Thursday, July 25, 2019

ਵਿਕਾਸ ਦੇ ਨਾਂਅ ਹੇਠ ਹੋ ਰਹੇ ਵਿਨਾਸ਼ ਤੋਂ ਸਾਵਧਾਨ ਕੀਤਾ ਐਮ ਐਸ ਭਾਟੀਆ ਨੇ

ਚੌਗਿਰਦੇ ਦੀ ਰਾਖੀ ਬਾਰੇ FM ਗੋਲਡ ਵੱਲੋਂ ਸੁਆਲ ਪੁਛੇ RJ ਲਕਸ਼ਮੀ ਨੇ
ਲੁਧਿਆਣਾ: 25 ਜੁਲਾਈ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::  
ਭਾਰਤ ਜਨ ਗਿਆਨ ਜੱਥਾ ਦੇ ਸਰਗਰਮ ਅਤੇ ਸਮਰਪਿਤ ਅਹੁਦੇਦਾਰ ਮਨਿੰਦਰ ਸਿੰਘ ਭਾਟੀਆ ਨੇ ਅੱਜ ਐਫ ਐਮ ਗੋਲਡ ਦੇ ਪਰੋਗਰਾਮ ਗੁਡ ਮੋਰਨਿੰਗ ਲੁਧਿਆਣਾ ਨਾਲ ਫੋਨ 'ਤੇ ਗੱਲਬਾਤ ਕਰਦਿਆਂ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਕਾਫੀ ਕੁਝ ਦੱਸਿਆ। ਉਹਨਾਂ ਦੱਸਿਆ ਕਿ ਵਿਦੇਸ਼ਾਂ ਵਿੱਚ ਪ੍ਰਤੀ ਵਿਅਕਤੀ ਰੁੱਖਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ--ਹਜ਼ਾਰਾਂ ਵਿੱਚ ਹੈ ਇਹ ਗਿਣਤੀ ਜਦਕਿ ਭਾਰਤ ਵਿੱਚ ਇਹ ਗਿਣਤੀ ਬਿਲਕੁਲ ਹੀ ਨਿਗੂਣੀ ਹੈ-ਸਿਰਫ 28 ਰੁੱਖ ਪ੍ਰਤੀ ਵਿਅਕਤੀ। ਉਹਨਾਂ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਪੰਜਾਬ ਵਿੱਚ ਵੀ ਜੰਗਲਾਂ ਵਾਲੀ ਜ਼ਮੀਨ ਲਗਾਤਾਰ ਘਟ ਰਹੀ ਹੈ। ਉਹਨਾਂ ਦੱਸਿਆ ਕਿ ਇਹ ਸਭ ਕੁਝ ਸਨਅਤੀਕਰਨ ਵਾਲੇ ਵਿਕਾਸ ਦੇ ਨਾਂਅ ਹੇਠ ਹੋ ਰਿਹਾ ਹੈ। ਜੇ ਜੰਗਲ ਬਿਲਕੁਲ ਹੀ ਮੁੱਕ ਗਏ ਤਾਂ ਇਨਸਾਨੀ ਜ਼ਿੰਦਗੀ ਲਈ ਚਾਰ ਚੁਫੇਰੇ ਦੇ ਵਾਤਾਵਰਨ ਵਿੱਚ ਇੱਕ ਅਸੰਤੁਲਨ ਪੈਦਾ ਹੋ ਜਾਵੇਗਾ ਜੋ ਕਿ ਬੇਹੱਦ ਖਤਰਨਾਕ ਸਥਿਤੀ ਹੋਵੇਗੀ। ਇਹ ਪ੍ਰੋਗਰਾਮ ਅੱਜ ਸਵੇਰੇ ਸਾਢੇ 9 ਤੋਂ 10 ਵਜੇ ਤੱਕ ਪ੍ਰਸਾਰਿਤ ਹੋਇਆ।
ਐਫ ਐਮ ਗੋਲ੍ਡ ਨਾਲ ਗੱਲਬਾਤ ਦੌਰਾਨ ਐਮ ਐਸ ਭਾਟੀਆ ਨੇ ਦੱਸਿਆ ਕਿ ਦੁਨੀਆ ਭਰ ਵਿੱਚ 31 ਫ਼ੀਸਦੀ ਰਕਬਾ ਰੁੱਖਾਂ ਹੇਠ ਹੈ ਅਰਥਾਤ ਜੰਗਲਾਂ ਵਾਲਾ ਇਲਾਕਾ ਹੈ ਪਰ ਸਾਡੇ ਦੇਸ਼ ਵਿਚ ਇਹ ਡਰ ਸਿਰਫ ਵੀਹ-ਇੱਕੀ ਫ਼ੀਸਦੀ ਹੀ ਹੈ। ਪੰਜਾਬ ਰੁੱਖਾਂ ਹੇਠਲਾ ਜੰਗਲ ਦਾ ਇਲਾਕਾ ਸਿਰਫ ਛੇ ਫ਼ੀਸਦੀ ਹੈ ਜੋ ਕਿ ਦਿੱਲੀ ਅਤੇ ਹਰਿਆਣਾ ਤੋਂ ਵੀ ਘੱਟ ਹੈ। ਕਨੇਡਾ ਵਿੱਚ ਪ੍ਰਤੀ ਵਿਅਕਤੀ 8953 ਰੁੱਖ ਆਉਂਦੇ ਹਨ, ਰੂਸ ਵਿੱਚ 4461, ਅਮਰੀਕਾ ਵਿੱਚ 716, ਚੀਨ ਵਿੱਚ 102 ਪਰ ਸਾਡੇ ਮਹਾਨ ਦੇਸ਼ ਭਾਰਤ ਵਿੱਚ ਇਹ ਗਿਣਤੀ ਸਿਰਫ 28 ਰੁੱਖ ਪ੍ਰਤੀ ਵਿਅਕਤੀ ਬਣਦੀ ਹੈ। 
ਉਹਨਾਂ ਇਸ ਗੱਲ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਕਿ ਸੜਕਾਂ ਚੌੜੀਆਂ ਕਰਨ ਵੇਲੇ ਜਾਂ ਵਿਕਾਸ ਦੇ ਹੋਰ ਕੰਮਾਂ ਵੇਲੇ ਅੰਨੇਵਾਹ ਰੁੱਖ ਵੱਢ ਦਿੱਤੇ ਜਾਂਦੇ ਹਨ ਪਰ ਉਹਨਾਂ ਦੀ ਥਾਂ 'ਤੇ ਨਵੇਂ ਰੁੱਖ ਲਾਏ ਕਦੇ ਨਹੀਂ ਜਾਂਦੇ। 
ਉਹਨਾਂ ਦੱਸਿਆ ਕਿ ਉਹ ਹਰ ਸਾਲ ਆਪਣੇ ਜਨਮਦਿਨ ਅਤੇ ਸ਼ਾਦੀ ਦੀ ਵਰ੍ਹੇਗੰਢ ਮੌਕੇ ਘਟੋਘੱਟ ਦੋ ਦੋ ਪੌਦੇ ਜ਼ਰੂਰ ਲਾਉਂਦੇ ਹਨ ਅਤੇ ਬਾਅਦ ਵਿੱਚ ਵੀ ਉਹਨਾਂ ਦੀ ਸੰਭਾਲ ਕਰਦੇ ਹਨ। ਇਹੀ ਕੁਝ ਉਹਨਾਂ ਦੇ ਬੱਚੇ ਵੀ ਕਰਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਪੌਦੇ ਲਾਉਣ ਦੀ ਕੋਸ਼ਿਸ਼ ਨੂੰ ਆਮ ਲੋਕਾਂ ਦੀ ਮੁਹਿੰਮ ਬਣਾਇਆ ਜਾ ਸਕੇ। 
ਵੱਡੀ ਪੱਧਰ 'ਤੇ ਪੌਦੇ ਲਾਉਣ ਲਈ ਸਕੂਲਾਂ ਕਾਲਜਾਂ ਅਤੇ ਹੋਰ ਸਰਕਾਰੀ ਅਦਾਰਿਆਂ ਦੀ ਥਾਂ ਦੀ ਵਰਤੋਂ ਲਈ ਸਬੰਧਤ ਧਿਰਾਂ ਤੱਕ ਪਹੁੰਚ ਕੀਤੀ ਜਾਣੀ ਚਾਹੀਦੀ ਹੈ।
ਉਹਨਾਂ ਦੱਸਿਆ ਕਿ ਅਸੀਂ ਆਪਣੀ ਜ਼ਿੰਦਗੀ ਦੌਰਾਨ ਆਮ 20  ਕੁ ਦਰਖਤਾਂ ਦੀ ਲੱਕੜੀ ਵੱਖ ਵੱਖ ਰੂਪਾਂ ਵਿੱਚ ਵਰਤ ਜਾਂਦੇ ਹਾਂ। ਇਸ ਲਈ ਏਨਾ ਕੁ  ਸਾਡਾ ਫਰਜ਼ ਬਣਦਾ ਹੀ ਹੈ ਕਿ ਅਸੀਂ ਆਪਣੇ ਜੀਵਨ ਕਾਲ ਦੌਰਾਨ ਘਟੋਘੱਟ ਵੀਹ ਦਰਖਤ ਜ਼ਰੂਰ ਲਗਾ ਕੇ ਜਾਈਏ। 
ਇੱਕ ਸੁਆਲ ਦਾ ਜੁਆਬ ਦੇਂਦਿਆਂ ਉਹਨਾਂ ਕਿਹਾ ਕਿ ਅਸੀਂ ਨਿੰਮ ਦੇ ਨਾਲ ਨਾਲ ਫਲਦਾਰ ਬੂਟੇ ਜਾਮੁਨ, ਅਮਰੂਦ, ਅਨਾਰ, ਨਿੰਬੂ, ਅਸ਼ੋਕ, ਅਰਜਨ, ਟਾਹਲੀ, ਸੁਹੰਜਨਾ ਵਗੈਰਾ ਕਾਫੀ ਕੁਝ ਲਗਾ ਸਕਦੇ ਹਾਂ। ਸੜਕਾਂ ਦੇ ਡਿਵਾਈਡਰ ਵਿੱਚ ਵੀ ਰੁੱਖ ਲੱਗ ਸਕਦੇ ਹਨ। ਜਿੱਥੇ ਜ਼ਮੀਨ ਦੀ ਘਾਟ ਹੈ ਉੱਥੇ ਵਰਟੀਕਲ ਗਾਰਡਨ ਬਣਾ ਕੇ ਦੀਵਾਰਾਂ ਉੱਤੇ ਕਈ ਤਰਾਂ ਦੇ ਪੌਦੇ ਟੰਗੇ ਜਾ ਸਕਦੇ ਹਨ। ਉਹਨਾਂ ਦੱਸਿਆ ਕਿ ਵੱਡੇ ਪੱਤਿਆਂ ਨਾਲ ਸ਼ੋਰ ਦਾ ਪਰਦੂਸ਼ਣ ਵੀ ਘਟਦਾ ਹੈ। ਗੁਲਾਬ ਦਾ ਬੂਟਾ ਪੰਜ ਮੀਟਰ ਤਕ ਦੇ ਚਾਰ ਚੁਫੇਰੇ ਨੂੰ ਬਹੁਤ ਸਾਫ ਸਵੱਛ ਅਤੇ ਮਹਿਕਦਾ ਰੱਖਦਾ ਹੈ। ਗੱਲਾਂ ਹੋਰ ਵੀ ਬੜੀਆਂ ਸਨ ਪਰ ਸਮਾਂ ਘੱਟ ਸੀ।  
ਐਫ ਐਮ ਗੋਲਡ ਵੱਲੋਂ ਗੱਲਬਾਤ ਕਰਦਿਆਂ ਐਮ ਐਸ ਭਾਟੀਆ ਕੋਲੋਂ ਬੜੇ ਹੀ ਦਿਲਚਸਪ ਢੰਗ ਨਾਲ ਯਾਦਗਾਰੀ ਸੁਆਲ ਪੁਛੇ ਹਰਮਨ ਪਿਆਰੀ ਆਰ ਜੇ ਲਕਸ਼ਮੀ ਨੇ। ਸੁਆਲ ਪੁੱਛਣ ਦਾ ਇਹ ਅੰਦਾਜ਼ ਵੀ ਬੜਾ ਯਾਦਗਾਰੀ ਰਿਹਾ ਅਤੇ ਨਾਲ ਨਾਲ ਸੁਣਾਏ ਗਏ ਗੀਤ ਵੀ ਦਿਲ 'ਤੇ ਦਸਤਕ ਦੇਂਦੇ ਰਹੇ, ਜਗਾਉਂਦੇ ਰਹੇ ਅਤੇ ਇਸ ਪ੍ਰੋਗਰਾਮ ਦੇ ਸੁਨੇਹੇ ਨੂੰ ਦੂਰ ਦੂਰ ਤੱਕ ਪਹੁੰਚਾਉਂਦੇ ਰਹੇ।

No comments: