Friday:Jul 12, 2019, 11:27 AM
ਓਟਾਵਾ (ਕੈਨੇਡਾ) ਕਾਨਫ਼ਰੰਸ ਵਿਚ ਸੁਰਿੰਦਰ ਕੈਲੇ ਨੇ ਪੜ੍ਹਿਆ ਖੋਜ ਪੱਤਰ
ਲੁਧਿਆਣਾ: 12 ਜੁਲਾਈ 2019: (ਪੰਜਾਬ ਸਕਰੀਨ ਬਿਊਰੋ)::
ਪਿਛਲੇ ਦਿਨੀਂ ਪੰਜਾਬੀ ਹੈਰੀਟੇਜ ਫ਼ਾਊਡੇਸ਼ਨ ਵਲੋਂ ਇਕ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ ਜਿਸ ਵਿਚ ਗੁਰੂ ਨਾਨਕ ਬਾਣੀ ਦੇ ਵੱਖ ਵੱਖ ਪਹਿਲੂਆਂ ਤੋਂ ਖੋਜਾਰਥੀਆਂ ਵਲੋਂ ਪੇਪਰ ਪੜ੍ਹੇ ਗਏ। ਪ੍ਰੋ. ਪ੍ਰੀਤਮ ਸਿੰਘ ਐਕਫ਼ੋਰਡ ਯੂਨੀਵਰਸਿਟਟੀ ਯੂ. ਕੇ. ਵਲੋਂ ਫ਼ਿਲਾਸਫਰ ਗੁਰੂ ਨਾਨਕ ਬਾਣੀ ਤੇ ਚਰਚਾ ਕੀਤੀ ਗਈ। ਭਾਸ਼ਣ ਸੰਬੰਧੀ ਸਰੋਤਿਆਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਉਹਨਾਂ ਬੜੀ ਵਿਦਵਤਾ ਨਾਲ ਦਿੱਤਾ।
ਸੈਮੀਨਾਰ ਦੌਰਾਨ ਕਰੀਬ ਵੀਹ ਵਿਦਵਾਨਾਂ ਨੇ ਪੇਪਰ ਪੜ੍ਹੇ ਜੋ ਕੈਨੇਡਾ ਤੋਂ ਬਿਨਾਂ ਬਾਹਰਲੇ ਮੁਲਕਾਂ ਤੋਂ ਭਾਗ ਲੈਣ ਆਏ ਹੋਏ ਸਨ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਨੇ 'ਹਿੰਸਾ: ਗੁਰੂ ਨਾਨਕ ਜੀ ਦਾ ਜੀਵਨ, ਬਾਣੀ ਤੇ ਸੰਦੇਸ਼' ਵਿਸ਼ੇ'ਤੇ ਖੋਜ ਪੱਤਰ ਪੜ੍ਹਿਆ। ਜਿਸ ਵਿਚ ਉਹਨਾਂ ਕਿਹਾ ਕਿ ਜਦੋਂ ਅਸੀਂ ਗੁਰੂ ਜੀ ਦੇ ਸਮੇਂ ਹਿੰਸਕ ਵਰਤਾਰੇ ਦਾ ਅਜੋਕੇ ਸਮੇਂ ਨਾਲ ਤੁਲਨਾਤਮਿਕ ਅਧਿਐਨ ਕਰਦੇ ਹਾਂ ਤਾਂ ਇਕ ਗੱਲ ਉਭਰਕੇ ਸਾਹਮਣੇ ਆਉਂਦੀ ਹੈ ਕਿ ਅਜੋਕੇ ਦੌਰ ਦੀ ਹਿੰਸਾ ਤਤਕਾਲੀ ਸਮੇਂ ਨਾਲੋਂ ਵੱਧ ਖ਼ਤਰਨਾਕ ਤੇ ਸਰਬਵਿਆਪੀ ਹੈ। ਸਰੀਰਕ ਹਿੰਸਾ ਦੇ ਨਾਲ ਨਾਲ ਮਾਨਸਿਕ ਹਿੰਸਾ ਨੇ ਸਮਾਜ ਨੂੰ ਭੈਭੀਤ ਕੀਤਾ ਹੋਇਆ ਹੈ। ਹੁਣ ਵਿਅਕਤੀ ਨੂੰ ਇਸ ਗੱਲ ਦਾ ਫਿਕਰ ਰਹਿੰਦਾ ਹੈ ਕਿ ਉਹ ਘਰੋਂ ਗਿਆ ਕਿਧਰੇ ਭੀੜਤੰਤਰ ਦੀ ਹਿੰਸਾ ਦਾ ਸ਼ਿਕਾਰ ਤਾਂ ਨਹੀਂ ਹੋ ਜਾਵੇਗਾ। ਉਹਨਾਂ ਅੱਗੋਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੇ ਸਮੇਂ ਦੀ ਹਿੰਸਾ ਨੂੰ ਅੱਖੀਂ ਦੇਖਿਆ, ਉਸ ਦਾ ਵਰਨਣ ਹੀ ਨਹੀਂ ਕੀਤਾ ਸਗੋਂ ਉਸ ਦਾ ਭਰਵਾਂ ਤੇ ਡਟਵਾਂ ਵਿਰੋਧ ਕੀਤਾ। ਰਾਜਸੀ, ਆਰਥਿਕ ਤੇ ਸਮਾਜਿਕ ਹਿੰਸਾ ਨੂੰ ਫਟਕਾਰਦਿਆਂ ਔਰਤ ਨੂੰ ਬਰਾਬਰੀ ਤੇ ਸਨਮਾਨ ਨਾਲ ਜਿਉਣ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਹਵਾਲਿਆਂ ਨਾਲ ਸਪਸ਼ਟ ਕਰਦਿਆਂ ਕਿਹਾ ਕਿ ਸਮਾਜ ਵਿਚ ਰਾਜਸੀ, ਧਾਰਮਿਕ, ਲਿੰਗਕ ਤੇ ਪਰਿਵਾਰਕ ਹਿੰਸਾ ਨੂੰ ਜੜ੍ਹਾਂ ਪੁੱਟਣ ਲਈ ਗੁਰੂ ਜੀ ਨੇ 'ਸਚੋਂ ਉਰੇ ਸਭ ਕੋ ਉਪਰ ਸੱਚ ਆਚਾਰ' ਦੇ ਉਪਦੇਸ਼ ਨੂੰ ਅਪਨਾਉਣ ਨਾਲ ਹਿੰਸਾ ਨੂੰ ਨੱਥ ਪਾਈ ਜਾ ਸਕਦੀ ਹੈ।
ਇਸ ਮੌਕੇ ਪੜ੍ਹੇ ਗਏ ਖੋਜ ਪੱਤਰ ਦੇ ਲੇਖਕ ਹਨ-ਸੁਰਿੰਦਰ ਕੈਲੇ ਅਤੇ ਉਹਨਾਂ ਦਾ ਸੰਪਰਕ ਨੰਬਰ ਹੈ: 9872591653
No comments:
Post a Comment