ਕਈ ਸੰਗਠਨਾਂ ਵੱਲੋਂ ਸੈਮੀਨਾਰ ਮਗਰੋਂ ਰੋਸ ਵਿਖਾਵਾ ਅਤੇ ਮਾਰਚ
ਲੁਧਿਆਣਾ: 17 ਮਾਰਚ 2019: (ਪੰਜਾਬ ਸਕਰੀਨ ਟੀਮ)::
ਹਾਲਾਂਕਿ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਇਹ ਸਪਸ਼ਟ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਪੇਡ ਨਿਊਜ਼ ਨਹੀਂ ਛਾਪਦੇ ਪਰ ਫਿਰ ਵੀ ਲੋਕਾਂ ਦਾ ਗੁੱਸਾ ਸ਼ਾਂਤ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਗੁੱਸੇ ਵਿੱਚ ਲੋਕ ਮੀਡੀਆ ਵਾਲਿਆਂ ਦੀਆਂ ਕੁਰਬਾਨੀਆਂ ਵੀ ਭੁੱਲ ਗਏ ਹਨ ਅਤੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਵੀ। ਇਸ ਗੁੱਸੇ ਦੀ ਝਲਕ ਅੱਜ ਉਦੋਂ ਮਿਲੀ ਜਦੋਂ ਇੱਕ ਸੈਮੀਨਾਰ ਵਿੱਚ ਮੀਡੀਆ ਦੇ ਖਿਲਾਫ ਕਾਫੀ ਕੁਝ ਕਹਿਣ ਮਗਰੋਂ ਇਹ ਸਾਰੇ ਸੰਗਠਨ ਸੜਕਾਂ 'ਤੇ ਨਿਕਲ ਤੁਰੇ ਅਤੇ ਮੀਡੀਆ ਦੇ ਖਿਲਾਫ ਖੁੱਲ ਕੇ ਨਾਅਰੇਬਾਜ਼ੀ ਕੀਤੀ।
ਲੁਧਿਆਣੇ ਦੀਆਂ ਜਨਤਕ, ਜਮਹੂਰੀ ਤੇ ਤਰਕਸ਼ੀਲ ਜੱਥੇਬੰਦੀਆਂ ਵੱਲੋਂ ਭਾਰਤੀ ਇਲੈਕਟਰਾਨਿਕ ਮੀਡੀਏ ਖ਼ਿਲਾਫ਼ ਫਿਰਕੂ ਨਫ਼ਰਤ ਪੈਦਾ ਕਰਨ ਦੇ ਯਤਨਾ ਨੂੰ ਨਿਕਾਰਨ ਲਈ ਸੈਮੀਨਾਰ ਕਰਨ ਉਪਰੰਤ ਰੋਹ ਭਰਪੂਰ ਮਜਾਹਰਾ ਅਤੇ ਰੋਸ ਪਰਦਰਸ਼ਨ ਕੀਤਾ ਗਿਆ। ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿਖੇ ਸੈਮੀਨਾਰ ਦੇ ਮੁੱਖ ਬੁਲਾਰੇ ਅੰਮ੍ਰਿਤਪਾਲ ਪੀਏਯੂ ਨੇ ਦੱਸਿਆ ਕਿ ਇਕ-ਦੋ ਟੀ ਵੀ ਚੈਨਲਾਂ ਅਤੇ ਅਖਬਾਰਾਂ ਨੂੰ ਛੱਡਕੇ ਬਾਕੀ ਦਾ ਸਾਰਾ ਮੀਡੀਆ ਕਾਰਪੋਰੇਟ ਜਗਤ ਦੀ ਕਠਪੁਤਲੀ ਬਣਿਆ ਹੋਇਆ ਹੈ। ਉਹਨਾਂ ਇਸ ਮੌਕੇ "ਇੰਡੀਅਨ ਐਕਸਪਰੈਸ" ਅਤੇ "ਦ ਵਾਇਰ" ਦਾ ਜ਼ਿਕਰ ਬੜੇ ਹੀ ਹਾਂ ਪੱਖੀ ਅੰਦਾਜ਼ ਨਾਲ ਕੀਤਾ।
ਸੈਮੀਨਾਰ ਵਿੱਚ ਕਿਹਾ ਗਿਆ ਕਿ ਮੌਜੂਦਾ ਭਾਰਤੀ ਸਰਕਾਰ ਆਰ ਐਸ ਐਸ ਦੇ ਭਗਵਾ ਕਰਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਮੀਡੀਆ ਨੂੰ ਖਰੀਦਕੇ ਆਪਣੀ ਮਰਜ਼ੀ ਦਾ ਪਰਚਾਰ ਕਰਵਾ ਰਹੀ ਹੈ। ਇਸ ਤਹਿਤ ਲੋਕਾਂ ਦੇ ਅਸਲ ਮੁੱਦਿਆਂ ਬੇਰੁਜ਼ਗਾਰੀ, ਗਰੀਬੀ, ਸਿੱਖਿਆ ਅਤੇ ਸਿਹਤ ਸਹੂਲਤਾਂ ਵਰਗੀਆਂ ਅਸਲ ਸਮੱਸਿਆਵਾਂ ਤੋਂ ਧਿਆਨ ਪਾਸੇ ਕਰਕੇ ਉਹਨਾਂ ਨੂੰ ਧਰਮ, ਜਾਤ ਅਤੇ ਫਿਰਕਿਆਂ ਵਿੱਚ ਵੰਡਕੇ ਆਪਸ ਵਿੱਚ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਆਪਣੀਆਂ ਨਾਕਾਮੀਆਂ ਛਪਾਉਣ ਲਈ ਭਾਰਤ- ਪਾਕ ਜੰਗ ਵਰਗੇ ਲੋਕ ਵਿਰੋਧੀ ਮੁੱਦੇ ਉਭਾਰਨ ਲਈ ਮੀਡੀਏ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਜੰਗੀ ਮਹੌਲ ਅਤੇ ਸਰਕਾਰੀ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲ਼ਿਆਂ ਨੂੰ ਦੇਸ਼ ਧਰੋਹੀ ਕਹਿਕੇ ਭੰਡਿਆ ਜਾ ਰਿਹਾ ਹੈ, ਅਸਹਿਮਤੀ ਲਈ ਅੱਜ ਕੋਈ ਥਾਂ ਨਹੀਂ ਬੱਚੀ। ਉਹਨਾਂ ਕਿਹਾ ਕਿ ਜਦੋਂ ਮਜ਼ਦੂਰ , ਕਿਸਾਨ, ਮੁਲਾਜ਼ਮ ,ਵਿਦਿਆਰਥੀ ਆਪਣੇ ਮੰਗਾਂ ਮਸਲਿਆਂ ਲਈ ਸੰਘਰਸ਼ ਕਰ ਰਹੇ ਹੁੰਦੇ ਹਨ ਅਤੇ ਸਰਕਾਰ ਵੱਲੋਂ ਉਹਨਾਂ ਉੱਪਰ ਤਸ਼ੱਦਦ ਢਾਹਿਆ ਜਾਂਦਾ ਹੈ, ਓਦੋਂ ਜ਼ਿਆਦਾ ਕਰਕੇ ਮੀਡੀਆ ਚੁੱਪ ਰਹਿੰਦਾ ਹੈ। ਉਹਨਾਂ ਵੱਖ ਵੱਖ ਟੀ ਵੀ ਚੈਨਲਾਂ ਉੱਪਰ ਪੂੰਜੀਪਤੀ ਅਤੇ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਇਹ ਸਭ ਆਪਣੇ ਚੈਨਲਾਂ ਨੂੰ ਸਿਰਫ ਵਿਉਪਾਰਕ ਤੌਰ ਤੇ ਪੈਸਾ ਕਮਾਉਣ ਲਈ ਹੀ ਵਰਤ ਰਹੇ ਹਨ। ਝੂਠਾ-ਸੱਚਾ ਪ੍ਰਚਾਰ ਕਰਨ ਲਈ ਪੈਸਾ ਇਕੱਠਾ ਕਰਨਾ ਹੀ ਇਹਨਾਂ ਦਾ ਪੇਸ਼ਾ ਹੈ, ਲੋਕਾਂ ਦੇ ਮੁੱਦਿਆਂ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਟੀ ਵੀ ਚੈਨਲ ਝੂਠਾ ਪਰਚਾਰ ਕਰਨ ਲਈ ਸਰਕਾਰ ਨਾਲ ਸਹਿਮਤ ਨਹੀਂ ਹੁੰਦੇ ਉਹਨਾਂ ਵਿਰੁੱਧ ਤਰਾਂ ਤਰਾਂ ਦੀਆਂ ਸਾਜ਼ਿਸ਼ਾਂ ਰਚਕੇ ਉਹਨਾਂ ਨੂੰ ਬੰਦ ਕਰਨ ਦੇ ਹੱਥਕੰਡੇ ਅਪਣਾਏ ਜਾਂਦੇ ਹਨ। ਇਸ ਤਰ੍ਹਾਂ ਇਨਸਾਫ਼ ਦਾ ਚੌਥਾ ਥੰਮ੍ਹ ਕਹੇ ਜਾਂਦੇ ਮੀਡੀਆ ਨੂੰ, ਹਾਕਮ ਧਿਰ ਆਪਣੀ ਨਾਕਾਮੀ ਛਪਾਉਣ ਲਈ ਵਰਤਕੇ ਲੋਕਾਂ ਨੂੰ ਗੁੰਮਰਾਹ ਕਰਨ ‘ਚ ਸਫਲ ਹੋਣ ਲਈ ਵਰਤ ਰਹੀ ਹੈ, ਜਿਸ ਖ਼ਿਲਾਫ਼ ਲੋਕ ਆਵਾਜ਼ ਉੱਠਣੀ ਬੇਹੱਦ ਜ਼ਰੂਰੀ ਹੈ। ਇਸ ਸਮੇਂ ਬੀਜੇਪੀ ਦੇ ਉੱਘੇ ਆਗੂ ਸਾਖਸੀ ਮਹਾਰਾਜ ਦੇ ਇਸ ਬਿਆਨ ਦੀ ਸਖ਼ਤ ਨਿੰਦਾ ਕੀਤੀ ਗਈ ਜਿਸ ਵਿੱਚ ਉਸ ਵੱਲੋਂ 2024 ਵਿੱਚ ਚੋਣਾਂ ਦਾ ਖ਼ਾਤਮਾ ਕਰਨ ਅਤੇ ਡਾਰਵਨ ਦੀਆਂ ਖੋਜਾਂ ਨੂੰ ਵਿੱਦਿਅਕ ਸਲੇਬਸ ਵਿੱਚੋਂ ਕੱਢਣ ਦੀ ਗੱਲ ਕੀਤੀ ਹੈ। ਸਟੇਜ ਸੰਚਾਲਨ ਜਸਵੰਤ ਜੀਰਖ ਵੱਲੋਂ ਨਿਭਾਇਆ ਗਿਆ। ਪੱਤਰਕਾਰ ਸਤੀਸ਼ ਸਚਦੇਵਾ ਵੱਲੋਂ ਜਗਸੀਰ ਜੀਦਾ ਦੀਆਂ ਕਾਵਿ ਸਤਰਾਂ ਦਾ ਬੁਲੰਦ ਉਚਾਰਨ ਮੌਜੂਦਾ ਸਥਿਤੀ ਨੂੰ ਪੂਰੀ ਤਰਾਂ ਸਪਸ਼ਟ ਕਰਨ ਵਾਲਾ ਸੀ। ਇਹਨਾਂ ਸਤਰਾਂ ਦਾ ਹਵਾਲਾ ਦੇ ਕੇ ਜਿੱਥੇ ਬਿਲਕੁਲ ਹੀ ਚੁੱਪ ਰਹਿਣ ਵਾਲੇ ਪਰਧਾਨ ਮੰਤਰੀ ਵੱਲ ਇਸ਼ਾਰਾ ਕੀਤਾ ਗਿਆ ਸੀ ਉੱਥੇ ਨਿੱਤ ਦਿਨ ਦੌਰਿਆਂ ਤੇ ਰਹਿਣ ਵਾਲੇ ਪਰਧਾਨ ਸੇਵਕ ਵੱਲ ਵੀ ਸਪਸ਼ਟ ਇਸ਼ਾਰਾ ਸੀ।
ਸਵਾਲ ਜਵਾਬ ਦੇ ਦੌਰ ਵਿੱਚ ਗੁਰਮੇਲ ਸਿੰਘ, ਜਸਵੰਤ ਸਿੰਘ ਜੱਸੜ, ਕਰਨਲ ਜੇ ਐਸ ਬਰਾੜ,ਸਤੀਸ਼ ਸੱਚਦੇਵਾ,ਬਲਕੌਰ ਸਿੰਘ ਗਿੱਲ, ਕਸਤੂਰੀ ਲਾਲ, ਰਾਕੇਸ ਆਜਾਦ, ਬਲਵਿੰਦਰ ਸਿੰਘ ਨੇ ਭਾਗ ਲਿਆ।
ਸੈਮੀਨਾਰ ਉਪਰੰਤ ਸੁਨੇਤ ਇਲਾਕੇ ਵਿੱਚ ਮੀਡੀਏ ਦੀ ਅਜਿਹੀ ਕਾਰਗੁਜ਼ਾਰੀ ਖ਼ਿਲਾਫ਼ ਹੱਥਾਂ ਵਿੱਚ ਬੈਨਰ- ਮਾਟੋ ਫੜਕੇ ਨਾਹਰੇ ਮਾਰਦਿਆਂ ਮੁਜ਼ਾਹਰਾ ਕੀਤਾ।ਬੀ ਆਰ ਐਸ ਦੀ ਮੁੱਖ ਸੜਕ ਤੇ ਸੁਨੇਤ ਚੌਕ ਵਿੱਚ ਇਸ ਕਾਫ਼ਲੇ ਨੇ ਸੜਕ ਕਿਨਾਰੇ ਖੜਕੇ ਰੋਸ ਪਰਦਰਸ਼ਨ ਕੀਤਾ। ਇਸ ਸਮੇਂ ਰਣਜੋਧ ਸਿੰਘ, ਐਡਵੋਕੇਟ ਹਰਪਰੀਤ ਜੀਰਖ, ਪਰਮਿੰਦਰ ਸਿੰਘ, ਧਰਮਪਾਲ ਸਿੰਘ, ਸੁਰਜੀਤ ਸਿੰਘ, ਕੁਲਵਿੰਦਰ ਸਿੰਘ ਸੁਨੇਤ, ਮਲਕੀਤ ਕੌਰ, ਮੈਡਮ ਮਧੂ, ਵਿਸ਼ਰਾਮ ਕੌਰ ਸਮੇਤ ਔਰਤਾਂ ਵੀ ਸ਼ਾਮਲ ਸਨ।
ਇਸ ਸੈਮੀਨਾਰ ਵਿੱਚ ਨਾਂ ਤਾਂ ਮੀਡੀਆ ਨਾਲ ਜੁੜੇ ਇਮਾਨਦਾਰ ਵਿਅਕਤੀਆਂ ਨੂੰ ਪੇਸ਼ ਆ ਰਹੇ ਖਤਰਿਆਂ ਦੇ ਗੱਲ ਕੀਤੀ ਗਈ ਅਤੇ ਨਾ ਹੀ ਆਰਥਿਕ ਸੰਕਟਾਂ ਨਾਲ ਜੂਝ ਰਹੇ ਮੀਡੀਆ ਬਾਰੇ ਕੁਝ ਕਿਹਾ ਗਿਆ।
No comments:
Post a Comment