Sunday, October 07, 2018

ਸੰਘਰਸ਼ਾਂ ਤੋ ਬਾਅਦ ਹਾਸਿਲ ਕੀਤੇ ਹੱਕ ਖੋਹੇ ਜਾ ਰਹੇ ਹਨ-ਏਟਕ

8-9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਨੂੰ ਲੈ ਕੇ ਏਟਕ ਸਰਗਰਮ
ਲੁਧਿਆਣਾ: 7 ਅਕਤੂਬਰ 2018: ( ਪੰਜਾਬ ਸਕਰੀਨ ਬਿਊਰੋ):: 
ਅੱਜ 7 ਅਕਤੂਬਰ 2018 ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਦੇ ਬਾਬਾ ਜਲਵੰਤ ਸਿੰਘ ਹਾਲ ਲੁਧਿਆਣਾ ਵਿਖੇ ਏਟਕ ਦੇ ਸੀਨੀਅਰ ਲੀਡਰਾਂ ਨੇ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਹ ਮੀਟਿੰਗ ਕਾਮਰੇਡ ਬੰਤ ਸਿੰਘ ਬਰਾੜ ਦੀ ਪਰਧਾਨਗੀ ਹੇਠ ਸੂਬਾਈ ਵਰਕਿੰਗ ਕਮੇਟੀ ਦੀ ਮੀਟਿੰਗ ਵੱਜੋਂ ਹੋਈ । ਇਸ ਮੀਟਿੰਗ  ਨੇ ਭਾਜਪਾ ਸਰਕਾਰ ਦੀਆਂ ਲੋਕ ਤੇ ਦੇਸ਼ ਵਿਰੋਧੀ ਨੀਤੀਆਂ ਦੇ ਕਾਰਨ ਦੇਸ਼ ਦੀ ਆਰਥਿਕ ਸਥਿਤੀ ਵਿੱਚ ਗੰਭੀਰ ਹੱਦ ਤੱਕ ਆਈ ਗਿਰਾਵਟ ਤੇ ਚਿੰਤਾ ਦਾ ਪਰਗਟਾਵਾ ਕੀਤਾ ਤੇ ਮਿਹਨਤਕਸ਼ ਅਵਾਮ ਨੂੰ ਸਰਕਾਰ ਦੀਆਂ ਨੀਤੀਆਂ ਵਿਰੁੱਧ ਡੱਟ ਕੇ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਲਈ 8 - 9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦੀ ਰਣਨੀਤੀ ਉਲੀਕੀ ਗਈ। 8 - 9 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦੀ ਸਫਲਤਾ ਲਈ ਜੁੜੇ ਸੀਨੀਅਰ ਏਟਕ ਲੀਡਰ
ਮੀਟਿੰਗ ਨੂੰ ਸੰਬੋਧਨ ਕਰਦਿਆਂ ਏਟਕ ਦੀ ਕੌਮੀ ਜਨਰਲ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਸੱਤਾ ਵਿੱਚ ਆਈ ਹੈ, ਕਾਮਿਆਂ ਵਲੋਂ ਦਹਾਕਿਆਂ ਬੱਧੀ ਸੰਘਰਸ਼ਾਂ ਤੋ ਬਾਅਦ ਹਾਸਿਲ ਕੀਤੇ ਹੱਕ ਖੋਹੇ ਜਾ ਰਹੇ ਹਨ। ਇਸ ਸਾਜ਼ਿਸ਼ ਅਧੀਨ ਹੀ 44 ਲੇਬਰ ਕਾਨੂੰਨਾਂ ਨੂੰ ਬਦਲ ਕੇ ਕਾਰਪੋਰੇਟ ਖੇਤਰ ਦੇ ਹੱਕ ਵਿੱਚ 4 ਕਾਨੂੰਨ ਬਣਾ ਕੇ ਸਮੇਟ ਕੇ ਰੱਖ ਦਿੱਤਾ ਗਿਆ ਹੈ। ਮਜ਼ਦੂਰਾਂ ਦੇ ਹੱਕਾਂ ਤੇ ਮਾਰੂ ਸੱਟ ਮਾਰੀ ਜਾ ਰਹੀ ਹੈ। ਹਰ ਖੇੱਤਰ ਵਿੱਚ ਠੇਕੇਦਾਰੀ ਪਰਬੰਧ ਲਿਆ ਕੇ ਮਜ਼ਦੂਰਾਂ ਦੀ ਨੌਕਰੀ ਦੀ ਸੁੱਰਖਿਆ ਸਮਾਪਤ ਕਰ ਦਿੱਤੀ ਗਈ ਹੈ। ਕੋਮਾਂਤਰੀ ਲੇਬਰ ਜੱਥੇਬਦੀ ਦੀਆਂ ਸਿਫ਼ਾਰਿਸ਼ਾਂ ਨੂੰ ਪੂਰੀ ਤਰਾਂ ਅੱਖੋ ਉਹਲੇ ਕੀਤਾ ਜਾ ਰਿਹਾ ਹੈ।  ਦੇਸ਼ ਦੀ ਆਰਥਿਕ ਸਥਿਤੀ ਕਿਵੇਂ ਰੁਲ ਰਹੀ ਹੈ ਇਸਦੀਆਂ ਭਖਦੀਆਂ ਮਿਸਾਲਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਤੇ ਰੁਪਏ ਦੀ ਕੀਮਤ ਵਿੱਚ ਭਾਰੀ ਗਿਰਾਵਟ ਹਨ। ਪਿਛਲੇ ਚਾਰ ਸਾਲਾਂ ਵਿੱਚ ਕੋਮਾਂਤਰੀ ਮੰਡੀ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਆਈ ਗਿਰਾਵਟ ਦੇ ਬਾਵਜੂਦ ਪੈਟਰੋਲ ਦੀ ਕੀਮਤ 30 ਰੁਪਏ ਦੇ ਲਗਭਗ ਵਧਾਈ ਗਈ ਤੇ ਹੁਣ ਢਾਈ ਰੁਪਏ ਘਟਾ ਕੇ ਲੋਕਾਂ ਦੇ ਨਾਲ ਛਲਾਵਾ ਕੀਤਾ ਜਾ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਈਆ 64 ਤੋ ਡਿਗ ਕੇ 74 ਅਤੇ ਪੌਡ ਦੇ ਮੁਕਾਬਲੇ 80 ਤੋਂ 97 ਰੁਪਏ ਹੋ ਗਿਆ ਹੈ। ਇਸਦਾ ਕੌਮਾਂਤਰੀ ਵਪਾਰ ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਰਫ਼ਾਲ ਸੌਦੇ ਨੇ ਤਾਂ ਭਰਿਸ਼ਟਾਚਾਰ ਸਾਰੀਆਂ ਹੱਦਾਂ ਟੱਪ ਲਈਆਂ ਹਨ। ਹਰ ਪੱਖੋ ਫ਼ੇਲ ਹੋਣ ਤੇ ਹੁਣ ਭਾਜਪਾ ਫ਼ਿਰਕੂ ਲੀਹਾਂ ਤੇ ਦੇਸ਼ ਨੂੰ ਵੰਡਣ ਲੱਗੀ ਹੈ ਤੇ ਗੁਆਂਢੀ ਦੇਸ਼ਾਂ ਦੇ ਖਿਲਾਫ਼ ਜੰਗ ਦੀਆਂ ਗੱਲਾਂ ਕਰਕੇ ਵੋਟਾਂ ਬਟੋਰਨਾ ਚਾਹੁੰਦੀ ਹੈ। ਵਿਰੋਧੀਆਂ ਨੂੰ ਦਬਾਉਣ ਦੇ ਲਈ ਹਰ ਕਿਸਮ ਦੇ ਸਰਕਾਰੀ ਤੰਤਰ ਤੇ ਕਾਨੂੰਨਾਂ ਦੀ ਦੁਰਵਰਤੋ ਕੀਤੀ ਜਾ ਰਹੀ ਹੈ ਤੇ ਖਤਰਨਾਕ ਕਾਨੂੰਨ ਬਣਾਏ ਜਾ ਰਹੇ ਹਨ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ 28 ਸਿਤੰਬਰ ਨੂੰ ਕੌਮੀ ਟਰੇਡ ਯੂਨੀਅਨਾਂ ਵੱਲੋਂ ਸਾਂਝੀ ਕਨਵੈਸ਼ਨ ਕੀਤੀ ਗਈ ਜਿਸ ਵਿੱਚ ਆਉਣ ਵਾਲੇ ਸਮੇਂ ਬਾਰੇ ਐਕਸ਼ਨ ਪਰੋਗਰਾਮ ਉਲੀਕਿਆ ਗਿਆ।
ਪੰਜਾਬ ਏਟਕ ਦੀ ਸੂਬਾਈ ਵਰਕਿੰਗ ਕਮੇਟੀ ਨੇ 5 ਨਵੰਬਰ ਨੂੰ ਜਲੰਧਰ ਵਿਖੇ ਸਾਂਝੀ ਸੂਬਾਈ ਕਨਵੈਸਨ ਅਤੇ 15 ਨਵੰਬਰ ਨੂੰ  ਮੋਹਾਲੀ ਵਿਖੇ ਸਾਂਝੀ ਸੂਬਾਈ ਰੈਲੀ ਕਰਨ ਦਾ ਫੈੋਸਲਾ ਲਿਆ ਤੇ ਉਪਰੰਤ 8 - 9 ਜਨਵਰੀ ਨੂੰ  ਅਸਰਦਾਰ ਹੜਤਾਲ ਕਰਨ ਦਾ ਜ਼ੋਰਦਾਰ ਐਲਾਨ ਵੀ ਕੀਤਾ।
ਵਰਕਿੰਗ ਕਮੇਟੀ ਨੇ ਮੰਗ ਕੀਤੀ ਕਿ :
-ਲੇਬਰ ਕਾਨੂੰਨਾਂ ਨੂੰ ਮਾਲਕ ਹੱਕੀ ਨਾ ਬਣਾ ਕੇ ਲੇਬਰ ਦੇ ਹੱਕ ਵਿੱਚ ਬਣਾਇਆ ਜਾਏ।
-ਵੇਜਕੋਡ ਬਿੱਲ ਵਾਪਿਸ ਲਿਆ ਜਾਏ।
- ਨਵੀਂ ਪੈਨਸ਼ਨ ਨੀਤੀ ਨੂੰ ਹਟਾ ਕੇ ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਏ।
- ਆਈ ਐਲ ਓ ਕਨਵੈਨਸਨ ਦੀਆਂ ਦੀਆਂ ਸਿਫ਼ਾਰਿਸ਼ਾਂ ਨੂੰ ਪਾਸ ਕਰਕੇ ਲਾਗੂ ਕੀਤਾ ਜਾਏ।
- ਆਂਗਨਵਾੜੀ ਤੇ ਆਸ਼ਾ ਕਾਮਿਆਂ ਨੂੰ ਨਿਯਮਿਤ ਕਰਕੇੇ ਪੱਕੇ ਕੀਤਾ ਜਾਏ ਅਤੇ ਉਹਨਾਂ ਨੂੰ ਸਾਰੇ ਸਰਵਿਸ ਲਾਭ ਦਿੱਤੇ ਜਾਣ।
- ਈ ਐਸ ਆਈ ਤੇ ਈ ਪੀ ਐਫ਼ ਨੂੰ ਸਖਤੀ ਨਾਲ ਲਾਗੂ ਕੀਤਾ ਜਾਏ।
- ਡੀ ਏ ਦੀਆਂ ਕਿਸ਼ਤਾਂ ਤੇ ਪੇ ਕਮੀਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਕੀਤੀਆਂ ਜਾਣ।
ਸਰਕਾਰ ਵਲੋਂ 40,000 ਰੁਪਏ ਤਨਖ਼ਾਹ ਲੈ ਰਹੇ ਟੀਚਰਾਂ ਨੂੰ ਕੱਚੇ ਕਰ ਕੇ 15000 ਤਨਖਾਹ ਦੇਣ ਦੀ ਨਿਖੇਧੀ ਕਰਦਿਆਂ ਉਹਨਾਂ ਦੀਆਂ ਮੰਗਾਂ ਦੀ ਹਿਮਾਇਤ ਕੀਤੀ ਗਈ।
ਏਟਕ ਦੇ ਸੂਬਾ ਸਕੱਤਰ ਕਾ: ਨਿਰਮਲ ਧਾਲੀਵਾਲ ਨੇ ਵਿਸਵਾਸ ਦਿਵਾਇਆ ਕਿ ਆਉਣ ਵਾਲੇ ਸਾਰੇ ਐਕਸਨਾਂ ਨੂੰ ਪੂਰੀ ਤਰਾਂ ਨੇਪਰੇ ਚਾੜ੍ਹਿਆ ਜਾਏਗਾ। ਸੂਬਾਈ ਮੀਤ ਪਰਧਾਨ ਕਾਮਰੇਡ ਡੀ ਪੀ ਮੌੜ ਨੇ ਸਭ ਦਾ ਧੰਨਵਾਦ ਕੀਤਾ। 

No comments: