Jun 19, 2019, 5:23 PM
ਕੈਦੀ ਅਖ਼ਬਾਰਾਂ ਅਤੇ ਹੋਰ ਕਾਗਜ਼ਾਂ ਦੀ ਰੱਦੀ ਦੇ ਖੁਦ ਬਣਾਉਣਗੇ ਲਿਫ਼ਾਫ਼ੇ
ਲੁਧਿਆਣਾ: 19 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਸਰਕਾਰ ਨੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਕੈਦੀਆਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਸ਼ੁਰੂ ਕੀਤੇ ਯਤਨਾਂ ਤਹਿਤ ਹੁਣ ਵੱਧ ਤੋਂ ਵੱਧ ਕੈਦੀਆਂ ਨੂੰ ਹੱਥੀਂ ਕਿਰਤ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਜੇਲ੍ਹਾਂ ਵਿੱਚ ਬੰਦ ਕੈਦੀ ਹੁਣ ਕਾਗਜ਼ਾਂ ਦੀ ਰੱਦੀ ਤੋਂ ਲਿਫ਼ਾਫੇ ਬਣਾਇਆ ਕਰਨਗੇ। ਮੁੱਢਲੇ ਗੇੜ ਵਿੱਚ ਇਹ ਲਿਫ਼ਾਫੇ ਜੇਲ੍ਹਾਂ ਵਿੱਚ ਹੀ ਵਰਤੇ ਜਾਣਗੇ, ਪਰ ਜਲਦ ਹੀ ਇਹ ਬਾਜ਼ਾਰ ਵਿੱਚ ਵੀ ਲਿਆਂਦੇ ਜਾਣਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਜੇਲ੍ਹ ਲੁਧਿਆਣਾ ਦੇ ਸੁਪਰਡੈਂਟ ਸ੍ਰ. ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜੇਲ੍ਹਾਂ ਦੇ ਸੁਧਾਰ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੇਂ-ਸਮੇਂ 'ਤੇ ਉਸਾਰੂ ਫੈਸਲੇ ਲਏ ਜਾਂਦੇ ਰਹਿੰਦੇ ਹਨ। ਬੀਤੇ ਦਿਨੀਂ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਰਿਵਿਊ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਹੁਣ ਕੇਂਦਰੀ ਜੇਲ੍ਹਾਂ ਵਿੱਚ ਬਾਜ਼ਾਰੂ ਲਿਫ਼ਾਫਿਆਂ ਦੀ ਵਰਤੋਂ 'ਤੇ ਮੁਕੰਮਲ ਰੂਪ ਵਿੱਚ ਪਾਬੰਦੀ ਲਗਾਈ ਜਾਵੇ। ਇਸਦੇ ਬਦਲ ਵਿੱਚ ਅਖ਼ਬਾਰਾਂ ਅਤੇ ਹੋਰ ਕਾਗਜ਼ਾਂ ਦੀ ਰੱਦੀ ਤੋਂ ਤਿਆਰ ਲਿਫ਼ਾਫ਼ੇ ਹੀ ਵਰਤੇ ਜਾਇਆ ਕਰਨ। ਇਹ ਲਿਫ਼ਾਫ਼ੇ ਵੀ ਜੇਲ੍ਹਾਂ ਦੇ ਕੈਦੀ ਖੁਦ ਤਿਆਰ ਕਰਿਆ ਕਰਨਗੇ।
ਉਹਨਾਂ ਕਿਹਾ ਕਿ ਵੈਸੇ ਤਾਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਹੱਥੀਂ ਕਿਰਤ ਨਾਲ ਜੋੜਨ ਲਈ ਪਹਿਲਾਂ ਵੀ ਕਈ ਉਪਰਾਲੇ ਜਾਰੀ ਹਨ, ਜਿਸ ਤਹਿਤ ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਕੈਦੀ ਬਿਸਕੁਟ ਬਣਾਉਣ, ਕੱਪੜੇ ਦੀ ਬੁਣਾਈ, ਦਸਤਕਾਰੀ ਅਤੇ ਹਸਤਕਾਰੀ ਦਾ ਕੰਮ ਸਿੱਖਦੇ ਅਤੇ ਕਰਦੇ ਹਨ। ਉਹਨਾਂ ਕਿਹਾ ਕਿ ਜੇਲ੍ਹ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਹੁਣ ਜੇਲ੍ਹਾਂ ਦੇ ਕੈਦੀ ਹੱਥਾਂ ਨਾਲ ਲਿਫ਼ਾਫੇ ਖੁਦ ਤਿਆਰ ਕਰਿਆ ਕਰਨਗੇ ਅਤੇ ਉਹੀ ਲਿਫ਼ਾਫੇ ਜੇਲ੍ਹ ਵਿੱਚ ਵਰਤੇ ਜਾਇਆ ਕਰਨਗੇ। ਕੇਂਦਰੀ ਜੇਲ੍ਹ ਲੁਧਿਆਣਾ ਵਿੱਚ ਲਿਫ਼ਾਫ਼ੇ ਬਣਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਲਈ ਲੋੜੀਂਦੀ ਰੱਦੀ ਦੀ ਉਪਲੱਬਧਤਾ ਬਾਰੇ ਪੁੱਛੇ ਜਾਣ 'ਤੇ ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸੂਬੇ ਭਰ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਸਾਰੇ ਦਫ਼ਤਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਭਵਿੱਖ ਵਿੱਚ ਦਫ਼ਤਰਾਂ ਵਿੱਚ ਇਕੱਠੀ ਹੁੰਦੀ ਅਖ਼ਬਾਰਾਂ ਅਤੇ ਹੋਰ ਕਾਗਜ਼ਾਂ ਦੀ ਰੱਦੀ ਨੂੰ ਵੇਚਣ ਦੀ ਬਿਜਾਏ ਜੇਲ੍ਹ ਨੂੰ ਭੇਜਣ ਤਾਂ ਜੋ ਇਸ ਰੱਦੀ ਦੇ ਲਿਫ਼ਾਫੇ ਬਣਾਏ ਜਾ ਸਕਣ। ਉਹਨਾਂ ਕਿਹਾ ਕਿ ਮੁੱਢਲੇ ਗੇੜ ਵਿੱਚ ਇਹ ਲਿਫ਼ਾਫ਼ੇ ਜੇਲ੍ਹ ਵਿੱਚ ਵਰਤੇ ਜਾਣਗੇ, ਜਦੋਂ ਰੱਦੀ ਦੀ ਆਮਦ ਅਤੇ ਲਿਫ਼ਾਫ਼ਿਆਂ ਦੀ ਮੰਗ ਵਿੱਚ ਵਾਧਾ ਹੋਵੇਗਾ ਤਾਂ ਇਹ ਲਿਫ਼ਾਫੇ ਬਾਜ਼ਾਰ ਵਿੱਚ ਵੀ ਭੇਜੇ ਜਾਣਗੇ।
ਸ੍ਰ. ਬੋਪਾਰਾਏ ਨੇ ਕਿਹਾ ਕਿ ਜੇਲ੍ਹ ਵਿਭਾਗ ਦੀ ਇਹ ਪੁਰਜ਼ੋਰ ਕੋਸ਼ਿਸ਼ ਹੈ ਕਿ ਜੋ ਵੀ ਵਿਅਕਤੀ ਕਿਸੇ ਨਾ ਕਿਸੇ ਕਾਰਨ ਕੇਂਦਰੀ ਜੇਲ੍ਹ ਆਉਂਦਾ ਹੈ ਉਹ ਇਥੋਂ ਇੱਕ ਚੰਗਾ ਇਨਸਾਨ ਬਣ ਕੇ ਬਾਹਰ ਜਾਣ ਦੇ ਨਾਲ-ਨਾਲ ਹੁਨਰਮੰਦ ਹੋ ਕੇ ਜਾਵੇ ਤਾਂ ਜੋ ਉਹ ਆਪਣੀ ਸਜ਼ਾ ਪੂਰੀ ਕਰਨ ਉਪਰੰਤ ਸਮਾਜ ਵਿੱਚ ਹੱਥੀਂ ਕੰਮ ਕਰਕੇ ਆਪਣਾ ਜੀਵਨ ਨਿਰਬਾਹ ਕਰ ਸਕਣ। ਇੱਕ ਵਾਰ ਫੇਰ ਪੋਲੀਥੀਨ ਲਿਫ਼ਾਫ਼ਿਆਂ ਦੀ ਵਰਤੋਂ 'ਤੇ ਪਾਬੰਦੀ ਪਰ ਬਣਾਉਣ ਦੀ ਖੁੱਲ ਕਦੋਂ ਤੱਕ?
No comments:
Post a Comment