ਅੱਜ ਡੀ.ਸੀ ਲੁਧਿਆਣਾ ਨੂੰ ਦਿੱਤਾ ਜਾਵੇਗਾ ਇਹ ਪੱਤਰ: ਅਸੂਲ ਮੰਚ ਪੰਜਾਬ
ਲੁਧਿਆਣਾ: 5 ਮਾਰਚ 2019: (ਪੰਜਾਬ ਸਕਰੀਨ ਬਿਊਰੋ)::
ਪੰਜਾਬ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਅਸੂਲ ਮੰਚ ਪੰਜਾਬ, ਲੋਕ ਸੰਘਰਸ਼ ਕਮੇਟੀ ਅਤੇ ਇਨਸਾਫ ਪ੍ਰਾਪਤੀ ਮੰਚ ਪਿਛਲੀ 15 ਫਰਵਰੀ ਤੋਂ ਸ਼ੁਰੂ ਕੀਤਾ ਗਿਆ ਧਰਨਾ ਅੱਜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਖੁੱਲ੍ਹਾ ਖਤ ਦੇ ਕੇ ਸਮਾਪਤ ਕੀਤਾ ਜਾਵੇਗਾ। ਜਾਗੋ ਪੰਜਾਬ ਦੇ ਬੁਲਾਰੇ ਕਾਮਰੇਡ ਤਰਸੇਮ ਜੋਧਾਂ, ਬਲਵਿੰਦਰ ਸਿੰਘ, ਪ੍ਰਕਾਸ਼ ਸਿੰਘ ਜੰਡਾਲੀ, ਬੁੱਧ ਸਿੰਘ ਨੀਲੋਂ ਤੇ ਅਮਰਨਾਥ ਕੂੰਮ ਕਲਾਂ ਨੇ ਆਖਿਆ ਕਿ ਪੰਜਾਬ ਦੀਆਂ ਜਾਗਰੂਕ ਜੱਥੇਬੰਦੀਆਂ ਵੱਲੋਂ ਲੋਕਾ ਦੇ ਬੁਨਿਆਦੀ ਤੇ ਸਵਿਧਾਨਿਕ ਹੱਕਾ ਦੇ ਲਈ ਧਰਨਾ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਹਰ ਰੋਜ਼ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕ ਇਸ ਵਿੱਚ ਸ਼ਾਮਿਲ ਹੁੰਦੇ ਰਹੇ। ਉਹਨਾਂ ਦੱਸਿਆ ਕਿ ਇਹਨਾਂ ਬੁਨਿਆਦੀ ਤੇ ਸੰਵਿਧਾਨਿਕ ਹੱਕਾਂ ਵਿੱਚ ਰੁਜ਼ਗਾਰ, ਪੈਨਸ਼ਨ, ਅਪੰਗ ਐਕਟ, ਪੰਜਾਬੀ ਭਾਸ਼ਾ ਐਕਟ ਨੂੰ ਲਾਗੂ ਕਰਵਾਉਣਾ, ਸਾਫ ਪੀਣ ਵਾਲਾ ਪਾਣੀ ਅਤੇ ਸਿਹਤ ਸਿੱਖਿਆ ਸ਼ਾਮਿਲ ਹਨ। ਇਹ ਭਾਰਤੀ ਲੋਕਾਂ ਦੇ ਬੁਨਿਆਦੀ ਹੱਕ ਹਨ, ਜਿਹਨਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਮੁੱਹਈਆ ਕਰਵਾਉਣਾ ਹੈ ਕਿਉਂਕਿ ਹਰ ਭਾਰਤੀ ਟੈਕਸ ਅਦਾ ਕਰਦਾ ਹੈ ਪਰ ਇਸ ਟੈਕਸ ਦਾ ਬਹੁਤ ਭਾਰੀ ਹਿੱਸਾ ਦੇਸ਼ ਦੀ ਲਾਲ ਫੀਤਾਸ਼ਾਹੀ ਫੌਜ ਅਤੇ ਸਿਆਸੀ ਲੋਕ ਹੱੜਪ ਦੇ ਹਨ। ਉਹਨਾਂ ਦਸਿਆ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਸੂਝਵਾਨ ”ਲੋਕ ਚੋਣ-ਮੈਨੀਫੈਸਟੋ” ਬਣਾਉਣਗੇ ਨਾ ਕਿ ਰਾਜਨੀਤਿਕ ਪਾਰਟੀਆਂ, ਕਿਉਂਕਿ ਇਹ ਸਿਆਸੀ ਪਾਰਟੀਆਂ ਦੇਸ਼ ਨੂੰ ਲੁੱਟਣ ਲਈ ਇੱਕ ਜੁੱਟ ਹੋ ਰਹੀਆਂ ਹਨ ਜਦ ਕਿ ਲੁੱਟੇ ਜਾਣ ਵਾਲੇ ਕਿਰਤੀ ਲੋਕ ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਵੱਖ-ਵੱਖ ਬੀਮਾਰੀਆਂ ਦੇ ਸ਼ਿਕਾਰ ਹੋ ਕੇ ਮਰਨ ਲਈ ਮਜ਼ਬੂਰ ਹੋ ਰਹੇ ਹਨ। ਉਹਨਾਂ ਆਖਿਆ ਕਿ ਅਸੂਲ ਮੰਚ ਪੰਜਾਬ ਵੱਲੋਂ ਆਮ ਲੋਕਾਂ ਨੂੰ ਇੱਕ ਮੰਚ ਤੇ ਇੱਕਠੇ ਕਰਨ ਅਤੇ ਸਾਂਝੀ ਜੰਗ ਲੜਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਲੋਕਾਂ ਦੇ ਬੁਨਿਆਦੀ ਹੱਕਾਂ ਦੀ ਰਾਖੀ ਕੀਤੀ ਜਾਵੇ। ਉਹਨਾਂ ਕਿਹਾ ਕਿ ਸਿਹਤ ਸਿੱਖਿਆ ਤੇ ਰੁਜ਼ਗਾਰ ਨਿੱਜੀ ਹੱਥਾਂ ਵਿੱਚ ਪਹੁੰਚ ਗਿਆ ਹੈ ਜਿਸ ਕਾਰਣ ਆਉਣ ਵਾਲੇ ਸਮਿਆਂ ਵਿੱਚ ਇਹ ਹੋਰ ਵੀ ਗੰਭੀਰ ਸਮੱਸਿਆ ਬਣ ਜਾਵੇਗਾ। ਉਹਨਾਂ ਪੰਜਾਬ ਦੇ ਸੂਝਵਾਨ ਅਤੇ ਜਾਗਰੂਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 6 ਮਾਰਚ ਨੂੰ 10 ਵੱਜੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਅੱਗੇ ਸ਼ਾਮਿਲ ਹੋਣ। ਤਾਂ ਕਿ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਇਆ ਜਾਵੇ।
No comments:
Post a Comment