Saturday, June 08, 2019

ਲੁਧਿਆਣਾ ਵਿੱਚ ਨਾਟਕ "ਮਿਊਜ਼ੀਅਮ" ਦੇ ਮੰਚਨ ਦਾ ਵਿਵਾਦ ਫਿਰ ਚਰਚਾ ਵਿੱਚ

Jun 8, 2019, 3:06 PM
ਲੋਕ ਸੁਰੱਖਿਆ ਮੰਚ ਨੇ ਲਿਖਿਆ ਪੰਜਾਬ ਦੇ ਸੱਭਿਆਚਾਰਕ ਮੰਤਰੀ ਨੂੰ ਪੱਤਰ 
ਲੁਧਿਆਣਾ: 8 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਲੁਧਿਆਣਾ ਦੇ ਐਸ ਸੀ ਡੀ ਸਰਕਾਰੀ ਕਾਲਜ ਵਿੱਚ ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਬਹੁ ਚਰਚਿਤ ਨਾਟਕ ਮਿਊਜ਼ੀਅਮ ਦੇ ਮੰਚਨ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਹਾਲਾਂਕਿ ਇਸ ਨਾਟਕ 'ਏ ਇਤਰਾਜ਼ ਉਠਾਉਣ ਵਾਲੇ ਸੰਗਠਨ ਬਜਰੰਗ ਦਲ ਨੇ ਹਾਲ ਹੀ ਵਿੱਚ ਦਾਅਵਾ ਕੀਤਾ ਸੀ ਕਿ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਉਹਨਾਂ ਕੋਲੋਂ ਸਮਿਤੀ ਕੇਂਦਰ ਵਾਲੇ ਦਫਤਰ ਵਿੱਚ ਆ ਕੇ ਮੁਆਫੀ ਮੰਗ ਲਈ ਸੀ ਪਰ ਕਾਲਜ ਦੇ ਸਟਾਫ ਨੇ ਇਸ ਮੁਆਫੀ ਦੀ ਕਦੇ ਵੀ ਪੁਸ਼ਟੀ ਨਹੀਂ ਕੀਤੀ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਕਾਲਜ ਦੇ ਸਟਾਫ ਨੂੰ ਉਹਨਾਂ ਦੇ ਇੱਕ ਮਿੱਤਰ ਵਕੀਲ ਨੇ ਸਖਤੀ ਨਾਲ ਕਿਹਾ ਹੈ ਕਿ ਉਹ ਕਦੇ ਵੀ ਇਸ ਸੰਬੰਧੀ ਮੁਆਫੀ ਨਾ ਮੰਗਣ। ਦੂਜੇ ਪਾਸੇ ਬਜਰੰਗ ਦਲ ਅਤੇ ਹੋਰ ਸੰਗਠਨ ਜਨਤਕ ਮੁਆਫੀ ਦੀ ਮੰਗ 'ਤੇ ਲਗਾਤਾਰ ਅੜੇ ਹੋਏ ਹਨ। ਇਸ ਸਾਰੇ ਵਿਵਾਦ ਵਿੱਚ ਕਾਲਜ ਦੇ ਸਟਾਫ ਵੱਲੋਂ ਪਹਿਲਾਂ ਹੀ ਕਾਫੀ ਵੱਡੀ ਰਕਮ ਖਰਚੀ ਜਾ ਚੁੱਕੀ ਹੈ ਜਿਸ ਬਾਰੇ ਉਹਨਾਂ ਨੇ ਕਦੇ ਮੀਡੀਆ ਕੋਲ ਕੋਈ ਕਨਸੋਅ ਵੀ ਨਹੀਂ ਕੱਢੀ। ਇਸਦੇ ਬਾਵਜੂਦ ਮਾਮਲੇ ਦਾ ਭਖਿਆ ਰਹਿਣਾ ਕਾਲਜ ਦੇ ਸਟਾਫ ਲਈ ਵੀ ਸਿਰਦਰਦੀ ਬਣਿਆ ਹੋਇਆ ਹੈ ਅਤੇ ਵਿਦਿਆਰਥੀਆਂ ਲਈ ਵੀ। ਇਹ ਮਾਨਸਿਕ ਦਬਾਅ ਇੱਕ ਟਾਰਚਰ ਵਾਂਗ ਜਾਰੀ ਹੈ। ਇਸਦਾ ਗੰਭੀਰ ਨੋਟਿਸ ਲਿਆ ਹੈ "ਲੋਕ ਸੁਰੱਖਿਆ ਮੰਚ" ਨੇ। 

ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦੇ ਬਹੁ ਚਰਚਿਤ ਨਾਟਕ ਮਿਊਜ਼ੀਅਮ ਦੇ ਮੰਚਨ ਨੂੰ ਲੈ ਕੇ ਹੁਡ਼ਦੰਗ ਕਰਨ ਵਾਲੇ ਕੱਟਡ਼ ਜਨੂੰਨੀ ਅਨਸਰਾਂ ਦੇ ਖਿਲਾਫ ਲੋਕ ਸੁਰੱਖਿਆ ਮੰਚ ਨੇ ਪੰਜਾਬ ਦੇ ਸੱਭਿਆਚਾਰਕ ਮੰਤਰੀ ਨੂੰ ਇੱਕ ਵਿਸ਼ੇਸ਼ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਅਜਿਹੇ ਅਨਸਰਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ। 

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਬਜਰੰਗ ਦਲ ਨਾਮ ਦੇ ਹਿੰਦੂਤਵੀ ਸੰਗਠਨ ਨੇ ਆਪਣੇ ਸਹਿਯੋਗੀਆਂ ਨਾਲ ਰਲ ਕੇ ਲੁਧਿਆਣਾ ਦੇ ਸਤੀਸ਼ ਚੰਦਰ ਧਵਨ ਕਾਲਜ ਦੇ ਪ੍ਰਿੰਸੀਪਲ, ਇੱਕ ਮਹਿਲਾ ਪ੍ਰੋਫੈਸਰ ਅਤੇ ਕੁਝ ਵਿਦਿਆਰਥੀਆਂ ਦੇ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੰਨੀ ਪ੍ਰਮੰਨੀ ਮਰਾਠੀ ਲੇਖਿਕਾ ਰਸਿਕਾ ਅਗਾਸ਼ੇ ਦਾ ਇਹ ਨਾਟਕ  ਖੇਡੇ ਜਾਣ ਕਾਰਨ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗੀ ਹੈ। ਪੁਲਿਸ ਨੇ ਬਿਨਾਂ ਕੋਈ ਪਡ਼ਤਾਲ ਕੀਤਿਆਂ ਇਹਨਾਂ ਸੰਗਠਨਾਂ ਦੇ ਦਬਾਅ ਹੇਠ ਆ ਕੇ ਬਾਕਾਇਦਾ ਐਫ ਆਈ ਆਰ ਵੀ ਦਰਜ ਕਰ ਲਈ। ਇਹਨਾਂ ਅਨਸਰਾਂ ਨੇ ਨਾਟਕ ਦੇ ਦਰਮਿਆਨ ਹੀ ਹੁੰਡ਼ਦੰਗ ਕਰਦਿਆਂ ਇਸ ਨਾਟਕ ਨੂੰ ਵਿਚਕਾਰੋਂ ਹੀ ਰੁਕਵਾਉਣ ਵਾਲੀ ਗੁੰਡਾਗਰਦੀ ਵੀ ਕੀਤੀ। ਹੁਣ ਬਜਰੰਗ ਦਲ ਲਗਾਤਾਰ ਇਸ ਗੱਲ ਲਈ ਦਬਾਅ ਬਣਾ ਰਿਹਾ ਹੈ ਕਿ ਕਾਲਜ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਇਸ ਨਾਟਕ ਦੇ ਮੰਚਨ ਵਾਲੇ ਉਸ "ਜੁਰਮ" ਲਈ ਸਾਡੇ ਕੋਲੋਂ ਜਨਤਕ ਮੁਆਫੀ ਮੰਗਣ ਜਿਹਡ਼ਾ ਕਿ "ਜੁਰਮ" ਹੀ ਨਹੀਂ ਬਣਦਾ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਬਾਕਾਇਦਾ ਸੰਵਿਧਾਨ ਨੇ ਦਿੱਤਾ ਹੋਇਆ ਹੈ। 
ਜ਼ਿਕਰਯੋਗ ਹੈ ਕਿ ਇਸ ਨਾਟਕ ਨੂੰ ਦੇਸ਼ ਦੇ ਵੱਕਾਰੀ ਸੰਸਥਾਨਾਂ ਵਿੱਚ ਸੈਂਕਡ਼ੇ ਵਾਰ ਖੇਡਿਆ ਜਾ ਚੁੱਕਿਆ ਹੈ। ਬਹੁਤ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਇਸ ਨੇ ਬੇਇੰਤਹਾ ਸ਼ੋਹਰਤ ਵੀ ਖੱਟੀ ਹੈ। ਔਰਤਾਂ ਦੇ ਨਾਲ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਵਧੀਕੀਆਂ ਨੂੰ ਬੇਨਕਾਬ ਕਰਦਾ ਹੋਇਆ, ਇਹ ਨਾਟਕ ਇਕ ਨਵੀਂ ਚੇਤਨਾ ਜਗਾਉਂਦਾ ਹੈ ਅਤੇ ਇੱਕ ਸੰਵੇਦਨਾ ਵੀ ਪੈਦਾ ਕਰਦਾ ਹੈ। ਪਰ ਮਨੂੰ ਸਮ੍ਰਿਤੀ ਲਾਗੂ ਕਰਨ ਦੇ ਚਾਹਵਾਨ ਇਹ ਨਹੀਂ ਚਾਹੁੰਦੇ ਕਿ ਦੇਸ਼ ਵਿੱਚ ਔਰਤਾਂ ਨੂੰ ਇਨਸਾਫ ਮਿਲੇ ਅਤੇ ਇੱਕ ਨਵੀਂ ਜਾਗ੍ਰਤੀ ਪੈਦਾ ਹੋਵੇ। ਔਰਤ ਨੂੰ ਪੈਰ ਦੀ ਜੁੱਤੀ ਸਮਝਣ ਵਾਲੇ ਇਹਨਾਂ ਅਨਸਰਾਂ ਨੂੰ ਇਹ ਨਾਟਕ ਬਹੁਤ ਖਤਰਨਾਕ ਲੱਗਦਾ ਹੈ ਕਿਓਂਕਿ ਇਸ ਨਾਟਕ ਵਿਚਲਾ ਸੱਚ ਉਹਨਾਂ ਦੇ ਝੂਠ ਉੱਤੇ ਅਧਾਰਿਤ ਵਜੂਦ ਨੂੰ ਸੱਟ ਮਾਰਦਾ ਹੈ। 
ਇਸ ਪੱਤਰ ਵਿੱਚ ਇਸ ਗੱਲ 'ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਗਿਆ ਕਿ ਫਿਰਕੂ ਅਨਸਰਾਂ ਦਾ ਇਹ ਗੁੰਡਾਗਰਦੀ ਵਾਲਾ ਹੁੰਡ਼ਦੰਗੀ ਵਰਤਾਰਾ ਜਮਹੂਰੀਅਤ ਦਾ ਹੋਕਾ ਦੇਣ ਵਾਲੀ ਚੁਣੀ ਹੋਈ ਜਮਹੂਰੀ ਹਕੂਮਤ ਵਾਲੇ ਸੂਬੇ ਪੰਜਾਬ ਵਿੱਚ ਵਾਪਰ ਰਿਹਾ ਹੈ। ਜਮਹੂਰੀ ਕਹਾਉਣ ਵਾਲੀ ਸਰਕਾਰ ਜੋ ਕਿ ,ਸੰਵਿਧਾਨ ਅਧੀਨ ਹਰ ਨਾਗਰਿਕ ਨੂੰ ਮਿਲੇ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾਂ ਵਚਨਬੱਧ ਹੁੰਦੀ ਹੈ। ਪੁਲਿਸ ਵੱਲੋਂ ਬਿਨਾ ਕਿਸੇ ਪਡ਼ਤਾਲ ਦੇ ਕਾਲਜ ਸਟਾਫ ਦੇ ਖਿਲਾਫ ਐਫ ਆਈ ਆਰ ਦਰਜ ਕਰਨਾ ਅਤੇ ਭਾਰਤ ਨਗਰ ਚੌਕ ਵਿੱਚ 28 ਅਪ੍ਰੈਲ ਨੂੰ ਦੋ ਘੰਟਿਆਂ ਤੀਕ ਚੱਲੇ ਹੁੰਡ਼ਦੰਗ ਨੂੰ  ਮੂਕ ਦਰਸ਼ਕ ਬਣ ਕੇ ਦੇਖਦੇ ਰਹਿਣਾ ਘਟੋਘੱਟ ਜਮਹੂਰੀ ਕਹਾਉਣ ਵਾਲੇ ਰਾਜ ਵਿੱਚ ਸ਼ੋਭਾ ਨਹੀਂ ਦੇਂਦਾ। ਇਹ ਇੱਕ ਖਤਰਨਾਕ ਸੰਕੇਤ ਵਾਲਾ ਵਰਤਾਰਾ ਹੈ।
ਇਸੇ ਦੌਰਾਨ ਕੁਝ ਕਲਾਕਾਰਾਂ ਨੇ ਇਸ ਨਾਟਕ ਨੂੰ ਲੁਧਿਆਣਾ ਅਤੇ ਹੋਰਨਾਂ ਥਾਂਵਾਂ 'ਤੇ ਦੋਬਾਰਾ ਖੇਡਣ ਲਈ ਬੜੀ ਹੀ ਸਰਗਰਮੀ ਨਾਲ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਹ ਨਾਟਕ ਹੁਣ ਪੰਜਾਬੀ ਭਵਨ ਸਮੇਤ ਕਿ ਹੋਰਨਾਂ ਥਾਂਵਾਂ 'ਤੇ ਖੇਡਿਆ ਜਾਣਾ ਹੈ ਅਤੇ ਇਸ ਮਕਸਦ ਲਾਇ ਸਾਰੇ ਖੱਬੇ ਅਤੇ ਜਮਹੂਰੀ ਸੰਗਠਨ ਇੱਕਜੁੱਟ ਹਨ। ਹੋ ਸਕਦਾ ਹੈ ਇਸ ਨਾਟਕ ਦੀ ਲੇਖਿਕਾ ਰਸਿਕਾ ਅਗਾਸ਼ੇ ਨੂੰ ਪੰਜਾਬ ਵਿੱਚ ਸਨਮਾਨਿਤ ਵੀ ਕੀਤਾ ਜਾਵੇ। 

No comments: