Nov 18, 2018, 5:56 PM
ਸੀਪੀਆਈ ਵੱਲੋਂ ਗਰਨੇਡ ਹਮਲੇ ਦੀ ਤਿੱਖੀ ਨਿਖੇਧੀ
ਲੁਧਿਆਣਾ: 18 ਨਵੰਬਰ 2018: (ਐਮ ਐਸ ਭਾਟੀਆ//ਪੰਜਾਬ ਸਕਰੀਨ)::
ਪਿਛਲੇ ਕੁਝ ਅਰਸੇ ਤੋਂ ਪ੍ਰਗਟਾਏ ਜਾ ਰਹੇ ਖਦਸ਼ੇ ਆਖਿਰ ਸੱਚ ਸਾਬਿਤ ਹੋ ਰਹੇ ਹਨ। ਪੰਜਾਬ ਵਿੱਚ ਇੱਕ ਵਾਰ ਫੇਰ ਹਿੰਸਾ ਦਾ ਸਿਲਸਿਲਾ ਨਾਜ਼ੁਕ ਮੋੜ ਅਖਤਿਆਰ ਕਰਦਾ ਨਜ਼ਰ ਆ ਰਿਹਾ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਸਥਿਤ ਨਿਰੰਕਾਰੀ ਭਵਨ ਵਿੱਚ ਚੱਲ ਰਹੇ ਨਿਰੰਕਾਰੀ ਸਤਿਸੰਗ 'ਤੇ ਮੋਟਰਸਾਈਕਲ ਸਵਾਰਾਂ ਦਾ ਹਮਲਾ ਅੱਸੀਵਿਆਂ ਦੇ ਉਸ ਭਿਆਨਕ ਦੌਰ ਦੀ ਯਾਦ ਦੁਆ ਰਿਹਾ ਹੈ ਜਦੋਂ ਇਸੇ ਤਰਾਂ ਦੀਆਂ ਘਟਨਾਵਾਂ ਨੇ ਹੀ ਪੰਜਾਬ ਵਿੱਚ ਲਾਂਬੂ ਲਾਏ ਸਨ। ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਵਿੱਚ ਹੋਇਆ ਹਮਲਾ ਵੀ ਧਾਰਮਿਕ ਆਜ਼ਾਦੀ 'ਤੇ ਹਮਲਾ ਹੈ। ਭਾਰਤੀ ਕਮਿਊਨਿਸਟ ਪਾਰਟੀ ਦੀ ਲੁਧਿਆਣਾ ਇਕਾਈ ਨੇ ਇਸ ਹਮਲੇ ਦੀ ਤਿੱਖੀ ਨਿਖੇਧੀ ਕੀਤੀ ਹੈ। ਸੀਪੀਆਈ ਨੇ ਇਸਨੂੰ ਇੱਕ ਖਤਰਨਾਕ ਵਰਤਾਰੇ ਦੀ ਦਸਤਕ ਦਸਿਆ ਹੈ। ਮੋਟਰਸਾਈਕਲ ਸਵਾਰਾਂ ਦਾ ਆਉਣਾ, ਪਿਸਤੌਲ ਦਿਖਾ ਕੇ ਜਬਰੀ ਸਤਿਸੰਗ ਵਿੱਚ ਦਾਖਲ ਹੋ ਜਾਣਾ ਅਤੇ ਫਿਰ ਹੈਂਡ ਗ੍ਰਨੇਡ ਸੁੱਟ ਕੇ ਬੜੀ ਹੀ ਬੇਖੌਫ਼ੀ ਨਾਲ ਫਰਾਰ ਹੋ ਜਾਣਾ ਸਾਬਿਤ ਕਰਦਾ ਹੈ ਕਿ ਅਮਨ ਕਾਨੂੰਨ ਦੀ ਹਾਲਤ ਹੁਣ ਬਿਲਕੁਲ ਨਿੱਘਰ ਚੁੱਕੀ ਹੈ। ਇਹ ਸਭ ਕੁਝ ਦਾ ਹੋਣਾ ਦੱਸਦਾ ਹੈ ਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਜਾਂ ਤਾਂ ਜਾਣਬੁਝ ਕੇ ਅੱਖਾਂ ਮੀਚੀਆਂ ਹੋਈਆਂ ਹਨ ਜਾਂ ਫਿਰ ਉਸ ਨੂੰ ਸਿੱਖ ਗਰਮਖਿਆਲੀਆਂ ਅਤੇ ਨਿਰੰਕਾਰੀਆਂ ਦਰਮਿਆਨ ਚਲਿਆ ਆ ਰਿਹਾ ਟਕਰਾਓ ਹੁਣ ਬਿਲਕੁਲ ਭੁੱਲ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸੰਤਾਪ ਦੀ ਸ਼ੁਰੂਆਤ ਵੀ ਅੰਮ੍ਰਿਤਸਰ ਵਿੱਚ 13 ਅਪ੍ਰੈਲ 1978 ਨੂੰ ਵਾਪਰੇ ਟਕਰਾਓ ਨਾਲ ਹੀ ਹੋਈ ਸੀ। ਉਸ ਵੇਲੇ ਘਟੋਘੱਟ 13 ਵਿਅਕਤੀ ਮਾਰੇ ਗਏ ਸਨ। ਇਸ ਘਟਨਾ ਨੇ ਹੀ ਬਾਅਦ ਵਿੱਚ ਖਤਰਨਾਕ ਰੂਪ ਧਾਰਨ ਕਰ ਲਿਆ ਜਿਸਦਾ ਸੰਤਾਪ ਸਮੂਹ ਪੰਜਾਬੀਆਂ ਨੇ ਇੱਕ ਦਹਾਕੇ ਤੋਂ ਵੀ ਲੰਮੇ ਸਮੇਂ ਤੱਕ ਝੱਲਿਆ। ਪੰਜਾਬੀਆਂ ਨੂੰ ਦਹਿਸ਼ਤਗਰਦੀ ਤੋਂ ਮੁਕਤ ਕਰਾਉਣ ਲਈ ਕਮਿਊਨਿਸਟਾਂ ਨੇ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਦਿੱਤੀਆਂ। ਉਸ ਵੇਲੇ ਵੀ ਅਕਾਲੀਆਂ ਅਤੇ ਕੁਝ ਹੋਰ ਸਿਆਸਤਦਾਨਾਂ ਦਾ ਰੋਲ ਬੜਾ ਦੋਗਲਾ ਰਿਹਾ ਸੀ। ਇਹਨਾਂ ਦੋਗਲੀਆਂ ਨੀਤੀਆਂ ਨੇ ਹੀ ਦਹਿਸ਼ਤਗਰਦੀ ਦੇ ਜਿੰਨ ਨੂੰ ਸ਼ਕਤੀਸ਼ਾਲੀ ਬਣਾਇਆ ਸੀ। ਅਫਸੋਸ ਹੈ ਕਿ ਹੁਣ ਫਿਰ ਉਹੀ ਕੁਝ ਸ਼ੁਰੂ ਹੋਇਆ ਮਹਿਸੂਸ ਹੋ ਰਿਹਾ ਹੈ। ਆਰਮੀ ਚੀਫ ਬਿਪਨ ਰਾਵਤ ਦੇ ਪੰਜਾਬ ਦੌਰੇ ਮਗਰੋਂ ਏਨੀ ਵੱਡੀ ਘਟਨਾ ਕਈ ਸੁਆਲ ਖੜੇ ਕਰਦੀ ਹੈ। ਕਿੱਥੇ ਹੈ ਸਰਕਾਰ? ਕਿੱਥੇ ਹੈ ਪ੍ਰਸ਼ਾਸਨ? ਕਿਥੇ ਹਨ ਸੁਰੱਖਿਆ ਫੋਰਸਾਂ ਦੇ ਲਾਮ ਲਸ਼ਕਰ? ਜਿਲ੍ਹਾ ਲੁਧਿਆਣਾ ਦੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਕਾਮਰੇਡ ਡੀ ਪੀ ਮੌੜ ਸਕੱਤਰ, ਡਾਕਟਰ ਅਰੁਣ ਮਿੱਤਰਾ ਅਤੇ ਚਮਕੌਰ ਸਿੰਘ- ਸਹਾਇਕ ਸਕੱਤਰ, ਐੱਮ ਐੱਸ ਭਾਟੀਆ ਵਿੱਤ ਸਕੱਤਰ, ਰਮੇਸ਼ ਰਤਨ ਸੂਬਾ ਕੰਟਰੋਲ ਕਮਿਸ਼ਨ ਚੇਅਰਮੈਨ, ਗੁਰਨਾਮ ਸਿਧੂ, ਵਿਜੇ ਕੁਮਾਰ ਅਤੇ ਅਵਤਾਰ ਛਿੱਬਰ ਅਤੇ ਹੋਰਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਪਾਰਟੀ ਆਗੂਆਂ ਨੇ ਕਿਹਾ ਹੈ ਕਿ ਜੇ ਸੂਬੇ ਦੀ ਕਾਂਗਰਸ ਸਰਕਾਰ ਨੇ ਇਸ ਮਾਮਲੇ ਵਿੱਚ ਤੁਰੰਤ ਠੋਸ ਕਦਮ ਚੁੱਕ ਕੇ ਸਥਿਤੀ ਨੂੰ ਨਾ ਸੰਭਾਲਿਆ ਤਾਂ ਫਿਰਕੂ ਤਾਕਤਾਂ ਦੀ ਸਾਜ਼ਿਸ਼ੀ ਮਿਲਭੁਗਤ ਭਿਆਨਕ ਨਤੀਜੇ ਪੈਦਾ ਕਰੇਗੀ।
No comments:
Post a Comment