੱਚ ਸੀਪੀਆਈ ਕਿੰਨੀ ਛੇਤੀ ਕਾਮਯਾਬ ਹੋ ਸਕੇਗੀ?
No comments:
Post a Comment