Monday, May 27, 2019

ਮਾਮਲਾ ਜੀਵਨ ਨਗਰ ਦੀ 30 ਏਕੜ ਜ਼ਮੀਨ ਤੇ ਕਬਜ਼ੇ ਦੀ ਕੋਸ਼ਿਸ਼ ਦਾ

May 27, 2019, 4:45 PM
"ਜਸਟਿਸ ਫਾਰ ਨਾਮਧਾਰੀ" ਵੱਲੋਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ
ਲੁਧਿਆਣਾ: 27 ਮਈ 2019: (ਪੰਜਾਬ ਸਕਰੀਨ ਬਿਊਰੋ):: 
ਨਾਮਧਾਰੀ ਡੇਰੇ ਦੀਆਂ ਵੱਖ ਵੱਖ ਥਾਵਾਂ ਨਾਲ ਸਬੰਧਤ ਜ਼ਮੀਨਾਂ ਜਾਇਦਾਦਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਝਗੜੇ ਰੁਕਣ ਦਾ ਨਾਮ ਨਹੀਂ ਲੈ ਰਹੇ। ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਜੀਵਨ ਨਗਰ ਵਾਲੀ ਜ਼ਮੀਨ ਦਾ। ਜਸਟਿਸ ਫਾਰ ਨਾਮਧਾਰੀ ਐਕਸ਼ਨ ਕਮੇਟੀ ਨੇ  ਪ੍ਰਸ਼ਾਸਨ ਨੂੰ ਇਸ ਸਬੰਧੀ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ। ਕਮੇਟੀ ਨੇ ਮੀਡੀਆ ਨੂੰ ਦੱਸਿਆ ਕਿ ਡੇਰਾ ਸ਼੍ਰੀ ਭੈਣੀ ਸਾਹਿਬ ਦੇ ਕਾਬਜ਼ ਧੜੇ ਵੱਲੋਂ ਪਿਛਲੇ ਦਿਨੀਂ ਜੀਵਨ ਨਗਰ (ਹਰਿਆਣਾ) ਵਿਖੇ 30 ਏਕੜ ਜ਼ਮੀਨ ਉਪਰ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼ ਨੂੰ ਜਬਰੀ ਜਾਇਦਾਦਾਂ ਹਥਿਆਉਣ ਸੰਗੇਣ ਕੋਸ਼ਿਸ਼ ਕੀਤੀ ਹੈ। ਕਮੇਟੀ ਦੇ ਮੁਤਾਬਿਕ ਇਹ ਸਭ ਕੁਝ ਠਾਕੁਰ ਸ਼੍ਰੀ ਦਲੀਪ ਸਿੰਘ ਦੇ ਸਮਰਥਕਾਂ ਨੂੰ ਦਬਾਉਣ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ। ਕਮੇਟੀ ਨੇ ਪੁਲਿਸ ਅਤੇ ਸਿਵਲ ਪ੍ਰਸਾਸ਼ਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। 
ਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ  ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਬਰਾੜ ਨੇ ਦੱਸਿਆਂ ਕਿ 14 ਮਈ ਨੂੰ ਠਾਕੁਰ ਉਦੈ ਸਿੰਘ ਦੇ ਸਮਰਥਕ 250-300 ਬੰਦਿਆਂ ਦਾ ਭਾਰੀ ਲਾਮ ਲਸ਼ਕਰ ਲੈ ਕੇ ਜੀਵਨ ਨਗਰ ਵਿਖੇ 5-6 ਟਰੈਕਟਰਾਂ ਦੇ ਨਾਲ ਜ਼ਮੀਨ ਉਪਰ ਕਬਜ਼ੇ ਦੀ ਕੋਸ਼ਿਸ਼ ਵਿਚ ਵਾਹੀ ਕਰਨ ਲੱਗੇ, ਜਿਸਦਾ ਪਤਾ ਲੱਗਦੇ ਹੀ ਠਾਕੁਰ ਦਲੀਪ ਸਿੰਘ ਜੀ ਦੇ ਸਮਰਥਕ ਤੁਰੰਤ ਮੌਕੇ ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਮੀਨ ਤੇ ਵਾਹੀ ਦਾ ਕੰਮ ਰੁਕਵਾਇਆ। ਮਾਮਲਾ ਦਰਜ ਕਰਕੇ ਅੱਠ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਜਦਕਿ ਫਰਾਰ ਹੋਏ ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਸ. ਬਰਾੜ ਨੇ ਦੱਸਿਆਂ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਭੈਣੀ ਸਾਹਿਬ ਦੇ ਕਾਬਜ ਧੜੇ ਵੱਲੋਂ ਜੀਵਨ ਨਗਰ ਦੇ ਧਰਮ ਕੰਡੇ ਤੇ ਗੜ੍ਹਦੀਵਾਲਾ ਦੀ ਧਰਮਸ਼ਾਲਾ ਉਪਰ ਜਬਰੀ ਕਬਜ਼ਾ ਕੀਤਾ ਗਿਆ ਅਤੇ ਮੁਕੇਰੀਆਂ ਧਰਮਸ਼ਾਲਾ ਉਪਰ ਕਬਜ਼ੇ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾਮਧਾਰੀ ਸੰਪਰਦਾਇ ਦਾ ਇਤਿਹਾਸ ਬੇਜ਼ੁਬਾਨਾਂ ਦੀ ਰਾਖੀ ਅਤੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲਾ ਰਿਹਾ ਹੈ, ਪਰ ਠਾਕੁਰ ਉਦੇ ਸਿੰਘ ਦਾ ਕਾਬਜ਼ ਧੜਾ ਇਸ ਮਹਾਨ ਪਰੰਪਰਾ ਨੂੰ ਕਲੰਕਿਤ ਕਰਨ ਤੇ ਉਤਾਰੂ ਹੈ। ਸ. ਬਰਾੜ ਨੇ ਕਿਹਾ ਕਿ ਇਹ ਸਭ ਕੁੱਝ ਉਹ ਪ੍ਰਸਾਸ਼ਨ ਅਤੇ ਸਰਕਾਰਾਂ ਨੂੰ ਆਪਣੇ ਪ੍ਰਭਾਵ ਹੇਠ ਲਿਆ ਕੇ ਕਰ ਰਿਹਾ ਹੈ। ਉਨ੍ਹਾ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਭੈਣੀ ਸਾਹਿਬ ਦੇ ਕਾਬਜ਼ ਧੜੇ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਰੋਕਣ ਤਾਂ ਕਿ ਕਿਤੇ ਇਹ ਵਿਵਾਦਿਤ ਸਥਿਤੀ ਕੋਈ ਭਿਆਨਕ ਰੂਪ ਨਾ ਲੈ ਜਾਵੇ। ਉਨ੍ਹਾਂ ਮੰਗ ਕੀਤੀ ਕਿ ਬੇਲਗਾਮ ਅਨਸਰਾਂ ਨੂੰ ਜਾਇਦਾਦਾਂ ਕਬਜ਼ਾਉਣ ਦੀ ਖੁੱਲ੍ਹ ਨਾ ਕੇ ਫੌਰੀ ਤੌਰ ਤੇ ਨੱਥ ਪਾਈ ਜਾਵੇ ਅਤੇ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਜਮੇਰ ਸਿੰਘ, ਜਸਪਾਲ ਸਿੰਘ, ਜਸਵੰਤ ਸਿੰਘ ਸੋਨੂੰ, ਸੰਗਤ ਸਿੰਘ, ਰਾਜਵੰਤ ਸਿੰਘ, ਮਨਿੰਦਰ ਸਿੰਘ ਅਤੇ ਅਰਵਿੰਦਰ ਸਿੰਘ ਹਾਜ਼ਰ ਸਨ।   

No comments: