ਇੰਨਕਲਾਬੀ ਕੇਂਦਰ, ਪੰਜਾਬ ਨੇ ਲਿਆ ਗੰਭੀਰ ਨੋਟਿਸ
ਲੁਧਿਅਣਾ: 17 ਜੂਨ 2019: (ਪੰਜਾਬ ਸਕਰੀਨ ਬਿਊਰੋ)::
ਜਸਵੰਤ ਜੀਰਖ |
ਇਨਕਲਾਬੀ ਕੇਂਦਰ, ਪੰਜਾਬ ਦੇ ਆਗੂਆਂ ਜਸਵੰਤ ਜੀਰਖ ਅਤੇ ਅੰਮ੍ਰਿਤ ਪਾਲ ਪੀ. ਏ. ਯੂ. ਨੇ ਮੁਖਰਜੀ ਨਗਰ ਦੀ ਦਿੱਲੀ ਪੁਲਸ ਵੱਲੋਂ ਪਿਉ-ਪੁੱਤ ਦੀ ਬਿਨਾਂ ਕਿਸੇ ਕਸੂਰ ਤੋਂ ਕੀਤੀ ਕੁੱਟ-ਮਾਰ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਅਤੇ ਪੀੜਤਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਸੋਸ਼ਲ ਮੀਡੀਆ ਤੇ ਜਾਰੀ ਹੋਈ ਵੀਡੀਓ ਸਾਫ ਤੌਰ ਤੇ ਦਿਖਾਉਂਦੀ ਹੈ ਕਿ ਸਿੱਖ ਆਟੋ ਡਰਾਈਵਰ ਨੇ ਪੁਲਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ, ਸਿਰਫ ਜਬਾਨੀ ਗੱਲ-ਬਾਤ ਹੋਈ ਹੈ ਪਰ, ਡਰਾਈਵਰ ਸਰਬਜੀਤ ਸਿੰਘ ਅਤੇ ਉਸਦੇ ਬੇਟੇ ਬਲਵੰਤ ਸਿੰਘ ਨੂੰ ਬੇਰਹਿਮੀ ਨਾਲ ਡੰਡਿਆਂ ਨਾਲ ਕੱਟਿਆ ਗਿਆ ਅਤੇ ਬੂਟਾਂ ਦੇ ਠੁੱਡੇ ਮਾਰੇ ਗਏ। ਦਿੱਲੀ ਪੁਲਸ ਅਜਿਹੀਆਂ ਨਾਂਹਪੱਖੀ ਘਟਨਾਵਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਇਹ ਉਹੀ ਦਿੱਲੀ ਪੁਲਸ ਹੈ ਜੋ ਲੜਕੀਆਂ ਨੂੰ ਸੁਰੱਖਿਆ ਦੇਣ ‘ਚ ਨਾਕਾਮ ਰਹੀ ਹੈ। ਇਸੇ ਦਿੱਲੀ ਪੁਲਸ ਦਾ ਇਹ ਬਦਨਾਮ ਰਿਕਾਰਡ ਹੈ ਕਿ ਉਹ ਯੂਨੀਵਰਸਿਟੀ ਕੈਂਪਸ ਵਿੱਚ ਜਾਂਦੀ ਹੈ ਅਤੇ ਵਿਦਿਆਰਥੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਂਦੀ ਹੈ ਅਤੇ ਬਾਅਦ ਵਿੱਚ ਉਨੀ ਦੇਰ ਉਨ੍ਹਾਂ ਤੇ ਚਾਰਜਸ਼ੀਟ ਦਾਖਲ ਕਰਨ ਦੀ ਹਿੰਮਤ ਨਹੀ ਕੀਤੀ ਜਦੋਂ ਤੱਕ ਪੁਲਸ ਦੇ ਫਿਰਕੂ ਹੁਕਮਰਾਨਾਂ ਵੱਲੋਂ ਅਜਿਹਾ ਕਰਨ ਲਈ ਕਿਹਾ ਨਹੀਂ ਗਿਆ।
ਪਿਛਲੇ ਕੁੱਝ ਸਾਲਾਂ ‘ਚ ਘੱਟ ਗਿਣਤੀਆਂ ਤੇ ਹਰ ਸ਼ਕਲ ਵਿੱਚ ਹਮਲਾ ਕਰਨਾ ਨੰਗੀ-ਚਿੱਟੀ ਗੱਲ ਰਹੀ ਹੈ ਅਤੇ ਸਰਬਜੀਤ ਸਿੰਘ ਤੇ ਬਲਵੰਤ ਸਿੰਘ ਇਸਦੀ ਤਾਜਾ ਸ਼ਿਕਾਰ ਹਨ। ਇਸ ਸੰਕਟ ਦੀ ਘੜੀ 'ਚ ਇਨਕਲਾਬੀ ਕੇਂਦਰ ਪੰਜਾਬ ਦਿੱਲੀ ਪੁਲਸ ਦੀ ਧੱਕੇਸ਼ਾਹੀ ਦੇ ਖਿਲਾਫ ਜਮਹੂਰੀਅਤ ਪਸੰਦ ਅਤੇ ਇਨਸਾਫ ਪਸੰਦ ਲੋਕਾਂ ਦੇ ਨਾਲ ਖੜ੍ਹਾ ਹੈ। ਜ਼ਿਕਰਯੋਗ ਹੈ ਕਿ ਨਵੰਬਰ-84 ਵਿੱਚ ਵੀ ਦਿੱਲੀ ਪੁਲਿਸ ਦਾ ਰੋਲ ਪੂਰੀ ਤਰਾਂ ਨਿਖੇਧੀ ਯੋਗ ਰਿਹਾ ਸੀ। ਇਹੀ ਪੁਲਿਸ ਆਪਣੇ ਸਾਹਮਣੇ ਬੇਗੁਨਾਹਾਂ ਨੂੰ ਸੜਦਾ ਦੇਖਦੀ ਰਹੀ।
ਮਾਮਲਾ ਕੀ ਹੈ
ਇਹ ਵਿਵਾਦ ਉਦੋਂ ਪੈਦਾ ਹੋਇਆ ਜਦੋਂ ਦਿੱਲੀ ਦੇ ਡਾਕਟਰ ਮੁਖਰਜੀ ਨਗਰ ਇਲਾਕੇ ਵਿੱਚ ਪੁਲਿਸ ਦੀ ਇਕ ਗੱਡੀ ਅਤੇ ਕੁੱਟਮਾਰ ਦਾ ਸ਼ਿਕਾਰ ਹੋਏ ਸਿੱਖ ਵਿਅਕਤੀ ਦੇ ਆਟੋ ਦੀ ਟੱਕਰ ਹੋ ਗਈ। ਪੁਲਿਸ ਦੀ ਗੱਡੀ ਐਮਰਜੰਸੀ ਰਿਸਪੌਂਸ ਵਾਹਨ (ਈ ਆਰ ਵੀ) ਸੀ। ਝਗੜਾ ਵਧਦਾ ਨਜ਼ਰ ਆਇਆ ਤਾਂ ਸਿੱਖ ਡਰਾਈਵਰ ਨੇ ਆਪਣੇ ਬਚਾਅ ਲਈ ਕਿਰਪਾਨ ਕੱਢ ਲਈ। ਇਸ ਤੋਂ ਬਾਅਦ ਪੁਲਿਸ ਨੇ ਪੂਰੀ ਫੋਰਸ ਲਿਆ ਕੇ ਇਸ ਸਿੱਖ ਡਰਾਈਵਰ ਅਤੇ ਉਸਦੇ ਮੁੰਡੇ ਨੂੰ ਬੜੀ ਬੇਰਹਿਮੀ ਨਾਲ ਕੁੱਟਿਆ।
ਕੇਜਰੀਵਾਲ ਨੇ ਕੀਤੇ ਤਿੰਨ ਪੁਲਿਸ ਵਾਲੇ ਸਸਪੈਂਡ
ਇਸੇ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੀੜਤ ਸਿੱਖ ਪਰਿਵਾਰ ਨਾਲ ਮੁਲਾਕਾਤ ਵੀ ਕੀਤੀ ਅਤੇ ਤਿੰਨ ਸਬੰਧਿਤ ਪੁਲਿਸ ਵਾਲਿਆਂ ਨੂੰ ਸਸਪੈਂਡ ਕਰਨ ਦੇ ਹੁਕਮ ਵੀ ਜਾਰੀ ਕੀਤੇ। ਇਸਦੇ ਬਾਵਜੂਦ ਸਿੱਖ ਹਲਕਿਆਂ ਵਿੱਚ ਰੋਸ ਅਤੇ ਰੋਹ ਜਾਰੀ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਹੈ ਕਿ ਦਿੱਲੀ ਪੁਲਿਸ ਦਾ ਵਤੀਰਾ ਬੇਹੱਦ ਸ਼ਰਮਨਾਕ ਹੈ। ਪੀੜਤਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਅਜਿਹੇ ਪੁਲਿਸ ਵਾਲਿਆਂ ਖਿਲਾਫ ਐਕਸ਼ਨ ਲਿਆ ਜਾਣਾ ਚਾਹੀਦਾ ਹੈ।
ਇਸੇ ਦੌਰਾਨ ਪ੍ਰਸਿੱਧ ਸ਼ਾਇਰ Baljit Saini ਬਲਜੀਤ ਸੈਣੀ ਨੇ ਕਿਹਾ ਹੈ,"ਕਸੂਰ ਕੋਈ ਵੀ ਹੋਵੇ... ਮੈਂ ਇਸ ਅਣਮਨੁੱਖੀ ਰਵਈਏ ਲਈ ਦਿੱਲੀ ਪੁਲੀਸ ਨੂੰ ਲਾਹਨਤ ਭੇਜਦੀ ਹਾਂ....."
ਇਸੇ ਤਰਾਂ ਇੱਕ ਹੋਰ ਲੇਖਿਕਾ Bhupinder Kaur Preet ਭੁਪਿੰਦਰ ਕੌਰ ਪ੍ਰੀਤ ਨੇ ਕਿਹਾ ਹੈ,"ਇਸੇ ਲਈ ਆਪਣੇ ਮੁਲਕ ਵਿਚ ਵੀ ਸਾਨੂੰ ਬੇਗਾਨਗੀ ਦਾ ਅਹਿਸਾਸ ਹੁੰਦਾ ਹੈ।ਸ਼ਰਮਨਾਕ ਹੈ ,ਦਰਿੰਦਗੀ ਹੈ ਇਹ...."
Mohinder Kaur ਨੇ ਕਿਹਾ,"84 ਵਾਲਾ ਹਾਲ ਹੈ"Karanjeet Dard ਨੇ ਕਿਹਾ,"ਵਤਨ ਆਪਣੇ ਨੂੰ ਆਪਣਾ ਕਹਿਣ ਤੇ ਹੁਣ ਸ਼ਰਮ ਆਉਂਦੀ ਹੈ!"
No comments:
Post a Comment