Sunday, November 18, 2018

ਢਿੱਲਮੱਠ ਦਾ ਹੀ ਨਤੀਜਾ ਹੈ ਅੰਮ੍ਰਿਤਸਰ ਵਿੱਚ ਗ੍ਰਨੇਡ ਹਮਲਾ-ਵਰੁਣ ਮਹਿਤਾ

Nov 18, 2018, 2:33 PM
ਸ਼੍ਰੀ ਹਿੰਦੂ ਤਖਤ ਨੇ ਕੀਤੀ ਸਖਤ ਕਦਮ ਚੁੱਕਣ ਦੀ ਮੰਗ 
ਲੁਧਿਆਣਾ:: 18 ਨਵੰਬਰ 2018 (ਪੰਜਾਬ ਸਕਰੀਨ ਬਿਊਰੋ)::  
ਅੰਮ੍ਰਿਤਸਰ ਰਾਜਾਸਾਂਸੀ ਵਿੱਚ ਨਿਰੰਕਾਰੀ ਭਵਨ ਵਿੱਚ ਗ੍ਰਨੇਡ ਹਮਲਾ ਕਰਕੇ ਵੱਖਵਾਦੀ ਤਾਕਤਾਂ ਨੇ ਪੰਜਾਬ ਵਿੱਚ ਕਾਲੇ ਦੌਰ ਦੀ ਸ਼ੁਰੂਆਤ ਦੇ ਇਤਿਹਾਸ ਨੂੰ ਦੁਹਰਾਇਆ ਹੈ। ਇਹ ਗੱਲ ਸ਼੍ਰੀ ਹਿੰਦੂ ਤਖਤ ਦੇ ਪ੍ਰਮੁੱਖ ਪ੍ਰਦੇਸ਼ ਪ੍ਰਚਾਰਕ ਵਰੁਣ ਮਹਿਤਾ ਨੇ ਅੱਜ ਸ਼ਿਵਰਾਜ ਸੈਨਾ ਦੇ ਪ੍ਰਧਾਨ ਰਮੇਸ਼ ਭਗਤ ਦੀ ਪ੍ਰਧਾਨਗੀ ਹੇਠ ਉਪਕਾਰ ਨਗਰ ਵਿੱਚ ਹੋਈ ਇੱਕ ਬੈਠਕ ਨੂੰ ਸੰਬੋਧਨ ਕਰਦਿਆਂ ਕਹੀ।  
ਵਰੁਣ ਮਹਿਤਾ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਵੱਖਵਾਦੀ ਖਾਲਿਸਤਾਨ ਕੱਟੜਪੰਥੀ ਤਾਕਤਾਂ ਫਿਰ ਸਰਗਰਮ ਹੋ ਚੁੱਕੀਆਂ ਹਨ ਅਤੇ ਉਹਨਾਂ ਵੱਲੋਂ ਕੰਟਰੈਕਟ ਕਿਲਿੰਗ ਦੇ ਰਾਹੀਂ 8 ਧਾਰਮਿਕ ਲੀਡਰਾਂ ਨੂੰ ਕਤਲ ਕੀਤਾ ਗਿਆ। ਦੂਜੇ ਪਾਸੇ ਦਹਿਸ਼ਤਗਰਦਾਂ ਦੀ ਸਜ਼ਾ ਮਾਫੀ ਲਈ ਸ਼ਰੇਆਮ ਪ੍ਰੋਗਰਾਮ ਵੀ ਕੀਤੇ ਗਏ। ਪਿਛਲੇ ਦਿਨੀ ਜਲੰਧਰ ਵਿੱਚ ਹੋਇਆ ਬੰਬ ਧਮਾਕਾ ਵੀ ਇਸੇ ਸਿਲਸਿਲੇ ਦੀ ਹੀ ਕੜੀ ਸੀ। ਇਸ ਮਾਮਲੇ ਵਿੱਚ ਗਰਿਫਤਾਰੀਆਂ ਹੋਣ ਦੇ ਬਾਵਜੂਦ ਸੁਰੱਖਿਆ ਤੰਤਰ ਨੇ ਢਿੱਲ ਮੱਠ ਵਾਲਾ ਰਵਈਆ ਅਪਣਾਇਆ। ਉਸ ਢਿੱਲਮੱਠ ਦਾ ਹੀ ਨਤੀਜਾ ਹੈ ਕਿ ਹੁਣ ਅੰਮ੍ਰਿਤਸਰ ਵਿੱਚ ਗ੍ਰਨੇਡ ਹਮਲਾ ਹੋਇਆ ਹੈ। 
ਸ਼੍ਰੀ ਮਹਿਤਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਸਾਰੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ। ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖਰਾਬ ਕਰਨ ਵਾਲੇ ਖਾਲਿਸਤਾਨੀ ਸੰਗਠਨਾਂ ਅਤੇ ਗੈਂਗਸਟਰਾਂ ਦੇ ਆਪਸੀ ਰਿਸ਼ਤਿਆਂ ਦੇ ਕਮਰ ਤੋੜਨਾ ਬਹੁਤ ਜ਼ਰੂਰੀ ਹੈ। ਇਸ ਮਕਸਦ ਲਈ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ। 
ਸ਼੍ਰੀ ਹਿੰਦੂ ਤਖਤ ਦੇ ਪ੍ਰਚਾਰਕ ਵਰੁਣ ਮਹਿਤਾ ਨੇ ਕਿਹਾ ਕਿ ਤਿੰਨ ਦਹਾਕੇ ਪਹਿਲਾਂ ਵੀ ਪੰਜਾਬ ਦੇ ਧਰਤੀ ਨੂੰ ਲਹੂ ਲੁਹਾਣ ਕਰਨ ਦੀ ਸ਼ੁਰੂਆਤ ਨਿਰੰਕਾਰੀ ਸਮਾਗਮ 'ਤੇ ਹਮਲਾ ਕਰਕੇ ਹੀ ਕੀਤੀ ਗਈ ਸੀ। ਅੱਜ ਫਿਰ ਉਹ ਜ਼ਖਮ ਹਰੇ ਹੋ ਗਏ ਹਨ। ਪੰਜਾਬ ਸਰਕਾਰ ਸੂਬੇ ਦੇ ਹਿੱਤ ਵਿੱਚ ਖਾਲਿਸਤਾਨੀ ਸਮਰਥਕਾਂ ਅਤੇ ਰਿਫਰੈਂਡਮ-2020 ਦੇ ਨਾਂਅ ਥੱਲੇ ਸੋਸ਼ਲ ਮੀਡੀਆ 'ਤੇ ਸਰਗਰਮ ਵਿਅਕਤੀਆਂ ਦੇ ਖਿਲਾਫ ਸਖਤ ਐਕਸ਼ਨ ਲਵੇ। ਪਿਛਲੇ ਕੁਝ ਸਮੇਂ ਤੋਂ ਦਹਿਸ਼ਤਗਰਦ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਫ਼ਿਲਮਾਂ ਅਤੇ ਗਾਣੇ ਬਣਾਉਣ ਵਾਲਿਆਂ ਦੀ ਵਿਦੇਸ਼ਾਂ ਤੋਂ ਹੋਣ ਵਾਲੀ ਫੰਡਿੰਗ ਦੀ ਵੀ ਉੱਚ ਪੱਧਰੀ ਜਾਂਚ ਕਰਾਈ ਜਾਏ ਕਿਓਂਕਿ ਹਵਾਲਾ ਦੇ ਜ਼ਰੀਏ ਆਉਣ ਵਾਲਾ ਇਹ ਪੈਸਾ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਲਈ ਹੀ ਵਰਤਿਆ ਜਾ ਰਿਹਾ ਹੈ। ਇਸਦੇ ਸਬੂਤ ਕੰਟਰੈਕਟ ਕਿਲਿੰਗ ਦੌਰਾਨ ਵੀ ਮਿਲ ਚੁੱਕੇ ਹਨ। 
ਮਹਿਤਾ ਅਤੇ ਰਮੇਸ਼ ਭਗਤ ਨੇ ਕਿਹਾ ਕਿ ਸ਼੍ਰੀ ਹਿੰਦੂ ਤਖਤ ਇਸ ਹਮਲੇ ਵਿੱਚ ਸ਼ਹੀਦ ਹੋਣ ਵਾਲੇ ਸ਼ਰਧਾਲੂਆਂ ਪ੍ਰਤੀ ਡੂੰਘੀ ਸੰਵੇਦਨਾ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ। ਉਹਨਾਂ ਸੂਬੇ ਦੇ ਅਮਨ ਚੈਨ ਨੂੰ ਧਿਆਨ ਵਿੱਚ ਰੱਖਦਿਆਂ ਕੱਟੜਪੰਥੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ। ਇਸ ਮੌਕੇ 'ਤੇ ਸਰਵਸ਼੍ਰੀ ਪਵਨ ਕੰਗ, ਸੰਗਰਾਮ ਰਾਣਾ, ਅਸ਼ਵਨੀ ਸੱਗੀ, ਰਵੀ ਭਗਤ ਅਸ਼ਵਨੀ ਕਾਕਾ, ਵਿਜੇ ਕੁਮਾਰ, ਰਾਕੇਸ਼, ਸ਼ਿਵਮ, ਵਿਸ਼ਾਲ ਅਤੇ ਕਈ ਹੋਰਾਂ ਨੇ ਵੀ ਆਪਣੀ ਮੌਜੂਦਗੀ ਦਰਜ ਕਾਰਵਾਈ। 

No comments: